Sunday, May 26, 2013

ਪੰਜ :


ਪੰਜ :


ਮੈਂ ਹੁਣੇ-ਹੁਣੇ ਜੇਲ੍ਹ ਵਿਚ ਪਾਦਰੀ ਨੂੰ ਤੀਜੀ ਵਾਰੀ ਮਿਲਣ ਤੋਂ ਇਨਕਾਰ ਕੀਤਾ ਏ। ਨਾ ਤਾਂ ਮੇਰੇ ਕੋਲ ਉਸ ਨਾਲ ਕਰਨ ਵਾਲੀ ਕੋਈ ਗੱਲ ਏ ਤੇ ਨਾ ਗੱਲ ਕਰਨ ਨੂੰ ਜੀਅ ਈ ਕਰਦਾ ਏ। ਖ਼ੈਰ ਜੀ, ਬੜੀ ਛੇਤੀ ਮੁਲਾਕਾਤ ਤਾਂ ਹੋਵੇਗੀ ਈ। ਇਹਨੀਂ ਦਿਨੀਂ ਤਾਂ ਮੇਰੀ ਸਾਰੀ ਦਿਲਚਸਪੀ ਇੱਕੋ ਚੀਜ਼ ਵਿਚ ਏ ਕਿ ਕਿੰਜ ਇਸ ਸਾਰੀ ਮਸ਼ੀਨਰੀ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾਵੇ? ਜਾਣਨਾ ਇਹੋ ਚਾਹੁੰਦਾ ਆਂ ਕਿ ਕੀ ਇਸ ਮਾਣਯੋਗ ਹੋਣੀ ਵਿਚ ਕਿਤੇ ਕੋਈ ਗੁੰਜਾਇਸ਼, ਕੋਈ ਦਰਾੜ ਵੀ ਹੈ ਜਾਂ ਨਹੀਂ?
ਮੈਨੂੰ ਦੂਜੀ ਕੋਠੜੀ ਵਿਚੋਂ ਹਟਾਅ ਦਿੱਤਾ ਗਿਆ ਏ। ਇੱਥੇ ਚਿਤ ਲੇਟ ਕੇ ਆਸਮਾਨ ਦਿਖਾਈ ਦਿੰਦਾ ਏ, ਕੁਝ ਹੋਰ ਦੇਖਣ ਵਾਲ ਹੈ ਵੀ ਨਹੀਂ। ਦਿਨ ਦਾ ਮੁਸਾਫ਼ਿਰ ਰਾਤ ਦੀ ਦਿਸ਼ਾ ਵਿਚ ਵਧਦਾ ਜਾ ਰਿਹਾ ਏ। ਤੇ ਆਸਮਾਨ ਦੇ ਇਹਨਾਂ ਬਦਲਦੇ ਰੰਗਾਂ ਨੂੰ ਦੇਖਦਿਆਂ-ਦੇਖਦਿਆਂ ਸਾਰਾ ਸਮਾਂ ਲੰਘ ਜਾਂਦਾ ਏ। ਮੈਂ ਸਿਰ ਦੇ ਹੇਠਾਂ ਹੱਥ ਰੱਖ ਕੇ ਉਤਾਂਹ ਤੱਕਦਾ ਰਹਿੰਦਾ ਹਾਂ...ਤੱਕਦਾ ਰਹਿੰਦਾ ਹਾਂ, ਤੇ ਉਡੀਕਦਾ ਰਹਿੰਦਾ ਹਾਂ...।
ਗੁੰਜਾਇਸ਼ ਜਾਂ ਦਰਾੜ ਲੱਭ ਲੈਣ ਦੀ ਇਹ ਸਮੱਸਿਆ ਭੂਤ ਵਾਂਗ ਸਿਰ 'ਤੇ ਸਵਾਰ ਏ। ਅੱਜ ਕਲ੍ਹ ਤਾਂ ਹਰ ਵੇਲੇ ਇਕੋ ਗੱਲ ਈ ਸੋਚਦਾ ਰਹਿੰਦਾ ਹਾਂ ਕਿ ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਈ ਨਹੀਂ ਕਿ ਮੌਤ ਦੀ ਸਜ਼ਾ ਦੇ ਕੈਦੀ ਨਿਆਂ ਦੀ ਨਿਰਦਈ,  ਅਮੋਘ (ਖਾਲੀ ਨਾ ਜਾਣ ਵਾਲਾ) ਮਸ਼ੀਨ ਦੇ ਪੰਜੇ 'ਚੋਂ ਛੁੱਟ ਕੇ, ਪੁਲਿਸ ਦੇ ਘੇਰੇ ਨੂੰ ਤੋੜ ਕੇ, ਗਰਦਨ 'ਤੇ 'ਗਿਲੋਟਿਨ' (ਟੋਕਾ) ਵੱਜਣ ਤੋਂ ਪਹਿਲਾਂ ਐਨ ਸਮੇਂ 'ਤੇ ਨੌਂ ਦੋ ਗਿਆਰਾਂ ਹੋ ਗਏ ਹੋਣ? ਮੈਂ ਈ ਜਾਣਦਾ ਹਾਂ ਕਿ ਕਿੰਨਾ ਫਿਟਕਾਰਿਆ ਏ ਮੈਂ ਆਪਣੇ-ਆਪ ਨੂੰ ਕਿ ਸਰੇ-ਬਾਜ਼ਾਰ ਫਾਂਸੀ ਲੱਗਣ ਦੇ ਵੇਰਵਿਆਂ ਵੱਲ ਮੈਂ ਪਹਿਲਾਂ ਕਦੀ ਧਿਆਨ ਕਿਉਂ ਨਹੀਂ ਦਿੱਤਾ। ਹਮੇਸ਼ਾ ਆਦਮੀ ਨੂੰ ਅਜਿਹੀਆਂ ਗੱਲਾਂ ਵਿਚ ਦਿਲਚਸਪੀ ਲੈਂਦੇ ਰਹਿਣਾ ਚਾਹੀਦਾ ਏ—ਕੌਣ ਜਾਣੇ ਕਿਸ ਵੇਲੇ ਕੈਸਾ ਮੌਕਾ ਆ ਜਾਵੇ! ਫਾਂਸੀ ਦੇ ਵਰਨਣ ਮੈਂ ਵੀ ਹੋਰਾਂ ਵਾਂਗ ਅਖ਼ਬਾਰਾਂ ਵਿਚ ਪੜ੍ਹੇ ਨੇ, ਪਰ ਇਸ ਵਿਸ਼ੇ ਦਾ ਤਕਨੀਕੀ ਵਰਨਣ ਕਰਨ ਵਾਲੀਆਂ ਪੁਸਤਕਾਂ ਵੀ ਤਾਂ ਆਖ਼ਰ ਹੋਣਗੀਆਂ ਈ। ਉਹਨਾਂ ਨੂੰ ਲੱਭਣ ਵੱਲ ਮੈਂ ਕਦੀ ਧਿਆਨ ਈ ਨਹੀਂ ਦਿੱਤਾ। ਕੌਣ ਜਾਣੇ ਇਹਨਾਂ ਕਿਤਾਬਾਂ ਵਿਚ ਮੈਨੂੰ ਭੱਜ ਨਿਕਲਣ ਵਾਲਿਆਂ ਦੀਆਂ ਕੁਝ ਕਹਾਣੀਆਂ ਮਿਲ ਜਾਂਦੀਆਂ! ਤੇ ਜਦੋਂ ਉਹ ਕਹਾਣੀਆਂ ਬਚ ਨਿਕਲਣ ਵਾਲਿਆਂ ਦੀਆਂ ਹੁੰਦੀਆਂ ਤਾਂ ਜ਼ਰੂਰ ਈ ਉਹਨਾਂ ਵਿਚ ਦੱਸਿਆ ਗਿਆ ਹੁੰਦਾ ਕਿ ਕਿੰਜ ਇਸ ਮਸ਼ੀਨ ਦੇ ਪਹੀਏ ਇਕ ਵਾਰ ਰੁਕ ਗਏ ਸਨ, ਕਿੰਜ ਘਟਨਾਵਾਂ ਦੀ ਮਾਰੂ ਦੌੜ ਵਿਚ ਸਿਰਫ਼ ਇਕ ਵਾਰੀ—ਕਾਸ਼, ਸਿਰਫ਼ ਇਕ ਵਾਰੀ—ਸੰਯੋਗ ਜਾਂ ਚੰਗੀ ਕਿਸਮਤ ਨੇ ਅਜਿਹਾ ਗੁਲ ਖਿਲਾ ਦਿੱਤਾ ਸੀ ਕਿ ਸਾਰਾ ਨਕਸ਼ਾ ਈ ਬਦਲ ਗਿਆ ਸੀ। ਬਸ, ਮੈਨੂੰ ਤਾਂ ਸਿਰਫ਼ ਇਕ ਉਦਾਹਰਨ ਚਾਹੀਦੀ ਏ। ਇਸ ਤਰ੍ਹਾਂ ਦੀ ਇਕੱਲੀ ਘਟਨਾ ਮੈਨੂੰ ਕਿੰਨੀ ਵੱਡੀ ਤਸੱਲੀ, ਕਿੰਨੀ ਮਾਨਸਿਕ ਸ਼ਾਂਤੀ ਦੇ ਜਾਂਦੀ! ਬਾਕੀ ਰੰਗ ਤਾਂ ਮੇਰੇ ਅਹਿਸਾਸ ਖ਼ੁਦ ਈ ਭਰ ਲੈਂਦੇ। ਅਖ਼ਬਾਰਾਂ ਵਿਚ ਅਕਸਰ ਲੋਕ 'ਸਮਾਜ ਦੇ ਕਰਜ਼ੇ' ਦੀ ਚਰਚਾ ਕਰਦੇ ਨੇ। ਕਹਿੰਦੇ ਨੇ ਕਿ ਅਪਰਾਧੀ ਨੂੰ ਤਾਂ ਹਰ ਹਾਲਤ ਵਿਚ ਕਰਜ਼ਾ ਲਾਹੁਣਾ ਈ ਚਾਹੀਦਾ ਏ। ਪਰ ਇਸ ਤਰ੍ਹਾਂ ਦੀਆਂ ਇਹ ਚਰਚਾਵਾਂ ਕਦੀ ਵੀ ਤਾਂ ਕਲਪਨਾ ਨੂੰ ਨਹੀਂ ਛੂੰਹਦੀਆਂ। ਨਹੀਂ, ਇਹ ਸਭ ਨਹੀਂ। ਮੇਰੇ ਲਈ ਤਾਂ ਬਸ ਇਕੋ ਚੀਜ਼ ਜ਼ਿੰਦਗੀ-ਮੌਤ ਦਾ ਸਵਾਲ ਬਣ ਗਈ ਸੀ ਕਿ ਕਿੰਜ ਇਕੋ ਝਟਕੇ, ਇਕੋ ਹੱਲੇ ਨਾਲ ਅਜਿਹਾ ਕੁਝ ਕਰ ਦਿਆਂ ਕਿ ਇਹਨਾਂ ਲੋਕਾਂ ਦਾ ਇਹ ਖ਼ੂਨੀ ਮਨਸੂਬਾ ਧਰਿਆ ਰਹਿ ਜਾਵੇ। ਛੁੱਟ ਭੱਜਣ ਦੀ ਇਕ ਜਨੂੰਨੀ ਮਹਾ-ਭਗਦੜ ਦੀ ਕਲਪਨਾ ਵਿਚ ਈ ਮੈਨੂੰ ਉਮੀਦ ਦੀ ਇਕ ਕਿਰਨ ਦਿਖਾਈ ਦਿੰਦੀ ਸੀ, ਕੌਣ ਜਾਣੇ ਪਾਸਾ ਈ ਪਲਟ ਜਾਵੇ! ਇਸ (ਆਸ)! ਦਾ ਜੋ ਅੰਤ ਹੋਣਾ ਸੀ ਉਹ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਸੀ—ਭੱਜੇ ਜਾਂਦੇ ਨੂੰ ਕਿਸੇ ਸੜਕ ਦੇ ਮੋੜ 'ਤੇ ਡੇਗ ਲਿਆ ਜਾਂਦਾ ਤੇ ਪਿੱਠ ਵਿਚ ਗੋਲੀ ਮਾਰ ਕੇ ਭੋਗ ਪਾ ਦਿੱਤਾ ਜਾਂਦਾ। ਪਰ ਸਭ ਕੁਝ ਮੰਨਦੇ ਹੋਏ ਵੀ ਇਹ 'ਦੌੜ' ਮੇਰੀ ਕਿਸਮਤ ਵਿਚ ਨਹੀਂ ਸੀ ਲਿਖੀ ਹੋਈ। ਮੈਂ ਤਾਂ ਅਜਿਹੀ ਚੂਹੇਦਾਨੀ ਵਿਚ ਜਾ ਫਸਿਆ ਸੀ ਕਿ ਕੋਈ ਰਸਤਾ ਈ ਨਜ਼ਰ ਨਹੀਂ ਸੀ ਆਉਂਦਾ ਪਿਆ। ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਹ ਹੋਣੀ ਮੇਰੇ ਗਲ਼ੋਂ ਨਹੀਂ ਸੀ ਲੱਥ ਰਹੀ। ਇਸਦਾ ਕਾਰਨ ਸੀ। ਵਿਚਾਰ ਕਰਨ 'ਤੇ ਲੱਗਦਾ ਕਿ ਜਿਸ ਫ਼ੈਸਲੇ ਦੇ ਆਧਾਰ 'ਤੇ ਇਹ ਟਿਕੀ ਹੋਈ ਏ, ਉਸ ਵਿਚ ਤੇ ਫ਼ੈਸਲਾ ਸੁਣਾ ਚੁੱਕਣ ਦੇ ਬਾਅਦ ਸ਼ੁਰੂ ਹੋਣ ਵਾਲੇ ਅਟਲ ਘਟਨਾ ਚੱਕਰ ਵਿਚਾਲੇ ਕੋਈ ਅਨੁਪਾਤ, ਕੋਈ ਸੰਤੁਲਨ, ਈ ਨਹੀਂ ਸੀ ਦਿਖਾਈ ਦਿੰਦਾ। ਉਦਾਹਰਨ ਵਜੋਂ ਪਹਿਲੀ ਗੱਲ ਤਾਂ ਇਹ ਕਿ ਫ਼ੈਸਲਾ ਪੰਜ ਦੀ ਬਜਾਏ ਅੱਠ ਵਜੇ ਪੜ੍ਹ ਕੇ ਸੁਣਾਇਆ ਗਿਆ। ਦੂਜੀ ਗੱਲ ਇਹ ਕਿ ਫ਼ੈਸਲਾ ਇਹ ਨਾ ਹੋ ਕੇ ਕੁਝ ਹੋਰ ਵੀ ਹੋ ਸਕਦਾ ਸੀ। ਤੀਜੀ ਗੱਲ ਇਹ ਕਿ ਇਹ ਫ਼ੈਸਲਾ ਉਹਨਾਂ ਲੋਕਾਂ ਨੇ ਦਿੱਤਾ ਸੀ ਜਿਹੜੇ ਬਾਹਰੀ ਕੱਪੜੇ ਤਾਂ ਹਮੇਸ਼ਾ ਇਕੋ-ਜਿਹੇ ਈ ਪਾਉਂਦੇ ਨੇ, ਪਰ ਅੰਦਰੂਨੀ ਭੇਸ ਬਦਲਦੇ ਰਹਿੰਦੇ ਨੇ। ਚੌਥੀ ਗੱਲ ਇਹ ਕਿ ਫ਼ੈਸਲਾ 'ਫਰਾਂਸੀਸੀ ਜਨਤਾ' ਜਿਹੀ ਨਿਰਾਕਾਰ ਤੇ ਅਸਪਸ਼ਟ-ਜਿਹੀ ਚੀਜ਼ ਦੇ ਨਾਂ 'ਤੇ ਲੱਦਿਆ ਗਿਆ ਸੀ। ਇਹੀ ਜੇ ਮੈਂ ਇਹ ਪੁੱਛਾਂ ਕਿ ਇਹ ਕੰਮ 'ਚੀਨੀ' ਜਾਂ 'ਜਰਮਨ ਜਨਤਾ' ਦੇ ਨਾਂ 'ਤੇ ਕਿਉਂ ਨਹੀਂ ਕੀਤਾ ਗਿਆ ਫੇਰ? ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਸਨ, ਜਿਹਨਾਂ ਨੇ ਮੇਰੀ ਸਮਝ ਅਨੁਸਾਰ ਅਦਾਲਤ ਦੇ ਫ਼ੈਸਲੇ ਦੀ ਗੰਭੀਰਤਾ ਨੂੰ ਧੋ ਦਿੱਤਾ ਸੀ। ਚਲੋ ਖ਼ੈਰ, ਏਨਾ ਜ਼ਰੂਰ ਏ ਕਿ ਫ਼ੈਸਲਾ ਦਿੱਤੇ ਜਾਣ ਦੇ ਛਿਣ ਤੋਂ ਈ ਉਸਦੇ ਸਿੱਟੇ ਤੇ ਪ੍ਰਤੀਕ੍ਰਿਆ ਏਨੀ ਠੋਸ, ਸਪਸ਼ਟ ਤੇ ਤਿੱਖੇ ਰੂਪ ਵਿਚ ਸਾਹਮਣੇ ਆਏ ਕਿ ਮੈਂ ਉਹਨਾਂ ਨੂੰ ਪਛਾਣੇ ਬਿਨਾਂ ਨਹੀਂ ਰਿਹਾ ਤੇ ਸਾਕਾਰ ਇਸ ਰੂਪ ਵਿਚ ਦੇਖਣ ਲੱਗਾ ਜਿਵੇਂ ਇਸ ਕੰਧ ਨੂੰ ਦੇਖਦਾ ਹਾਂ, ਜਿਸ ਨਾਲ ਢੋਅ ਲਾਈ ਬੈਠਾ ਹਾਂ।
ਜਦੋਂ ਇਸ ਤਰ੍ਹਾਂ ਦੇ ਵਿਚਾਰ ਦਿਮਾਗ਼ ਵਿਚ ਆ ਰਹੇ ਸਨ ਤਾਂ ਪਿਤਾ ਜੀ ਦੀ ਇਕ ਕਹਾਣੀ ਯਾਦ ਆ ਗਈ। ਮੈਂ ਤਾਂ ਕਦੀ ਉਹਨਾਂ ਨੂੰ ਅੱਖਾਂ ਨਾਲ ਦੇਖਿਆ ਨਹੀਂ, ਮਾਂ ਈ ਸੁਣਾਉਂਦੀ ਹੁੰਦੀ ਸੀ। ਵੈਸੇ ਵੀ ਮਾਂ ਦੇ ਮੂੰਹੋਂ ਜੋ ਕੁਝ ਸੁਣਿਆਂ ਏ, ਉਹਨਾਂ ਬਾਰੇ ਓਨਾਂ ਈ ਜਾਣਦਾ ਹਾਂ। ਉਸੇ ਸੁਣੇ ਹੋਏ ਵਿਚ ਏ—ਇਕ ਵਾਰੀ ਉਹ ਕਿਸੇ ਹੱਤਿਆਰੇ ਨੂੰ ਫਾਂਸੀ ਲੱਗਦੀ ਦੇਖਣ ਗਏ। ਬਾਅਦ ਵਿਚ ਤਾਂ ਉਸ ਬਾਰੇ ਸੋਚ ਕੇ ਈ ਉਹਨਾਂ ਨੂੰ ਉਲਟੀ ਆ ਜਾਂਦੀ ਸੀ, ਪਰ ਉੱਥੇ ਉਹਨਾਂ ਸ਼ੁਰੂ ਤੋਂ ਅਖ਼ੀਰ ਤੀਕ ਦੇਖਿਆ ਸੀ ਤੇ ਆਉਂਦੇ ਈ ਬੁਰੀ ਤਰ੍ਹਾਂ ਬਿਮਾਰ ਹੋ ਗਏ ਸਨ। ਓਹਨੀਂ ਦਿਨੀਂ ਮੈਨੂੰ ਪਿਤਾ ਜੀ ਦੀ ਇਹ ਗੱਲ ਬੜੀ ਬੇਹੂਦੀ ਲੱਗਦੀ ਸੀ। ਪਰ ਹੁਣ ਸਮਝ ਵਿਚ ਆਇਆ ਕਿ ਉਹ ਗੱਲ ਕਿੰਨੀ ਸੁਭਾਵਕ ਸੀ। ਕਿੰਜ ਉਸ ਸਮੇਂ ਇਹ ਗੱਲ ਮੇਰੇ ਦਿਮਾਗ਼ ਵਿਚ ਨਹੀਂ ਸੀ ਵੜੀ ਕਿ ਸਰੇ-ਆਮ ਫਾਂਸੀ ਲੱਗਣ ਨਾਲੋਂ ਵੱਧ ਮਹੱਤਵਪੂਰਨ ਗੱਲ ਦੁਨੀਆਂ ਵਿਚ ਹੋਰ ਕਿਹੜੀ ਹੋਵੇਗੀ? ਤੇ ਇਹ ਕਿ ਜੇ ਇਕ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹੀ ਇਕ ਚੀਜ਼ ਏ, ਜਿਸ ਵਿਚ ਆਦਮੀ ਦੀ ਸੱਚੀ ਦਿਲਚਸਪੀ ਹੋ ਸਕਦੀ ਏ। ਤੇ ਤੁਰੰਤ ਮੈਂ ਇਹ ਤੈਅ ਕਰ ਲਿਆ ਕਿ ਜੇ ਕਦੀ ਜੇਲ੍ਹ 'ਚੋਂ ਛੁੱਟਿਆ ਤਾਂ ਜਿੱਥੇ-ਜਿੱਥੇ ਵੀ ਫਾਂਸੀ ਲੱਗੇਗੀ ਜ਼ਰੂਰ ਦੇਖਣ ਜਾਵਾਂਗਾ। ਪਰ ਛੁੱਟਣ ਦੀ ਇਸ ਸੰਭਾਵਨਾ ਬਾਰੇ ਸੋਚਣਾ ਈ ਸਭ ਤੋਂ ਵੱਡੀ ਬੇਵਕੂਫ਼ੀ ਸੀ। ਮੈਂ ਕਲਪਨਾ ਕਰਨ ਲੱਗਾ ਜਿਵੇਂ ਮੈ ਸੁਤੰਤਰ ਆਦਮੀ ਹਾਂ ਤੇ ਪੁਲਿਸ ਦੀ ਦੋਹਰੀ ਲਾਈਨ ਦੇ ਪਿੱਛੇ ਯਾਨੀ ਖ਼ਤਰੇ ਤੋਂ ਬਾਹਰ ਸੁਰੱਖਿਅਤ ਜਗ੍ਹਾ 'ਤੇ ਖੜ੍ਹਾ ਫਾਂਸੀ ਦੇ ਦ੍ਰਿਸ਼ ਨੂੰ ਦੇਖ ਰਿਹਾ ਹਾਂ। ਇਸ ਵਿਚਾਰ ਨਾਲ ਈ ਮੇਰਾ ਮਨ ਆਨੰਦ ਤੇ ਖ਼ੁਸ਼ੀ ਨਾਲ ਭਰ ਗਿਆ ਕਿ ਮੈਂ ਵੀ ਤਮਾਸ਼ਾ ਦੇਖਣ ਆਏ ਸੈਂਕੜੇ ਦਰਸ਼ਕਾਂ ਵਿਚੋਂ ਇਕ ਹਾਂ ਤੇ ਨਿੱਡਰ ਭਾਵ ਨਾਲ ਘਰ ਜਾ ਕੇ ਜ਼ਰੂਰ ਉਲਟੀਆਂ ਕਰ ਸਕਦਾ ਹਾਂ। ਪਰ ਇੰਜ ਕਲਪਨਾ ਦੇ ਘੋੜੇ ਦੀਆਂ ਲਗਾਮਾਂ ਢਿੱਲ੍ਹੀਆਂ ਛੱਡਣ ਨਾਲ ਕੀ ਹੱਥ ਆਉਣ ਵਾਲਾ ਸੀ? ਸ਼ੁੱਧ ਸ਼ੇਖ ਚਿੱਲੀਪੁਣਾ ਸੀ। ਸੋ ਕੁਝ ਚਿਰ ਬਾਅਦ ਈ ਮੈਨੂੰ ਕਾਂਬਾ ਛਿੜ ਪਿਆ। ਕੱਸ ਕੇ ਚਾਰੇ ਪਾਸੇ ਕੰਬਲ ਲਪੇਟ ਲਿਆ। ਪਰ ਦੰਦ ਇਸ ਤਰ੍ਹਾਂ ਵੱਜ ਰਹੇ ਸਨ ਕਿ ਰੁਕਣ ਦਾ ਨਾਂ ਈ ਨਹੀਂ ਸੀ ਲੈਂਦੇ ਪਏ।
ਫੇਰ ਵੀ ਇਹ ਜੱਗ-ਜਾਹਰ ਗੱਲ ਏ ਕਿ ਆਦਮੀ ਹਮੇਸ਼ਾ ਅਕਲਮੰਦ ਬਣਿਆਂ ਨਹੀਂ ਰਹਿੰਦਾ। ਸ਼ੇਖ ਚਿੱਲੀ ਵਾਲੀਆਂ ਜੋ-ਜੋ ਗੱਲਾਂ ਮੈਂ ਸੋਚਦਾ ਹੁੰਦਾ ਸੀ, ਉਹਨਾਂ ਵਿਚ ਇਕ ਇਹ ਵੀ ਸੀ ਕਿ ਮੈਂ ਨਵੇਂ-ਨਵੇਂ ਕਾਨੂੰਨ ਬਣਾ ਕੇ ਸਾਰੀਆਂ ਸਜ਼ਾਵਾਂ ਬਦਲ਼ ਦਿਆਂਗਾ। ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਜ਼ਰੂਰਤ ਇਕ ਗੱਲ ਦੀ ਸੀ ਤੇ ਉਹ ਇਹ ਕਿ ਅਪਰਾਧੀ ਨੂੰ ਘੱਟੋਘੱਟ ਇਕ ਮੌਕਾ ਤਾਂ ਜ਼ਰੂਰ ਈ ਦਿੱਤਾ ਜਾਣਾ ਚਾਹੀਦਾ ਏ। ਉਹ ਮੌਕਾ ਭਾਵੇਂ ਕਿੰਨਾ ਵੀ ਮੋਇਆ-ਮੁੱਕਿਆ ਹੋਵੇ। ਪਰ ਹਜ਼ਾਰਾਂ ਵਿਚੋਂ ਇਕ ਮੌਕਾ ਤਾਂ ਬਚਣ ਦਾ ਉਸਨੂੰ ਮਿਲਣਾ ਈ ਚਾਹੀਦਾ ਏ। ਮੰਨ ਲਓ ਕਿਸੇ ਦਵਾ ਜਾਂ ਦਵਾਈ ਦਾ ਮਿਸ਼ਰਨ ਏ, ਨੌਂ ਸੌ ਨੜ੍ਹਿਨਵੇਂ ਵਾਰ 'ਮਰੀਜ਼' ਦੀ (ਮੈਂ ਅਪਰਾਧੀ ਨੂੰ ਮਰੀਜ਼ ਮੰਨ ਕੇ ਈ ਚੱਲਦਾ ਹਾਂ) ਦੀ ਜਾਨ ਲੈ ਸਕਦਾ ਏ—ਤੇ ਇਸ ਗੱਲ ਨੂੰ 'ਮਰੀਜ਼' ਵੀ ਚੰਗੀ ਤਰ੍ਹਾਂ ਜਾਣਦਾ ਏ ਕਿ ਦਵਾਈ ਖਾ ਕੇ ਉਹ ਜਿਊਂਦਾ ਨਹੀਂ ਬਚੇਗਾ। ਹੁਣ ਇਸ ਵਿਚ ਵੀ ਕਿਤੇ ਨਾ ਕਿਤੇ, ਜ਼ਰਾ ਜਿੰਨੀ ਉਮੀਦ ਜਾਂ ਬਚ ਨਿਕਲਣ ਦੇ ਮੌਕੀ ਦੀ ਸੰਭਾਵਨਾ ਤਾਂ ਹੈ ਈ। ਪਰ ਇਸ 'ਗਿਲੋਟਿਨਬਾਜ਼ੀ' ਬਾਰੇ ਮੈਂ ਨਿੱਠ ਕੇ ਕਾਫੀ ਸੋਚ ਵਿਚਾਰ ਕੀਤੀ ਤਾਂ ਦੇਖਿਆ ਕਿ ਇਸ ਵਿਚ ਤਾਂ ਮੌਤ ਦੀ ਸਜ਼ਾ ਵਾਲੇ ਆਦਮੀ ਨੂੰ ਕਿਤੇ ਰੱਤੀ ਭਰ ਵੀ ਕੋਈ ਮੌਕਾ ਨਜ਼ਰ ਨਹੀਂ ਆਉਂਦਾ। ਇਹੀ ਇਸਦੀ ਸਭ ਤੋਂ ਵੱਡੀ ਖ਼ਰਾਬੀ ਏ। ਇੱਥੇ ਤਾਂ ਸਭ ਕੁਝ ਪਹਿਲਾਂ ਈ ਤੈਅ ਕੀਤਾ ਹੁੰਦਾ ਏ ਤੇ ਇਹ ਮੰਨ ਕੇ ਚੱਲਿਆ ਜਾਂਦਾ ਏ ਕਿ ਭਾਵੇਂ ਚੰਦ-ਸੂਰਜ ਟਲ਼ ਜਾਣ ਪਰ 'ਮਰੀਜ਼' ਦੀ ਮੌਤ ਨਹੀਂ ਟਲ਼ ਸਕਦੀ। ਮੰਨ ਲਓ ਕਿਸੇ ਵਾਰੀ ਸੰਯੋਗ ਨਾਲ ਟੋਕਾ ਕੰਮ ਨਾ ਕਰੇ ਤਾਂ ਜੱਲਾਦ ਦੁਬਾਰਾ ਚਲਾਉਣਗੇ। ਇਸ ਤਰ੍ਹਾਂ ਨਤੀਜਾ ਇਹ ਨਿਕਲਿਆ ਕਿ ਕੁਦਰਤ ਦੇ ਭਾਵੇਂ ਕਿੰਨਾ ਈ ਖ਼ਿਲਾਫ਼ ਜਾਂਦਾ ਹੋਵੇ, ਪਰ ਮਰਨ ਵਾਲੇ ਨੂੰ ਇਹ ਮੰਨ ਕੇ ਈ ਚੱਲਣਾ ਚਾਹੀਦਾ ਏ ਕਿ ਮਸ਼ੀਨ ਠੀਕ-ਠਾਕ ਕੰਮ ਕਰ ਰਹੀ ਏ ਤੇ ਉਸ ਵਿਚ ਕਿਤੇ ਕੋਈ ਗੜਬੜ ਨਹੀਂ। ਮੇਰੇ ਖ਼ਿਆਲ ਵਿਚ ਇਹ ਇਸ ਤਰੀਕੇ ਦੀ ਖ਼ਾਮੀ ਏ। ਉਂਜ ਦੇਖਣ ਵਿਚ ਮੇਰੀ ਗੱਲ ਖਾਸੀ ਵਜ਼ਨਦਾਰ ਵੀ ਏ। ਪਰ ਦੂਜੇ ਪੱਖ ਤੋਂ ਦੇਖੀਏ ਤਾਂ ਇਸ ਨਾਲ ਇਸ ਤਰੀਕੇ ਦੀ ਨਿਰਦੋਸ਼ ਕੁਸ਼ਲਤਾ ਈ ਜ਼ਾਹਰ ਹੁੰਦੀ ਏ। ਤਾਂ ਸਭ ਮਿਲਾ ਕੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਫਾਂਸੀ ਲੱਗਣ ਵਾਲੇ ਆਦਮੀ ਨੂੰ ਆਪਣੇ ਮਰਨ ਵਿਚ ਮਾਨਸਿਕ ਰੂਪ ਵਿਚ ਸਹਿਯੋਗ ਦੇਣਾ ਈ ਚਾਹੀਦਾ ਏ ਤੇ ਉਸਦਾ 'ਹਿਤ' ਇਸੇ ਗੱਲ ਵਿਚ ਏ ਕਿ ਫਾਂਸੀ ਦੀ ਇਹ ਸਾਰੀ ਕਿਰਿਆ ਬਿਨਾਂ ਕਿਸੇ ਰੋਕ-ਰੁਕਾਵਟ ਤੋਂ ਪੂਰੀ ਹੋ ਜਾਵੇ।
ਦੂਜੀ ਗੱਲ ਮੈਨੂੰ ਇਹ ਸਵੀਕਾਰ ਕਰਨੀ ਪਈ ਕਿ ਅਜੇ ਤੀਕ ਇਸ ਬਾਰੇ ਵਿਚ ਮੇਰੀ ਜਾਣਕਾਰੀ ਬੜੀਆਂ ਗਲਤ-ਮਲਤ ਗੱਲਾਂ ਨਾਲ ਭਰੀ ਹੋਈ ਸੀ। ਕਾਰਨ ਨਹੀਂ ਜਾਣਦਾ ਪਰ ਮੈਂ ਤਾਂ ਹਮੇਸ਼ਾ ਇਹੀ ਸੋਚਦਾ ਹੁੰਦਾ ਸੀ ਕਿ ਪਹਿਲਾਂ ਪੌੜੀ ਰਾਹੀਂ ਮਚਾਨ 'ਤੇ ਚੜ੍ਹਾ ਦਿੰਦੇ ਨੇ, ਫੇਰ ਉੱਥੇ 'ਗਲੋਟਿਟ' ਨਾਲ ਗਲ਼ਾ ਕੱਟ ਦਿੱਤਾ ਜਾਂਦਾ ਏ। 1789 ਦੀ ਰਾਜ-ਕਰਾਂਤੀ ਬਾਰੇ ਮੈਂ ਸਕੂਲ ਵਿਚ ਜੋ ਕੁਝ ਪੜ੍ਹਿਆ ਸੀ ਤੇ ਜਿਹੜੇ ਚਿੱਤਰ ਦੇਖੇ ਸੀ, ਸ਼ਾਇਦ ਉਸੇ ਆਧਾਰ 'ਤੇ ਇਹ ਖ਼ਿਆਲ ਮਨ ਨੂੰ ਜਚ ਗਿਆ ਸੀ। ਫੇਰ ਇਕ ਦਿਨ ਸਵੇਰੇ-ਸਵੇਰੇ ਮੈਨੂੰ ਇਕ ਤਸਵੀਰ ਦਾ ਚੇਤਾ ਆਇਆ। ਇਕ ਅਖ਼ਬਾਰ ਨੇ ਕਿਸੇ ਪ੍ਰਸਿੱਧ ਅਪਰਾਧੀ ਨੂੰ ਫਾਂਸੀ ਲੱਗਣ ਮੌਕੇ ਦਾ ਤਸਵੀਰਾਂ ਸਮੇਤ ਲੇਖ ਛਾਪਿਆ ਸੀ, ਉਸ ਵਿਚ ਇਹ ਤਸਵੀਰ ਵੀ ਛਾਪੀ ਸੀ। ਇੱਥੇ ਤਾਂ ਟੋਕੇ ਵਾਲੀ ਮਸ਼ੀਨ ਜ਼ਮੀਨ 'ਤੇ ਈ ਖੜ੍ਹੀ ਸੀ ਤੇ ਜਿੰਨੀ ਚੌੜੀ ਮੈਂ ਸੋਚੀ ਸੀ, ਉਸ ਨਾਲੋਂ ਕਾਫੀ ਘੱਟ ਚੌੜੀ ਸੀ। ਮੈਨੂੰ ਤਾਂ ਮਸ਼ੀਨ ਵਿਚ ਵੀ ਅਜਿਹੀ ਕੋਈ ਖਾਸ ਗੱਲ ਨਹੀਂ ਸੀ ਲੱਗੀ। ਇਹ ਦੇਖ ਕੇ ਵੀ ਮੈਨੂੰ ਬੜਾ ਅਜੀਬ-ਜਿਹਾ ਲੱਗਿਆ ਕਿ ਅੱਜ ਤੀਕ ਇਸ ਮਸ਼ੀਨ ਦਾ ਮੈਨੂੰ ਖ਼ਿਆਲ ਕਿਉਂ ਨਹੀਂ ਸੀ ਆਇਆ। ਉਸ ਤਸਵੀਰ ਵਿਚ ਜਿਸ ਚੀਜ਼ ਨੇ ਸਭ ਤੋਂ ਵੱਧ ਮੇਰਾ ਧਿਆਨ ਖਿੱਚਿਆ, ਉਹ ਸੀ ਟੋਕੇ ਵਾਲੀ ਮਸ਼ੀਨ ਦੀ ਸਾਫ਼-ਸੁਥਰੀ ਸ਼ਕਲ। ਉਸਦੀ ਚਮਕ ਤੇ ਬਣਾਵਟ ਦੀ ਸਫ਼ਾਈ ਦੇਖ ਕੇ ਕਿਸੇ ਵਿਗਿਆਨਕ ਪ੍ਰਯੋਗਸ਼ਾਲਾ ਦੀ ਯਾਦ ਆਉਂਦੀ ਸੀ। ਆਦਮੀ ਜਿਸ ਬਾਰੇ ਕੁਝ ਨਹੀਂ ਜਾਣਦਾ, ਉਸਨੂੰ ਖ਼ੂਬ ਵਧਾਅ-ਚੜਾਅ ਕੇ ਸੋਚਦਾ ਏ। ਪਰ ਇਸ ਸਮੇਂ ਮੈਨੂੰ ਮੰਨਣਾ ਪਿਆ ਕਿ ਗਿਲੋਟਿਨ ਨਾਲ ਗਰਦਨ ਵੱਢਣਾ ਤਾਂ ਬੜਾ ਈ ਆਸਾਨ ਤੇ ਸਿੱਧਾ ਏ। ਜਿਸ ਤਲ ਤੇ ਆਦਮੀ ਖੜ੍ਹਾ ਹੁੰਦਾ ਏ, ਉਸੇ 'ਤੇ ਮਸ਼ੀਨ ਹੁੰਦੀ ਏ ਤੇ ਉਹ ਮਸ਼ੀਨ ਵੱਲ ਇੰਜ ਕਦਮ ਵਧਾਉਂਦਾ ਏ ਜਿਵੇਂ ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਮਿਲਣ ਜਾ ਰਿਹਾ ਹੋਵੇ। ਪਰ ਇਕ ਤਰ੍ਹਾਂ ਨਾਲ ਇਹ ਗੁਨਾਹ-ਬੇਲੱਜ਼ਤ ਈ ਏ। ਮਚਾਨ 'ਤੇ ਚੜ੍ਹਨਾ, ਭਾਵ ਦੁਨੀਆਂ ਨੂੰ ਹੇਠਾਂ ਛੱਡ ਕੇ ਉੱਚਾ ਉੱਠਣਾ—ਕਲਪਨਾ ਨੂੰ ਕੁਝ ਤਾਂ ਸਹਾਰਾ ਦਿੰਦਾ ਈ ਏ। ਤੇ ਇੱਥੇ? ਇੱਥੇ ਤਾਂ ਲੈ ਦੇ ਕੇ ਮਸ਼ੀਨ ਈ ਸਭ ਉੱਤੇ ਛਾਈ ਰਹਿੰਦੀ ਏ। ਹਲਕੀ-ਜਿਹੀ ਸ਼ਰਮ, ਪਰ ਬੇਹੱਦ ਹੁਸ਼ਿਆਰੀ ਨਾਲ ਅਪਰਾਧੀ ਨੂੰ ਫੜ੍ਹਿਆ ਤੇ ਬੜੀ ਸਫ਼ਾਈ ਨਾਲ ਉਸਦੀ ਗਰਦਨ ਲਾਹ ਦਿੱਤੀ।
ਅਗਲੀ ਸਵੇਰ ਦਾ ਚੜ੍ਹਨਾ ਤੇ ਮੇਰੀ ਅਪੀਲ, ਇਹ ਦੋ ਗੱਲਾਂ ਹੋਰ ਸੀ ਜਿਹਨਾਂ ਦਾ ਖ਼ਿਆਲ ਹਮੇਸ਼ਾ ਮੇਰੇ ਦਿਮਾਗ਼ 'ਤੇ ਛਾਇਆ ਰਹਿੰਦਾ ਸੀ। ਉਂਜ ਕੋਸ਼ਿਸ਼ ਮੈਂ ਬੜੀ ਕਰਦਾ ਸੀ ਕਿ ਆਪਣੇ ਮਨ ਨੂੰ ਇਹਨਾਂ ਵਿਚਾਰਾਂ ਤੋਂ ਲਾਂਭੇ ਰੱਖਾਂ। ਚਿੱਤ ਲੇਟ ਜਾਂਦਾ ਤੇ ਮਨ ਨੂੰ ਘੇਰ-ਘੂਰ ਕੇ ਆਕਾਸ਼ ਦਾ ਅਧਿਅਨ ਕਰਨ ਵਿਚ ਉਲਝਾਈ ਰੱਖਦਾ। ਚਾਨਣ ਹਰਾ ਹੋਣ ਲੱਗਦਾ ਤਾਂ ਸਮਝ ਲੈਂਦਾ ਹੁਣ ਰਾਤ ਹੋਵੇਗੀ। ਵਿਚਾਰਾਂ ਦੇ ਪ੍ਰਵਾਹ ਨੂੰ ਠੱਲੀ ਰੱਖਣ ਲਈ ਦੂਜਾ ਕੰਮ ਮੈਂ ਆਪਣੇ ਦਿਲ ਦੀ ਧੜਕਣ ਸੁਣਨ ਦਾ ਕਰਦਾ। ਸੋਚਿਆ ਈ ਨਹੀਂ ਸੀ ਕਿ ਏਨੇ ਦਿਨ-ਰਾਤ ਮੇਰੀ ਛਾਤੀ ਵਿਚ ਚੱਲਦੀ ਰਹਿਣ ਵਾਲੀ ਇਹ ਨਾਜ਼ੁਕ-ਮਲੂਕ ਧੜਕਣ ਅਚਾਨਕ ਕਿਸੇ ਦਿਨ ਬੰਦ ਵੀ ਹੋ ਜਾਵੇਗੀ। ਕਲਪਨਾ ਕਦੀ ਮੇਰੇ ਸੁਭਾ ਦਾ ਮੁੱਖ ਗੁਣ ਨਹੀਂ ਰਹੀ, ਫੇਰ ਵੀ ਮੈਂ ਦੇਖ ਲੈਣ ਦੀ ਕੋਸ਼ਿਸ਼ ਕਰਦਾ ਕਿ ਇਕ ਦਿਨ ਜਦੋਂ ਮੇਰੇ ਦਿਲ ਦੀ ਇਹ ਧੜਕਣ ਦਿਮਾਗ਼ ਨੂੰ ਲਹਿਰਾਂ-ਤਰੰਗਾਂ ਭੇਜਣੀਆਂ ਬੰਦ ਕਰ ਦਵੇਗੀ, ਉਦੋਂ ਮੈਨੂੰ ਕਿੰਜ ਲੱਗੇਗਾ! ਦਿਮਾਗ਼ ਕੰਮ ਈ ਨਹੀਂ ਸੀ ਕਰਦਾ। ਉੱਥੇ ਤਾਂ ਅਗਲੇ ਪਹੁ-ਫੁਟਾਲਾ ਤੇ ਆਪਣੀ ਅਪੀਲ ਛਾਈ ਹੁੰਦੀ ਤੇ ਉਦੋਂ ਇਹ ਮੰਨ ਕੇ ਮੈਂ ਹਥਿਆਰ ਸੁੱਟ ਦਿੰਦਾ ਕਿ ਵਿਚਾਰ-ਪ੍ਰਵਾਹ ਨੂੰ ਕੁਦਰਤੀ ਮਾਰਗ ਤੋਂ ਜਬਰਦਸਤੀ ਹਟਾਉਣ ਦੀ ਕੋਸ਼ਿਸ਼ ਕਰਨਾ ਸਰਾਸਰ ਬੇਵਕੂਫ਼ੀ ਏ।
ਏਨਾ ਮੈਨੂੰ ਪਤਾ ਸੀ ਕਿ ਬੁਲਾਵਾ ਹਮੇਸ਼ਾ ਸਵੇਰੇ-ਸਵਖਤੇ ਈ ਆਉਂਦਾ ਏ, ਇਸ ਲਈ ਸਾਰੀ ਰਾਤ ਸੱਚਮੁੱਚ ਪਹੁ-ਫੁਟਾਲੇ ਦੀ ਉਡੀਕ ਵਿਚ ਜਾਗਦਿਆਂ ਈ ਬੀਤਦੀ। ਮੈਨੂੰ ਇਹ ਕਤਈ ਚੰਗਾ ਨਹੀਂ ਸੀ ਲੱਗਦਾ ਕਿ ਅਚਾਨਕ ਕੋਈ ਗੱਲ ਹੋਵੇ ਤੇ ਮੈਂ ਬੌਂਦਲ-ਭੰਵਤਰ ਜਾਵਾਂ। ਚਾਹੁੰਦਾ ਹਾਂ ਮੇਰੇ ਨਾਲ ਕੁਝ ਵੀ ਕਿਉਂ ਨਾ ਹੋਵੇ, ਮੈਂ ਹਮੇਸ਼ਾ ਕਮਰ-ਕਸੀ ਤਿਆਰ ਖੜ੍ਹਾ ਮਿਲਾਂ। ਇਸ ਲਈ ਦਿਨੇ ਮਾੜੀ-ਮੋਟੀ ਝਪਕੀ ਲੈਣ ਤੇ ਸਾਰੀ ਰਾਤ ਜਾਗ ਕੇ ਕਾਲੇ ਆਸਮਾਨੀ ਗੁੰਬਦ ਵਿਚ ਪਹੁ-ਫੁਟਾਲੇ ਤੋਂ ਪਹਿਲਾਂ ਦੇ ਆਸਾਰ ਲੱਭਣ ਦੀ ਆਦਤ ਪਾ ਲਈ ਸੀ। ਸਭ ਨਾਲੋਂ ਵੱਧ ਦੁੱਖਦਾਈ ਸਮਾਂ ਮੇਰੇ ਲਈ ਰਾਤ ਦਾ ਉਹ ਧੁੰਦਲਾ, ਅਨਿਸ਼ਚਿਤ ਪਹਿਰ ਹੁੰਦਾ ਸੀ, ਜਦੋਂ ਕਿਹਾ ਜਾਂਦਾ ਏ, ਬੁਲਾਉਣ ਲਈ ਆਉਂਦੇ ਨੇ। ਇਕ ਵਾਰੀ ਤਾਂ ਮੈਂ ਅੱਧੀ ਰਾਤ ਨੂੰ ਈ ਕੰਨ ਖੜ੍ਹੇ ਕਰਕੇ ਬਾਹਰਲੀ ਬਿੜਕ ਲੈਣ ਲੱਗ ਪਿਆ ਸੀ। ਮੇਰੇ ਕੰਨਾਂ ਨੇ ਐਨੇ ਤਰ੍ਹਾਂ ਦੀਆਂ ਆਵਾਜ਼ਾਂ, ਏਨੀਆਂ ਮੱਧਮ ਆਹਟਾਂ ਸ਼ਾਇਦ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਸੁਣੀਆਂ, ਜਿੰਨੀਆਂ ਹੁਣ ਸੁਣਨ ਲੱਗ ਪਏ ਨੇ। ਪਰ ਏਨਾਂ ਕਹਾਂਗਾ ਕਿ ਇਸ ਮਾਮਲੇ ਵਿਚ ਗਨੀਮਤ ਇਹੋ ਰਹੀ ਕਿ ਇਸ ਦੌਰਾਨ ਮੈਂ ਕਦੀ ਕਿਸੇ ਦੇ ਕਦਮਾਂ ਦੀ ਪੈੜਚਾਲ ਨਹੀਂ ਸੁਣੀ। ਮਾਂ ਕਹਿੰਦੀ ਹੁੰਦੀ ਸੀ ਕਿ ਆਦਮੀ ਕਿਸੇ ਵੀ ਵੱਡੀ ਤੋਂ ਵੱਡੀ ਮੁਸੀਬਤ ਵਿਚ ਕਿਉਂ ਨਾ ਹੋਵੇ, ਉਸਦਾ ਮਨ ਸਹਾਰੇ ਦੇ ਲਈ ਸੁਖ ਦੀ ਕੋਈ ਨਾ ਕੋਈ ਢੋਈ ਲੱਭ ਈ ਲੈਂਦਾ ਏ। ਰੋਜ਼ ਸਵੇਰੇ-ਸਵਖਤੇ ਈ ਜਦੋਂ ਆਸਮਾਨ ਰੋਸ਼ਨੀ ਨਾਲ ਜਗਮਗਾਉਣ ਲੱਗਦਾ ਤੇ ਮੇਰੇ ਕਮਰੇ ਵਿਚ ਚਾਨਣ ਦਾ ਹੜ੍ਹ ਆ ਜਾਂਦਾ, ਉਸ ਛਿਣ ਮੈਨੂੰ ਉਸਦੀ ਗੱਲ ਸਹੀ ਲੱਗਣ ਲੱਗਦੀ, ਕਿਉਂਕਿ ਉਸ ਸਮੇਂ ਕਿਸੇ ਦੇ ਵੀ ਕਦਮਾਂ ਦਾ ਖੜਾਕ ਸੁਣਾਈ ਦੇ ਸਕਦਾ ਸੀ ਤੇ ਹਰ ਪਲ ਮੈਨੂੰ ਲੱਗਦਾ ਸੀ ਕਿ ਹੁਣੇ ਮੇਰਾ ਦਿਲ ਚੂਰ-ਚੂਰ ਹੋ ਜਾਵੇਗਾ। ਪੱਤਾ ਵੀ ਖੜਕਦਾ ਤਾਂ ਮੈਂ ਦੌੜ ਕੇ ਦਰਵਾਜ਼ੇ ਦੇ ਠੰਢੇ-ਠੰਢੇ ਖੁਰਦਰੇ ਕਾਠ ਨਾਲ ਕੰਨ ਲਾ ਕੇ ਸੁਣਨ ਲੱਗਦਾ ਕਿ ਕੋਈ ਆ ਰਿਹਾ ਏ ਕਿ? ਤੇ ਇਸ ਆਹਟ ਏਨੇ ਧਿਆਨ ਨਾਲ ਸੁਣਦਾ ਕਿ ਕੁੱਤੇ ਵਾਂਗ ਕਾਹਲੀ-ਕਾਹਲੀ ਵਗਦੇ, ਖਰਰ-ਖਰਰ ਕਰਦੇ ਆਪਣੇ ਈ ਸਾਹ ਸੁਣਾਈ ਦੇਣ ਲੱਗਦੇ। ਪਰ ਜਿਵੇਂ-ਤਿਵੇਂ ਆਖ਼ਰ ਉਹ ਸਮਾਂ ਵੀ ਬੀਤ ਜਾਂਦਾ, ਮੇਰੀ ਛਾਤੀ ਪਾਟਨੋਂ ਬਚ ਜਾਂਦੀ ਤੇ ਮੈਨੂੰ ਸਾਹ ਲੈਣ ਲਈ ਫੇਰ ਚੌਵੀ ਘੰਟੇ ਦਾ ਸਮਾਂ ਮਿਲ ਜਾਂਦਾ।
ਹੁਣ ਬਾਕੀ ਸਾਰਾ ਦਿਨ ਦਿਮਾਗ਼ ਵਿਚ ਅਪੀਲ ਦੀ ਗੱਲ ਘੁੰਮਦੀ ਰਹਿੰਦੀ। ਜੋ ਕੁਝ ਹੱਥ ਵਿਚ ਸੀ, ਉਸਨੂੰ ਦੇਖਦਿਆਂ ਹੋਇਆਂ, ਉਸੇ ਵਿਚੋਂ, ਵੱਧ ਤੋਂ ਵੱਧ ਉਮੀਦ ਦਿਲਾਸਾ ਨਿਚੋੜ ਲੈਣ ਦੀ ਨੀਅਤ ਨਾਲ ਮੈਂ ਇਕ ਤਰਕੀਬ ਹੋਰ ਸੋਚ ਲਈ। ਮੈਂ ਪਹਿਲਾਂ ਮਾੜੇ ਤੋਂ ਮਾੜੇ ਸਿੱਟੇ ਬਾਰੇ ਸੋਚ ਲੈਂਦਾ ਫੇਰ ਅੱਗੇ ਵਧਦਾ, ਜਿਵੇਂ—ਮੰਨ ਲਓ, ਮੇਰੀ ਅਪੀਲ ਖਾਰਜ ਹੋ ਗਈ ਏ, ਯਾਨੀ ਹੁਣ ਤਾਂ ਮਰਨ ਦੇ ਸਿਵਾਏ ਕੋਈ ਹੋਰ ਚਾਰਾ ਈ ਨਹੀਂ। ਭਾਵ ਹੋਰਨਾਂ ਤੋਂ ਪਹਿਲਾਂ ਬੋਰੀਆ-ਬਿਸਤਰਾ ਸਮੇਟਨਾ ਪਵੇਗਾ। ਇਹੀ ਮੈਂ ਮਨ ਈ ਮਨ ਆਪਣੇ-ਆਪ ਨੂੰ ਚਿਤਾਵਨੀ ਦਿੰਦਾ, 'ਪਰ ਇਹ ਤਾਂ ਬੱਚਾ-ਬੱਚਾ ਜਾਣਦਾ ਏ ਕਿ ਜ਼ਿੰਦਗੀ ਜਿਊਣ ਦੇ ਕਾਬਿਲ ਨਈਂ।' ਤੇ ਉਦੋਂ ਮੈਂ ਜ਼ਰਾ ਉਤਾਂਹ ਉੱਠ ਕੇ ਦੇਖਦਾ ਤਾਂ ਲੱਗਦਾ ਕਿ ਆਦਮੀ ਤੀਹ ਦਾ ਮਰੇ ਜਾਂ ਸੱਤਰਾਂ ਦਾ ਹੋ ਕੇ ਮਰੇ, ਇਸ ਨਾਲ ਕੀ ਫਰਕ ਪੈਂਦਾ ਏ? ਹੋਰ ਔਰਤਾਂ-ਮਰਦ ਤਾਂ ਰਹਿਣਗੇ ਈ—ਦੁਨੀਆਂ ਜਿਵੇਂ ਚੱਲਦੀ ਏ, ਚੱਲਦੀ ਰਹੇਗੀ। ਦੂਜਾ, ਮਰਾਂ ਅੱਜ ਜਾਂ ਅੱਜ ਤੋਂ ਚਾਰ ਸਾਲ ਬਾਅਦ—ਮਰਨਾ ਤਾਂ ਇਕ ਦਿਨ ਹੈ ਈ। ਪਰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਚਿੰਤਨ ਨਾਲ ਜਿੰਨੀ ਸ਼ਾਂਤੀ ਮਿਲਣੀ ਚਾਹੀਦੀ ਸੀ, ਓਨੀਂ ਨਹੀਂ ਸੀ ਮਿਲਦੀ। ਜ਼ਿੰਦਗੀ ਦੇ ਜਿੰਨੇ ਸਾਲ ਜਿਊਂ ਤੇ ਭੋਗ ਕੇ ਕੱਟਣੇ ਨੇ, ਉਹਨਾਂ ਦਾ ਖ਼ਿਆਲ ਈ ਦਿਲ ਵਿਚ ਹੂਕ ਪੈਦਾ ਕਰ ਦਿੰਦਾ ਸੀ। ਖ਼ੈਰ, ਇਸ 'ਤੇ ਤਾਂ ਮੈਂ ਮਨ ਨੂੰ ਤਰਕ-ਵਿਤਰਕ ਕਰਕੇ ਸਮਝਾ ਲੈਂਦਾ—ਸੋਚਦਾ, ਮੰਨ ਲਓ ਇਕ ਦਿਨ ਮੇਰੀ ਉਮਰ ਪੂਰੀ ਹੋ ਗਈ ਤੇ ਮੌਤ ਨੇ ਮੈਨੂੰ ਚਾਰੇ ਪਾਸਿਓਂ ਘੇਰ ਲਿਆ...ਉਦੋਂ ਕੀ ਹੋਵੇਗਾ? ਅੱਛਾ, ਜਦੋਂ ਇਹੀ ਤੈਅ ਏ ਕਿ ਮੌਤ ਤੋਂ ਕੋਈ ਛੁਟਕਾਰਾ ਨਹੀਂ ਤਾਂ ਫੇਰ ਮੌਤ ਦਾ ਰੂਪ ਭਾਵੇਂ ਕੋਈ ਵੀ ਹੋਵੇ—ਸਿੱਟਾ ਤਾਂ ਉਹੀ ਹੁੰਦਾ ਏ। ਜੋ ਹੋਵੇ, ਮੈਨੂੰ ਆਪਣੀ ਅਪੀਲ ਦੇ ਖਾਰਜ ਹੋ ਜਾਣ ਬਾਰੇ ਸੁਣਨ ਲਈ ਹਰ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਏ। ਪਰ ਇਸ 'ਜੋ ਹੋਵੇ' ਤੀਕ ਪਹੁੰਚਣ ਦੀ ਤਰਕ-ਪ੍ਰਣਾਲੀ ਨੂੰ ਰਸਤੇ ਵਿਚ ਈ ਭੰਗ ਨਾ ਹੋਣ ਦੇਣਾ, ਕੋਈ ਆਸਾਨ ਕੰਮ ਨਹੀਂ ਸੀ।
ਇਸ ਤਰ੍ਹਾਂ ਜਦੋਂ ਇਹਨਾਂ ਸਾਰੀਆਂ ਸਥਿਤੀਆਂ ਲਈ ਮਨ ਨੂੰ ਤਿਆਰ ਕਰਦਾ ਹੋਇਆ ਮੈਂ ਇਸ ਜਗ੍ਹਾ ਆ ਪਹੁੰਚਦਾ ਉਦੋਂ ਕਿਤੇ ਜਾ ਕੇ ਆਪਣਾ ਇਹ 'ਅਧਿਕਾਰ' ਮੰਨਦਾ, ਯਾਨੀ ਮਨ ਨੂੰ ਏਨੀ ਛੋਟ ਦਿੰਦਾ ਕਿ ਹੁਣ ਦੂਜੀ ਗੱਲ 'ਤੇ ਵਿਚਾਰ ਕਰ ਲਿਆ ਜਾਵੇ ਕਿ ਅੱਛਾ ਮੰਨ ਲਓ ਮੇਰੀ ਅਪੀਲ ਮੰਨ ਲਈ ਗਈ। ਉਸ ਸਮੇਂ ਤਨ ਮਨ ਵਿਚ ਜਿਹੜਾ ਆਨੰਦ ਤੇ ਸੁਖ ਦਾ ਫੁਆਰਾ ਫੁੱਟ ਪਵੇਗਾ, ਅੱਖਾਂ 'ਚੋਂ ਅੱਥਰੂ ਵਹਿਣ ਲੱਗਣਗੇ—ਉਸ ਸਭ ਨੂੰ ਸੰਭਾਲ ਸਕਣਾ ਵੀ ਤਾਂ ਇਕ ਮੁਸੀਬਤ ਹੋਵੇਗੀ। ਪਰ ਭਾਵੇਂ ਜੋ ਵੀ ਹੋਏ, ਪਸਲੀਆਂ ਨੂੰ ਤੋੜ ਕੇ ਬਾਹਰ ਆਉਂਦੇ ਦਿਲ ਉੱਤੇ ਕਾਬੂ ਰੱਖਣ, ਬੇਕਾਬੂ ਹੁੰਦੇ ਮਨ ਨੂੰ ਸੰਭਾਲਨ ਦਾ ਕੰਮ ਤਾਂ ਕਰਨਾ ਈ ਪਵੇਗਾ। ਕਿਉਂਕਿ ਅਪੀਲ ਮੰਨ ਲਓ ਮੰਜੂਰ ਵੀ ਹੋ ਜਾਵੇ—ਫੇਰ ਵੀ ਇਸ ਤਰ੍ਹਾਂ ਦੀ ਸੰਭਾਵਨਾ ਤੀਕ ਆਉਣ ਲਈ ਵਿਚਾਰਾਂ ਨੂੰ ਤਰਤੀਬ-ਬੱਧ ਤਾਂ ਕਰਨਾ ਈ ਚਾਹੀਦਾ ਏ—ਵਰਨਾ ਅਪੀਲ ਖਾਰਜ ਹੋ ਜਾਣ ਵਾਲੀ ਪਹਿਲੀ ਤਰਕ-ਪ੍ਰਣਾਲੀ ਦੇ ਸਾਹਵੇਂ ਇਸ ਉਮੀਦ ਦਾ ਆਧਾਰ ਬੜਾ ਈ ਲੁੱਟਰ ਲੱਗੇਗਾ। ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਮਨ ਨੂੰ ਸਮਝਾ ਲੈਂਦਾ ਉਦੋਂ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ। ਸ਼ਾਂਤੀ ਮਿਲਦੀ—ਇਹੀ ਗਨੀਮਤ ਸੀ।
ਇਕ ਵਾਰੀ ਫੇਰ ਜਦੋਂ ਮੈਂ ਪਾਦਰੀ ਨੂੰ ਮਿਲਣ ਤੋਂ ਇਨਕਾਰ ਕੀਤਾ ਸੀ—ਉਹ ਇਸੇ ਸਭ ਉਧੇੜ-ਬੁਣ ਦਾ ਸਮਾਂ ਸੀ। ਮੈਂ ਪਿਆ-ਪਿਆ ਦੇਖ ਰਿਹਾ ਸੀ ਕਿ ਸਾਰੇ ਆਸਮਾਨ ਵਿਚ ਨਰਮ-ਨਰਮ ਸੁਨਹਿਰੀ ਪੈਰਾਂ ਦੇ ਪੰਜੇ ਫ਼ੈਲਾ ਕੇ ਗਰਮੀਆਂ ਦੀ ਠੰਢੀ ਸ਼ਾਮ ਉਤਰਦੀ ਆ ਰਹੀ ਏ। ਮੇਰੀ ਅਪੀਲ ਖਾਰਜ ਹੋ ਚੁੱਕੀ ਸੀ ਤੇ ਮੈਨੂੰ ਇੰਜ ਲੱਗ ਰਿਹਾ ਸੀ ਮੰਨ ਲਓ ਮੇਰੀਆਂ ਨਸਾਂ ਵਿਚ ਦੌੜਦੇ ਖ਼ੂਨ ਦੀ ਗਤੀ ਬੜੀ ਧੀਮੀ ਹੋ ਗਈ ਏ। ਨਹੀਂ, ਮੈਂ ਕਿਸੇ ਪਾਦਰੀ-ਵਾਦਰੀ ਨੂੰ ਨਹੀਂ ਮਿਲਣਾ।...ਪਤਾ ਨਹੀਂ ਕਿੰਨੇ ਦਿਨ ਹੋ ਗਏ, ਮੈਂ ਕਦੀ ਮੇਰੀ ਬਾਰੇ ਕੁਝ ਨਹੀਂ ਸੋਚਿਆ, ਸੋ ਹੁਣ ਪਤਾ ਨਹੀਂ ਕਿਉਂ ਮੇਰੀ ਦੀਆਂ ਗੱਲਾਂ ਚੇਤੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਯੁੱਗ ਬਤੀ ਗਏ—ਉਸਦੀ ਕੋਈ ਚਿੱਠੀ ਨਹੀਂ ਆਈ। ਕੌਣ ਜਾਣੇ ਮੌਤ ਦੀ ਸਜ਼ਾ ਵਾਲੇ ਆਦਮੀ ਦੀ ਪ੍ਰੇਮਿਕਾ ਬਣੀ ਰਹਿਣਾ ਉਸ ਲਈ ਵੀ ਅਸਹਿ ਹੋ ਗਿਆ ਹੋਵੇ...ਜਾਂ ਹੋ ਸਕਦਾ ਏ ਬਿਮਾਰ ਈ ਪੈ ਗਈ ਹੋਵੇ। ਦੁਨੀਆਂ ਵਿਚ ਆਖ਼ਰ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ ਨੇ। ਪਰ ਮੈਨੂੰ ਪਤਾ ਲੱਗੇ ਤਾਂ ਕਿੰਜ ਲੱਗੇ? ਸਾਡੇ ਦੋਵਾਂ ਦੇ ਸਰੀਰਾਂ ਨੂੰ ਛੱਡ ਕੇ ਵਿਚਕਾਰ ਕੋਈ ਅਜਿਹਾ ਸੂਤਰ ਵੀ ਤਾਂ ਨਹੀਂ ਏਂ ਜਿਹੜਾ ਦੋਵਾਂ ਨੂੰ ਇਕ ਦੂਜੇ ਦੀ ਯਾਦ ਦਿਵਾਉਂਦਾ ਰਹੇ—ਸੋ ਦੋਵੇਂ ਸਰੀਰ ਹੁਣ ਅਲੱਗ-ਅਲੱਗ ਹੋ ਗਏ ਨੇ। ਹੁਣ ਮੰਨ ਲਓ, ਉਹ ਮਰ ਈ ਗਈ ਹੋਵੇ ਤਾਂ ਉਸਦੀ ਯਾਦ ਨੂੰ ਉੱਤੇ ਲਵਾਂ ਜਾਂ ਹੇਠ ਵਿਛਾਵਾਂ? ਮਰੀ ਕੁੜੀ ਵਿਚ ਮੈਨੂੰ ਕੀ ਦਿਲਚਸਪੀ ਹੋਵੇਗੀ? ਆਪਣਾ ਇਸ ਤਰ੍ਹਾ ਸੋਚਣਾ, ਮੈਨੂੰ ਬਹੁਤਾ ਅਸੁਭਾਵਿਕ ਵੀ ਨਹੀਂ ਸੀ ਲੱਗਦਾ। ਆਖ਼ਰ ਮੈਂ ਆਪਣੇ ਬਾਰੇ ਵੀ ਤਾਂ ਸੋਚਦਾ ਈ ਸੀ ਕਿ ਮਰਦਿਆਂ ਈ ਲੋਕ ਮੈਨੂੰ ਭੁੱਲ-ਭੱਲ ਜਾਣਗੇ। ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਇਸ ਗੱਲ ਨੂੰ ਹਜ਼ਮ ਕਰ ਸਕਣਾ ਮੁਸ਼ਕਿਲ ਹੋ ਜਾਵੇਗਾ। ਦੁਨੀਆਂ ਵਿਚ ਅਜਿਹੀ ਕਿਹੜੀ ਚੀਜ਼ ਏ, ਜਿਸਦਾ ਆਦਮੀ ਕਦੀ ਨਾ ਕਦੀ ਆਦੀ ਨਹੀਂ ਹੋ ਜਾਂਦਾ?
ਇੱਥੋਂ ਤੀਕ ਪਹੁੰਚਿਆ ਸੀ ਕਿ ਪਾਦਰੀ ਨੇ ਬਿਨਾਂ ਕੋਈ ਖੜਾਕ, ਆਹਟ ਜਾਂ ਆਵਾਜ਼ ਕੀਤੇ ਅੰਦਰ ਪ੍ਰਵੇਸ਼ ਕੀਤਾ। ਦੇਖ ਕੇ ਮੈਂ ਤ੍ਰਬਕ ਗਿਆ। ਮੈਨੂੰ ਇੰਜ ਤ੍ਰਬਕ ਕੇ ਉਠਦਿਆਂ ਦੇਖ ਕੇ ਈ ਉਹ ਯਕਦਮ ਬੋਲਿਆ, “ਘਬਰਾਓ ਨਾ, ਮੈਂ ਆਇਆ ਆਂ।” ਮੈਂ ਦੱਸਿਆ ਕਿ ਉਸਦੇ ਆਉਣ ਦਾ ਸਮਾਂ ਸਵੇਰੇ ਹੋਰ ਹੁੰਦਾ ਏ ਤੇ ਉਹ ਮੌਕਾ ਕਾਫੀ ਖ਼ਤਰਨਾਕ ਮੰਨਿਆਂ ਜਾਂਦਾ ਏ। ਪਾਦਰੀ ਇਸ 'ਤੇ ਬੋਲਿਆ ਕਿ ਉਹ ਤਾਂ ਉਂਜ ਈ ਦੋਸਤਾਨਾ ਤੌਰ 'ਤੇ ਆ ਗਿਆ ਏ। ਉਸਦੇ ਆਉਣ ਤੇ ਅਪੀਲ ਖਾਰਜ ਹੋਣ ਵਾਲੀ ਗੱਲ ਦਾ ਆਪੋ ਵਿਚ ਕੋਈ ਸੰਬੰਧ ਨਹੀਂ...ਤੇ ਉਹ ਤਾਂ ਮੇਰੀ ਅਪੀਲ ਬਾਰੇ ਕੁਝ ਜਾਣਦਾ ਵੀ ਨਹੀਂ। ਏਨਾਂ ਦੱਸ ਕੇ ਉਹ ਮੇਰੇ ਸੌਣ ਵਾਲੇ ਤਖ਼ਤ ਉੱਤੇ ਈ ਬੈਠ ਗਿਆ ਤੇ ਮੈਨੂੰ ਵੀ ਆਪਣੇ ਕੋਲ ਈ ਬੈਠ ਜਾਣ ਲਈ ਕਿਹਾ। ਮੈਨੂੰ ਆਦਮੀ ਸ਼ਕਲ ਤੋਂ ਕਾਫੀ ਨਰਮ ਦੇ ਖ਼ੁਸ਼ਮਿਜਾਜ਼ ਲੱਗਾ। ਹਾਲਾਂਕਿ ਮਨ ਵਿਚ ਉਸਦੇ ਖ਼ਿਲਾਫ਼ ਕੁਝ ਵੀ ਨਹੀਂ ਸੀ, ਫੇਰ ਵੀ ਮੈਂ ਮਨ੍ਹਾਂ ਕਰ ਦਿੱਤਾ।
ਪਹਿਲਾਂ ਤਾਂ ਉਹ ਗੋਡਿਆਂ 'ਤੇ ਕੁਹਣੀਆਂ ਰੱਖੀ, ਹੱਥਾਂ ਨੂੰ ਇਕਟੱਕ ਦੇਖਦਾ ਬੁੱਤ ਵਾਂਗ ਬੈਠਾ ਰਿਹਾ। ਹੱਥ ਬੜੇ ਪਤਲੇ ਪਤਲੇ ਤੇ ਸੁਤੇ-ਸੁਤੇ ਜਿਹੇ ਸਨ, ਪਰ ਕਾਫੀ ਮਜ਼ਬੂਤ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਦੋ ਛੋਟੇ-ਛੋਟੇ ਫੁਰਤੀਲੇ ਜਾਨਵਰਾਂ ਦਾ ਖ਼ਿਆਲ ਆਇਆ। ਫੇਰ ਉਹ ਆਪਸ ਵਿਚ ਦੋਵੇਂ ਹੱਥੇਲੀਆਂ ਰਗੜਨ ਲੱਗਾ। ਪਰ ਜਿਵੇਂ ਦਾ ਤਿਵੇਂ ਬੈਠਾ ਰਿਹਾ, ਇੱਥੋਂ ਤੀਕ ਕਿ ਕੁਝ ਚਿਰ ਲਈ ਮੈਂ ਭੁੱਲ ਈ ਗਿਆ ਕਿ ਉਹ ਉੱਥੇ ਬੈਠਾ ਏ।
ਅਖ਼ੀਰ ਝਟਕੇ ਨਾਲ ਸਿਰ ਚੁੱਕ ਕੇ ਉਸਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ। ਪੁੱਛਿਆ, “ਮੈਨੂੰ ਮਿਲਣ ਕਿਉਂ ਨਈਂ ਆਉਣ ਦੇਣਾ ਚਾਹੁੰਦੇ ਸੌਂ?”
ਮੈਂ ਦੱਸ ਦਿੱਤਾ ਕਿ ਮੈਂ ਈਸ਼ਵਰ ਨੂੰ ਨਹੀਂ ਮੰਨਦਾ।
“ਸੱਚਮੁੱਚ, ਤੁਹਾਨੂੰ ਪੱਕਾ ਵਿਸ਼ਵਾਸ ਏ?”
ਮੈਂ ਬੋਲਿਆ, “ਇਸ ਬਾਰੇ ਸਿਰ ਖਪਾਉਣ ਦਾ ਮੈਨੂੰ ਕੋਈ ਸਾਰ ਨਜ਼ਰ ਨਈਂ ਆਉਂਦਾ। ਇਸ ਲਈ ਈਸ਼ਵਰ ਨੂੰ ਮੰਨਾਂ ਜਾਂ ਨਾ ਮੰਨਾਂ, ਇਹ ਸਵਾਲ ਮੇਰੇ ਲਈ ਬੇਕਾਰ ਏ।”
ਇਸ ਪਿੱਛੋਂ ਦੋਵੇਂ ਹੱਥ ਪੱਟਾਂ ਉੱਤੇ ਰੱਖਦੇ ਹੋਏ ਉਸਨੇ ਪਿੱਛੇ ਕੰਧ ਨਾਲ ਢੋਅ ਲਾ ਲਿਆ। ਫੇਰ ਇਸ ਤਰ੍ਹਾਂ ਬੋਲਿਆ ਜਿਵੇਂ ਮੈਨੂੰ ਨਾ ਕਹਿ ਕੇ ਕਿਸੇ ਹੋਰ ਨੂੰ ਕਹਿ ਰਿਹਾ ਹੋਵੇ ਕਿ ਇਕ ਗੱਲ ਉਸਨੇ ਅਕਸਰ ਈ ਦੇਖੀ ਏ। ਅਸਲੀਅਤ ਵਿਚ ਜਦੋਂ ਕਿਸੇ ਆਦਮੀ ਦਾ ਕਿਸੇ ਗੱਲ 'ਚ ਵਿਸ਼ਵਾਸ ਨਹੀਂ ਹੁੰਦਾ, ਉਦੋਂ ਵੀ ਉਸਨੂੰ ਇੰਜ ਲੱਗਦਾ ਏ ਜਿਵੇਂ ਉਸ 'ਚ ਉਸਦਾ ਪੱਕਾ ਵਿਸ਼ਵਾਸ ਏ। ਉਸਦੀ ਇਸ ਗੱਲ 'ਤੇ ਵੀ ਜਦੋਂ ਮੈਂ ਕੁਝ ਨਾ ਬੋਲਿਆ ਤਾਂ ਉਸਨੇ ਮੇਰੇ ਵੱਲ ਦੇਖ ਕੇ ਪੁੱਛਿਆ, “ਤੁਸੀਂ ਇਹ ਨਈਂ ਮੰਨਦੇ?”
ਮੈਂ ਕਿਹਾ ਕਿ ਹੋ ਸਕਦਾ ਏ ਇੰਜ ਹੁੰਦਾ ਹੋਵੇ, ਪਰ ਮੈਂ ਤਾਂ ਆਪਣੀ ਬਾਰੇ ਜਾਣਦਾ ਹਾਂ। ਹੋ ਸਕਦਾ ਏ ਮੈਂ ਇਹ ਗੱਲ ਨਾ ਜਾਣਦਾ ਹੋਵਾਂ ਕਿ ਮੇਰੀ ਦਿਲਚਸਪੀ ਕਿਸ ਚੀਜ਼ ਵਿਚ ਏ, ਪਰ ਇਹ ਮੈਂ ਜ਼ਰੂਰ ਜਾਣਦਾ ਹਾਂ ਕਿ ਕਿਸ ਚੀਜ਼ ਵਿੱਚ ਮੇਰੀ ਕਤਈ ਦਿਲਚਸਪੀ ਨਹੀਂ।
ਉਸਨੇ ਨਜ਼ਰਾਂ ਦੂਜੇ ਪਾਸੇ ਫੇਰ ਲਈਆਂ, ਪਰ ਬਿਨਾਂ ਆਸਨ ਬਦਲੇ ਪੁੱਛਿਆ ਕਿ ਕੀ ਮੇਰੇ ਇੰਜ ਕਹਿਣ ਪਿੱਛੇ ਬੇਹੱਦ ਨਿਰਾਸ਼ਾ ਤੇ ਬੇਬਸੀ ਮਹਿਸੂਸ ਕਰਨ ਦੀ ਭਾਵਨਾ ਤਾਂ ਨਹੀਂ ਏਂ? ਮੈਂ ਉਸਨੂੰ ਸਮਝਾਇਆ ਕਿ ਬੇਬਸੀ ਤੇ ਨਿਰਾਸ਼ਾ ਤਾਂ ਮੈਂ ਕਤਈ ਮਹਿਸੂਸ ਨਹੀਂ ਕਰਦਾ, ਹਾਂ ਡਰ ਜ਼ਰੂਰ ਲੱਗਦਾ ਏ, ਸੋ ਇਹ ਬੜਾ ਸੁਭਾਵਿਕ ਏ।
“ਤਦ ਤਾਂ ਉਸ ਹਾਲਤ ਵਿਚ,” ਉਸਨੇ ਦ੍ਰਿੜ੍ਹ ਆਵਾਜ਼ ਵਿਚ ਕਿਹਾ, “ਸਿਰਫ਼ ਈਸ਼ਵਰ ਈ ਤੁਹਾਨੂੰ ਬਚਾਅ ਸਕਦਾ ਏ। ਤੁਹਾਡੀ ਅਵਸਥਾ ਵਾਲੇ ਜਿੰਨੇ ਲੋਕ ਮੈਂ ਦੇਖੇ ਨੇ, ਉਹ ਸਭ ਦੁੱਖ ਸਮੇਂ ਈਸ਼ਵਰ ਦੀ ਸ਼ਰਣ ਵਿਚ ਈ ਆਏ ਨੇ।”
ਮੈਂ ਜਵਾਬ ਦਿੱਤਾ, “ਉਹਨਾਂ ਨੂੰ ਮਨ ਆਈ ਕਰਨ ਦੀ ਛੂਟ ਏ। ਖ਼ੈਰ ਜੀ, ਮੈਂ ਕਿਸੇ ਤੋਂ ਬਲ਼-ਛਲ਼ ਨਈਂ ਲੈਣਾ। ਤੇ ਜਿਸ ਚੀਜ਼ ਵਿਚ ਮੇਰੀ ਦਿਲਚਸਪੀ ਈ ਨਈਂ...ਉਸ ਵਿਚ ਦਿਲਚਸਪੀ ਲੈਣ ਲਈ ਮੇਰੇ ਕੋਲ ਫੁਰਸਤ ਵੀ ਨਈਂ।”
ਹਿਰਖ ਵੱਸ ਉਸਨੇ ਦੋਵੇਂ ਹੱਥ ਛੰਡੇ ਤੇ ਸਿੱਧਾ ਬੈਠ ਕੇ ਆਪਣੇ ਲਿਬਾਦੇ ਦੀਆਂ ਸਿਲਵਟਾਂ ਠੀਕ ਕਰਨ ਲੱਗਾ। ਜਦੋਂ ਠੀਕ ਕਰ ਚੁੱਕਿਆ ਤਾਂ ਮੈਨੂੰ 'ਦੋਸਤ-ਦੋਸਤ' ਕਹਿ ਕੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ। ਦੱਸਣ ਲੱਗਾ ਕਿ ਕਿਤੇ ਮੈਂ ਇਹ ਨਾ ਸਮਝਣ ਲੱਗਾਂ ਕਿ ਮੈਨੂੰ ਸਜ਼ਾਏ ਮੌਤ ਮਿਲੀ ਏ, ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਏ। ਨਹੀਂ, ਬਲਕਿ ਉਸਦਾ ਤਾਂ ਇਹ ਯਕੀਨ ਏ ਕਿ ਧਰਤੀ 'ਤੇ ਰਹਿਣ ਵਾਲੇ ਹਰ ਸਖ਼ਸ਼ ਨੂੰ ਸਜ਼ਾਏ-ਮੌਤ ਮਿਲੀ ਹੋਈ ਏ।
ਇੱਥੇ ਮੈਂ ਉਸਨੂੰ ਟੋਕ ਦਿੱਤਾ, 'ਇਕ ਤਾਂ ਮੇਰੀ ਤੇ 'ਹਰ ਸਖ਼ਸ਼' ਦੀ ਗੱਲ ਇਕੋ ਨਈਂ, ਦੂਜਾ, ਜੇ ਹਰ ਸਖ਼ਸ਼ ਨੂੰ ਸਜ਼ਾਏ-ਮੌਤ ਮਿਲੀ ਹੋਈ ਏ ਤਾਂ ਉਸਦਾ ਮੈਨੂੰ ਕੀ ਭਾਅ?'
ਉਸਨੇ ਸਿਰ ਹਿਲਾ ਕੇ ਮੇਰੀ ਗੱਲ ਮੰਨੀ ਤੇ ਕਿਹਾ, “ਅੱਛਾ, ਹੋ ਸਕਦਾ ਏ, ਤੁਹਾਨੂੰ ਇਸਦਾ ਕੋਈ ਭਾਅ ਨਾ ਹੋਵੇ, ਮੰਨ ਲਓ ਤਸੀਂ ਅੱਜ ਨਾ ਮਰੋਂ ਤਾਂ ਕਿਸੇ ਨਾ ਕਿਸੇ ਦਿਨ ਤਾਂ ਮਰੋਂਗੇ ਈ। ਇਹ ਸਵਾਲ ਉਦੋਂ ਵੀ ਉੱਠੇਗਾ। ਉਸ ਵੇਲੇ ਤੁਸੀਂ ਉਸ ਭਿਆਨਕ ਛਿਣ ਦਾ ਸਾਹਮਣਾ ਕਿੰਜ ਕਰੋਗੇ?”
ਮੈਂ ਬੋਲਿਆ ਕਿ ਜਿਵੇਂ ਇਸ ਸਮੇਂ ਕਰ ਰਿਹਾ ਹਾਂ, ਐਨ ਇਵੇਂ ਈ ਉਸ ਸਮੇਂ ਕਰਾਂਗਾ।
ਇਸ 'ਤੇ ਉਹ ਉੱਠ ਕੇ ਖੜ੍ਹਾ ਹੋ ਗਿਆ ਤੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਲੱਗਾ। ਇਸ ਚਾਲਾਕੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਖ਼ੁਦ ਸੇਲੇਸਤੇ ਤੇ ਇਮਾਨੁਅਲ 'ਤੇ ਇਸਦਾ ਪ੍ਰਯੋਗ ਕਰਕੇ ਇਸਦਾ ਮਜ਼ਾ ਲੈਂਦਾ ਹੁੰਦਾ ਸੀ। ਦਸ ਵਿਚੋਂ ਨੌਂ ਵਾਰੀ ਲੋਕ ਝਿਜਕ ਕੇ ਨਜ਼ਰਾਂ ਚੁਰਾਉਣ ਲੱਗ ਪੈਂਦੇ ਨੇ। ਮੈਂ ਤਾੜ ਗਿਆ ਕਿ ਪਾਦਰੀ ਇਸ ਖੋਜ ਵਿਚ ਮਾਹਰ ਏ, ਉਸਦੀਆਂ ਨਿਗਾਹਾਂ ਵਿਚ ਕਿਤੇ ਕਮੀ ਨਹੀਂ। ਉਸਨੇ ਦ੍ਰਿੜ੍ਹ ਤੇ ਸਪਾਟ ਆਵਾਜ਼ ਵਿਚ ਪੁੱਛਿਆ, “ਤੁਹਾਨੂੰ ਕਿਧਰੇ ਆਸ ਦੀ ਕਿਰਨ ਨਈਂ ਦਿਖਾਈ ਦਿੰਦੀ? ਸੱਚਮੁੱਚ ਤੁਹਾਡਾ ਇਹੀ ਵਿਚਾਰ ਏ ਕਿ ਮਰਨ ਪਿੱਛੋਂ ਆਦਮੀ ਬਸ ਮਰ ਜਾਂਦਾ ਏ—ਬਾਅਦ ਵਿਚ ਕੁਛ ਨਈਂ ਰਹਿੰਦਾ?”
ਮੈਂ ਬੋਲਿਆ , “ਹਾਂ।”
ਉਸਨੇ ਅੱਖਾਂ ਝੁਕਾ ਲਈਆਂ ਤੇ ਫੇਰ ਬੈਠ ਗਿਆ। ਕਹਿਣ ਲੱਗਾ, “ਸੱਚਮੁੱਚ ਮੈਨੂੰ ਤੁਹਾਡੇ 'ਤੇ ਬੜਾ ਤਰਸ ਆਉਂਦਾ ਏ। ਜਿਵੇਂ ਤੁਸੀਂ ਸੋਚਦੇ ਓ, ਉਸ ਤਰ੍ਹਾਂ ਸੋਚ ਕੇ ਤਾਂ ਆਦਮੀ ਦਾ ਜਿਊਣਾ ਮੁਹਾਲ ਏ।”
ਹੁਣ ਮੈਨੂੰ ਪਾਦਰੀ ਦੀਆਂ ਗੱਲਾਂ ਤੋਂ ਅਕੇਵਾਂ ਹੋਣ ਲੱਗਾ ਸੀ। ਛੋਟੇ-ਜਿਹੇ ਝਰੋਖੇ ਦੇ ਹੇਠ ਮੋਢਾ ਟਿਕਾਈ ਮੈਂ ਦੂਜੇ ਪਾਸੇ ਦੇਖਦਾ ਰਿਹਾ—ਸੁਣਿਆਂ ਈ ਨਹੀਂ ਕਿ ਉਹ ਕੀ-ਕੀ ਕਹੀ ਜਾ ਰਿਹਾ ਏ। ਉਦੋਂ ਈ ਲੱਗਿਆ ਕਿ ਉਹ ਮੈਨੂੰ ਫੇਰ ਕੁਝ ਪੁੱਛ ਰਿਹਾ ਏ। ਇਸ ਵਾਰੀ ਉਸਦੀ ਆਵਾਜ਼ ਬੜੀ ਕਮਜ਼ੋਰ ਤੇ ਕੰਬਦੀ-ਜਿਹੀ ਸੀ। ਲੱਗਿਆ, ਉਹ ਸੱਚਮੁੱਚ ਦੁੱਖੀ ਹੋ ਗਿਆ ਏ। ਮੈਂ ਕੁਝ ਵਧੇਰੇ ਧਿਆਨ ਨਾਲ ਉਸਦੀਆਂ ਗੱਲਾਂ ਸੁਣਨ ਲੱਗਾ।
ਉਹ ਕਹਿ ਰਿਹਾ ਸੀ ਕਿ ਉਸਨੂੰ ਪੱਕਾ ਵਿਸ਼ਵਾਸ ਏ ਕਿ ਮੇਰੀ ਅਪੀਲ ਮੰਨ ਲਈ ਜਾਵੇਗੀ, ਪਰ ਅਪਰਾਧ ਦਾ ਜਿਹੜਾ ਬੋਝ ਮੇਰੀ ਛਾਤੀ 'ਤੇ ਲੱਦ ਦਿੱਤਾ ਗਿਆ ਏ, ਉਸ ਤੋਂ ਤਾਂ ਮੁਕਤ ਹੋਣਾ ਈ ਪਵੇਗਾ। ਉਸਦੇ ਵਿਚਾਰ ਵਿਚ ਆਦਮੀ ਦਾ ਨਿਆਂ ਕੋਈ ਨਿਆਂ ਨਹੀਂ ਏਂ, ਅਸਲੀ ਨਿਆਂ ਤਾਂ ਈਸ਼ਵਰ ਈ ਕਰਦਾ ਏ। ਉਸੇ ਦਾ ਮਹੱਤਵ ਏ। ਮੈਂ ਦੱਸਿਆ ਕਿ ਸਜ਼ਾਏ-ਮੌਤ ਤਾਂ ਮੈਨੂੰ ਆਦਮੀ ਨੇ ਈ ਦਿੱਤੀ ਏ। “ਹਾਂ, ਮੈਂ ਮੰਨਿਆਂ, ਤੁਸੀਂ ਠੀਕ ਕਹਿ ਰਹੇ ਓਂ। ਪਰ ਕੀ ਇਸ ਨਾਲ ਤੁਹਾਡੇ ਪਾਪ ਦਾ ਨਿਬਟਾਰਾ ਹੋ ਜਾਵੇਗਾ?” ਉਦੋਂ ਮੈਂ ਦੱਸਿਆ ਕਿ ਮੈਨੂੰ ਤਾਂ ਕਿਸੇ 'ਪਾਪ' ਦਾ ਪਤਾ ਈ ਨਹੀਂ। ਹਾਂ, ਮੈਂ ਤਾਂ ਏਨਾ ਜਾਣਦਾ ਹਾਂ ਕਿ ਮੈਨੂੰ ਫ਼ੌਜਦਾਰੀ ਦੇ ਮਾਮਲੇ 'ਚ ਮੁਜਰਿਮ ਕਰਾਰ ਦਿੱਤਾ ਗਿਆ। ਸੋ ਸਜ਼ਾ ਵੀ ਉਸ ਅਪਰਾਧ ਦੀ ਭੁਗਤ ਰਿਹਾ ਹਾਂ। ਬਸ, ਇਸ ਨਾਲੋਂ ਵੱਧ ਉਮੀਦ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ।
ਉਹ ਯਕਦਮ ਉਠ ਕੇ ਖੜ੍ਹਾ ਹੋ ਗਿਆ। ਹੁਣ ਮੈਂ ਦੇਖਿਆ ਕਿ ਇਸ ਕੋਠੜੀ ਵਿਚ ਹਿਲਣ-ਜੁਲਣ ਲਾਇਕ ਏਨੀ ਈ ਜਗ੍ਹਾ ਏ ਕਿ ਆਦਮੀ ਬਸ ਜਾਂ ਤਾਂ ਬੈਠ ਜਾਵੇ ਜਾਂ ਖੜ੍ਹਾ ਰਹੇ। ਉਹ ਮੇਰੇ ਵੱਲ ਜ਼ਰਾ ਜਿੰਨਾ ਵਧਿਆ ਤੇ ਇਸ ਤਰ੍ਹਾਂ ਰੁਕ ਗਿਆ ਜਿਵੇਂ ਕੋਲ ਆਉਣ ਦੀ ਹਿੰਮਤ ਨਾ ਹੋ ਰਹੀ ਹੋਵੇ। ਮੈਂ ਹੇਠਾਂ ਫਰਸ਼ ਉੱਤੇ ਨਿਗਾਹਾਂ ਟਿਕਾਈਆਂ ਹੋਈਆਂ ਸਨ। ਉਹ ਸਲਾਖ਼ਾਂ ਦੇ ਪਾਰ ਆਸਮਾਨ ਵੱਲ ਦੇਖਣ ਲੱਗਾ।
ਫੇਰ ਬੜੀ ਈ ਗੰਭੀਰ ਆਵਾਜ਼ ਵਿਚ ਬੋਲਿਆ, “ਨਈਂ ਬੇਟਾ, ਇਹ ਤੁਹਾਡੀ ਭੁੱਲ ਏ। ਤੁਹਾਥੋਂ ਇਕ ਉਮੀਦ ਹੋਰ ਵੀ ਕੀਤੀ ਜਾ ਸਕਦੀ ਏ। ਤੇ ਸ਼ਾਇਦ, ਜ਼ਰੂਰ ਈ ਕੀਤੀ ਜਾਵੇਗੀ।”
“ਕੀ ਮਤਲਬ?”
“ਤੁਹਾਥੋਂ ਕਿਸੇ ਦੇ ਦਰਸ਼ਨ ਕਰਨ ਦੀ ਉਮੀਦ ਕੀਤੀ ਜਾ ਸਕਦੀ ਏ...।”
“ਕਿਸ ਦੇ ਦਰਸ਼ਨ ਕਰਨ ਦੀ ਉਮੀਦ?”
ਇਸ 'ਤੇ ਪਾਦਰੀ ਨੇ ਹੌਲੀ-ਹੌਲੀ ਮੇਰੀ ਕੋਠੜੀ ਵਿਚ ਚਾਰੇ-ਪਾਸੇ ਨਿਗਾਹ ਘੁਮਾਈ। ਇਸ ਵਾਰੀ ਜਦੋਂ ਉਹ ਬੋਲਿਆ ਤਾਂ ਉਸ ਦੀ ਆਵਾਜ਼ ਦੀ ਕੰਬਣੀ ਤੋਂ ਮੈਂ ਤ੍ਰਬਕਿਆ। ਉਹ ਕਹਿ ਰਿਹਾ ਸੀ—
“ਇਹ ਪੱਥਰਾਂ ਦੀਆਂ ਕੰਧਾਂ...ਮੈਂ ਇਹਨਾਂ ਦੇ ਕਣ-ਕਣ ਨੂੰ ਜਾਣਦਾ ਆਂ। ਇਹ ਪੱਥਰਾਂ ਦੀਆਂ ਕੰਧਾਂ...ਆਦਮੀ ਦੇ ਹਊਕੇ-ਸਿਸਕੀਆਂ ਦੇ ਪੀੜ-ਪਰੁੱਚੇ ਅਹਿਸਾਸ ਉੱਤੇ ਚਿਣੀਆਂ ਗਈਆਂ ਨੇ। ਜਦੋਂ-ਜਦੋਂ ਇਹਨਾਂ ਨੂੰ ਦੇਖਦਾਂ, ਮੇਰਾ ਤਨ-ਮਨ ਆਪਣੇ-ਆਪ ਕੰਬ ਕੇ ਰੋਮਾਂਚਿਤ ਹੋ ਉਠਦਾ ਏ, ਝਣਝਣਾ ਜਾਂਦਾ ਏ। ਪਰ ਵਿਸ਼ਵਾਸ ਕਰਨਾ, ਮੈਂ ਤੈਨੂੰ ਆਪਣੀ ਅੰਤਰ-ਆਤਮਾ ਦੀ ਗੱਲ ਦੱਸ ਰਿਹਾ ਹਾਂ। ਇਹ ਵੀ ਮੈਥੋਂ ਨਈ ਲੁਕਿਆ ਹੋਇਆ ਕਿ ਇਹਨਾਂ ਕੰਧਾਂ ਦੀ ਮਟਮੈਲੀ ਸਤਹਿ ਉੱਤੇ ਤੇਰੇ ਵਰਗੇ ਅਨੇਕਾਂ ਦੁਖਿਆਰੇ ਤੇ ਪਾਤਕੀ ਪ੍ਰਾਣੀਆਂ ਨੇ ਅਕਸਰ ਈ ਉਸ ਅਲੌਕਿਕ ਮੁਖ-ਮੰਡਲ ਨੂੰ ਉਭਰਦੇ ਤੇ ਰੂਪ ਗ੍ਰਹਿਣ ਕਰਦੇ ਦੇਖਿਆ ਏ। ਮੈਂ ਉਸੇ ਮੁਖ-ਮੰਡਲ ਦੀ ਗੱਲ ਕਰ ਰਿਹਾਂ...ਤੂੰ ਉਸੇ ਦੇ ਦਰਸ਼ਨ ਕਰੇਂਗਾ...।”
ਪਹਿਲਾਂ ਤਾਂ ਉਸਦੀ ਇਸ ਗੱਲ ਨਾਲ ਮੇਰਾ ਆਸਨ ਡੋਲਣ ਲੱਗਾ। ਪਰ ਫੇਰ ਮੈਂ ਉਸਨੂੰ ਦੱਸਿਆ ਕਿ ਮੈਂ ਮਹੀਨਿਆਂ ਦਾ ਇਹਨਾਂ ਕੰਧਾਂ ਨੂੰ ਘੂਰ ਰਿਹਾ ਹਾਂ ਤੇ ਜਿੰਨੀ ਚੰਗੀ ਤਰ੍ਹਾਂ ਇਹਨਾਂ ਦਾ ਸਿਆਣੂ ਹੋ ਗਿਆ ਹਾਂ, ਓਨਾਂ ਸ਼ਾਇਦ ਦੁਨੀਆਂ ਵਿਚ ਕਿਸੇ ਦਾ ਜਾਂ ਇਸ ਵਿਚਲੀ ਕਿਸੇ ਵੀ ਚੀਜ਼ ਦਾ ਸਿਆਣੂ ਨਹੀਂ ਹਾਂ। ਹਾਂ, ਇਕ ਚਿਹਰੇ ਨੂੰ ਸ਼ਾਇਦ ਕਦੀ ਜ਼ਰੂਰ ਇਹਨਾਂ ਕੰਧਾਂ ਵਿਚ ਲੱਭਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ, ਪਰ ਉਹ ਚਿਹਰਾ ਤਾਂ ਇਛਾਵਾਂ-ਕਾਮਨਾਵਾਂ ਦੇ ਵੇਗ ਨਾਲ ਪੈਦਾ ਹੋਈ ਸੁਨਿਹਰੀ ਧੁੱਪ ਵਰਗਾ—ਮੇਰੀ ਦਾ ਚਿਹਰਾ ਸੀ। ਕਿਸਮਤ ਵਿਚ ਨਹੀਂ ਸੀ, ਸੋ ਨਹੀਂ ਦੇਖ ਸਕਿਆ। ਹੁਣ ਕੋਸ਼ਿਸ਼ ਵੀ ਛੱਡ ਦਿੱਤੀ। ਵਾਕੱਈ, ਇਹਨਾਂ ਉੱਤੇ ਮੈਂ ਕਦੀ ਕਿਸੇ ਚੀਜ਼ ਨੂੰ ਉਭਰਦੇ ਜਾਂ ਬਕੌਲ ਉਸਦੇ, 'ਰੂਪ ਗ੍ਰਹਿਣ ਕਰਦੇ' ਨਹੀਂ ਦੇਖਿਆ।
ਪਾਦਰੀ ਬੜੀਆਂ ਡੂੰਘੀਆਂ ਨਜ਼ਰਾਂ ਨਾਲ ਮੇਰੇ ਵੱਲ ਇਕਟੱਕ ਦੇਖਦਾ ਰਿਹਾ। ਮੈਂ ਕੰਧ ਨਾਲ ਢੋਅ ਲਾਈ ਹੋਈ ਸੀ ਤੇ ਰੋਸ਼ਨੀ ਮੱਥੇ 'ਤੇ ਪੈ ਰਹੀ ਸੀ। ਉਹ ਮੂੰਹ ਈ ਮੂੰਹ ਵਿਚ ਪਤਾ ਨਹੀਂ ਕੀ ਬੁੜਬੁੜ ਕਰ ਰਿਹਾ ਸੀ। ਫੇਰ ਅਚਾਨਕ ਉਸਨੇ ਪੁੱਛ ਲਿਆ, “ਤੈਨੂੰ ਚੁੰਮ ਲਵਾਂ ਨਾ?” ਮੈਂ ਜਵਾਬ ਦਿੱਤਾ , “ਜੀ ਨਈਂ...” ਸੁਣ ਕੇ ਉਹ ਘੁੰਮਿਆਂ ਤੇ ਕੰਧ ਕੋਲ ਆ ਗਿਆ। ਫੇਰ ਕੰਧ ਉੱਤੇ ਹੌਲੀ-ਹੌਲੀ ਹੱਥ ਫੇਰਦਾ ਹੋਇਆ ਪੁੱਛਣ ਲੱਗਾ, “ਸੱਚਮੁੱਚ, ਇਹਨਾਂ ਭੌਤਿਕ ਪਦਾਰਥਾਂ ਨਾਲ ਤੈਨੂੰ ਏਨਾ ਮੋਹ ਏ?”
ਮੈਂ ਕੋਈ ਜਵਾਬ ਨਹੀਂ ਦਿੱਤਾ।
ਉਹ ਕਾਫੀ ਦੇਰ ਤੀਕ ਮੇਰੇ ਵੱਲ ਦੇਖਦਾ ਰਿਹਾ। ਮੈਂ ਨਜ਼ਰਾਂ ਬਚਾਉਂਦਾ ਰਿਹਾ। ਉਸਦਾ ਇੱਥੇ ਹੋਣਾ ਹੁਣ ਮੈਨੂੰ ਤਕਲੀਫ਼ ਦੇ ਰਿਹਾ ਸੀ ਤੇ ਬੜਾ ਅਸਹਿ ਹੁੰਦਾ ਜਾ ਰਿਹਾ ਸੀ—ਤੇ ਮੈਂ ਉਸਨੂੰ ਕਹਿਣ ਈ ਲੱਗਾ ਸੀ ਕਿ 'ਤਸੀਂ ਹੁਣ ਤਸ਼ਰੀਫ਼ ਲੈ ਜਾਓ। ਮੈਨੂੰ ਬਖ਼ਸ਼ੋ,' ਕਿ ਅਚਾਨਕ ਉਹ ਝੱਟਕੇ ਨਾਲ ਮੇਰੇ ਵੱਲ ਭੌਂ ਪਿਆ ਤੇ ਤਿੱਖੀ, ਰੋਹੀਲੀ ਆਵਾਜ਼ ਵਿਚ ਬੋਲਿਆ, “ਨਈਂ...ਨਈਂ...ਮੈਨੂੰ ਵਿਸ਼ਵਾਸ ਨਹੀਂ ਆਉਂਦਾ ਪਿਆ। ਮੈਂ ਖ਼ੂਬ ਜਾਣਦਾ ਆਂ ਕਿ ਅਕਸਰ ਤੇਰੇ ਮਨ ਵਿਚ ਪੁਨਰ-ਜਨਮ ਦੀ ਕਾਮਨਾ ਹੋਈ ਏ।”
“ਜ਼ਰੂਰ ਕਾਮਨਾ ਹੋਈ ਏ।” ਮੈਂ ਕਿਹਾ, “ਕਦੀ-ਕਦੀ ਹਰ ਆਦਮੀ ਦੇ ਮਨ ਵਿਚ ਅਜਿਹੀ ਕਾਮਨਾ ਜਾਗਦੀ ਏ। ਪਰ ਇਸ ਤੋਂ ਕੁਝ ਸਿੱਧ ਨਈਂ ਹੁੰਦਾ। ਵੈਸੇ ਆਦਮੀ ਧਨਵਾਨ ਹੋਣ ਦੀ ਕਾਮਨਾ ਕਰਦਾ ਏ, ਸਪੀਡ ਨਾਲ ਤੈਰਨ ਦੀ ਕਾਮਨਾ ਕਰਦਾ ਏ ਜਾਂ ਹੋਰ ਵੀ ਸੁਡੌਲ ਚਿਹਰੇ ਦੀ ਕਾਮਨਾ ਕਰਦਾ ਏ—ਠੀਕ ਉਸੇ ਤਰ੍ਹਾਂ ਦੀ ਕਾਮਨਾ ਇਹ ਵੀ ਏ।” ਮੈਂ ਇਸੇ ਰੌਅ ਵਿਚ ਕੁਝ ਹੋਰ ਬੋਲਦਾ ਕਿ ਉਸਨੇ ਵਿਚਕਾਰ ਈ ਸਵਾਲ ਕੀਤਾ ਕਿ ਮਰਨ ਪਿੱਛੋਂ ਮੈਂ ਕਿਸ ਤਰ੍ਹਾਂ ਦੇ ਜੀਵਨ ਦੀ ਕਾਮਨਾ ਕਰਦਾ ਹਾਂ?
ਮੈਂ ਇਕ ਤਰ੍ਹਾਂ ਨਾਲ ਦਹਾੜ ਕੇ ਈ ਕਿਹਾ, “ਅਜਿਹੇ ਜੀਵਨ ਦੀ, ਜਿੱਥੇ ਇਸ ਧਰਤੀ ਦੇ ਜੀਵਨ ਦੀ ਯਾਦ ਸਲਾਮਤ ਰਹੇ। ਬਸ, ਮੈਨੂੰ ਹੋਰ ਕੁਝ ਨਈਂ ਚਾਹੀਦਾ।” ਤੇ ਇਸ ਗੱਲ ਦੇ ਨਾਲ ਇਕੋ ਸਾਹ ਵਿਚ ਮੈਂ ਇਹ ਵੀ ਕਹਿ ਦਿੱਤਾ, “ਬਸ, ਹੁਣ ਤੁਹਾਡੇ ਸਤਸੰਗ ਨਾਲ ਮੇਰਾ ਢਿੱਡ ਭਰ ਗਿਆ।”
ਪਰ ਲੱਗਿਆ ਕਿ ਉਸਨੇ ਤਾਂ 'ਈਸ਼ਵਰ' ਦੇ ਵਿਸ਼ੇ ਉੱਤੇ ਕੁਝ ਹੋਰ ਪ੍ਰਵਚਨ ਵੀ ਕਰਨੇ ਸਨ। ਮੈਂ ਯਕਦਮ ਉਸਦੇ ਕੋਲ ਜਾ ਪਹੁੰਚਿਆ ਤੇ ਆਖ਼ਰੀ ਵਾਰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਕਿ ਮੇਰੇ ਕੋਲ ਹੁਣ ਸਮਾਂ ਨਹੀਂ ਏ ਤੇ ਜਿਹੜਾ ਥੋੜ੍ਹਾ-ਬਹੁਤ ਸਮਾਂ ਹੈ ਵੀ, ਉਸਨੂੰ ਮੈਂ ਈਸ਼ਵਰ-ਵੀਸ਼ਵਰ ਲਈ ਬਰਬਾਦ ਨਹੀਂ ਕਰਨਾ ਚਾਹੁੰਦਾ।
ਹੁਣ ਉਸਨੇ ਗੱਲ ਬਦਲਨ ਦੀ ਕੋਸ਼ਿਸ਼ ਕੀਤੀ। ਪੁੱਛਿਆ ਕਿ ਇਹ ਦੇਖ ਕੇ ਵੀ ਕਿ ਉਹ ਪਾਦਰੀ ਏ, ਮੈਂ ਉਸਨੂੰ 'ਫਾਦਰ' ਕਹਿ ਕੇ ਕਿਉਂ ਨਹੀਂ ਬੁਲਾਇਆ? ਇਸ 'ਤੇ ਤਾਂ ਮੈਂ ਹੋਰ ਵੀ ਹਿਰਖ ਗਿਆ। ਕਿਹਾ, “ਤੂੰ ਮੇਰਾ 'ਫਾਦਰ' ਕਿੰਜ ਹੋ ਗਿਆ? ਉਲਟਾ ਤੂੰ ਤਾਂ ਦੁਸ਼ਮਣਾਂ ਨਾਲ ਮਿਲਿਆ ਹੋਇਆ ਏਂ।”
ਉਹ ਮੇਰੇ ਮੋਢੇ 'ਤੇ ਹੱਥ ਰੱਖ ਕੇ ਬੋਲਿਆ, “ਨਈਂ-ਨਈਂ ਬੇਟਾ, ਮੈਂ ਤਾਂ ਤੇਰੇ ਪਾਸੇ ਈ ਆਂ। ਤੂੰ ਸਮਝਦਾ ਈ ਨਈਂ ਤਾਂ ਮੈਂ ਕੀ ਕਰਾਂ? ਤੇਰਾ ਦਿਲ ਪਥਰਾਅ ਗਿਆ ਏ। ਖ਼ੈਰ, ਮੈਂ ਤੇਰੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਾਂਗਾ।”
ਤੇ ਉਸਦਾ ਏਨਾ ਕਹਿਣਾ ਸੀ ਕਿ ਯਕਦਮ ਈ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਮੈਨੂੰ ਲੱਗਿਆ, ਮੇਰੇ ਅੰਦਰ ਭਿਅੰਕਰ ਧਮਾਕਾ ਹੋਇਆ ਏ। ਮੈਂ ਚੀਕਣਾ-ਕੂਕਣਾ, ਬਕਨਾ ਸ਼ੁਰੂ ਕਰ ਦਿੱਤਾ। ਉਸ ਉੱਤੇ ਅੰਨ੍ਹੇਵਾਹ ਗਾਲ੍ਹਾਂ ਦੀ ਵਾਛੜ ਕਰ ਦਿੱਤੀ ਤੇ ਕਹਿ ਦਿੱਤਾ ਕਿ ਉਸਨੂੰ ਮੇਰੇ ਲਈ ਕੋਈ ਪ੍ਰਾਰਥਨਾ-ਪ੍ਰਰੂਥਨਾ ਕਰਨ ਦੀ ਕਤਈ ਲੋੜ ਨਹੀਂ। “ਜਿੰਨੀ ਛੇਤੀ ਹੋ ਸਕੇ ਇੱਥੋਂ ਦਫ਼ਾ ਹੋ ਜਾ।” ਝਪਟ ਕੇ ਮੈਂ ਉਸਦੇ ਲਿਬਾਦੇ ਦਾ ਗਲਮਾਂ ਜਾ ਫੜਿਆ ਤੇ ਪਤਾ ਨਹੀਂ ਕਿਸ ਹਿਰਖ ਤੇ ਜਨੂੰਨ ਵੱਸ ਅੰਨ੍ਹਾਂ ਹੋ ਕੇ ਮਨ ਵਿਚ ਭੌਂਦੀਆਂ ਕਹੀਆਂ-ਅਣਕਹੀਆਂ ਸਾਰੀਆਂ ਗੱਲਾਂ ਉਸਨੂੰ ਕਹਿ ਦਿੱਤੀਆਂ ਕਿ ਉਸਨੂੰ ਜੇ ਏਨਾ ਈ ਅਟੱਲ-ਅਡੋਲ ਵਿਸ਼ਵਾਸ ਏ ਤਾਂ ਆਪਣੇ ਕੋਲ ਰੱਖੀ ਰੱਖੇ। ਉਸਦੀਆਂ ਸਾਰੀਆਂ ਮਾਨਤਾਵਾਂ ਦਾ ਮੁੱਲ ਮੇਰੇ ਲਈ ਕਾਣੀ ਕੌਡੀ ਨਾਲੋਂ ਵੱਧ ਨਹੀਂ। ਕਹਿਣ ਨੂੰ ਤਾਂ ਉਹ ਭਲ਼ੇ ਈ ਆਪਣੇ-ਆਪ ਨੂੰ ਜਿਊਂਦਾ ਸਮਝਦਾ ਰਹੇ, ਪਰ ਅਸਲ ਵਿਚ ਮਰੇ ਨਾਲੋਂ ਵੀ ਗਿਆ ਬੀਤਿਆ ਏ। ਉਸਨੂੰ ਖ਼ੁਦ ਆਪਣੇ ਜਿਊਣ 'ਤੇ ਵਿਸ਼ਵਾਸ ਨਹੀਂ ਏ। ਉਪਰੋਂ ਦੇਖਣ ਨਾਲ ਮੇਰੇ ਵਿਚ ਕੁਝ ਵੀ ਨਾ ਬਚਿਆ ਹੋਏ, ਇਹ ਗੱਲ ਹੋਰ ਏ। ਪਰ ਮੈਂ ਆਪਣੇ ਬਾਰੇ ਵਿਚ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਜਿਊਂਦਾ ਹਾਂ...ਘੱਟੋਘੱਟ, ਉਸ ਨਾਲੋਂ ਵਧੇਰੇ ਵਿਸ਼ਵਾਸ ਨਾਲ ਜਾਣਦਾ ਹਾਂ, ਆਪਣੀ ਵਰਤਮਾਨ ਜ਼ਿੰਦਗੀ ਤੇ ਮੌਤ ਦਾ ਪਤਾ ਮੈਨੂੰ ਉਸ ਨਾਲੋਂ ਲੱਖ ਗੁਣਾ ਵੱਧ ਚੰਗੀ ਤਰ੍ਹਾਂ ਏ। ਉਹ ਕੀ ਜਾਣੇ? ਬੇਸ਼ੱਕ ਮੇਰੀ ਪੂੰਜੀ ਏਨੀ ਕੁ ਏ, ਪਰ ਮੇਰੇ ਲਈ ਇਹ ਸੱਚਾਈ ਘੱਟੋਘੱਟ ਏਨੀ ਸਪਸ਼ਟ ਤੇ ਠੋਸ ਤਾਂ ਐ ਕਿ ਮੈਂ ਇਸਨੂੰ ਛੂਹ ਸਕਦਾਂ, ਦੇਖ ਸਕਦਾਂ ਤੇ ਉਸ ਵਿਚ ਉਸੇ ਤਰ੍ਹਾਂ ਦੰਦ ਗੱਡ ਸਕਦਾਂ, ਜਿਵੇਂ ਇਸ ਸੱਚਾਈ ਨੇ ਮੇਰੀ ਚੇਤਨਾ ਵਿਚ ਦੰਦ ਗੱਡੇ ਹੋਏ ਨੇ। ਮੈਂ ਕਦੀ ਗ਼ਲਤੀ ਨਹੀਂ ਕੀਤੀ, ਅੱਜ ਵੀ ਸਹੀ ਹਾਂ ਤੇ ਹਮੇਸ਼ਾ ਸਹੀ ਰਹਾਂਗਾ। ਮੈਂ ਇਕ ਖਾਸ ਢੰਗ ਦੀ ਜ਼ਿੰਦਗੀ ਬਿਤਾਈ ਏ, ਚਾਹੁੰਦਾ ਤਾਂ ਦੂਜੀ ਤਰ੍ਹਾਂ ਵੀ ਬਿਤਾ ਸਕਦਾ ਸੀ। ਮੇਰਾ ਹੱਥ ਕਿਸਨੇ ਫੜ੍ਹਿਆ ਸੀ? ਜਿੱਥੇ ਜੋ ਠੀਕ ਸਮਝਿਆ ਉਹੀ ਕੀਤਾ, ਉਸਦੇ ਇਲਾਵਾ ਕੁਝ ਨਹੀਂ ਕੀਤਾ, ਯਾਨੀ ਹੁਣ ਇਸਦਾ ਮਤਲਬ ਵੀ ਸਾਫ਼ ਕਰਾਂ? ਮਤਲਬ ਇਹ ਹੋਇਆ ਕਿ ਇਸ ਸਾਰੇ ਸਮੇਂ ਵਿਚ ਇਕ-ਇਕ ਦਿਨ ਅੱਜ ਦੇ ਇਸ ਛਿਣ ਦੀ ਉਡੀਕ ਕਰਦਾ ਰਿਹਾਂ। ਉਹ ਕਲ੍ਹ ਹੋਵੇ ਜਾਂ  ਹੋਰ ਕਿਸੇ ਦਿਨ, ਪਰ ਮੈਂ ਹਰ ਤੜਕੇ ਉਸ ਛਿਣ ਦੀ ਉਡੀਕ ਕੀਤੀ ਏ ਜਿਹੜਾ ਮੇਰੀ ਸਾਰੀ ਜ਼ਿੰਦਗੀ ਦੀ ਸਾਰਥਕਤਾ, ਮੇਰੇ ਜੀਵਨ ਦੇ ਰਵੱਈਏ ਦੀ ਸੱਚਾਈ ਸਿੱਧ ਕਰ ਦਵੇਗਾ। ਕਿਸੇ ਹੋਰ ਚੀਜ਼ ਦਾ, ਕਿਸੇ ਹੋਰ ਗੱਲ ਦਾ ਮੇਰੀ ਨਜ਼ਰ ਵਿਚ ਕਦੀ ਭੋਰਾ ਵੀ ਮੁੱਲ ਨਹੀਂ ਰਿਹਾ, ਤੇ ਕਿਉਂ ਨਹੀਂ ਰਿਹਾ, ਇਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਪਾਦਰੀ ਖ਼ੁਦ ਵੀ ਚੰਗੀ ਤਰ੍ਹਾਂ ਜਾਣਦਾ ਏ। ਭਵਿੱਖ ਦੇ ਹਨੇਰੇ-ਦਿਸਹੱਦੇ ਵੱਲੋਂ ਇਕ ਅਜੀਬ ਨਿੰਮ੍ਹੀ-ਨਿੰਮ੍ਹੀ ਹਠੀ ਹਵਾ ਲਗਾਤਾਰ, ਬਿਨਾਂ ਰੁਕੇ, ਮੇਰੇ ਵੱਲ ਵਗਦੀ ਰਹੀ ਏ—ਵਹਿੰਦੀ ਰਹੀ ਏ, ਆਉਣ ਵਾਲੇ ਵਰ੍ਹਿਆਂ ਦੇ ਝੁਰਮੁਟਾਂ 'ਚੋਂ ਛਣ-ਛਣ ਕੇ ਮੇਰੇ ਸਾਰੇ ਜੀਵਨ ਦੇ ਵਿਸਥਾਰ ਉੱਤੇ। ਪਤਾ ਨਹੀਂ ਕਿੰਨੇ-ਕਿੰਨੇ ਖੋਟੇ ਆਦਰਸ਼ਾਂ ਦੇ ਸਿੱਕੇ ਲੋਕਾਂ ਨੇ ਮੈਨੂੰ ਫੜਾਏ, ਮੈਂ ਖ਼ੁਦ ਵੀ ਤਾਂ ਉਹਨੀਂ ਦਿਨੀਂ ਓਹੋ-ਜਿਹੀ ਨਕਲੀ ਤੇ ਝੂਠੀ ਜ਼ਿੰਦਗੀ ਬਿਤਾਈ ਏ, ਪਰ ਸਾਹਮਣੇ ਵੱਲੋਂ ਆਉਣ ਵਾਲੀ ਹਵਾ ਦੇ ਇਸ ਪ੍ਰਵਾਹ ਨੇ, ਝੂਠੇ ਆਦਰਸ਼ਾਂ ਤੇ ਨਕਲੀ ਜ਼ਿੰਦਗੀ ਦਾ ਸਾਰਾ ਕੂੜਾ-ਕਚਰਾ ਬੁਹਾਰ ਦਿੱਤਾ ਏ। ਦੂਜਿਆਂ ਦੀ ਮੌਤ, ਮਾਂ ਦਾ ਪਿਆਰ ਜਾਂ ਪਾਦਰੀ ਦੇ ਈਸ਼ਵਰ ਦੀ ਕਿਰਪਾ ਦੀ ਮੇਰੇ ਲਈ ਕੀ ਗਿਣਤੀ? ਕੋਈ ਕਿਹੋ-ਜਿਹੀ ਵੀ ਜ਼ਿੰਦਗੀ ਚੁਣੇ, ਮੈਨੂੰ ਕੀ? ਇਹ ਸਿਰਫ਼, ਇਕ-ਅਜਿਹਾ ਘੜਿਆ-ਘੜਾਇਆ ਨਜ਼ਾਮ ਏਂ ਜਿਹੜਾ ਇਕ ਮੈਨੂੰ ਈ ਨਹੀਂ, ਪਾਦਰੀ ਵਾਂਗ ਮੇਰਾ ਭਰਾ ਬਣਨ ਵਾਲੇ ਲੱਖਾਂ-ਲੱਖਾਂ 'ਕਿਸਮਤਵਰ' ਲੋਕਾਂ ਨੂੰ 'ਛਾਂਟ' ਲੈਂਦਾ ਏ ਤੇ ਇਸ ਤਰ੍ਹਾਂ ਉਹ ਛਾਂਟੇ ਜਾਣ ਲਈ ਮਜ਼ਬੂਰ ਹੁੰਦੇ ਨੇ। ਪਰ ਦੁਖਾਂਤ ਦੇਖੋ, ਅਸੀਂ ਸਮਝਦੇ ਹਾਂ ਆਪਣੀ ਕਿਸਮਤ ਦੀ ਚੋਣ ਅਸੀਂ ਖ਼ੁਦ ਕਰਦੇ ਹਾਂ, ਜ਼ਿੰਦਗੀ ਜਿਊਣ ਦਾ ਫ਼ੈਸਲਾ ਅਸੀਂ ਕਰ ਰਹੇ ਹਾਂ—ਇਹ ਸਾਰੀਆਂ ਗੱਲਾਂ ਮੇਰੇ ਲਈ ਬਕਵਾਸ ਨੇ। ਹਾਂ-ਹਾਂ, ਉਹ ਖ਼ੁਦ ਈ ਦੇਖ ਲੈਣ ਨਾ! ਹਰ ਜਿਊਂਦਾ ਜਾਗਦਾ ਆਦਮੀ ਇਹਨਾਂ ਅਰਥਾਂ ਵਿਚ ਤਾਂ 'ਕਿਸਮਤ ਵਾਲਾ' ਏ। ਧਰਤੀ 'ਤੇ ਸਿਰਫ਼ ਇਕ ਵਰਗ ਦੇ ਲੋਕ ਰਹਿੰਦੇ ਨੇ, 'ਕਿਸਮਤਵਰ' ਵਰਗ ਦੇ ਲੋਕ...ਤੇ ਇਕ ਦਿਨ ਸਭ ਨੂੰ ਇਕ ਸਿਰੇ ਤੋਂ ਫੜ੍ਹ ਕੇ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ...ਘਬਰਾਉਣ ਵਾਲੀ ਗੱਲ ਨਹੀਂ, ਇਕ ਦਿਨ ਉਸਦਾ ਵੀ ਨੰਬਰ ਆਵੇਗਾ। ਅੱਛਾ, ਜਦੋਂ ਸਾਰਿਆਂ ਦਾ ਇਹੋ ਹਸ਼ਰ ਹੋਣਾ ਏ ਤਾਂ ਇਸ ਨਾਲ ਉਸਨੂੰ ਕੀ ਕਿ ਉਸ ਉੱਤੇ ਮੁਕੱਦਮਾ ਹੱਤਿਆ ਦਾ ਚੱਲੇ ਤੇ ਫਾਂਸੀ ਇਸ ਲਈ ਹੋ ਜਾਵੇ ਕਿ ਇਹ ਮਾਂ ਦੀ ਅੰਤੇਸ਼ਟੀ 'ਤੇ ਰੋਇਆ ਨਹੀਂ? ਸਲਾਮਾਨੋ ਦੀ ਘਰਵਾਰੀ, ਤੇ ਸਲਾਮਾਨੋ ਦੇ ਕੁੱਤੇ ਦਾ ਵੀ ਇਹੋ ਹਸ਼ਰ ਹੋਵੇਗਾ। ਇਸ ਨਜ਼ਰੀਏ ਨਾਲ ਦੇਖੋ ਤਾਂ ਉਹ 'ਚਾਬੀ ਭਰੀ ਕਠਪੁਤਲੀ' ਔਰਤ ਵੀ ਓਨੀਂ ਈ ਅਪਰਾਧੀ ਏ, ਜਿੰਨੀ ਮੈਸਨ ਦੀ ਪੈਰਿਸ ਵਾਲੀ ਪਤਨੀ, ਜਿੰਨੀ ਮੈਨੂੰ ਪਤੀ ਰੂਪ ਵਿਚ ਚਾਹੁਣ ਵਾਲੀ ਮੇਰੀ 'ਅਪਰਾਧੀ' ਏ।...ਸੇਲੇਸਤੇ, ਰੇਮੰਡ ਨਾਲੋਂ ਲੱਖ ਗੁਣਾ ਚੰਗਾ ਆਦਮੀ ਏ ਤਾਂ ਹੋਵੇ, ਮੇਰੇ ਤਾਂ ਦੋਵੇਂ ਈ ਜਿਗਰੀ ਦੋਸਤ ਨੇ। ਮੇਰੀ ਜੇ ਇਸ ਸਮੇਂ ਕਿਸੇ ਨਵੇਂ ਮੁੰਡੇ ਦੇ ਗਲ਼ ਵਿਚ ਬਾਹਾਂ ਪਾ ਕੇ ਉਸਨੂੰ ਚੁੰਮ ਰਹੀ ਹੋਵੇ, ਤਾਂ ਵੀ ਮੈਨੂੰ ਕੀ? ਬਕੌਲ ਉਸ ਪਾਦਰੀ ਦੇ, ਉਸਨੂੰ ਖ਼ੁਦ ਵੀ ਤਾਂ ਸਜ਼ਾਏ-ਮੌਤ ਮਿਲੀ ਹੋਈ ਏ। ਪਰ ਉਸਦੀ ਸਮਝ ਵਿਚ ਕਿਉਂ ਨਹੀਂ ਆਉਂਦਾ ਕਿ ਮੇਰੀ ਭਾਵੀ ਦੀ ਘਾਟੀ ਵਿਚੋਂ ਆਉਣ ਵਾਲੀ ਇਹ ਅੰਨ੍ਹੀ ਹਨੇਰੀ ਕੀ ਏ, ਕੈਸੀ ਏ?...
ਮੈਂ ਐਨੇ ਜ਼ੋਰ-ਜ਼ੋਰ ਦੀ ਚੀਕ ਰਿਹਾ ਸੀ ਕਿ ਮੇਰਾ ਸਾਹ ਉੱਖੜ ਗਿਆ ਸੀ। ਉਦੋਂ ਈ ਵਾਰਡਰ ਲੋਕ ਦੌੜੇ ਆਏ ਤੇ ਪਾਦਰੀ ਨੂੰ ਮੇਰੀ ਗ੍ਰਿਫਤ 'ਚੋਂ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਕ ਨੇ ਮੇਰੇ ਮਾਰਨ ਲਈ ਹੱਥ ਚੁੱਕਿਆ ਈ ਸੀ ਕਿ ਪਾਦਰੀ ਨੇ ਸਭ ਨੂੰ ਸ਼ਾਂਤ ਕਰ ਦਿੱਤਾ ਤੇ ਖ਼ੁਦ ਬਿਨਾਂ ਕੁਝ ਬੋਲੇ ਇਕਟੱਕ ਮੇਰੇ ਵੱਲ ਦੇਖਦਾ ਰਿਹਾ। ਦੇਖਿਆ, ਉਸਦੀਆਂ ਅੱਖਾਂ ਵਿਚ ਅੱਥਰੂ ਨੇ। ਤੇ ਫੇਰ ਉਹ ਪਰਤ ਕੇ ਕੋਠੜੀ 'ਚੋਂ ਬਾਹਰ ਨਿਕਲ ਗਿਆ।
ਉਹ ਚਲਾ ਗਿਆ ਤਾਂ ਮੇਰਾ ਮਨ ਫੇਰ ਸ਼ਾਂਤ ਹੋ ਗਿਆ। ਪਰ ਇਸ ਸਾਰੀ ਉਤੇਜਨਾ ਨੇ ਮੈਨੂੰ ਐਨਾ ਥਕਾ ਦਿੱਤਾ ਸੀ ਕਿ ਮੈਂ ਘੜੰਮ ਕਰਕੇ ਆਪਣੇ ਸੌਣ ਵਾਲੇ ਤਖ਼ਤ 'ਤੇ ਆ ਡਿੱਗਿਆ। ਸ਼ਾਇਦ ਕਾਫੀ ਦੇਰ ਪਿਆ-ਪਿਆ ਸੁੱਤਾ ਰਿਹਾ। ਸੁੱਤਾ ਵੀ ਕਾਫੀ ਦੇਰ ਈ, ਕਿਉਂਕਿ ਜਦੋਂ ਉੱਠਿਆ ਤਾਂ ਐਨ ਸਾਹਮਣੇ ਤਾਰੇ ਚਮਕ ਰਹੇ ਸਨ। ਖੇਤਾਂ-ਖਲਿਆਣਾ 'ਚੋਂ ਆ ਰਹੇ ਧੀਮੇ ਸੁਰ ਤੇ ਰਾਤ ਦੀ ਠੰਢੀ-ਠੰਢੀ, ਖਾਰੀ-ਖਾਰੀ ਸੋਂਹਦੀ ਹਵਾ ਮੇਰੀਆਂ ਪੁੜਪੁੜੀਆ ਪਲੋਸ ਰਹੀ ਸੀ। ਗਰਮੀ ਦੀ ਉਨੀਂਦੀ ਰਾਤ ਦੀ ਅਡੋਲ ਸ਼ਾਂਤੀ ਸਮੁੰਦਰ ਦੇ ਜਵਾਰ ਵਾਂਗ ਮੇਰੇ ਲੂੰ-ਲੂੰ ਵਿਚ ਤੈਰ ਭਰ ਗਈ ਸੀ। ਅਜੇ ਠੀਕ ਤਰ੍ਹਾਂ ਪਹੁ ਵੀ ਨਹੀਂ ਸੀ ਪਾਟੀ ਕਿ ਬਾਹਰ ਜਹਾਜ਼ ਦਾ ਭੌਂਪੂ ਸੁਣਾਈ ਦਿੱਤਾ। ਲੋਕੀ ਉਸ ਦੁਨੀਆਂ ਦੀ ਯਾਤਰਾ 'ਤੇ ਨਿਕਲ ਪਏ ਸਨ, ਜਿਸ ਨਾਲ ਮੇਰਾ ਹੁਣ ਕਦੀ ਕੋਈ ਸਰੋਕਾਰ ਨਹੀਂ ਸੀ ਰਹਿਣਾ। ਪਤਾ ਨਹੀਂ ਕਿੰਨੇ ਮਹੀਨੇ ਬਾਅਦ ਅੱਜ ਮੈਨੂੰ ਸ਼ਾਇਦ ਪਹਿਲੀ ਵਾਰ ਮਾਂ ਦੀ ਯਾਦ ਆਉਣ ਲੱਗੀ। ਲੱਗਿਆ, ਜਿਵੇਂ ਮੈਂ ਅੱਜ ਸਮਝਦਾ ਹਾਂ, ਕਿਉਂ ਉਸਨੇ ਜੀਵਨ ਦੇ ਅੰਤਮ ਪੜਾ ਵਿਚ ਨਵਾਂ 'ਸਾਥੀ' ਚੁਣਿਆਂ, ਕਿਉਂ ਮੁੜ ਜ਼ਿੰਦਗੀ ਦਾ ਨਵਾਂ ਰਾਗ ਛੇੜਿਆ...ਉਹ ਵੀ ਉਸ ਆਸ਼ਰਮ ਵਿਚ ਜਿੱਥੇ ਜ਼ਿੰਦਗੀਆਂ ਦੀ ਲੋਅ ਬੁਝਣ ਵਾਲੀ ਹੁੰਦੀ ਏ।...ਜਿੱਥੇ ਗੋ-ਧੂਲੀ ਦੀ ਉਦਾਸੀ, ਥਕਾਵਟ ਭਰੀ ਸ਼ਾਂਤੀ ਬਣ ਕੇ ਆਉਂਦੀ ਏ। ਮੌਤ ਦੇ ਏਨਾ ਨੇੜੇ ਆ ਕੇ ਮਾਂ ਨੇ ਵੀ ਐਨ ਉਸੇ ਤਰ੍ਹਾਂ ਸੋਚਿਆ ਹੋਵੇਗਾ, ਜਿਵੇਂ ਮੁਕਤੀ ਦੇ ਖੁੱਲ੍ਹੇ ਦੁਆਰ 'ਤੇ ਆਦਮੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਗੱਲ ਸੋਚਦਾ ਏ। ਨਹੀਂ, ਉਸ ਲਈ ਰੋਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਤੇ ਉਸ ਛਿਣ ਮੈਨੂੰ ਵੀ ਲੱਗਿਆ ਕਿ ਕਿਉਂ ਨਾ ਮੈਂ ਵੀ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਲਵਾਂ? ਲੱਗਿਆ, ਕਰੋਧ ਤੇ ਜੋਸ਼ ਦੇ ਉਸ ਝੱਖੇੜ ਨੇ ਮੇਰੇ ਮਨ ਦੀ ਸਾਰੀ ਕਾਲਸ ਨੂੰ, ਕਲੇਸ਼ ਨੂੰ ਧੋ ਕੇ ਸਾਫ਼ ਤੇ ਨਿਰਮਲ ਕਰ ਦਿੱਤਾ ਏ। ਸਾਰੀਆਂ ਇੱਛਾਵਾਂ ਤੇ ਉਮੀਦਾਂ ਜਾਲੇ ਮੇਰੇ ਮਨ 'ਤੋਂ ਲਾਹ ਸੁੱਟੇ ਨੇ। ਉਸ ਸਮੇਂ, ਗ੍ਰਹਿ-ਨਛੱਤਰਾਂ ਨਾਲ ਜਗਮਗਾਉਂਦੇ ਹਨੇਰੇ ਆਸਮਾਨ ਨੂੰ ਅਪਲਕ ਦੇਖਦੇ ਹੋਏ ਪਹਿਲੀ ਵਾਰੀ, ਹਾਂ...ਪਹਿਲੀ ਵਾਰੀ ਮਨ ਵਿਚ ਸੰਸਾਰ ਦੇ ਪ੍ਰਤੀ ਸੱਚਾ ਬੈਰਾਗ ਜਾਗਿਆ। ਉਸ ਬੈਰਾਗ ਨੂੰ ਮਨ ਨਾਲ ਮੇਚ ਕੇ, ਉਸਨੂੰ ਆਪਣੀ ਆਤਮਾ ਦਾ ਅੰਸ਼ ਮਹਿਸੂਸ ਕਰਦਿਆਂ ਹੋਇਆਂ ਲੱਗਾ, ਜਿਵੇਂ ਮੈਨੂੰ ਕਦੀ ਕੋਈ ਦੁੱਖ ਨਹੀਂ ਸੀ ਹੋਇਆ ਤੇ ਅੱਜ, ਇਸ ਸਮੇਂ ਵੀ ਮੈਂ ਪਰਮ ਪ੍ਰਸੰਨ ਹਾਂ।
ਹੁਣ ਇਸ ਨਵੀਂ ਯਾਤਰਾ ਦੌਰਾਨ ਬਹੁਤਾ ਇਕੱਲਾ-ਇਕੱਲਾ ਮਹਿਸੂਸ ਨਾ ਹੋਵੇ, ਏਨੀ ਦ੍ਰਿੜ੍ਹਤਾ ਪ੍ਰਾਪਤ ਕਰ ਲੈਣ ਲਈ ਬਸ, ਮੇਰੀ ਇਹੋ ਕਾਮਨਾ ਸੀ ਕਿ ਜਿਸ ਸਮੇਂ ਮੈਨੂੰ ਫਾਂਸੀ ਲੱਗੇ, ਉਸ ਦਿਨ ਦਰਸ਼ਕਾਂ ਕੀ ਅਗਿਣਤ ਭੀੜ ਮੇਰੇ ਚਾਰੇ-ਪਾਸੇ ਇਕੱਠੀ ਹੋਈ ਹੋਵੇ ਤੇ ਜ਼ੋਰ-ਸ਼ੋਰ ਦੇ ਹੱਲੇ-ਗੁੱਲੇ ਨਾਲ ਮੈਨੂੰ ਵਿਦਾਅ ਕਰ ਰਹੀ ਹੋਵੇ...
--- --- ---
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

No comments:

Post a Comment