Sunday, May 26, 2013

ਤਿੰਨ :

ਤਿੰਨ :

ਕੁੱਲ ਮਿਲਾ ਕੇ, ਇਹ ਤਾਂ ਨਹੀਂ ਕਹਾਂਗਾ ਕਿ ਉਹ ਸਾਰੇ ਮਹੀਨੇ ਰੀਂਘ-ਰੀਂਘ ਕੇ ਈ ਬੀਤੇ। ਹਾਂ, ਏਨਾ ਜ਼ਰੂਰ ਏ ਕਿ ਪਹਿਲੀਆਂ ਗਰਮੀਆਂ ਦੇ ਬੀਤਣ ਦਾ ਗਿਆਨ ਹੁੰਦਿਆਂ ਨਾ ਹੁੰਦਿਆਂ, ਦੂਜੀਆਂ ਗਰਮੀਆਂ ਆ ਗਈਆਂ ਸਨ। ਤੇ ਮੈਨੂੰ ਇਹ ਵੀ ਲੱਗਣ ਲੱਗਾ ਸੀ ਕਿ ਗਰਮੀਆਂ ਦੇ ਦਿਨ ਸ਼ੁਰੂ ਹੁੰਦਿਆਂ ਈ ਮੇਰੀ ਕਿਸਮਤ, ਸ਼ਰਤੀਆ, ਕੋਈ ਨਾ ਕੋਈ ਗੁਲ ਖਿਲਾਵੇਗੀ। ਮੇਰੇ ਮੁਕੱਦਮੇ ਦੀ ਤਾਰੀਖ਼ ਅਸਾਈਜ਼ ਅਦਾਲਤ ਦੇ ਆਖ਼ਰੀ ਸੈਸ਼ਨ ਵਿਚ ਪਈ ਸੀ। ਇਸ ਸੈਸ਼ਨ ਨੇ ਜੂਨ ਵਿਚ ਈ ਕਿਸੇ ਸਮੇਂ ਖ਼ਤਮ ਹੋਣਾ ਸੀ।
ਮੁਕੱਦਮੇ ਦੀ ਸੁਣਵਾਈ ਵਾਲੇ ਦਿਨ ਡੱਟਵੀਂ ਧੁੱਪ ਨਿਕਲੀ ਸੀ। ਵਕੀਲ ਸਾਹਬ ਨੇ ਦੱਸਿਆ ਸੀ ਕਿ ਮੁਕੱਦਮਾ ਦੋ-ਤਿੰਨ ਦਿਨ ਤੋਂ ਵੱਧ ਨਹੀਂ ਲਏਗਾ। ਬੋਲੇ, “ਸੁਣਦੇ ਓਂ, ਅਦਾਲਤ ਜਲਦੀ ਤੋਂ ਜਲਦੀ ਤੁਹਾਡੇ ਮੁਕੱਦਮੇ ਨੂੰ ਨਿਪਟਾਏਗੀ ਕਿਉਂਕਿ ਇਸ ਸੈਸ਼ਨ ਦੀ ਸੂਚੀ ਵਿਚ ਇਹ ਸਭ ਤੋਂ ਮਹੱਤਵਪੂਰਨ ਮੁਕੱਦਮਿਆਂ ਵਿਚ ਨਹੀਂ ਏਂ। ਤੁਹਾਡੇ ਬਾਅਦ ਈ ਪਿਤਰ-ਹੱਤਿਆ ਦਾ ਇਕ ਮੁਕੱਦਮਾ ਸ਼ੁਰੂ ਹੋ ਰਿਹਾ ਏ—ਅਸਲੀ ਵਕਤ ਅਦਾਲਤ ਨੂੰ ਉਸ ਵਿਚ ਲਗੇਗਾ।”
ਸਵੇਰੇ ਸਾਢੇ ਸੱਤ ਵਜੇ ਮੈਨੂੰ ਲੈਣ ਵਾਲੇ ਆ ਗਏ ਤੇ ਕੈਦੀਆਂ ਵਾਲੀ ਗੱਡੀ ਵਿਚ ਬਿਠਾਲ ਕੇ ਅਦਾਲਤ ਲੈ ਗਏ। ਦੋ ਸਿਪਾਹੀ ਮੈਨੂੰ ਦੋਵੇਂ ਪਸਿਓਂ ਫੜ੍ਹ ਕੇ ਇਕ ਛੋਟੇ-ਜਿਹੇ ਕਮਰੇ ਵਿਚ ਲਿਆਏ। ਕਮਰੇ ਵਿਚ ਗੰਧਲਾ-ਜਿਹਾ ਹਨੇਰਾ ਸੀ। ਅਸੀਂ ਲੋਕ ਇਕ ਦਰਵਾਜ਼ੇ ਕੋਲ ਜਾ ਬੈਠੇ। ਦਰਵਾਜ਼ੇ ਪਿੱਛੋਂ ਬੋਲਣ ਦੀਆਂ ਆਵਾਜ਼ਾਂ, ਕਾਵਾਂ-ਰੌਲੀ ਤੇ ਫਰਸ਼ ਉੱਤੇ ਕੁਰਸੀਆਂ ਦੇ ਘਸੀਟੇ ਜਾਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਕ-ਦੂਜੀ ਵਿਚ ਗਡਮਡ ਹੋਈਆਂ ਇਹਨਾਂ ਆਵਾਜ਼ਾਂ ਦਾ ਸ਼ੋਰ, ਮੈਨੂੰ ਕਿਸੇ ਕਸਬੇ ਦੇ ਜਲਸੇ ਦਾ ਚੇਤਾ ਦਿਵਾਅ ਰਿਹਾ ਸੀ। ਇੰਜ ਲੱਗਦਾ ਸੀ—ਜਲਸੇ ਵਿਚ ਸੰਗੀਤ ਦਾ ਪ੍ਰੋਗਰਾਮ ਮੁੱਕ ਚੁੱਕਿਆ ਏ ਤੇ ਹੁਣ ਹਾਲ ਵਿਚ ਨਾਚ ਦੇ ਲਈ ਫਰਸ਼ ਖਾਲੀ ਕੀਤਾ ਜਾ ਰਿਹਾ ਏ।
ਇਕ ਸਿਪਾਹੀ ਨੇ ਦੱਸਿਆ ਕਿ ਅਜੇ ਤੀਕ ਜੱਜ ਸਾਹਬ ਨਹੀਂ ਆਏ। ਉਸਨੇ ਮੈਨੂੰ ਇਕ ਸਿਗਰਟ ਪੀਣ ਨੂੰ ਦਿੱਤੀ ਤਾਂ ਮੈਂ ਇਨਕਾਰ ਕਰ ਦਿੱਤਾ। ਕੁਝ ਚਿਰ ਬਾਅਦ ਉਸਨੇ ਪੁੱਛਿਆ ਕਿ ਮੈਂ ਘਬਰਾ ਤਾਂ ਨਹੀਂ ਰਿਹਾ। ਮੈਂ ਬੋਲਿਆ, “ਨਈਂ...ਉਲਟਾ ਮੈਨੂੰ ਤਾਂ ਉਤਸੁਕਤਾ ਹੋ ਰਹੀ ਏ ਇਕ ਮੁਕੱਦਮਾ ਸੁਣਨ ਨੂੰ ਮਿਲੇਗਾ। ਮੈਂ ਕਦੀ ਦੇਖਿਆ ਵੀ ਨਈਂ ਏਂ।”
“ਹਾਂ, ਹੋ ਸਕਦਾ ਏ।” ਦੂਜੇ ਸਿਪਾਹੀ ਨੇ ਕਿਹਾ, “ਪਰ ਇਕ-ਦੋ ਘੰਟਿਆਂ ਵਿਚ ਈ ਜੀਅ ਭਰ ਜਾਵੇਗਾ।”
ਟਿਰਰ-ਟਿਰਰ-ਟਿਰਰ ਥੋੜ੍ਹੀ ਦੇਰ ਬਾਅਦ ਕਮਰੇ ਵਿਚ ਬਿਜਲੀ ਦੀ ਘੰਟੀ ਵੱਜੀ। ਸਿਪਾਹੀ ਨੇ ਮੇਰੀਆਂ ਹੱਥਕੜੀਆਂ ਲਾਹੀਆਂ, ਦਰਵਾਜ਼ਾ ਖੋਲ੍ਹਿਆ ਤੇ ਕੈਦੀਆਂ ਵਾਲੇ ਕਟਹਿਰੇ ਵੱਲ ਲੈ ਤੁਰਿਆ।
ਕਚਹਿਰੀ ਵਿਚ ਚੋਖੀ ਭੀੜ ਸੀ। ਦਰਵਾਜ਼ਿਆਂ ਦੀਆਂ ਹਵਾ-ਰੋਸ਼ਨੀ ਵਾਲੀਆਂ ਪੱਟੀਆਂ ਝੁਕੀਆਂ ਹੋਈਆਂ ਸਨ, ਪਰ ਰੋਸ਼ਨੀ ਵਿਰਲਾਂ ਵਿਚੋਂ ਛਣ-ਛਣ ਕੇ ਅੰਦਰ ਆ ਰਹੀ ਸੀ। ਹਵਾ ਵਿਚ ਹੁੰਮਸ ਸੀ। ਖਿੜਕੀਆਂ ਬੰਦ ਸਨ। ਮੈਂ ਬੈਠ ਗਿਆ ਤਾਂ ਸਿਪਾਹੀ ਮੇਰੀ ਕੁਰਸੀ ਦੇ ਦੋਵੇਂ ਪਾਸੇ ਤਣ ਕੇ ਖੜ੍ਹੇ ਹੋ ਗਏ।
ਹੁਣ ਜਾ ਕੇ ਮੈਂ ਦੇਖਿਆ ਕਿ ਐਨ ਮੇਰੇ ਸਾਹਮਣੇ ਇਕ ਕਤਾਰ ਵਿਚ ਬੈਠੇ ਕੁਝ ਚਿਹਰੇ ਮੈਨੂੰ ਘੂਰ-ਘੂਰ ਕੇ ਦੇਖ ਰਹੇ ਨੇ। ਅੰਦਾਜ਼ਾ ਲਾਇਆ, ਜੂਰੀ ਏ। ਪਰ ਪਤਾ ਨਹੀਂ ਕਿਉਂ, ਮੈਂ ਅਲੱਗ-ਅਲੱਗ ਬੈਠੇ ਵਿਅਕਤੀਆਂ ਦੇ ਰੂਪ ਵਿਚ ਉਹਨਾਂ ਨੂੰ ਨਹੀਂ ਦੇਖਿਆ। ਟਰਾਮ ਵਿਚ ਚੜ੍ਹਦਿਆਂ ਈ ਕਿਸੇ ਨੂੰ ਲੱਗੇ ਕਿ ਸਾਹਮਣੇ ਵਾਲੀ ਸੀਟ 'ਤੇ ਬੈਠੇ ਲੋਕ ਉਸਦੇ ਪਹਿਰਾਵੇ ਵਿਚ ਕੁਝ ਮਨੋਰੰਜਨ ਤੇ ਮਜ਼ਾਕੀਆ ਲੱਭਣ ਦੀ ਉਮੀਦ ਨਾਲ ਲਗਾਤਾਰ ਉਸ ਵੱਲ ਦੇਖਦੇ ਪਏ ਨੇ, ਤਾਂ ਉਸ ਸਮੇਂ ਉਸਨੂੰ ਜਿਵੇਂ ਮਹਿਸੂਸ ਹੁੰਦਾ ਏ, ਓਵੇਂ ਈ ਮੈਨੂੰ ਲੱਗ ਰਿਹਾ ਸੀ। ਮੈਂ ਜਾਣਦਾ ਹਾਂ, ਉਪਮਾ ਨਿਹਾਇਤ ਬੇਤੁਕੀ ਏ ਕਿਉਂਕਿ ਇਹ ਲੋਕ ਕਿਸੇ ਮਜ਼ਾਕੀਆ ਗੱਲ ਦੀ ਨਹੀਂ, ਅਪਰਾਧੀ ਮਨੋਬਿਰਤੀ ਦੇ ਲੱਛਣਾ ਦੀ ਖੋਜ ਵਿਚ ਮੇਰੇ ਵੱਲ ਦੇਖ ਰਹੇ ਸਨ। ਚਲੋ ਖ਼ੈਰ, ਫਰਕ ਬਹੁਤਾ ਨਹੀਂ ਸੀ। ਘੱਟੋਘੱਟ ਮੈਨੂੰ ਤਾਂ ਇੰਜ ਈ ਲੱਗਿਆ।
ਭੀੜ ਤੇ ਹਵਾ ਦੀ ਘੁਟਨ ਕਾਰਨ ਮੈਨੂੰ ਚੱਕਰ-ਜਿਹੇ ਆਉਣ ਲੱਗੇ। ਕਚਹਿਰੀ ਦੇ ਕਮਰੇ ਵਿਚ ਨਿਗਾਹਾਂ ਘੁਮਾਈਆਂ ਤਾਂ ਇਕ ਵੀ ਪਛਾਣਿਆਂ ਚਿਹਰਾ ਨਾ ਦਿਸਿਆ। ਪਹਿਲਾਂ ਤਾਂ ਇਹੋ ਵਿਸ਼ਵਾਸ ਨਹੀਂ ਸੀ ਹੋਇਆ ਕਿ ਏਨੇ ਸਾਰੇ ਲੋਕ ਮੇਰੇ ਲਈ ਈ ਇਕੱਠੇ ਹੋਏ ਨੇ। ਸਾਧਾਰਨ ਤੌਰ 'ਤੇ ਕਦੀ ਕਿਸੇ ਨੇ ਮੇਰੇ ਵੱਲ ਉਚੇਚ ਧਿਆਨ ਨਹੀਂ ਸੀ ਦਿੱਤਾ, ਹੁਣ ਇੰਜ ਰਾਤੋ-ਰਾਤ ਸਭ ਦੀ ਦਿਲਚਸਪੀ ਦਾ ਕੇਂਦਰ ਬਣ ਜਾਣਾ ਕਿੰਨਾ ਅਜਬ-ਅਜੀਬ ਲੱਗਦਾ ਸੀ। “ਬੜੀ ਭੀੜ ਏ।” ਮੈਂ ਆਪਣੇ ਖੱਬੇ ਪਾਸੇ ਵਾਲੇ ਸਿਪਾਹੀ ਨੂੰ ਕਿਹਾ ਤਾਂ ਉਸਨੇ ਦੱਸਿਆ ਕਿ 'ਇਹ ਸਭ ਅਖ਼ਬਾਰਾਂ ਵਾਲਿਆਂ ਦੀ ਕਾਰਸਤਾਨੀ ਏਂ।' ਜੂਰੀਆਂ ਦੇ ਬੈਠਣ ਵਾਲੀ ਜਗ੍ਹਾ ਦੇ ਐਨ ਹੇਠਾਂ ਬੈਠੇ ਕੁਝ ਲੋਕਾਂ ਵੱਲ ਇਸ਼ਾਰਾ ਕਰਕੇ ਉਹ ਬੋਲਿਆ, “ਉਹ ਬੈਠੇ ਤਾਂ ਹੈਨ।” “ਕੌਣ?” ਮੈਂ ਪੁੱਛਿਆ। ਉਸਨੇ ਕਿਹਾ, “ਪੱਤਰਕਾਰ ਭਾਈ।” ਫੇਰ ਉਸਨੇ ਦੱਸਿਆ ਕਿ ਉਹਨਾਂ ਵਿਚ ਉਸਦਾ ਇਕ ਪੁਰਾਣਾ ਦੋਸਤ ਵੀ ਬੈਠਾ ਏ।
ਕੁਝ ਚਿਰ ਬਾਅਦ ਈ ਉਸਦੇ ਦੱਸੇ ਹੋਏ ਆਦਮੀ ਨੇ ਸਾਡੇ ਵੱਲ ਦੇਖਿਆ ਤੇ ਚਬੂਤਰੇ 'ਤੇ ਆ ਕੇ ਸਿਪਾਹੀ ਨਾਲ ਬੜੇ ਤਪਾਕ ਨਾਲ ਹੱਥ ਮਿਲਾਇਆ। ਪੱਤਰਕਾਰ ਪੱਕੀ ਉਮਰ ਦਾ ਆਦਮੀ ਸੀ ਤੇ ਸ਼ਕਲ ਤੋਂ ਗੰਭੀਰ ਲੱਗਦਾ ਸੀ, ਪਰ ਵਿਹਾਰ ਉਸਦਾ ਬੜਾ ਨਿੱਘਾ ਸੀ। ਉਦੋਂ ਈ ਮੈਂ ਦੇਖਿਆ ਕਿ ਕਮਰੇ ਵਿਚ ਬੈਠੇ ਸਾਰੇ ਆਦਮੀ ਇਕ ਦੂਜੇ ਨੂੰ ਨਮਸਤੇ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ, ਵੱਖ ਵੱਖ ਦਲਾਂ ਵਿਚ ਵੰਡੇ ਹੋਏ ਨੇ। ਸੱਚ ਪੁੱਛੋਂ ਤਾਂ ਉਹਨਾਂ ਦਾ ਸਾਰਾ ਤੌਰ ਤਰੀਕਾ, ਅਦਾਲਤ ਦਾ ਕੰਮ, ਕਲੱਬ ਵਰਗਾ ਵਧੇਰੇ ਲੱਗ ਰਿਹਾ ਸੀ, ਜਿੱਥੇ ਹਰ ਆਦਮੀ ਆਪਣੀ ਹੈਸੀਅਤ ਤੇ ਦਿਲਚਸਪੀ ਅਨੁਸਾਰ ਬੇਤਕਲੁਫ਼ ਤੇ ਬੇਫ਼ਿਕਰ ਮਹਿਸੂਸ ਕਰਨ ਲੱਗਦਾ ਏ। ਬਿਨਾਂ ਸ਼ੱਕ, ਇਹੀ ਕਾਰਨ ਹੋਵੇਗਾ ਕਿ ਮੈਂ ਆਪਣੇ-ਆਪ ਨੂੰ ਦਾਲ ਵਿਚ ਕੋੜਕੂ ਜਾਂ ਬਿਨਬੁਲਾਵੇ, ਜਬਰਦਸਤੀ ਵੜ ਆਏ, ਮਹਿਮਾਨ ਵਾਂਗ ਮਹਿਸੂਸ ਕਰਨ ਲੱਗਾ ਸੀ।
ਖ਼ੈਰ, ਪੱਤਰਕਾਰ ਨੇ ਬੜਾ ਹੱਸ-ਹੱਸ ਮੇਰੇ ਨਾਲ ਗੱਲਾਂ ਕੀਤੀਆਂ। ਕਿਹਾ, “ਉਮੀਦ ਏ ਸਭ ਕੁਝ ਠੀਕ-ਠਾਕ ਹੋ ਜਾਵੇਗਾ।” ਮੈਂ ਉਸਦਾ ਧੰਨਵਾਦ ਕੀਤਾ ਤਾਂ ਮੁਸਕਰਾ ਕੇ ਕਹਿਣ ਲੱਗਾ, “ਅਸੀਂ ਜਾਣਦੇ ਆਂ...ਅਸੀਂ ਤੁਹਾਡੇ ਬਾਰੇ 'ਚ ਲਗਾਤਾਰ ਕੋਈ ਨਾ ਕੋਈ ਲੇਖ ਜਾਂ ਖ਼ਬਰ ਛਾਪਦੇ ਰਹੇ ਆਂ। ਗਰਮੀਆਂ ਦੇ ਦਿਨਾਂ 'ਚ ਉਂਜ ਈ ਹਮੇਸ਼ਾ ਸਾਮਗਰੀ ਦਾ ਰੋਣਾ ਰਹਿੰਦਾ ਏ—ਸੋ ਆਪਣੇ ਤੌਰ 'ਤੇ ਤੁਹਾਡੇ ਬਾਅਦ ਵਾਲੇ ਮੁਕੱਦਮੇ ਨੂੰ ਛੱਡ ਕੇ ਖ਼ਬਰਾਂ ਦੀ ਬੜੀ ਤੰਗੀ ਸੀ। ਇਸ ਦੂਜੇ ਮੁਕੱਦਮੇ ਬਾਰੇ ਤਾਂ ਸੁਣ ਈ ਲਿਆ ਹੋਵੇਗਾ...ਪਿਤਰ-ਹੱਤਿਆ ਦਾ ਮਾਮਲਾ ਏ...।”
ਉਸਨੇ ਪੱਤਰਕਾਰਾਂ ਵਾਲੀ ਮੇਜ਼ ਦੁਆਲੇ ਬੈਠੇ ਇਕ ਮਧਰੇ, ਕਾਲੀ ਐਨਕ ਵਾਲੇ, ਗੋਲ-ਮਟੋਲ ਆਦਮੀ ਨੂੰ (ਜਿਸਨੂੰ ਦੇਖ ਕੇ ਖ਼ੂਬ ਪਲੇ ਹੋਏ ਨਿਓਲੇ ਦੀ ਯਾਦ ਆਉਂਦੀ ਸੀ) ਦਿਖਾ ਕੇ ਕਿਹਾ, “ਉਹ ਸਾਹਬ ਪੈਰਿਸ ਦੇ ਇਕ ਦੈਨਿਕ ਦੇ ਵਿਸ਼ੇਸ਼ ਪੱਤਰਕਾਰ ਨੇ। ਖਾਸ ਤੌਰ 'ਤੇ ਤੁਹਾਡੇ ਲਈ ਤਾਂ ਨਈਂ ਆਏ ਇਹ, ਪਰ ਅਖ਼ਬਾਰ ਵਾਲਿਆਂ ਨੇ ਇਹਨਾਂ ਨੂੰ ਕਿਹਾ ਏ ਕਿ ਤਹਾਡਾ ਮੁਕੱਦਮਾ ਵੀ ਦੇਖ ਲੈਣ, ਉਂਜ ਇਹ ਪਿਤਰ-ਹੱਤਿਆ ਵਾਲੇ ਮੁਕੱਦਮੇ ਲਈ ਭੇਜੇ ਗਏ ਨੇ।”
ਗੱਲ ਜ਼ਬਾਨ ਦੀ ਨੋਕ 'ਤੇ ਆ ਕੇ ਰੁਕ ਗਈ ਕਿ 'ਉਹਨਾਂ ਦੀ ਬੜੀ ਮਿਹਰਬਾਨੀ ਏ।' ਪਰ ਉਦੋਂ ਈ ਖ਼ਿਆਲ ਆਇਆ, ਗੱਲ ਬੇਹੂਦੀ ਲੱਗੇਗੀ। ਬੜੀ ਅਪਣੱਤ ਨਾਲ ਹੱਥ ਮਿਲਾ ਕੇ ਉਹ ਸਾਡੇ ਕੋਲੋਂ ਚਲਾ ਗਿਆ। ਇਸ ਪਿੱਛੋਂ ਥੋੜ੍ਹੀ ਦੇਰ ਕੁਝ ਨਹੀਂ ਹੋਇਆ।
ਉਦੋਂ ਈ, ਚੋਗਾ ਚੜ੍ਹਾਈ, ਆਪਣੇ ਕੁਝ ਸਾਥੀਆਂ ਨਾਲ ਹਫੜਾ-ਦਫੜੀ ਜਿਹੀ ਵਿਚ ਵਕੀਲ ਸਾਹਬ ਨੇ ਪ੍ਰਵੇਸ਼ ਕੀਤਾ। ਪੱਤਰਕਾਰਾਂ ਵਾਲੀ ਮੇਜ਼ ਕੋਲ ਜਾ ਕੇ ਉਹਨਾਂ, ਉਹਨਾਂ ਨਾਲ ਹੱਥ ਮਿਲਾਏ। ਉਪਰੋਂ ਬੜੇ ਬੇਝਿਜਕ ਤੇ ਬੇਫ਼ਿਕਰ-ਜਿਹੇ ਦਿਸ ਰਹੇ ਇਹ ਲੋਕ, ਹੱਸਣ ਤੇ ਗੱਪਾਂ ਮਾਰਨ ਲੱਗੇ। 'ਕਿਰਰ-ਕਿਰਰ!' ਉਦੋਂ ਈ ਇਕ ਤਿੱਖੀ ਘੰਟੀ ਵੱਜੀ ਤੇ ਸਾਰੇ ਦੇ ਸਾਰੇ ਆਪੋ-ਆਪਣੀ ਜਗ੍ਹਾ 'ਤੇ ਜਾ ਬੈਠੇ। ਵਕੀਲ ਸਾਹਬ ਨੇ ਮੇਰੇ ਕੋਲ ਆ ਕੇ ਹੱਥ ਮਿਲਾਇਆ ਤੇ ਸਮਝਾਇਆ ਕਿ 'ਜਿੱਥੋਂ ਤਕ ਹੋ ਸਕੇ ਜਵਾਬ ਘੱਟ ਤੋਂ ਘੱਟ ਸ਼ਬਦਾਂ ਵਿਚ ਦੇਣਾ। ਆਪਣੇ ਵੱਲੋਂ ਕੁਝ ਨਾ ਦੱਸਣ ਲੱਗ ਪੈਣਾ। ਮੇਰੇ 'ਤੇ ਭਰੋਸਾ ਰੱਖੋਗੇ ਤਾਂ ਬੇੜਾ ਪਾਰ ਹੋ ਜਾਵੇਗਾ।'
ਸੱਜੇ ਪਾਸੇ ਕੁਰਸੀ ਖਿਸਕਣ ਦੀ ਆਵਾਜ਼ ਹੋਈ ਤੇ ਬਿਨਾਂ ਕਮਾਨੀਆਂ ਵਾਲੀ ਐਨਕ ਲਾਈ, ਇਕ ਲੰਮਾ-ਪਤਲੂ ਜਿਹਾ ਆਦਮੀ ਆਪਣੇ ਲਾਲ ਚੋਗੇ ਦੀਆਂ ਤੈਹਾਂ ਤੇ ਵੱਟ ਠੀਕ ਕਰਦਾ ਹੋਇਆ ਕੁਰਸੀ 'ਤੇ ਆ ਬੈਠਾ। ਮੈਂ ਸਮਝ ਗਿਆ ਕਿ ਸਰਕਾਰੀ ਵਕੀਲ ਏ। ਅਦਾਲਤ ਦੇ ਪੇਸ਼ਕਾਰ ਨੇ ਐਲਾਨ ਕੀਤਾ ਕਿ 'ਮਾਣਯੋਗ ਜੱਜ ਸਾਹਬ ਪਧਾਰ ਰਹੇ ਨੇ।' ਤੇ ਐਨ ਉਸੇ ਵੇਲੇ ਉਤਾਂਹ ਦੋ ਵੱਡੇ-ਵੱਡੇ ਪੱਖੇ ਭਣਨ-ਭਣਨ ਕਰਕੇ ਚੱਲ ਪਏ। ਤਿੰਨ ਜੱਜਾਂ ਨੇ ਬਗਲੀਂ ਥੈਲੇ ਮਾਰੀ ਅਦਾਲਤ ਦੇ ਕਮਰੇ ਵਿਚ ਪ੍ਰਵੇਸ਼ ਕੀਤਾ—ਦੋਂਹ ਦੇ ਕਾਲੇ ਕੱਪੜੇ ਪਾਏ ਸਨ ਤੇ ਇਕ ਦੇ ਲਾਲ-ਸੁਰਖ। ਤਿੰਨੇ ਫੁਰਤੀ ਨਾਲ ਤੁਰਦੇ ਹੋਏ ਫਰਸ਼ ਤੋਂ ਕਈ ਫੁੱਟ ਉੱਚੀ ਬਣੀ 'ਬੈਂਚ' ਕੋਲ ਜਾ ਪਹੁੰਚੇ। ਸੁਰਖ ਕੱਪੜਿਆਂ ਵਾਲਾ ਵਿਚਕਾਰ, ਉੱਚੀ ਪਿੱਠ ਵਾਲੀ ਕੁਰਸੀ ਉੱਤੇ ਬੈਠ ਗਿਆ। ਉਸਨੇ ਆਪਣੀ ਸਰਕਾਰੀ ਟੋਪੀ ਲਾਹ ਕੇ ਮੇਜ਼ ਉੱਤੇ ਰੱਖੀ ਤੇ ਗੰਜੀ ਟਿੰਡ ਉੱਤੇ ਰੁਮਾਲ ਫੇਰ ਕੇ ਉੱਚੀ ਆਵਾਜ਼ ਵਿਚ ਦੱਸਿਆ ਕਿ ਹੁਣ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੁੰਦੀ ਏ।
ਪੱਤਰਕਾਰਾਂ ਨੇ ਆਪੋ-ਆਪਣੇ ਫਾਊਂਟੇਨਪੈੱਨ ਖੋਲ੍ਹ ਲਏ। ਇਕ ਸਿਰੇ ਤੋਂ ਸਭ ਦੇ ਚਿਹਰਿਆਂ ਉੱਤੇ ਹਲਕੀ-ਜਿਹੀ ਵਿਅੰਗਭਰੀ ਉਦਾਸੀਨਤਾ ਦਾ ਭਾਵ ਸੀ। ਹਾਂ, ਭੂਰੇ ਫਲਾਲੈਨ ਦੇ ਸੂਟ ਤੇ ਨੀਲੀ ਟਾਈ ਵਾਲਾ ਇਕ ਪੱਤਰਕਾਰ ਉਹਨਾਂ ਵਿਚ ਅਜਿਹਾ ਸੀ ਜਿਹੜਾ ਕਲਮ ਮੇਜ਼ ਉੱਤੇ ਰੱਖੀ, ਬਿਨਾਂ ਅੱਖਾਂ ਝਪਕਾਏ, ਮੈਨੂੰ ਘੂਰੀ ਜਾ ਰਿਹਾ ਸੀ। ਸ਼ਕਲ ਤੋਂ ਆਪਣੇ ਬਾਕੀ ਸਾਰੇ ਸਾਥੀਆਂ ਨਾਲੋਂ ਘੱਟ ਉਮਰ ਦਾ ਲੱਗਦਾ ਸੀ। ਚਿਹਰਾ ਸਿੱਧਾ-ਸਾਦਾ, ਆਮ-ਜਿਹਾ...ਪਰ ਇਸ ਸਮੇਂ ਰਤਾ ਕਠੋਰ। ਜਿਸ ਚੀਜ਼ ਨੇ ਮੈਨੂੰ ਕੀਲ ਲਿਆ, ਉਹ ਸੀ ਉਸਦੀਆਂ ਅੱਖਾਂ—ਉਦਾਸ, ਪੀਲੀਆਂ ਨਿਰਮਲ ਅੱਖਾਂ ਮੇਰੇ 'ਤੇ ਜ਼ਰੂਰ ਟਿਕੀਆਂ ਹੋਈਆਂ ਸਨ, ਪਰ ਉਹਨਾਂ ਵਿਚ ਕਿਸੇ ਵਿਸ਼ੇਸ਼ ਭਾਵ ਦੀ ਬਿੜਕ ਨਹੀਂ ਸੀ। ਪਲ ਕੁ ਲਈ ਇਕ ਬੜੀ ਅਦਭੁਤ-ਜਿਹੀ ਗੱਲ ਮਨ ਵਿਚ ਆਈ, ਜਿਵੇਂ ਉਹ ਅੱਖਾਂ ਮੇਰੀਆਂ ਆਪਣੀਆਂ ਅੱਖਾਂ ਈ ਨੇ ਤੇ ਮੈਂ ਖ਼ੁਦ ਆਪਣੇ-ਆਪ ਨੂੰ ਤੋਲ-ਘੋਖ ਰਿਹਾ ਹਾਂ। ਇਕ ਤਾਂ ਉਂਜ ਈ ਅਦਾਲਤੀ ਕਾਰਵਾਈ ਤੋਂ ਕੋਰਾ, ਤੇ ਦੂਜਾ, ਇਹ ਭਾਵ ਵੀ ਇਕ ਕਾਰਨ ਸੀ ਕਿ ਸ਼ੁਰੂ ਵਿਚ ਜੋ ਕੁਝ ਹੁੰਦਾ ਰਿਹਾ ਸੀ, ਠੀਕ-ਠੀਕ ਮੇਰੀ ਸਮਝ ਵਿਚ ਨਹੀਂ ਸੀ ਆਇਆ, ਕਿ ਕਿੰਜ ਜੂਰੀਆਂ ਨੇ ਆਪਸ ਵਿਚ ਆਪਣਾ-ਆਪਣਾ ਕੰਮ ਤੇ ਜ਼ਿੰਮੇਵਾਰੀ ਵੰਡੀ! ਕਿੰਜ ਪ੍ਰਧਾਨ ਜੱਜ ਨੇ, ਸਰਕਾਰੀ ਵਕੀਲ ਯਾਨੀ ਜੂਰੀਆਂ ਦੇ ਪ੍ਰਤੀਨਿਧ ਤੇ ਮੇਰੇ ਵਕੀਲ ਸਾਹਬ ਤੋਂ ਦੁਨੀਆਂ ਭਰ ਦੇ ਸਵਾਲ ਪੁੱਛੇ (ਜਦੋਂ-ਜਦੋਂ ਮੇਰੇ ਵਕੀਲ ਸਾਹਬ ਬੋਲਦੇ, ਸਾਰੇ ਦੇ ਸਾਰੇ ਸਿਰ ਜੂਰੀਆਂ ਦੇ ਜੱਜਾਂ ਵੱਲ ਭੌਂ ਜਾਂਦੇ)! ਕਿੰਜ ਇਕੋ ਸਾਹ ਵਿਚ ਦੋਸ਼-ਫਰਦ ਪੜ੍ਹੀ ਗਈ (ਵਿਚ-ਵਿਚ ਮੈਂ ਕੁਝ ਜਾਣਕਾਰ ਸਥਾਨਾ ਤੇ ਵਿਅਕਤੀਆਂ ਦੇ ਨਾਂ ਜ਼ਰੂਰ ਸੁਣੇ)! ਕਿੰਜ ਇਸ ਪਿੱਛੋਂ ਮੇਰੇ ਵਕੀਲ ਸਾਹਬ ਨੂੰ ਕੁਝ ਸਵਾਲ ਹੋਰ ਪੁੱਛੇ ਗਏ—ਇਹਨਾਂ ਸਾਰਿਆਂ ਵਿਚੋਂ ਮੈਂ ਕੁਝ ਸੁਣੇ, ਕੁਝ ਸਮਝੇ, ਬਹੁਤਿਆਂ ਨੂੰ ਸਮਝ ਨਾ ਸਕਿਆ।
ਇਸ ਪਿੱਛੋਂ ਜਦੋਂ ਜੱਜ ਸਾਹਬ ਨੇ ਫਰਮਾਇਆ ਕਿ ਹੁਣ ਅਦਾਲਤ ਗਵਾਹਾਂ ਦੀ ਸੂਚੀ ਪੜ੍ਹ ਕੇ ਸੁਣਾਵੇਗੀ। ਪੇਸ਼ਕਾਰ ਨੇ ਨਾਂ ਪੜ੍ਹੇ। ਉਹਨਾਂ ਵਿਚੋਂ ਕੁਝ ਨਾਂ ਸੁਣ ਕੇ ਮੈਂ ਚਕਰਾ ਗਿਆ। ਅਜੇ ਤੀਕ ਸਾਹਮਣੀ ਭੀੜ ਮੇਰੇ ਲਈ ਚਿਹਰਿਆਂ ਦੇ ਧੁੰਦਲੇ-ਧੁੰਦਲੇ ਧੱਬਿਆਂ ਨਾਲੋਂ ਵੱਧ ਨਹੀਂ ਸੀ। ਪਰ ਦੇਖਿਆ ਕਿ ਹੁਣ ਇਕ-ਇਕ ਕਰਕੇ ਉਸੇ ਭੀੜ 'ਚ ਈ ਰੇਮੰਡ, ਮੈਸਨ, ਸਲਾਮਾਨੋ, ਆਸ਼ਰਮ ਦਾ ਚੌਕੀਦਾਰ, ਬੁੱਢਾ ਪੀਰੇ ਤੇ ਮੇਰੀ, ਸਾਰੇ ਉੱਠ ਉੱਠ ਖੜ੍ਹੇ ਹੋਣ ਲੱਗੇ। ਇਹਨਾਂ ਸਾਰਿਆਂ ਦੇ ਪਿੱਛੇ-ਪਿੱਛੇ, ਇਕ ਪਾਸੇ ਵਾਲੇ ਦਰਵਾਜ਼ੇ 'ਚੋਂ ਬਾਹਰ ਜਾਂਦਿਆਂ ਹੋਇਆ ਮੇਰੀ ਨੇ ਆਪਣਾ ਕੰਬਦਾ ਹੋਇਆ, ਨਿਰਜਿੰਦ ਜਿਹਾ ਹੱਥ ਬੜੀ ਹੌਲੀ-ਜਿਹੀ ਮੇਰੇ ਵੱਲ ਹਿਲਾਇਆ। ਸੁਣਿਆਂ, ਆਖ਼ਰੀ ਨਾਂ ਸੇਲੇਸਤੇ ਦਾ ਬੋਲਿਆ ਜਾ ਰਿਹਾ ਏ—ਤਾਂ ਅੰਤਾਂ ਦੀ ਹੈਰਾਨੀ ਹੋਈ ਕਿ ਇਹਨਾਂ ਵਿਚੋਂ ਕੋਈ ਵੀ ਪਹਿਲਾਂ ਮੈਨੂੰ ਨਹੀਂ ਸੀ ਦਿਸਿਆ! ਸੇਲੇਸਤੇ ਉੱਠਿਆ ਤਾਂ ਉਸਦੇ ਨਾਲ ਬੈਠੀ ਉਹੀ ਵਚਿੱਤਰ ਮਧਰੀ ਔਰਤ ਨਜ਼ਰ ਆਈ ਜਿਸਨੇ ਰੇਸਤਰਾਂ ਵਿਚ ਮੇਰੀ ਮੇਜ਼ 'ਤੇ ਬੈਠ ਕੇ ਖਾਣਾ ਖਾਧਾ ਸੀ। ਉਹੀ ਮਰਦਾਨਾ ਕੋਟ ਤੇ ਚੁਸਤ, ਦ੍ਰਿੜ੍ਹ ਫ਼ੈਸਲਾ ਲਊ ਅੰਦਾਜ਼। ਦੇਖਿਆ, ਉਸਦੀਆਂ ਨਿਗਾਹਾਂ ਮੇਰੇ ਉੱਤੇ ਈ ਜੰਮੀਆਂ ਹੋਈਆਂ ਸਨ। ਪਰ ਉਸਦੇ ਤੌਰ-ਤਰੀਕੇ ਉੱਤੇ ਸੋਚਣ, ਹੈਰਾਨ ਹੋਣ, ਦਾ ਸਮਾਂ ਨਾ ਮਿਲਿਆ। ਜੱਜ ਸਾਹਬ ਫੇਰ ਬੋਲਣ ਲੱਗੇ—
ਉਹਨਾਂ ਨੇ ਦੱਸਿਆ ਕਿ ਹੁਣ ਮੁਕੱਦਮੇ ਦੀ ਅਸਲੀ ਕਾਰਵਾਈ ਸ਼ੁਰੂ ਹੋਵੇਗੀ। ਕਿਹਾ, ਸ਼ਾਇਦ ਇਹ ਦੱਸਣ ਦੀ ਉਹਨਾਂ ਨੂੰ ਲੋੜ ਨਹੀਂ ਏ ਕਿ ਉਹ ਚਾਹੁੰਦੇ ਨੇ, ਜਨਤਾ ਆਪਣੇ ਅੱਛੇ-ਬੁਰੇ, ਕਿਸੇ ਕਿਸਮ ਦੇ ਭਾਵਾਂ ਦਾ ਪ੍ਰਦਰਸ਼ਨ ਨਾ ਕਰੇ। ਜੱਜ ਤਾਂ ਸਿਰਫ਼ ਸਾਰੀ ਕਾਰਵਾਈ ਦੀ ਦੇਖ-ਰੇਖ ਕਰਨ ਲਈ ਨੇ—ਇਕ ਤਰ੍ਹਾਂ ਨਾਲ ਕਹੀਏ ਵਿਚੋਲੀਏ ਨੇ। ਇਸ ਮੁਕੱਦਮੇ ਦੇ ਪ੍ਰਤੀ ਉਹਨਾਂ ਦਾ ਰੁਖ਼ ਨਿਹਾਇਤ ਈ ਨਿਰਪੱਖ ਰਹੇਗਾ। ਜੋ ਵੀ ਫੈਸਲਾ ਸ਼੍ਰੀਮਾਨ ਜੂਰੀ ਦੇਣਗੇ, ਉਸਨੂੰ ਈ ਉਹ ਨਿਆਂ ਦੇ ਨਜ਼ਰੀਏ ਨਾਲ ਜਨਤਾ ਦੇ ਸਾਹਵੇਂ ਰੱਖ ਦੇਣਗੇ। ਉਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਅੰਤ ਵਿਚ ਲੋਕ ਬਿਨਾਂ ਕਿਸੇ ਕਿਸਮ ਦਾ ਕਤਈ ਸ਼ੋਰ-ਸ਼ਰਾਬਾ ਕੀਤੇ, ਸ਼ਾਂਤਮਈ ਢੰਗ ਨਾਲ, ਬਾਹਰ ਜਾਣਗੇ।
ਦਿਨ ਦੀ ਤਪਸ਼ ਵੱਧਦੀ ਗਈ। ਜਨਤਾ ਵਿਚੋਂ ਕੁਝ ਅਖ਼ਬਾਰਾਂ ਨਾਲ ਹਵਾ ਝੱਲ ਰਹੇ ਸਨ। ਕਾਗਜ਼ਾਂ ਦੇ ਮੁੜਨ ਦੀ ਖੜਖੜਾਹਟ ਤਾਂ ਸਾਰਾ ਸਮਾਂ ਹੁੰਦੀ ਈ ਰਹੀ। ਪ੍ਰਧਾਨ ਜੱਜ ਦਾ ਇਸ਼ਾਰਾ ਸਮਝ ਕੇ ਪੇਸ਼ਕਾਰ ਮੁੰਜ ਦੇ ਬੁਣੇ ਤਿੰਨ ਪੱਖੇ ਲੈ ਆਇਆ। ਤਿੰਨੇ ਜੱਜ ਤੁਰੰਤ ਉਹਨਾਂ ਨਾਲ ਹਵਾ ਲੈਣ ਲੱਗੇ।
ਝੱਟ, ਮੇਰੇ ਨਾਲ ਸਵਾਲ-ਜਵਾਬ ਸ਼ੁਰੂ ਹੋ ਗਏ। ਜੱਜ ਸਾਹਬ ਨੇ ਨਾ ਸਿਰਫ਼ ਸ਼ਾਂਤ ਭਾਵ ਨਾਲ, ਬਲਕਿ ਮੈਨੂੰ ਲੱਗਿਆ ਬੜੀ ਅਪਣੱਤ ਦਿਖਾਉਂਦਿਆਂ ਹੋਇਆਂ, ਸਵਾਲ ਪੁੱਛੇ। ਗਿਆਰਵੀਂ ਵਾਰ ਮੈਥੋਂ ਫੇਰ ਉਹੀ ਨਾਂ-ਪਤਾ, ਵਲਦੀਅਤ ਪੁੱਛੀ ਗਈ। ਇਸ ਖਾਨਾਪੂਰੀ ਤੋਂ ਮੈਂ ਤੰਗ ਆ ਗਿਆ ਸੀ। ਪਰ ਫੇਰ ਮਨ ਵਿਚ ਸੋਚਿਆ, ਇਹ ਸਭ ਬੜਾ ਸੁਭਾਵਿਕ ਤੇ ਜ਼ਰੂਰੀ ਏ। ਕਿਸੇ ਗ਼ਲਤ ਆਦਮੀ 'ਤੇ ਮੁਕੱਦਮਾ ਚਲਾ ਦੇਣਾ ਅਦਾਲਤ ਦੇ ਲਈ ਕਿੰਨੀ ਸ਼ਰਮ ਤੇ ਅਫ਼ਸੋਸ ਦੀ ਗੱਲ ਹੋ ਸਕਦੀ ਏ।
ਇਸ ਪਿੱਛੋਂ ਜੱਜ ਸਾਹਬ ਨੇ ਮੇਰੇ ਸਾਰੇ ਕਾਰਨਾਮਿਆਂ ਦਾ ਚਿੱਠਾ ਪੜ੍ਹਨਾ ਸ਼ੁਰੂ ਕੀਤਾ। ਹਰ ਦੂਜੇ ਤੀਜੇ ਵਾਕ 'ਤੇ ਮੈਨੂੰ ਪੁੱਛਣ ਲਈ ਠਹਿਰ ਜਾਂਦੇ—“ਕੀ ਠੀਕ ਹੈ ਨਾ?” ਤੇ ਇਸ 'ਤੇ ਮੈਂ ਹਰ ਵਾਰ ਕਹਿੰਦਾ, “ਹਾਂ-ਜੀ, ਸਾਹਬ।” ਵਕੀਲ ਸਾਹਬ ਨੇ ਇਹੀ ਕਹਿਣ ਲਈ ਕਿਹਾ ਸੀ। ਜੱਜ ਜ਼ਰਾ-ਜ਼ਰਾ ਜਿੰਨੀ ਗੱਲ ਦੀ ਵਾਲ ਦੀ ਖੱਲ ਲਾਹ ਰਹੇ ਸਨ। ਇਸ ਲਈ ਇਹ 'ਪੁਰਾਣ' ਕਾਫ਼ੀ ਲੰਮਾਂ ਚੱਲਿਆ। ਇਸ ਦੌਰਾਨ ਪੱਤਰਕਾਰ ਵਿਅਸਤ ਭਾਵ ਨਾਲ ਜਲਦੀ-ਜਲਦੀ ਲਿਖਦੇ ਰਹੇ। ਪਰ ਮੈਨੂੰ ਕਦੀ ਤਾਂ ਸਭ ਤੋਂ ਛੋਟੇ ਪੱਤਰਕਾਰ ਦੀਆਂ ਆਪਣੇ ਉੱਤੇ ਟਿਕੀਆਂ ਨਿਗਾਹਾਂ ਦਾ ਖ਼ਿਆਲ ਆਉਂਦਾ, ਕਦੀ ਉਹ 'ਚਾਬੀ ਭਰੀ ਕਠਪੁਤਲੀ' ਵਰਗੀ ਔਰਤ ਦੀਆਂ ਨਜ਼ਰਾਂ ਯਾਦ ਆ ਜਾਂਦੀਆਂ। ਮੈਨੂੰ ਟਰਾਮ ਵਿਚ ਬੈਠੀਆਂ ਸਵਾਰੀਆਂ ਦੀ ਕਤਾਰ ਫੇਰ ਯਾਦ ਆਈ। ਉਦੋਂ ਈ ਜੱਜ ਸਾਹਬ ਜ਼ਰਾ ਕੁ ਖੰਘੇ ਤੇ ਫ਼ਾਈਲ ਦੇ ਕੁਝ ਪੰਨੇ ਪਰਤ ਕੇ ਚਿਹਰੇ ਉੱਤੇ ਪੱਖੇ ਦੀ ਹਵਾ ਕਰਦੇ-ਕਰਦੇ ਗੰਭੀਰਤਾ ਨਾਲ ਮੈਨੂੰ ਕਹਿਣ ਲੱਗੇ—
“ਹੁਣ ਮੈਂ ਕੁਝ ਅਜਿਹੀਆਂ ਗੱਲਾਂ ਲੈਣੀਆਂ ਚਾਹਾਂਗਾ ਜਿਹੜੀਆਂ ਉਪਰੋਂ ਦੇਖਣ ਵਿਚ ਭਾਵੇਂ ਮੁਕੱਦਮੇ ਦੇ ਬਾਹਰ ਲੱਗਦੀਆਂ ਹੋਣ, ਪਰ ਅਸਲ ਵਿਚ ਉਹਨਾਂ ਦਾ ਇਸ ਨਾਲ ਬੜਾ ਡੂੰਘਾ ਸੰਬੰਧ ਏ।” ਮੈਂ ਤਾੜ ਲਿਆ ਕਿ ਹੋਏ ਨਾ ਹੋਏ ਹੁਣ ਇਹ ਮਾਂ ਬਾਰੇ ਕੁਝ ਕਹੇਗਾ, ਨਾਲ ਈ ਇਹ ਵੀ ਸੋਚ ਲਿਆ ਕਿ ਜੇ ਇਸਨੇ ਮਾਂ ਬਾਰੇ ਕੁਝ ਕਿਹਾ ਤਾਂ ਮੈਨੂੰ ਕਿੰਨਾ ਬੁਰਾ ਲੱਗੇਗਾ। ਜੱਜ ਦਾ ਪਹਿਲਾ ਸਵਾਲ ਈ ਇਹ ਆਇਆ ਸੀ ਕਿ ਮੈਂ ਆਪਣੀ ਮਾਂ ਨੂੰ ਆਸ਼ਰਮ ਕਿਉਂ ਭੇਜਿਆ? ਮੈਂ ਦੱਸਿਆ ਕਿ ਕਾਰਨ ਬਿਲਕੁਲ ਸਿੱਧਾ ਏ। ਘਰੇ ਉਹਦੀ ਠੀਕ ਤਰ੍ਹਾਂ ਦੇਖਭਾਲ ਹੋਏ, ਏਨਾ ਪੈਸਾ ਮੇਰੇ ਕੋਲ ਨਹੀਂ ਸੀ। ਜੱਜ ਨੇ ਪੁੱਛਿਆ ਕਿ ਮਾਂ ਦੇ ਵਿਛੋੜੇ ਦਾ ਮੈਨੂੰ ਦੁੱਖ ਹੋਇਆ ਜਾਂ ਨਹੀਂ? ਮੈਂ ਫੇਰ ਆਪਣੀ ਗੱਲ ਦਾ ਖੁਲਾਸਾ ਕੀਤਾ ਕਿ ਮੈਨੂੰ ਜਾਂ ਮਾਂ ਨੂੰ ਆਪਸ ਵਿਚ ਇਕ-ਦੂਜੇ ਤੋਂ ਜਾਂ ਸਾਨੂੰ ਦੋਵਾਂ ਨੂੰ ਕਿਸੇ ਤੀਜੇ ਤੋਂ ਇਸ ਬਾਰੇ ਕਤਈ ਕਿਸੇ ਸਹਾਰੇ ਦੀ ਉਮੀਦ ਨਹੀਂ ਸੀ, ਇਸ ਲਈ ਅਸੀਂ ਦੋਵਾਂ ਨੇ ਆਸਾਨੀ ਨਾਲ ਇਸਨੂੰ ਮੰਨ ਲਿਆ। ਇਸ ਦੇ ਪਿੱਛੋਂ ਜੱਜ ਨੇ ਕਿਹਾ ਕਿ ਉਹਨਾਂ ਅਜੇ ਇਸ ਬਾਰੇ ਕੁਝ ਨਹੀਂ ਪੁੱਛਿਆ। ਉਹਨਾਂ ਨੇ ਸਰਕਾਰੀ ਵਕੀਲ ਨੂੰ ਪੁੱਛਿਆ ਕਿ ਕੀ ਉਸਦੇ ਖ਼ਿਆਲ ਵਿਚ, ਇਸ ਮੌਕੇ 'ਤੇ, ਕੋਈ ਹੋਰ ਸਵਾਲ ਕਰਨਾ ਜ਼ਰੂਰੀ ਲੱਗਦਾ ਏ?
ਸਰਕਾਰੀ ਵਕੀਲ ਨੇ ਬਿਨਾਂ ਮੇਰੇ ਵੱਲ ਦੇਖਿਆਂ, ਬਲਕਿ ਮੇਰੇ ਵੱਲ ਅੱਧੀ ਪਿੱਠ ਕਰਕੇ ਕਿਹਾ ਕਿ ਜੇ ਅਦਾਲਤ ਆਗਿਆ ਦਵੇ ਤਾਂ ਉਹ ਜਾਣਨਾ ਚਾਹੁੰਦਾ ਏ ਕਿ ਕੀ ਮੈਂ ਅਰਬ ਨੂੰ ਮਾਰਨ ਦੇ ਇਰਾਦੇ ਨਾਲ ਈ ਦੁਬਾਰਾ ਝਰਨੇ ਵੱਲ ਵਾਪਸ ਗਿਆ ਸਾਂ? ਜਦੋਂ ਮੈਂ ਕਿਹਾ, “ਨਈਂ।” ਤਾਂ ਸਰਕਾਰੀ ਵਕੀਲ ਨੇ ਫੇਰ ਪੁੱਛਿਆ ਕਿ ਤਾਂ ਫੇਰ ਆਪਣੇ ਨਾਲ ਰਿਵਾਲਵਰ ਲੈ ਜਾਣ ਦਾ ਕੀ ਮੰਸ਼ਾ ਸੀ? ਤੇ ਕਿਉਂ ਮੈਂ ਫੇਰ ਖਾਸ ਉਸੇ ਜਗ੍ਹਾ ਪਹੁੰਚਿਆ ਸੀ? ਆਪਣੇ ਜਵਾਬ ਵਿਚ ਮੈਂ ਇਸਨੂੰ ਸਿਰਫ਼ ਸੰਜੋਗ ਦੀ ਗੱਲ ਕਿਹਾ। ਫੇਰ ਸਰਕਾਰੀ ਵਕੀਲ ਬੜੇ ਦੁਸ਼ਟ ਲਹਿਜੇ ਵਿਚ ਬੋਲਿਆ, “ਬਹੁਤ ਅੱਛੇ, ਬਸ, ਇਸ ਵੇਲੇ ਏਨਾ ਈ ਕਾਫ਼ੀ ਏ।”
ਇਸ ਪਿੱਛੋਂ ਕੀ ਹੋਇਆ, ਠੀਕ ਤਰ੍ਹਾਂ ਮੇਰੀ ਸਮਝ ਵਿਚ ਨਹੀਂ ਸੀ ਆਇਆ। ਹਾਂ, ਕੁਝ ਚਿਰ ਸਰਕਾਰੀ ਵਕੀਲ, ਮੇਰੇ ਵਕੀਲ ਤੇ 'ਬੈਂਚ' ਵਿਚਕਾਰ ਚਖਚਖ ਹੁੰਦੀ ਰਹੀ ਸੀ। ਪ੍ਰਧਾਨ ਜੱਜ ਨੇ ਐਲਾਨ ਕੀਤਾ ਕਿ ਹੁਣ ਅਦਾਲਤ ਉੱਠੇਗੀ। ਗਵਾਹੀਆਂ ਦੁਪਹਿਰ ਬਾਅਦ ਹੋਣਗੀਆਂ, ਤਦ ਤੀਕ ਲਈ ਕਾਰਵਾਈ ਮੁਲਤਵੀ ਕੀਤੀ ਜਾਂਦੀ ਏ।
ਇਹ ਕੀ ਹੋਇਆ, ਇਹ ਸਮਝ ਸਕਾਂ ਕਿ ਇਸ ਤੋਂ ਪਹਿਲਾਂ ਮੈਨੂੰ ਧੱਕ ਕੇ ਜੇਲ੍ਹ ਦੀ ਗੱਡੀ ਵਿਚ ਲਿਆ ਬਿਠਾਇਆ ਗਿਆ। ਵਾਪਸ ਜੇਲ੍ਹ ਆਇਆ ਤਾਂ ਦੁਪਹਿਰ ਦਾ ਖਾਣਾ ਮਿਲਿਆ। ਇਸ ਸਭ ਨੇ ਮੈਨੂੰ ਕਿੰਨਾ ਥਕਾਅ ਦਿੱਤਾ ਏ, ਅਜੇ ਇਹੋ ਮਹਿਸੂਸ ਕਰ ਰਿਹਾ ਸੀ ਕਿ ਫੇਰ ਬੁਲਾਵਾ ਆ ਗਿਆ। ਉਹੀ ਕਮਰਾ...ਸਾਹਮਣੇ ਉਹੀ ਚਿਹਰੇ...ਫੇਰ ਉਹੀ ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਹੋਇਆ। ਹਾਂ, ਇਸ ਦੌਰਾਨ ਗਰਮੀ ਬੇਹੱਦ ਵਧ ਗਈ ਸੀ ਤੇ ਪਤਾ ਨਹੀਂ ਕੀ ਚਮਤਕਾਰ ਹੋਇਆ ਸੀ ਕਿ ਜੂਰੀਆਂ ਤੋਂ ਲੈ ਕੇ ਮੇਰੇ ਵਕੀਲ, ਸਰਕਾਰੀ ਵਕੀਲ ਤੇ ਕੁਝ ਪੱਤਰਕਾਰਾਂ ਦੇ ਹੱਥਾਂ ਵਿਚ ਵੀ ਪੱਖੇ ਆ ਗਏ ਸਨ। ਉਹ ਨੌਜਵਾਨ ਤੇ 'ਚਾਬੀ ਭਰੀ ਕਠਪੁਤਲੀ' ਦੋਵੇਂ ਓਵੇਂ ਦੀ ਜਿਵੇਂ ਆਪਣੀ ਆਪਣੀ ਜਗ੍ਹਾ 'ਤੇ ਬਿਰਾਜਮਾਨ ਸਨ ਤੇ ਉਹਨਾਂ ਦੀਆਂ ਅੱਖਾਂ, ਐਨ ਪਹਿਲਾਂ ਵਾਂਗ ਈ, ਮੇਰੇ 'ਤੇ ਟਿਕੀਆਂ ਹੋਈਆਂ ਸਨ। ਦੋਵੇਂ ਪੱਖਾ ਵੀ ਨਹੀਂ ਸੀ ਝੱਲ ਰਹੇ।
ਮੈਂ ਚਿਹਰੇ ਦਾ ਪਸੀਨਾ ਪੂੰਝਿਆ। ਅਜੇ ਆਪਣੇ ਬਾਰੇ ਵਿਚ ਹੋਸ਼ ਆਇਆ ਈ ਸੀ ਕਿ ਸੁਣਿਆਂ ਗਵਾਹੀ ਦੇ ਲਈ ਆਸ਼ਰਮ ਦੇ ਵਾਰਡਨ ਨੂੰ ਆਵਾਜ਼ ਪਈ ਏ। ਵਾਰਡਨ ਤੋਂ ਪੁੱਛਿਆ ਗਿਆ ਕਿ ਕੀ ਮੇਰੀ ਮਾਂ ਨੂੰ ਮੇਰੇ ਵਿਹਾਰ ਤੋਂ ਕੋਈ ਸ਼ਿਕਾਇਤ ਸੀ, ਤਾਂ ਉਸਨੇ ਕਿਹਾ, “ਜੀ ਹਾਂ। ਪਰ ਇਹ ਕੋਈ ਵਿਸ਼ੇਸ਼ ਗੱਲ ਨਈਂ ਏਂ ਕਿਉਂਕਿ ਉੱਥੇ ਰਹਿਣ ਵਾਲੇ ਕਰੀਬ-ਕਰੀਬ ਹਰ ਵਿਅਕਤੀ ਨੂੰ ਆਪਣੇ ਰਿਸ਼ਤੇਦਾਰਾਂ ਪ੍ਰਤੀ ਸ਼ਿਕਾਇਤ ਹੁੰਦੀ ਈ ਏ।” ਇਸ 'ਤੇ ਜੱਜ ਸਾਹਬ ਨੇ ਰਤਾ ਹੋਰ ਖੁਲਾਸਾ ਕਰਨ ਲਈ ਕਿਹਾ, “ਇਸ ਤਰ੍ਹਾਂ ਆਸ਼ਰਮ ਭੇਜ ਦਿੱਤੇ ਜਾਣ 'ਤੇ ਕੀ ਮੁਜਰਿਮ ਦੀ ਮਾਂ ਉਸਨੂੰ ਭਲ਼ਾ-ਬੁਰਾ ਕਹਿੰਦੀ ਸੀ?”
“ਜੀ ਹਾਂ।” ਉਸਨੇ ਫੇਰ ਉਹੀ ਕਿਹਾ, ਪਰ ਇਸ ਵਾਰੀ ਆਪਣੇ ਜਵਾਬ ਨਾਲ ਕੋਈ ਸਫ਼ਾਈ ਨਹੀਂ ਜੋੜੀ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਸਨੇ ਦੱਸਿਆ, “ਅੰਤੇਸ਼ਟੀ ਵਾਲੇ ਦਿਨ ਇਹਨਾਂ ਦੀ ਉਦਾਸੀਨਤਾ ਤੇ ਠੰਢੇਪਨ ਨੂੰ ਦੇਖ ਕੇ ਵਾਕੱਈ ਮੈਨੂੰ ਬੜੀ ਹੈਰਾਨੀ ਹੋਈ ਸੀ।” ਫੇਰ ਪੁੱਛਿਆ ਗਿਆ, “ਇਹਦੀ ਉਦਾਸੀਨਤਾ ਤੇ ਠੰਢੇਪਨ ਤੋਂ ਕੀ ਭਾਵ?” ਇਸ 'ਤੇ ਉਹ ਨੀਵੀਂ ਪਾਈ ਕੁਝ ਚਿਰ ਤੀਕ ਆਪਣੇ ਬੂਟਾਂ ਵੱਲ ਦੇਖਦਾ ਰਿਹਾ। ਫੇਰ ਦੱਸਣ ਲੱਗਾ, “ਨਾ ਤਾਂ ਇਹ ਨੇ ਆਪਣੀ ਮਾਂ ਦੀ ਲਾਸ਼ ਦੇ ਦਰਸ਼ਨਾਂ ਦੀ ਕੋਈ ਇੱਛਾ ਪ੍ਰਗਟ ਕੀਤੀ ਤੇ ਨਾ ਈ ਇਸ ਦੀਆਂ ਅੱਖਾਂ ਵਿਚ ਇਕ ਬੂੰਦ ਅੱਥਰੂ ਈ ਆਇਆ ਤੇ ਅੰਤੇਸ਼ਟੀ ਪਿੱਛੋਂ ਵੀ ਕਬਰ ਦੇ ਕੋਲ ਖਲੋਣ ਦੀ ਬਜਾਏ ਇਹ ਉੱਥੋਂ ਝੱਟ ਤੁਰ ਪਿਆ। ਦੂਜੀ ਇਕ ਹੋਰ ਗੱਲ ਨੇ ਮੈਨੂੰ ਚੱਕਰ ਵਿਚ ਪਾ ਦਿੱਤਾ। ਅੰਡਰਟੇਕਰ ਦਾ ਇਕ ਆਦਮੀ ਦੱਸਦਾ ਸੀ, ਇਸਨੂੰ ਆਪਣੀ ਮਾਂ ਦੀ ਉਮਰ ਵੀ ਨਈਂ ਸੀ ਪਤਾ।” ਥੋੜ੍ਹੀ ਦੇਰ ਚੁੱਪ ਰਹਿ ਕੇ ਜੱਜ ਨੇ ਵਾਰਡਨ ਨੂੰ ਪੁੱਛਿਆ ਕਿ 'ਇਹ ਜੋ ਕੁਝ ਉਸਨੇ ਦੱਸਿਆ ਏ, ਉਹ ਸਭ ਸਾਹਮਣੇ ਕਟਹਿਰੇ ਵਿਚ ਖੜ੍ਹੇ ਮੁਜਰਿਮ ਬਾਰੇ ਈ ਮੰਨਿਆਂ ਜਾਵੇ ਨਾ?' ਲੱਗਿਆ, ਇਸ ਸਵਾਲ 'ਤੇ ਵਾਰਡਨ ਛਿੱਥਾ-ਜਿਹਾ ਪੈ ਗਿਆ। ਉਦੋਂ ਈ ਜੱਜ ਨੇ ਕਿਹਾ, “ਇਸ ਤਰ੍ਹਾਂ ਦੇ ਸਵਾਲ ਪੁੱਛਣ ਦਾ ਵਿਧਾਨ ਏਂ, ਇਸ ਲਈ ਪੁੱਛਣ 'ਤੇ ਮਜ਼ਬੂਰ ਆਂ।”
ਸਰਕਾਰੀ ਵਕੀਲ ਨੂੰ ਪੁੱਛਿਆ ਗਿਆ ਕਿ ਉਸਨੇ ਤਾਂ ਕੋਈ ਗੱਲ ਨਹੀਂ ਪੁੱਛਣੀ? ਉਸਨੇ ਉੱਚੀ ਆਵਾਜ਼ ਵਿਚ ਜਵਾਬ ਦਿੱਤਾ, “ਬਿਲਕੁਲ ਨਈਂ, ਯੋਰ ਆਨਰ। ਮੈਂ ਜੋ ਜਾਣਨਾ ਚਾਹੁੰਦਾ ਸੀ, ਜਾਣ ਲਿਐ।” ਤੇ ਇਹ ਕਹਿ ਕੇ ਜਿਹਨਾਂ ਨਜ਼ਰਾਂ ਨਾਲ ਉਸਨੇ ਮੇਰੇ ਵੱਲ ਦੇਖਿਆ, ਉਹਨਾਂ ਦੇ ਨਾਲ-ਨਾਲ ਉਸਦੇ ਲਹਿਜੇ, ਚਿਹਰੇ ਦੇ ਜੇਤੂ ਭਾਵ ਵਿਚ ਕੁਝ ਅਜੀਬ-ਜਿਹੀ ਖਾਸ ਗੱਲ ਸੀ ਕਿ ਮੈਂ ਕੰਬ ਗਿਆ। ਵਰ੍ਹਿਆਂ ਤੋਂ ਜਿਹੜੀਆਂ ਗੱਲਾਂ ਦਾ ਚਿੱਤ-ਚੇਤਾ ਵੀ ਨਹੀਂ ਸੀ, ਉਹ ਉਸ ਛਿਣ ਮਹਿਸੂਸ ਕੀਤੀਆਂ। ਤੇ ਬੜੀ ਬੇਹੂਦੀ-ਜਿਹੀ ਇੱਛਾ ਹੋਈ ਕਿ ਉੱਚੀ-ਉੱਚੀ ਰੋਣ ਲੱਗ ਪਵਾਂ। ਪਹਿਲੀ ਵਾਰੀ ਅਹਿਸਾਸ ਹੋਇਆ ਕਿ ਇਹਨਾਂ ਸਾਰਿਆਂ ਦੇ ਮਨ ਵਿਚ ਮੇਰੇ ਲਈ ਕਿੰਨੀ ਵੱਧ ਨਫ਼ਰਤ ਏ।
ਜੂਰੀਆਂ ਤੇ ਮੇਰੇ ਵਕੀਲ ਨੇ ਤਾਂ ਵਾਰਡਨ ਤੋਂ ਕੁਝ ਨਹੀਂ ਪੁੱਛਣਾ, ਇਹ ਜਾਣ ਕੇ ਜੱਜ ਨੇ ਚੌਕੀਦਾਰ ਦੇ ਬਿਆਨ ਸੁਣੇ। ਕਟਹਿਰੇ ਵਿਚ ਪੈਰ ਧਰਦਿਆਂ ਹੋਇਆਂ ਚੌਕੀਦਾਰ ਨੇ ਇਕ ਨਜ਼ਰ ਮੇਰੇ ਉੱਤੇ ਮਾਰੀ, ਫੇਰ ਨਿਗਾਹ ਦੂਜੇ ਪਾਸੇ ਘੁਮਾਅ ਲਈ। ਜਿਰਹ ਵਿਚ ਉਸਨੇ ਵੀ ਇਹੀ ਬਿਆਨ ਦਿੱਤੇ ਕਿ ਮੈਂ ਸ਼ਵ ਦੇ ਦਰਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬੈਠਾ-ਬੈਠਾ ਸਿਗਰਟਾਂ ਫੂਕੀ ਗਿਆ ਸੀ ਤੇ ਵਿਸ਼ੇਸ਼ ਕਾਫੀ—ਕੈਫ ਅਲਾਯ—ਪੀਤੀ ਸੀ। ਪਹਿਲੀ ਵਾਰੀ ਲੱਗਿਆ ਕਿ ਗੁੱਸੇ ਦੀ ਲਹਿਰ ਅਦਾਲਤ ਵਿਚ ਇੱਧਰੋਂ-ਉੱਧਰ ਤੀਕ ਫ਼ੈਲ ਗਈ ਏ ਤੇ ਉਦੋਂ ਪਹਿਲੀ ਵਾਰੀ ਸਮਝ ਵਿਚ ਆਇਆ ਕਿ ਮੈਂ ਅਪਰਾਧੀ ਹਾਂ। ਮੇਰੇ ਸਿਗਰਟਾਂ ਤੇ ਕਾਫੀ ਪੀਣ ਬਾਰੇ ਚੌਕੀਦਾਰ ਨੇ ਜੋ ਕੁਝ ਦੱਸਿਆ ਸੀ, ਉਸਨੂੰ ਦੁਬਾਰਾ ਕੁਹਾਇਆ ਗਿਆ। ਸਰਕਾਰੀ ਵਕੀਲ ਨੇ ਘੁੰਮ ਕੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ। ਮੇਰੇ ਵਕੀਲ ਨੇ ਚੌਕੀਦਾਰ ਨੂੰ ਪੁੱਛਿਆ ਕਿ ਮੇਰੇ ਨਾਲ ਖ਼ੁਦ ਉਸਨੇ ਵੀ ਕਾਫੀ ਪੀਤੀ ਜਾਂ ਨਹੀਂ? ਸਰਕਾਰੀ ਵਕੀਲ ਨੇ ਇਸ ਉੱਤੇ ਸਖ਼ਤ ਇਤਰਾਜ਼ ਕੀਤਾ। ਗੁੱਸੇ ਵਿਚ ਕੂਕ ਕੇ ਪੁੱਛਿਆ, “ਮੈਨੂੰ ਦੱਸਿਆ ਜਾਵੇ ਕਿ ਇਸ ਅਦਾਲਤ ਵਿਚ ਮੁਜਰਿਮ ਕੌਣ ਏਂ? ਕਟਹਿਰੇ ਵਿਚ ਖੜ੍ਹਾ ਇਹ ਆਦਮੀ ਜਾਂ ਚੌਕੀਦਾਰ? ਯੋਰ ਆਨਰ, ਕਿਉਂਕਿ ਮੇਰੇ ਮਿੱਤਰ ਬਚਾਅ ਪੱਖ ਦੇ ਵਕੀਲ ਜਾਣਦੇ ਨੇ ਕਿ ਉਹਨਾਂ ਦੇ ਮੁਵੱਕਿਲ ਦੇ ਖ਼ਿਲਾਫ਼ ਅਕੱਟ ਤੇ ਕਾਫੀ ਸਬੂਤ ਨੇ, ਇਸ ਲਈ ਕੀ ਉਹ, ਆਪਣੇ ਖ਼ਿਆਲ ਵਿਚ, ਇੰਜ ਸਰਕਾਰੀ ਗਵਾਹ 'ਤੇ ਚਿੱਕੜ ਉਛਾਲ ਕੇ ਸਬੂਤ ਖ਼ਰਾਬ ਕਰ ਲੈਣਗੇ?” ਖ਼ੈਰ ਜੀ, ਜੱਜ ਨੇ ਚੌਕੀਦਾਰ ਨੂੰ ਸਵਾਲ ਦਾ ਜਵਾਬ ਦੇਣ ਲਈ ਕਿਹਾ।
ਬੁੱਢਾ ਚੌਕੀਦਾਰ ਰਤਾ ਸ਼ਰਮਾਇਆ ਫੇਰ ਮੂੰਹ ਵਿਚ ਬੁੜਬੁੜਾਇਆ, “ਹਾਂ ਜੀ, ਜਾਣਦਾ ਆਂ ਕਿ ਮੈਨੂੰ ਸਿਗਰਟ ਨਈਂ ਸੀ ਪੀਣੀ ਚਾਹੀਦੀ, ਪਰ ਜਦੋਂ ਇਹਨਾਂ ਸਾਹਬ ਨੇ ਪੇਸ਼ ਕੀਤੀ ਤਾਂ ਲਿਹਾਜ਼ ਦੀ ਖਾਤਰ ਮੈਂ ਲੈ ਲਈ ਸੀ।”
ਜੱਜ ਨੇ ਇਸ ਬਾਰੇ ਮੈਨੂੰ ਕੁਝ ਕਹਿਣ ਲਈ ਕਿਹਾ। “ਜੀ ਹਾਂ,” ਮੈਂ ਬੋਲਿਆ, “ਕਹਿਣਾ ਬਸ ਇਹੋ ਏ ਕਿ ਗਵਾਹ ਬਿਲਕੁਲ ਸਹੀ ਕਹਿ ਰਿਹਾ ਏ। ਮੈਂ ਈ ਇਸਨੂੰ ਸਿਗਰਟ ਪੇਸ਼ ਕੀਤੀ ਸੀ—ਇਹ ਸੱਚ ਏ।”
ਚੌਕੀਦਾਰ ਨੇ ਮੇਰੇ ਵੱਲ ਹੈਰਾਨੀ ਤੇ ਧੰਨਵਾਦ ਕਰਦੀਆਂ ਨਜ਼ਰਾਂ ਨਾਲ ਦੇਖਿਆ। ਫੇਰ ਕੁਝ ਚਿਰ ਗੁਣਗੁਣ ਕਰਦਾ ਰਿਹਾ ਤੇ ਫੇਰ ਹਕਲਾ-ਹਕਲਾ ਕੇ ਖ਼ੁਦ ਈ ਆਪਣੇ ਵੱਲੋਂ ਕਿਹਾ, “ਥੋੜ੍ਹੀ-ਜਿਹੀ ਕਾਫੀ ਲੈ ਲੈਣ ਦੀ ਗੱਲ ਤਾਂ ਮੈਂ ਈ ਕਹੀ ਸੀ ਜੀ।”
ਮੇਰੇ ਵਕੀਲ ਸਾਹਬ ਖ਼ੁਸ਼ੀ ਨਾਲ ਤੁੜ੍ਹਕੇ, “ਇਸ ਇਕਬਾਲ ਦੀ ਅਹਿਮੀਅਤ ਉੱਤੇ, ਸ਼੍ਰੀਮਾਨ ਜੂਰੀ ਗੌਰ ਕਰਨ।”
ਝੱਟ ਸਰਕਾਰੀ ਵਕੀਲ ਵੀ ਉੱਠਿਆ ਤੇ ਸਾਡੇ ਸਿਰਾਂ 'ਤੇ ਗੱਜਦਾ ਹੋਇਆ ਬੋਲਿਆ, “ਬਿਲਕੁਲ ਦਰੁਸਤ, ਇਸ 'ਤੇ ਸ਼੍ਰੀਮਾਨ ਜੂਰੀ ਜ਼ਰੂਰ ਗੌਰ ਕਰਨਗੇ ਤੇ ਇਸੇ ਨਤੀਜੇ 'ਤੇ ਪਹੁੰਚਣਗੇ ਕਿ ਅਣਜਾਣਪੁਣੇ ਜਾਂ ਭੁੱਲ ਕੇ ਕੋਈ ਤੀਸਰਾ ਆਦਮੀ ਜੇ ਮੁਜਰਿਮ ਨੂੰ ਕਾਫੀ ਦਾ ਪਿਆਲਾ ਪੇਸ਼ ਵੀ ਕਰ ਦਿੰਦਾ ਏ ਤਾਂ ਮੁਜਰਿਮ ਆਮ ਸ਼ਿਸ਼ਟਾਰ ਵਜੋਂ ਮਨ੍ਹਾਂ ਵੀ ਕਰ ਸਕਦਾ ਏ। ਘੱਟੋਘੱਟ ਹੋਰ ਕੁਛ ਨਈਂ ਤਾਂ ਉਸ ਵਿਚਾਰੀ ਔਰਤ ਦੀ ਲਾਸ਼ ਦੇ ਸਨਮਾਨ ਦੀ ਖਾਤਰ ਈ ਮਨ੍ਹਾਂ ਕਰ ਸਕਦਾ ਏ, ਜਿਸਨੇ ਮੁਜਰਿਮ ਨੂੰ ਇਸ ਧਰਤੀ 'ਤੇ ਜਨਮ ਦਿੱਤਾ।”
ਇਸ ਪਿੱਛੋਂ ਚੌਕੀਦਾਰ ਆਪਣੀ ਜਗ੍ਹਾ 'ਤੇ ਪਰਤ ਗਿਆ।
ਤੋਮਸ ਪੀਰੇ ਦੀ ਵਾਰੀ ਆਈ। ਇਕ ਅਰਦਲੀ ਸਹਾਰਾ ਦੇ ਕੇ ਉਸਨੂੰ ਕਟਹਿਰੇ ਤੀਕ ਲਿਆਇਆ। ਪੀਰੇ ਨੇ ਕਿਹਾ, “ਹਾਲਾਂਕਿ ਮੈਂ ਇਹਨਾਂ ਦੀ ਮਾਂ ਦਾ ਬੜਾ ਅੱਛਾ ਦੋਸਤ ਸਾਂ, ਪਰ ਇਹਨਾਂ ਨੂੰ ਅੰਤਮ-ਸੰਸਕਾਰ ਤੋਂ ਪਹਿਲਾਂ ਮੈਂ ਕਦੀ ਨਈਂ ਸੀ ਦੇਖਿਆ।” ਪੁੱਛਿਆ ਗਿਆ, “ਉਸ ਦਿਨ ਮੁਜਰਿਮ ਦਾ ਵਤੀਰਾ ਕੈਸਾ ਸੀ?”
ਪੀਰੇ ਨੇ ਦੱਸਿਆ, “ਜੀ ਤੁਸੀਂ ਤਾਂ ਜਾਣਦੇ ਈ ਓਂ—ਮੈਂ ਖ਼ੁਦ ਉਸ ਦਿਨ ਬੜਾ ਦੁੱਖੀ ਸਾਂ। ਏਨਾ ਵੱਧ ਦੁੱਖੀ ਸਾਂ ਕਿ ਕਿਸੇ ਪਾਸੇ ਧਿਆਨ ਈ ਨਈਂ ਸਾਂ ਦੇ ਸਕਿਆ। ਸ਼ਾਇਦ ਦੁੱਖ ਨੇ ਮੈਨੂੰ ਸੁੰਨਮੁੰਨ ਕਰ ਦਿੱਤਾ ਸੀ। ਆਪਣੇ ਨਜ਼ਦੀਕੀ ਸਾਥੀ ਦਾ ਇੰਜ ਚਲੇ ਜਾਣਾ ਈ ਮੇਰੇ ਲਈ ਏਡਾ ਵੱਡਾ ਧੱਕਾ ਸੀ ਕਿ ਦਫ਼ਨਾਉਣ ਸਮੇਂ ਮੈਨੂੰ ਤਾਂ ਆਪਣਾ ਈ ਹੋਸ਼ ਨਈਂ ਸੀ ਰਿਹਾ ਜੀ। ਇਸ ਲਈ ਇਸ ਲੜਕੇ ਵੱਲ ਮੇਰਾ ਧਿਆਨ ਬਿਲਕੁਲ ਈ ਨਈਂ ਸੀ ਗਿਆ।”
ਸਰਕਾਰੀ ਵਕੀਲ ਨੇ ਸਵਾਲ ਕੀਤਾ, “ਤੁਸੀਂ ਅਦਾਲਤ ਨੂੰ ਏਨਾ ਦੱਸ ਦਿਓ ਕਿ ਉਸ ਦਿਨ ਮੁਜਰਿਮ ਰੋਇਆ ਸੀ ਕਿ ਨਈਂ?” ਤੇ ਜਦੋਂ ਪੀਰੇ ਨੇ ਦੱਸਿਆ ਕਿ 'ਨਈਂ ਦੇਖਿਆ' ਤਾਂ ਉਸਨੇ ਆਪਣੀ ਗੱਲ ਉੱਤੇ ਜ਼ੋਰ ਦੇ ਕੇ ਕਿਹਾ, “ਯਕੀਨ ਏ, ਸ਼੍ਰੀਮਾਨ ਜੂਰੀ ਇਸ ਗੱਲ ਉੱਤੇ ਗੌਰ ਫਰਮਾਉਣਗੇ।”
ਤੁਰੰਤ ਮੇਰੇ ਵਕੀਲ ਸਾਹਬ ਉੱਠ ਖੜ੍ਹੇ ਹੋਏ ਤੇ ਕੜਕ ਕੇ ਬੋਲੇ, “ਬਾਬਾ ਜੀ, ਚੰਗੀ ਤਰ੍ਹਾਂ ਸੋਚ ਲਓ। ਸਹੁੰ ਖਾ ਕੇ ਕਹੋ ਕਿ ਤੁਸੀਂ ਇਹਨਾਂ ਨੂੰ ਇਕ ਬੂੰਦ ਅੱਥਰੂ ਵਹਾਉਂਦਿਆਂ ਨਈਂ ਦੇਖਿਆ?” ਮੈਨੂੰ ਵਕੀਲ ਦੇ ਲਹਿਜੇ ਤੋਂ ਲੱਗਿਆ ਕਿ ਉਹ ਖਾਹਮਖਾਹ ਈ ਵਿਚਾਰੇ ਨੂੰ ਧਮਕਾ ਰਿਹਾ ਏ।
ਪੀਰੇ ਨੇ ਜਵਾਬ ਦਿੱਤਾ, “ਨਈਂ ਜੀ।”
ਹੀਹੀ-ਹੀ-ਹੀ-ਹੀ—ਕੁਝ ਲੋਕ ਬੇਹੂਦੇ ਢੰਗ ਨਾਲ ਹੱਸ ਪਏ। ਮੇਰੇ ਵਕੀਲ ਨੇ ਝਟਕੇ ਨਾਲ ਆਪਣੇ ਚੋਗੇ ਦੀ ਬਾਂਹ ਪਿੱਛੇ ਖਿੱਚੀ ਤੇ ਖਿਝ ਕੇ ਕਿਹਾ, “ਇਹ ਤਰੀਕਾ ਏ ਸਾਡਾ ਮੁਕੱਦਮਾ ਚਲਾਉਣ ਦਾ। ਸੱਚਾਈ ਨੂੰ ਪਰਖਣ ਤੇ ਉਜਾਗਰ ਕਰਨ ਦੀ ਕਿਸੇ ਨੂੰ ਚਿੰਤਾ ਈ ਨਈਂ...”
ਸਰਕਾਰੀ ਵਕੀਲ ਨੇ ਇਸ ਕਥਨ 'ਤੇ ਕੰਨ ਨਾ ਧਰਿਆ ਤੇ ਉਦਾਸੀਨਤਾ ਦਾ ਭਾਵ ਦਿਖਾਉਂਦਾ ਹੋਇਆ ਪੈਨਸਿਲ ਨਾਲ ਵਕਾਲਤਨਾਮੇ ਦੇ ਕਵਰ ਉੱਤੇ ਹੌਲੀ-ਹੌਲੀ, ਠਕ-ਠਕ, ਕਰਦਾ ਰਿਹਾ।
ਪੰਜ ਮਿੰਟਾਂ ਲਈ ਛੁੱਟੀ ਹੋ ਗਈ। ਇਸ ਦੌਰਾਨ ਮੇਰੇ ਵਕੀਲ ਸਾਹਬ ਨੇ ਆ ਕੇ ਦੱਸਿਆ ਕਿ ਮੁਕੱਦਮਾ ਅਲਸ ਵਿਚ ਬੜੇ ਅੱਛੇ ਢੰਗ ਨਾਲ ਅੱਗੇ ਵਧ ਰਿਹਾ ਏ। ਇਸ ਪਿੱਛੋ ਸੇਲੇਸਤੇ ਨੂੰ ਆਵਾਜ਼ ਪਈ। ਦੱਸਿਆ ਗਿਆ ਕਿ ਉਹ ਬਚਾਅ ਪੱਖ ਦਾ ਗਵਾਹ ਏ। ਬਚਾਅ ਪੱਖ ਦਾ ਅਰਥ ਸੀ ਮੈਂ।
ਸੇਲੇਸਤੇ ਵਾਰ-ਵਾਰ ਮੇਰੇ ਵੱਲ ਦੇਖ ਲੈਂਦਾ ਸੀ ਤੇ ਗਵਾਹੀ ਦਿੰਦਾ ਹੋਇਆ ਦੋਵਾਂ ਹੱਥਾਂ ਨਾਲ ਆਪਣਾ ਪਾਨਾਮਾ ਹੈਟ ਮਸਲੀ ਗਿਆ ਸੀ। ਇਸ ਸਮੇਂ ਉਸਨੇ ਆਪਣਾ ਸਭ ਤੋਂ ਵਧੀਆ ਸੂਟ ਪਾਇਆ ਹੋਇਆ ਸੀ। ਪਹਿਲਾਂ ਇਕ ਐਤਵਾਰ ਨੂੰ ਇਸੇ ਸੂਟ ਵਿਚ ਉਹ ਮੇਰੇ ਨਾਲ ਘੋੜ ਦੌੜ ਦੇਖਣ ਗਿਆ ਸੀ। ਪਰ ਇਸ ਵਾਰੀ ਦੇਖ ਕੇ ਲੱਗਿਆ ਕਿ ਕਾਲਰ ਠੀਕ ਤਰ੍ਹਾਂ ਨਹੀਂ ਲੱਗਿਆ ਏ ਤੇ ਕਮੀਜ਼ ਦਾ ਇਕ ਪਿੱਤਲ ਦਾ ਬਟਨ ਢਿਲਕ ਕੇ ਸਿਰਫ਼ ਅਟਕਿਆ ਹੋਇਆ ਏ। ਪੁੱਛਿਆ ਗਿਆ ਕਿ ਕੀ ਮੈਂ ਉਸਦੇ ਗਾਹਕਾਂ ਵਿਚੋਂ ਹਾਂ? ਤਾਂ ਜਵਾਬ ਦਿੱਤਾ, “ਹਾਂ ਜੀ, ਨਾਲੇ ਦੋਸਤ ਵੀ ਏ ਜੀ।” ਫੇਰ ਸਵਾਲ ਹੋਇਆ ਕਿ 'ਸੇਲੇਸਤੇ ਦੀ ਮੇਰੇ ਬਾਰੇ ਕੀ ਰਾਏ ਏ?' ਸੇਲੇਸਤੇ ਨੇ ਕਿਹਾ ਕਿ 'ਮੈਂ ਬੜਾ ਭਲ਼ਾ ਆਦਮੀ ਆਂ, ਯਕਦਮ ਚੌਕਸ ਆਦਮੀ।' ਪੁੱਛਿਆ ਗਿਆ, “ਯਕਦਮ ਚੌਕਸ ਤੋਂ ਤੁਹਾਡਾ ਕੀ ਮਤਲਬ ਏ, ਜ਼ਰਾ ਖੁਲਾਸਾ ਕਰੋ।” ਤਾਂ ਉਸਨੇ ਕਿਹਾ ਕਿ 'ਇਸਦਾ ਮਤਲਬ ਹਰ ਕੋਈ ਜਾਣਦਾ ਏ।'
“ਕੀ ਇਹ ਆਦਮੀ ਦਿਲ ਦਾ ਘੁੰਨਾਂ ਏਂ?”
“ਜੀ ਨਈਂ।” ਸੇਲੇਸਤੇ ਨੇ ਜਵਾਬ ਦਿੱਤਾ, “ਘੁੰਨਾਂ ਤਾਂ ਮੈਂ ਨਈਂ ਕਹਾਂਗਾ, ਹਾਂ, ਹੋਰ ਲੋਕਾਂ ਵਾਂਗ ਬੇਵਾਹ ਬਕਵਾਸ ਨਈਂ ਕਰਦਾ ਫਿਰਦਾ ਜੀ।”
ਸਰਕਾਰੀ ਵਕੀਲ ਨੇ ਜਾਣਨਾ ਚਾਹਿਆ ਕਿ ਜਦੋਂ ਸੇਲੇਸਤੇ ਮੈਨੂੰ ਮਹੀਨੇ ਦਾ ਬਿੱਲ ਦਿੰਦਾ ਏ ਤਾਂ ਕੀ ਮੈਂ ਨੇਮ ਨਾਲ ਭੁਗਤਾਨ ਕਰ ਦਿੰਦਾ ਹਾਂ ਜਾਂ ਟਾਲ-ਮਟੋਲ ਕਰਦਾ ਹਾਂ? ਇਸ 'ਤੇ ਸੇਲੇਸਤੇ ਹੱਸ ਪਿਆ, “ਜੀ, ਖੜ੍ਹਾ-ਖੜ੍ਹਾ, ਪਾਈ ਪਾਈ ਦੇ ਦਿੰਦਾ ਸੀ। ਪਰ ਮੇਰੇ 'ਤੇ ਇਹਦੇ ਵਿਚ ਬਿੱਲ ਤਾਂ ਸਿਰਫ਼ ਨਾਂ ਦਾ ਈ ਹੁੰਦਾ ਸੀ।” ਤਦ ਮੇਰੇ ਇਸ ਅਪਰਾਧ ਬਾਰੇ ਉਸਦਾ ਆਪਣਾ ਵਿਚਾਰ ਪੁੱਛਿਆ ਗਿਆ। ਇਸ 'ਤੇ ਜਿਸ ਢੰਗ ਨਾਲ ਉਸਨੇ ਕਟਹਿਰੇ ਦੇ ਡੰਡੇ 'ਤੇ ਹੱਥ ਰੱਖੇ, ਉਸ ਤੋਂ ਲੱਗਿਆ ਕਿ ਉਹ ਬਾਕਇਦਾ ਭਾਸ਼ਣ ਤਿਆਰ ਕਰਕੇ ਲਿਆ ਏ।
“ਮੇਰੇ ਖ਼ਿਆਲ ਵਿਚ ਤਾਂ ਭਾਵੇਂ ਇਸ ਨੂੰ ਕਿਸਮਤ ਦੀ ਮਾਰ ਕਹਿ ਲਓ ਜਾਂ ਫੇਰ ਸੰਯੋਗ। ਤੇ ਜਦ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਂਦੀ ਏ ਤਾਂ ਆਦਮੀ ਉਂਜ ਈ ਹੋਸ਼-ਹਵਾਸ ਭੁੱਲ ਬਹਿੰਦਾ ਏ ਜੀ।”
ਉਸਦਾ ਇਰਾਦਾ ਤਾਂ ਬੋਲਦੇ ਰਹਿਣ ਦਾ ਸੀ, ਪਰ ਜੱਜ ਨੇ ਵਿਚਕਾਰ ਈ ਟੋਕ ਦਿੱਤਾ, “ਤੁਸੀਂ ਠੀਕ ਕਹਿੰਦੇ ਓਂ। ਅੱਛਾ ਬਸ ਸ਼ੁਕਰੀਆ!”
ਪਲ ਕੁ ਲਈ ਤਾਂ ਲੱਗਿਆ ਜਿਵੇਂ ਸੇਲੇਸਤੇ ਬੌਂਦਲ ਗਿਆ ਏ। ਬੋਲਿਆ ਕਿ ਅਜੇ ਉਸਦੀ ਗੱਲ ਪੂਰੀ ਨਹੀਂ ਹੋਈ। ਗੱਲ ਜਾਰੀ ਰੱਖਣ ਦੀ ਆਗਿਆ ਤਾਂ ਉਸਨੂੰ ਮਿਲ ਗਈ ਪਰ ਸੰਖੇਪ ਵਿਚ ਕਹਿਣ ਲਈ ਕਿਹਾ ਗਿਆ।
ਪਰ ਉਹ ਵਾਰ-ਵਾਰ ਇਹੀ ਕਹਿੰਦਾ ਰਿਹਾ ਕਿ 'ਇਹ ਤਾਂ ਸਿਰਫ਼ ਇਕ ਸੰਯੋਗ ਦੀ ਗੱਲ ਐ ਜੀ।'
“ਹੋ ਸਕਦਾ ਏ ਸੰਯੋਗ ਈ ਹੋਵੇ,” ਜੱਜ ਸਾਹਬ ਨੇ ਕਿਹਾ, “ਪਰ ਅਸੀਂ ਲੋਕ ਵੀ ਤਾਂ ਇੱਥੇ ਇਸੇ ਲਈ ਬੈਠੇ ਆਂ ਕਿ ਅਜਿਹੇ ਸੰਯੋਗਾਂ ਉੱਤੇ ਕਾਨੂੰਨ ਦੇ ਨਜ਼ਰੀਏ ਨਾਲ ਵਿਚਾਰ ਕਰੀਏ। ਹੁਣ ਤੁਸੀਂ ਜਾ ਸਕਦੇ ਓਂ।”
ਸੇਲੇਸਤੇ ਘੁੰਮਿਆਂ ਤੇ ਮੇਰੇ ਵੱਲ ਬਿਨਾਂ ਅੱਖ ਝਪਕਾਏ ਦੇਖਦਾ ਰਿਹਾ—ਅੱਖਾਂ ਸਿੱਜਲ ਸਨ ਤੇ ਬੁੱਲ੍ਹ ਕੰਬ ਰਹੇ ਸਨ, ਜਿਵੇਂ ਇਹੀ ਕਹਿਣਾ ਚਾਹੁੰਦਾ ਹੋਏ, 'ਯਾਰ, ਦੇਖ ਤੇਰੇ ਲਈ ਜੋ ਬਣ ਸਕਿਆ ਸੋ ਮੈਂ ਕਰ ਦਿੱਤਾ। ਹੁਣ ਮਜ਼ਬੂਰ ਆਂ।'
ਨਾ ਤਾਂ ਮੈਂ ਮੂੰਹੋਂ ਕੁਝ ਕਿਹਾ ਤੇ ਨਾ ਈ ਉਹ ਆਪਣੀ ਥਾਂ ਤੋਂ ਹਿੱਲਿਆ-ਡੋਲਿਆ। ਪਰ ਜ਼ਿੰਦਗੀ ਵਿਚ ਪਹਿਲੀ ਵਾਰੀ ਇਕ ਮਰਦ ਨੂੰ ਚੁੰਮ ਲੈਣ ਨੂੰ ਜੀਅ ਕੀਤਾ।
ਜੱਜ ਨੇ ਫੇਰ ਸੇਲੇਸਤੇ ਨੂੰ ਆਪਣੀ ਜਗ੍ਹਾ 'ਤੇ ਚਲੇ ਜਾਣ ਦਾ ਹੁਕਮ ਦੁਹਰਾਇਆ। ਸੇਲੇਸਤੇ ਜਾ ਕੇ ਭੀੜ ਵਿਚ ਆਪਣੀ ਜਗ੍ਹਾ 'ਤੇ ਬੈਠ ਗਿਆ। ਬਾਕੀ ਸਾਰੀ ਸੁਣਵਾਈ ਸਮੇਂ, ਗੋਡਿਆਂ 'ਤੇ ਕੁਹਣੀਆਂ ਟਿਕਾਈ, ਹੱਥਾਂ ਵਿਚ ਪਾਨਾਮਾ ਹੈਟ ਲਈ ਮੁਕੱਦਮੇ ਦਾ ਇਕ-ਇਕ ਸ਼ਬਦ ਸੁਣਦਾ ਹੋਇਆ, ਜ਼ਰਾ ਅੱਗੇ ਵੱਲ ਝੁਕਿਆ ਬੈਠਾ ਰਿਹਾ।
ਅਗਲਾ ਨੰਬਰ ਮੇਰੀ ਦਾ ਸੀ। ਉਸਨੇ ਟੋਪ ਲਿਆ ਹੋਇਆ ਸੀ। ਉਂਜ ਖੁੱਲ੍ਹੇ ਵਾਲਾਂ ਵਿਚ ਈ ਉਹ ਮੈਨੂੰ ਚੰਗੀ ਲੱਗਦੀ ਸੀ, ਪਰ ਹੁਣ ਵੀ ਕਾਫੀ ਸੁੰਦਰ ਦਿਸ ਰਹੀ ਸੀ। ਜਿੱਥੇ ਮੈਂ ਬੈਠਾ ਸੀ ਉੱਥੋਂ ਉਸਦੀਆਂ ਸੁਡੌਲ ਛਾਤੀਆਂ ਦੇ ਉਭਾਰ ਝਲਕਦੇ ਦਿਸ ਰਹੇ ਸਨ। ਉਸਦਾ ਥੋੜ੍ਹਾ-ਜਿਹਾ ਮੋਟਾ ਹੇਠਲਾ ਬੁੱਲ੍ਹ ਹਮੇਸ਼ਾ ਮੇਰਾ ਦਿਲ ਖੋਹ ਲੈਂਦਾ ਏ। ਇਸ ਸਮੇਂ ਮੇਰੀ ਸ਼ਕਲ ਤੋਂ ਖਾਸੀ ਘਬਰਾਈ ਹੋਈ ਲੱਗ ਰਹੀ ਸੀ।
ਪਹਿਲਾ ਸਵਾਲ ਸੀ ਕਿ ਮੈਨੂੰ ਉਹ ਕਿੰਨੇ ਸਮੇਂ ਤੋਂ ਜਾਣਦੀ ਏ? ਉਸਨੇ ਜਵਾਬ ਦਿੱਤਾ ਕਿ 'ਇਹਨਾਂ ਦੇ ਦਫ਼ਤਰ ਵਿਚ ਨਾਲ ਕੰਮ ਕਰਦੀ ਸੀ, ਉਦੋਂ ਦੀ।' ਹੁਣ ਜੱਜ ਨੇ ਮੇਰੇ 'ਤੇ ਉਸਦੇ ਵਿਚਕਾਰ ਕੀ ਸੰਬੰਧ ਸਨ, ਇਹ ਜਾਣਨਾ ਚਾਹਿਆ। ਉਹ ਬੋਲੀ ਕਿ 'ਮੈਂ ਇਹਨਾਂ ਦੀ 'ਲੜਕੀ-ਦੋਸਤ' ਹਾਂ।' ਇਕ  ਹੋਰ ਸਵਾਲ ਦੇ ਜਵਾਬ ਵਿਚ ਉਸਨੇ ਸਵੀਕਾਰ ਕੀਤਾ ਕਿ ਉਸਨੇ ਮੇਰੇ ਨਾਲ ਸ਼ਾਦੀ ਕਰਨ ਦਾ ਵਚਨ ਦਿੱਤਾ ਏ। ਸਰਕਾਰੀ ਵਕੀਲ ਬੈਠਾ-ਬੈਠਾ ਸਾਹਮਣੇ ਰੱਖੇ ਦਸਤਾਵੇਜ਼ ਧਿਆਨ ਨਾਲ ਪੜ੍ਹ ਰਿਹਾ ਸੀ। ਜ਼ਰਾ ਤਿੱਖੀ ਆਵਾਜ਼ ਵਿਚ ਉੱਠ ਕੇ ਪੁੱਛਿਆ, “ਤੁਹਾਡੇ ਲੋਕਾਂ ਦਰਮਿਆਨ 'ਸਹਿਵਾਸ' ਕਦੋਂ ਤੋਂ ਸ਼ੁਰੂ ਹੋਇਆ?” ਮੇਰੀ ਨੇ ਤਾਰੀਖ਼ ਦੱਸ ਦਿੱਤੀ ਤਾਂ ਉਸਨੇ ਬੜੀ ਲਾਪ੍ਰਵਾਹੀ ਵਾਲੇ ਅੰਦਾਜ਼ ਵਿਚ, ਜਿਵੇਂ ਉਂਜ ਈ ਚਲੰਤ ਜਿਹਾ ਪੁੱਛ ਲਿਆ ਹੋਏ, ਪੁੱਛ ਲਿਆ, “ਯਾਨੀ ਕਹੀਏ, ਇਹਨਾਂ ਦੀ ਮਾਂ ਦੀ ਅੰਤੇਸ਼ਟੀ ਤੋਂ ਅਗਲੇ ਦਿਨਾਂ ਈ ਤਾਂ ਹੋਇਆ ਨਾ...?” ਫੇਰ ਯਕਦਮ ਇਸ ਸਵਾਲ ਨੂੰ ਓਵੇਂ ਈ ਵਿਚਾਲੇ ਛੱਡ ਕੇ ਉਸਨੇ ਜ਼ਰਾ ਵਿਅੰਗਮਈ ਲਹਿਜੇ ਵਿਚ ਕਿਹਾ, “ਇਹ ਵਿਸ਼ਾ ਕਿੰਨਾ ਨਾਜ਼ੁਕ ਏ, ਮੈਂ ਜਾਣਦਾ ਆਂ ਤੇ ਇਹ ਵੀ ਸੱਚੇ ਦਿਲ ਨਾਲ ਮਹਿਸੂਸ ਕਰ ਸਕਦਾਂ ਕਿ ਕਟਹਿਰੇ ਵਿਚ ਖੜ੍ਹੀ ਮੁਟਿਆਰ ਦੀ ਇਸ ਪ੍ਰਤੀ ਕੀ ਭਾਵਨਾ ਹੋਵੇਗੀ ਪਰ...” ਇੱਥੇ ਉਸਦੀ ਆਵਾਜ਼ ਵਿਚ ਕੁਸੈਲ ਘੁਲ ਗਈ, “ਪਰ ਕੀ ਕਰਾਂ, ਮੇਰਾ ਫਰਜ਼ ਇਹਨਾਂ ਕੋਮਲ ਭਾਵਨਾਵਾਂ ਦਾ ਧਿਆਨ ਕਰਨ ਤੋਂ ਰੋਕਦਾ ਏ...”
ਏਨੀ ਭੂਮਿਕਾ ਦੇ ਬਾਅਦ ਉਸਨੇ ਮੇਰੀ ਨੂੰ ਉਸ ਦਿਨ ਦਾ ਸਾਰਾ ਬਿਓਰਾ ਸੁਣਾ ਦੇਣ ਲਈ ਕਿਹਾ, ਜਿਸ ਦਿਨ ਮੈਂ ਪਹਿਲੀ ਵਾਰੀ ਉਸਦੇ ਨਾਲ 'ਸੰਭੋਗ' ਕੀਤਾ ਸੀ। ਪਹਿਲਾਂ ਤਾਂ ਮੇਰੀ ਸਵਾਲ ਦਾ ਜਵਾਬ ਦੇਣ ਲਈ ਈ ਤਿਆਰ ਨਹੀਂ ਹੋਈ, ਪਰ ਸਰਕਾਰੀ ਵਕੀਲ ਜ਼ਿਦ ਕਰਦਾ ਰਿਹਾ। ਆਖ਼ਰ ਉਸਨੇ ਦੱਸ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਲੋਕ ਨਹਾਉਂਣ ਸਮੇਂ ਮਿਲੇ, ਕਿੰਜ ਸਿਨਮੇ ਗਏ ਤੇ ਫੇਰ ਕਿੰਜ ਇਕੱਠੇ ਕਮਰੇ ਵਿਚ ਆਏ। ਹੁਣ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਮੁਕੱਦਮੇ ਦੇ ਸਿਲਸਿਲੇ ਵਿਚ ਮੇਰੀ ਨੇ ਮਜਿਸਟਰੇਟ ਸਾਹਮਣੇ ਜਿਹੜਾ ਬਿਆਨ ਦਿੱਤੇ ਸੀ ਉਹਨਾਂ ਦੇ ਆਧਾਰ 'ਤੇ ਉਸਨੇ ਉਸ ਤਾਰੀਖ਼ ਤੇ ਸਿਨਮਾ-ਪ੍ਰੋਗਰਾਮ ਦਾ ਅਧਿਅਨ ਕੀਤਾ ਏ ਕਿ ਕਿਸ ਸਿਨੇਮਾ-ਘਰ ਵਿਚ ਕਿਹੜੀ-ਕਿਹੜੀ ਫ਼ਿਲਮ ਚੱਲ ਰਹੀ ਸੀ। ਫੇਰ ਮੇਰੀ ਨੂੰ ਉਸਨੇ ਉਸ ਫ਼ਿਲਮ ਦਾ ਨਾਂ ਦੱਸਣ ਲਈ ਕਿਹਾ, ਜਿਹੜੀ ਅਸੀਂ ਦੇਖਣ ਗਏ ਸੀ। ਬੜੀ ਦੱਬਵੀਂ ਜ਼ਬਾਨ ਵਿਚ ਮੇਰੀ ਨੇ ਦੱਸਿਆ ਕਿ 'ਕੋਈ ਫ਼ਿਲਮ ਸੀ ਜਿਸ ਵਿਚ ਫਰਨਾਂਦੇਲ ਨੇ ਕੰਮ ਕੀਤਾ ਏ।' ਜਿਵੇਂ ਈ ਉਸਨੇ ਆਪਣੀ ਗੱਲ ਖ਼ਤਮ ਕੀਤੀ, ਅਦਾਲਤ ਵਿਚ ਸੰਨਾਟਾ ਛਾ ਗਿਆ ਕਿ ਸੂਈ ਡਿੱਗੇ ਤਾਂ ਵੀ ਸੁਣ ਲਓ।
ਬੜਾ ਸੰਜੀਦਾ-ਜਿਹਾ ਚਿਹਰਾ ਬਣਾ ਕੇ ਸਰਕਾਰੀ ਵਕੀਲ ਸਿੱਧਾ ਤਣ ਕੇ ਖੜ੍ਹਾ ਹੋ ਗਿਆ ਤੇ ਮੇਰੀ ਵੱਲ ਉਂਗਲ ਸਿੰਨ੍ਹ ਕੇ ਜਿਸ ਲਹਿਜੇ ਵਿਚ ਬੋਲਿਆ, ਉਸ ਤੋਂ ਸ਼ਰਤੀਆ ਲੱਗਿਆ ਕਿ ਸੱਚਮੁੱਚ ਉਤੇਜਤ ਹੋ ਗਿਆ ਏ।
“ਮਾਣਯੋਗ ਸ਼੍ਰੀਮਾਨ ਜੂਰੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਉੱਤੇ ਜ਼ਰੂਰ ਗੌਰ ਫਰਮਾਓ ਕਿ ਮਾਂ ਦੀ ਅੰਤੇਸ਼ਟੀ ਤੋਂ ਐਨ ਅਗਲੇ ਦਿਨ ਇਹ ਵਿਅਕਤੀ ਤੈਰਨ ਲਈ ਘਾਟ 'ਤੇ ਜਾਂਦਾ ਏ, ਇਸ ਕੁੜੀ ਨਾਲ ਸਹਿਵਾਸ ਸ਼ੁਰੂ ਕਰਦਾ ਏ, ਤੇ ਮਜ਼ਾਕੀਆ ਫ਼ਿਲਮ ਦੇਖਣ ਪਹੁੰਚਦਾ ਏ। ਬਸ, ਮੈਂ ਇਹੀ ਕਹਿਣਾ ਏ।”
ਉਹ ਬੈਠ ਗਿਆ ਤਦ ਵੀ ਮੌਨ ਭਰੀ ਉਹੀ ਖ਼ਾਮੋਸ਼ੀ ਛਾਈ ਰਹੀ। ਫੇਰ ਅਚਾਨਕ ਮੇਰੀ ਫੁੱਟ-ਫੁੱਟ ਕੇ ਰੋਣ ਲੱਗ ਪਈ। ਕਹਿਣ ਲੱਗੀ ਕਿ ਸਰਕਾਰੀ ਵਕੀਲ ਨੇ ਉਸਦੀ ਗੱਲ ਨੂੰ ਉੱਕਾ ਗ਼ਲਤ ਸਮਝਿਆ ਏ। ਸੱਚਮੁੱਚ ਅਜਿਹੀ ਗੱਲ ਕਤਈ ਨਹੀਂ ਸੀ। ਉਸਨੇ ਕਮਲ-ਕੁੱਤੇ ਲਾ ਕੇ, ਉਸ ਤੋਂ ਐਨ ਉਲਟੀ ਗੱਲ ਅਖਵਾ ਲਈ ਗਈ ਏ। ਉਸਦਾ ਮਤਲਬ ਕਦੀ ਵੀ ਇਹ ਨਹੀਂ ਸੀ। ਉਹ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦੀ ਏ, ਉਸਨੂੰ ਪੱਕਾ ਭਰੋਸਾ ਏ ਕਿ ਮੈਂ ਕਦੀ ਕਿਸੇ ਦਾ ਕੁਝ ਨਹੀਂ ਵਿਗਾੜਿਆ...ਵਗ਼ੈਰਾ, ਵਗ਼ੈਰਾ। ਪ੍ਰਧਾਨ ਜੱਜ ਦੇ ਇਸ਼ਾਰੇ 'ਤੇ ਇਕ ਅਰਦਲੀ ਮੇਰੀ ਨੂੰ ਹਟਾਅ ਲੈ ਗਿਆ। ਸੁਣਵਾਈ ਜਾਰੀ ਰਹੀ।
ਮੈਸਨ ਅਗਲਾ ਗਵਾਹ ਸੀ, ਪਰ ਉਸਦੀ ਗੱਲ ਸ਼ਾਇਦ ਕਿਸੇ ਨੇ ਸੁਣੀ ਈ ਨਹੀਂ। ਉਸਨੇ ਬਿਆਨ ਦਿੱਤਾ ਕਿ ਮੈਂ ਇਕ ਇੱਜ਼ਤਦਾਰ ਨੌਜਵਾਨ 'ਤੇ ਕੀ ਕਿਹਾ' ਸੱਜਣ ਆਦਮੀ ਹਾਂ। ਸਲਾਮਾਨੋ ਨੇ ਦੱਸਿਆ ਕਿ ਮੈਂ ਹਮੇਸ਼ਾ ਉਸਦੇ ਕੁੱਤੇ ਦੇ ਪ੍ਰਤੀ ਕਿੰਨਾ ਦਿਆਲੂ ਰਿਹਾਂ। ਜਾਂ ਮੇਰੀ ਮਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਸਨੇ ਕਿਹਾ ਕਿ ਮੇਰੇ ਤੇ ਮਾਂ ਦੇ ਵਿਚਕਾਰ ਸੱਚਮੁੱਚ ਇਕੋ-ਜਿਹੀ ਕੋਈ ਗੱਲ ਨਹੀਂ ਸੀ। ਉਹ ਪੂਰਬ ਸੀ ਤੇ ਮੈਂ ਪੱਛਮ। ਇਹੀ ਕਾਰਨ ਸੀ ਕਿ ਮੈਂ ਉਹਨਾਂ ਨੂੰ ਆਸ਼ਰਮ ਵਿਚ ਰੱਖਣ ਦਾ ਇੰਤਜ਼ਾਮ ਕੀਤਾ ਸੀ। ਉਹ ਵਾਰੀ-ਵਾਰੀ ਇਹ ਵੀ ਕਹਿੰਦਾ ਰਿਹਾ, 'ਤੁਹਾਨੂੰ ਲੋਕਾਂ ਨੂੰ ਸਮਝ ਲੈਣਾ ਚਾਹੀਦੈ...ਤੁਹਾਨੂੰ ਲੋਕਾਂ ਨੂੰ ਸਮਝ ਲੈਣਾ ਚਾਹੀਦੈ...।' ਪਰ ਕੋਈ ਉਸਦੀ ਗੱਲ ਨੂੰ ਸਮਝਦਾ ਨਹੀਂ ਸੀ ਲੱਗ ਰਿਹਾ। ਕਿਸੇ ਨੇ ਉਸਦੀ ਗੱਲ ਈ ਨਹੀਂ ਸੀ ਸੁਣੀ। ਹੁਣ ਉਸਨੂੰ ਵੀ ਜਾਣ ਦਾ ਹੁਕਮ ਮਿਲਿਆ।
ਇਸ ਪਿੱਛੋਂ ਸੀ ਆਖ਼ਰੀ ਗਵਾਹ, ਰੇਮੰਡ। ਉਸਨੇ ਹੱਥ ਹਿਲਾਅ ਕੇ ਮੇਰਾ ਸਤਿਕਾਰ ਕੀਤਾ। ਪਰ ਮੈਂ ਬੇਕਸੂਰ ਹਾਂ, ਇਹ ਦੱਸਦਾ-ਦੱਸਦਾ ਪਤਾ ਨਹੀਂ ਕਿੱਧਰ ਭਟਕ ਗਿਆ। ਜੱਜ ਨੇ ਉਸਨੂੰ ਝਿੜਕ ਦਿੱਤਾ।
“ਤੁਸੀਂ ਇੱਥੇ ਗਵਾਹੀ ਦੇਣ ਆਏ ਓ, ਮੁਕੱਦਮੇ 'ਤੇ ਆਪਣੀ ਰਾਏ ਨਈਂ। ਜੋ ਸਵਾਲ ਪੁੱਛਿਆ ਜਾਵੇ, ਸਿਰਫ਼ ਉਸ ਦਾ ਜਵਾਬ ਦਿਓ।”
ਮਰਨ ਵਾਲੇ ਨਾਲ ਰੇਮੰਡ ਦਾ ਸੰਬੰਧ ਕੈਸਾ ਤੇ ਕੀ ਸੀ? ਜਦੋਂ ਇਹ ਸਵਾਲ ਕੀਤਾ ਗਿਆ ਤਾਂ ਉਸਨੂੰ ਆਪਣੀ ਸਫ਼ਾਈ ਦੇਣ ਦਾ ਮੌਕਾ ਮਿਲ ਗਿਆ। ਉਸਨੇ ਦੱਸਿਆ ਕਿ ਮਰਨ ਵਾਲੇ ਦੀ ਘਰੇੜ ਰੇਮੰਡ ਨਾਲ ਸੀ, ਨਾ ਕਿ ਮੇਰੇ ਨਾਲ। ਕਿਉਂਕਿ ਉਸੇ ਨੇ ਮਰਨ ਵਾਲੇ ਅਰਬ ਦੀ ਭੈਣ ਨੂੰ ਕੁੱਟਿਆ ਸੀ। ਮੇਰਾ ਉਸ ਬਹਿਸ ਨਾਲ ਕੀ ਲੈਣਾ-ਦੇਣਾ? ਜੱਜ ਨੇ ਸਵਾਲ ਕੀਤਾ ਕਿ 'ਕੀ ਮੁਜਰਿਮ ਨਾਲ ਨਫ਼ਰਤ ਕਰਨ ਦਾ, ਮਰਨ ਵਾਲੇ ਕੋਲ ਕੋਈ ਕਾਰਨ ਸੀ?' ਰੇਮੰਡ ਬੋਲਿਆ, “ਇਹ ਤਾਂ ਸਿਰਫ਼ ਇਤਫ਼ਾਕ ਨਾਲ ਈ ਉਸ ਦਿਨ ਸਵੇਰੇ ਉੱਥੇ ਸਮੁੰਦਰ ਤਟ 'ਤੇ ਮੌਜੂਦ ਸੀ।”
“ਜੇ ਇਹੋ ਏ ਤਾਂ...” ਸਰਕਾਰੀ ਵਕੀਲ ਨੇ ਸਵਾਲ ਕੀਤਾ, “ਇਹ ਸਾਰੀ ਦੁਰਘਟਨਾ ਜਿਸ ਚਿੱਠੀ ਕਾਰਨ ਹੋਈ, ਉਹ ਚਿੱਠੀ ਮੁਜਰਿਮ ਦੀ ਕਰਤੂਤ ਕਿਵੇਂ ਹੋ ਗਈ?”
ਰੇਮੰਡ ਨੇ ਜਵਾਬ ਦਿੱਤਾ, “ਇਸ ਨੂੰ ਵੀ ਇਕ ਸੰਯੋਗ ਦੀ ਗੱਲ ਈ ਸਮਝੋ।”
ਇਸ ਉੱਤੇ ਸਰਕਾਰੀ ਵਕੀਲ ਖਿਝ-ਕਰਿਝ ਕੇ ਬੋਲਿਆ ਕਿ ਲੱਗਦਾ ਏ, ਇਸ ਮੁਕੱਦਮੇ ਵਿਚ 'ਸੰਯੋਗ' ਜਾਂ ਸਿਰਫ਼ 'ਇਤਿਫ਼ਾਕ' ਦਾ ਬੜਾ ਵੱਡਾ ਹੱਥ ਏ। “ਫੇਰ ਕੀ ਇਸ ਨੂੰ ਵੀ ਸੰਯੋਗ ਈ ਮੰਨ ਲਿਆ ਜਾਵੇ ਕਿ ਜਦੋਂ ਤੁਸੀਂ ਆਪਣੀ ਪ੍ਰੇਮਿਕਾ ਨੂੰ ਕੁੱਟਿਆ ਤਾਂ ਮੁਜਰਿਮ ਨੇ ਵਿਚ ਪੈ ਕੇ ਕੋਈ ਬਚਾਅ ਨਈਂ ਕੀਤਾ? ਤੇ ਕੀ ਇਸ ਸੰਯੋਗ ਰੂਪੀ ਜੀਵ ਦੀ ਖਾਤਰ ਈ ਮੁਜਰਿਮ ਨੇ ਥਾਣੇ ਜਾ ਕੇ ਤੁਹਾਡੇ ਲਈ ਹਲਫ਼ ਉਠਾਇਆ ਤੇ ਉਸ ਮੌਕੇ ਤੁਹਾਡੇ ਪੱਖ ਵਿਚ ਅੱਖਾਂ ਮੀਚ ਕੇ ਬਿਆਨ ਦੇ ਦਿੱਤੇ?” ਸਭ ਤੋਂ ਅਖ਼ੀਰ ਵਿਚ ਸਰਕਾਰੀ ਵਕੀਲ ਨੇ ਰੇਮੰਡ ਦੇ ਰੁਜ਼ਗਾਰ-ਧੰਦੇ ਬਾਰੇ ਜਾਣਨਾ ਚਾਹਿਆ।
ਜਦੋਂ ਰੇਮੰਡ ਨੇ ਦੱਸਿਆ ਕਿ ਉਹ ਮਾਲ ਗੁਦਾਮ ਵਿਚ ਨੌਕਰ ਏ ਤਾਂ ਸਰਕਾਰੀ ਵਕੀਲ ਨੇ ਜੂਰੀਆਂ ਨੂੰ ਕਿਹਾ, “ਯੋਰ ਆਨਰ, ਹਰ ਕੋਈ ਦੱਸਦਾ ਏ ਕਿ ਗਵਾਹ ਔਰਤਾਂ ਦੀ ਕਮਾਈ 'ਤੇ ਰਹਿੰਦਾ ਏ। ਤੇ ਇਹ ਮੁਜਰਿਮ ਗਵਾਹ ਦਾ ਜਿਗਰੀ ਦੋਸਤ ਤੇ ਸੱਜਾ ਹੱਥ ਰਿਹਾ ਏ।” ਵਕੀਲ ਸਾਹਬ ਦੇ ਹਿਸਾਬ ਨਾਲ, ਅਸਲ ਵਿਚ, ਇਸ ਅਪਰਾਧ ਦੀ ਜੜ ਵਿਚ ਈ ਅੰਤਾਂ ਦੀ ਅਕੱਥ ਗੰਦਗੀ ਭਰੀ ਹੋਈ ਸੀ। ਇਸ ਗੰਦਗੀ ਨੂੰ ਹੋਰ ਵੀ ਘਿਰਣਤ ਤੇ ਨਿੰਦਣਯੋਗ ਬਣਾ ਦਿੱਤਾ ਸੀ—ਮੇਰੇ ਵਰਗੇ ਅਧਰਮੀ-ਰਾਕਸ਼ਸ ਤੇ ਬੇਸ਼ਰਮ-ਬੇਹਯਾ ਲੋਕਾਂ ਨੇ।
ਇਸ 'ਤੇ ਰੇਮੰਡ ਬੁੜਬੁੜ ਕਰਨ ਲੱਗਾ। ਮੇਰੇ ਵਕੀਲ ਸਾਹਬ ਨੇ ਵਿਰੋਧ ਕੀਤਾ। ਪਰ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਪਹਿਲਾਂ ਸਰਕਾਰੀ ਵਕੀਲ ਨੂੰ ਆਪਣੀ ਗੱਲ ਪੂਰੀ ਕਰ ਲੈਣ ਦਿੱਤੀ ਜਾਵੇ।
“ਮੇਰੀ ਗੱਲ ਖ਼ਤਮ ਏ ਬਸ।” ਕਹਿ ਕੇ ਉਹ ਰੇਮੰਡ ਵੱਲ ਘੁੰਮਿਆਂ, “ਤੋ ਮੁਜਰਿਮ ਤੁਹਾਡਾ ਦੋਸਤ ਏ ਨਾ?”
“ਬੇਸ਼ਕ। ਮੁਹਾਵਰੇ 'ਚ ਕਹਾਂ ਤਾਂ ਸਾਡੀ ਦੋਵਾਂ ਦੀ ਬੁਰਕੀ ਸਾਂਝੀ ਐ।”
ਫੇਰ ਇਹ ਸਵਾਲ ਸਰਕਾਰੀ ਵਕੀਲ ਨੇ ਮੈਨੂੰ ਵੀ ਕੀਤਾ। ਮੈਂ ਗਹੁ ਨਾਲ ਰੇਮੰਡ ਵੱਲ ਦੇਖਿਆ। ਉਸਨੇ ਨਜ਼ਰਾਂ ਨਹੀਂ ਸੀ ਚੁਰਾਈਆਂ। ਤੇ ਮੈਂ ਜਵਾਬ ਦਿੱਤਾ, “ਜੀ, ਹਾਂ।”
ਹੁਣ ਸਰਕਾਰੀ ਵਕੀਲ ਜੂਰੀਆਂ ਵੱਲ ਭੌਂ ਕੇ ਬੋਲਿਆ, “ਸ਼੍ਰੀਮਾਨ ਜੂਰੀ, ਤੁਹਾਡੇ ਸਾਹਮਣੇ ਕਟਹਿਰੇ ਵਿਚ ਬੈਠਾ ਇਹ ਆਦਮੀ ਮਾਂ ਦੀ ਅੰਤੇਸ਼ਟੀ ਦੇ ਠੀਕ ਅਗਲੇ ਦਿਨ ਨਿਹਾਇਤ ਸ਼ਰਮਨਾਕ ਅਯਾਸ਼ੀ ਵਿਚ ਡੁੱਬਿਆ ਰਿਹਾ, ਏਨਾ ਈ ਨਈਂ, ਬਲਕਿ ਰੰਡੀਆਂ ਤੇ ਦਲਾਲਾਂ ਦੀ ਬਦਨਾਮ ਦੁਨੀਆਂ ਦੇ 'ਖ਼ੂਨ ਦੇ ਬਦਲੇ ਖ਼ੂਨ ਚਾਹੁਣ ਵਾਲੇ' ਇਕ ਦੋਖੀ ਦੇ ਬਹਿਕਾਵੇ ਵਿਚ ਆ ਕੇ ਇਸਨੇ ਅਚਾਨਕ ਇਕ ਨਿਹੱਥੇ ਆਦਮੀ ਦੀ ਜਾਨ ਵੀ ਲੈ ਲਈ। ਮਾਣਯੋਗ ਜੂਰੀ ਸ਼੍ਰੀਮਾਨ, ਦੇਖਿਆ ਤੁਸੀਂ, ਕਿਸ ਤਰ੍ਹਾਂ ਦਾ ਏ—ਇਹ ਸਾਹਮਣੇ ਬੈਠਾ ਮੁਜਰਿਮ?”
ਅਜੇ ਸਰਕਾਰੀ ਵਕੀਲ ਬੈਠ ਵੀ ਨਹੀਂ ਸੀ ਸਕਿਆ ਕਿ ਮੇਰੇ ਵਕੀਲ ਸਾਹਬ ਨੇ ਸਾਰਾ ਧੀਰਜ ਛਿੱਕੇ ਟੰਗ ਕੇ ਆਪਣੀਆਂ ਬਾਹਾਂ ਕੁਝ ਇਸ ਤਰ੍ਹਾਂ ਉੱਚੀਆਂ ਤਾਣ ਲਈਆਂ ਕਿ ਉਹਨਾਂ ਦਾ ਚੋਗਾ ਹੇਠਾਂ ਸਰਕ ਆਇਆ ਤੇ ਕਲਫ਼ ਲੱਗੀ ਅਸਤੀਨ ਪੂਰੀ ਦੀ ਪੂਰੀ ਦਿਸਣ ਲੱਗੀ।
“ਮੇਰੇ ਮੁਵੱਕਿਲ 'ਤੇ ਜਿਹੜਾ ਮੁਕੱਦਮਾ ਇਸ ਸਮੇਂ ਚੱਲ ਰਿਹਾ ਏ...ਉਹ ਮਾਂ ਦੀ ਅੰਤੇਸ਼ਟੀ ਬਾਰੇ ਚੱਲ ਰਿਹਾ ਏ ਜਾਂ ਇਕ ਆਦਮੀ ਦੀ ਹੱਤਿਆ ਬਾਰੇ?”
ਹੀ-ਹੀ-ਹੀ-ਹੀ—ਅਦਾਲਤ ਵਿਚ ਫੇਰ ਕੁਛ ਬੇਹੂਦਾ ਹਾਸਾ ਸੁਣਾਈ ਦਿੱਤਾ ਸੀ ਕਿ ਝੱਟ ਸਰਕਾਰੀ ਵਕੀਲ ਬੁੜ੍ਹਕ ਕੇ ਖੜ੍ਹਾ ਹੋ ਗਿਆ ਤੇ ਆਪਣਾ ਚੋਗਾ ਝਟਕੇ ਨਾਲ ਚਾਰੇ-ਪਾਸੇ ਲਪੇਟ ਕੇ ਬੋਲਿਆ, “ਮੈਨੂੰ ਆਪਣੇ ਦੋਸਤ ਦੀ ਸਮਝ 'ਤੇ ਨਿਹਾਇਤ ਈ ਤਾੱਜੁਬ ਹੋ ਰਿਹਾ ਏ ਕਿ ਉਹ ਮੁਕੱਦਮੇ ਦੀਆਂ ਇਹਨਾਂ ਦੋਵਾਂ ਗੱਲਾਂ ਵਿਚਲੇ ਗੂੜ੍ਹੇ ਸੰਬੰਧ ਨੂੰ ਨਈਂ ਦੇਖ ਸਕੇ। ਮੈਂ ਤਾਂ ਕਹਾਂਗਾ ਕਿ ਮਨੋਵਿਗਿਆਨਕ ਨਜ਼ਰੀਏ ਤੋਂ ਦੋਵੇਂ ਗੱਲਾਂ ਇਕੋ ਡੋਰ ਨਾਲ ਵੱਝੀਆਂ ਹੋਈਆਂ ਨੇ।” ਫੇਰ ਬੜੀ ਕੜਕ ਨਾਲ ਕਹੇ ਗਏ ਇਸ ਵਾਕ ਨਾਲ ਉਸਨੇ ਆਪਣੀ ਗੱਲ ਖ਼ਤਮ ਕੀਤੀ ਕਿ “ਮੁਜਰਿਮ 'ਤੇ ਮੇਰਾ ਇਲਜ਼ਾਮ ਸੰਖੇਪ ਵਿਚ ਇਹ ਐ ਕਿ ਇਸਨੇ ਮਾਂ ਦੀ ਅੰਤੇਸ਼ਟੀ ਦੇ ਸਮੇਂ ਜਿਹੋ-ਜਿਹਾ ਰਵੱਈਆ ਦਿਖਾਇਆ, ਉਹ ਸਾਬਤ ਕਰਦਾ ਏ ਕਿ ਮੁਜਰਿਮ ਦੇ ਅੰਦਰ ਸਥਾਈ ਅਪਰਾਧੀ ਮਨੋਬਿਰਤੀ ਹਮੇਸ਼ਾ ਕੰਮ ਕਰਦੀ ਰਹੀ।”
ਲੱਗਿਆ, ਇਹਨਾਂ ਸ਼ਬਦਾਂ ਦਾ ਜੂਰੀਆਂ ਤੇ ਜਨਤਾ ਉੱਤੇ ਭਰਪੂਰ ਅਸਰ ਪਿਆ। ਮੇਰੇ ਵਕੀਲ ਸਾਹਬ ਮਜ਼ਬੂਰੀ ਵੱਸ ਮੋਢੇ ਛੰਡਦੇ ਰਹਿ ਗਏ। ਉਹਨਾਂ ਮੱਥੇ ਦਾ ਪਸੀਨਾ ਪੂੰਝਿਆ, ਪਰ ਅਸਲ ਵਿਚ ਉਹ ਵੀ ਬੁਰੀ ਤਰ੍ਹਾਂ ਬੌਖਲਾ ਗਏ ਸਨ। ਇਹ ਸਭ ਮੈਨੂੰ ਆਪਣੇ ਹਿਤ ਵਿਚ ਭਲ਼ਾ ਹੁੰਦਾ ਨਹੀਂ ਲੱਗਿਆ।
ਇਸ ਘਟਨਾ ਪਿੱਛੋਂ ਅਦਾਲਤ ਉੱਠ ਗਈ। ਕਚਹਿਰੀ 'ਚੋਂ ਨਿਕਲ ਕੇ ਜਦੋਂ ਜੇਲ੍ਹ ਦੀ ਗੱਡੀ ਵਿਚ ਬੈਠਾ ਉਦੋਂ ਬਸ ਜ਼ਰਾ ਕੁ ਦੇਰ ਲਈ ਗਰਮੀਆਂ ਦੀ ਜਾਣੀ-ਪਛਾਣੀ ਸ਼ਾਮ ਦਾ ਆਨੰਦ, ਇਕ ਵਾਰੀ ਫੇਰ ਮਹਿਸੂਸ ਹੋਇਆ। ਉਸ ਬੰਦ ਦੌੜਦੀ ਕੋਠੜੀ ਦੇ ਹਨੇਰੇ ਵਿਚ ਬੈਠੇ-ਬੈਠੇ ਈ ਮੈਂ ਸ਼ਹਿਰੀ ਜੀਵਨ ਵਿਚ ਗੂੰਜਣ ਵਾਲੀਆਂ ਆਵਾਜ਼ਾਂ ਪਛਾਣੀਆਂ...ਉਹ ਆਵਾਜ਼ਾਂ ਪਛਾਣੀਆਂ ਜਿਹੜੀਆਂ ਗੋ-ਧੂਲੀ ਸਮੇਂ ਸ਼ਹਿਰ 'ਚੋਂ ਉੱਠਦੀਆਂ ਨੇ। ਕਦੀ ਕਿੰਨੀਆਂ ਪਿਆਰੀਆਂ ਲੱਗਦੀਆਂ ਹੁੰਦੀਆਂ ਸਨ ਇਹ ਆਵਾਜ਼ਾਂ ਮੈਨੂੰ। ਕਿੰਨੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਸਨ ਮੈਨੂੰ ਗਰਮੀ ਘਿਰੀਆਂ ਸ਼ਾਮਾਂ! ਭਾਰੀ ਬੋਝਲ ਵਾਤਾਵਰਣ ਤੇ ਉਸ ਵਿਚ ਅਖ਼ਬਾਰ ਵਾਲੇ ਮੁੰਡਿਆਂ ਦੀਆਂ ਆਵਾਜ਼ਾਂ...ਸਾਂਝੇ ਪਾਰਕ ਵਿਚ ਪੰਛੀਆਂ ਦੀ ਆਖ਼ਰੀ ਚਹਿਚਹਾਟ...ਸੈਂਡਵਿਚ ਦੇ ਫੇਰੀ ਵਾਲਿਆਂ ਦੀਆਂ ਆਵਾਜ਼ਾਂ...ਉੱਚੇ ਸ਼ਹਿਰ ਦੇ ਢਾਲੂ ਮੋੜ ਉੱਤੇ ਟਰਾਮ ਦੀ ਚਰਚਹਾਟ...ਬੰਦਰਗਾਹ ਉੱਤੇ ਛਣ-ਛਣ ਉੱਤਰਦਾ ਹੋਇਆ ਹਨੇਰਾ ਤੇ ਉਸ ਛਿਣ ਆਸਮਾਨ ਤੋਂ ਹਲਕੀ-ਹਲਕੀ ਸਰਸਰਾਹਟ ਦੀ ਆਵਾਜ਼...ਇਹ ਸਾਰੀਆਂ ਆਵਾਜ਼ਾਂ ਮੇਰੇ ਥੱਕੇ ਦਿਮਾਗ਼ ਵਿਚ ਗੂੰਜ ਰਹੀਆਂ ਸਨ ਤੇ ਇਹਨਾਂ ਨੂੰ ਸੁਣਦੇ ਹੋਏ ਜੇਲ੍ਹ ਵੱਲ ਵਾਪਸ ਜਾਣਾ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਅੰਨ੍ਹਾਂ, ਚੱਪਾ-ਚੱਪਾ, ਜਾਣੇ-ਪਛਾਣੇ ਰਸਤੇ ਤੋਂ ਲੰਘ ਰਿਹਾ ਹੋਵੇ...।
ਹਾਂ, ਸ਼ਾਮ ਦੇ ਇਹੋ ਪਲਾਂ ਤਾਂ ਨੇ, ਜਦੋਂ ਜ਼ਿੰਦਗੀ 'ਚ ਅਕੱਥ ਸੁਖ ਤੇ ਅਨੰਤ ਸੰਤੋਖ ਮਹਿਸੂਸ ਹੁੰਦਾ-ਹੁੰਦਾ ਸੀ! ਹੁਣ ਤਾਂ ਲੱਗਦਾ ਏ, ਯੁੱਗ ਬੀਤ ਗਏ ਨੇ। ਅਜਿਹੇ ਪਲਾਂ ਪਿੱਛੋਂ ਈ ਤਾਂ ਸੁਪਨੇਹੀਣ ਤੇ ਨਿਸ਼ਚਿੰਤ ਨੀਂਦ ਭਰੀਆਂ ਰਾਤਾਂ ਬਾਹਾਂ ਪਸਾਰ ਕੇ ਮੇਰੀ ਉਡੀਕ ਕਰਦੀਆਂ ਹੁੰਦੀਆਂ ਸਨ...ਅੱਜ ਵੀ ਉਹੀ ਛਿਣ ਸਨ, ਪਰ ਕਿੰਨਾ ਅੰਤਰ ਸੀ! ਅੱਜ ਮੈਂ ਆਪਣੀ ਕਾਲ-ਕੋਠੜੀ ਵੱਲ ਪਰਤ ਰਿਹਾ ਸੀ...ਅੱਜ ਮੇਰੀ ਉਡੀਕ ਵਿਚ ਬਾਹਾਂ ਪਸਾਰੀ ਬੈਠੀ ਸੀ, ਆਉਣ ਵਾਲੇ ਦਿਨ ਦੇ ਮਨਹੂਸ ਸ਼ੰਕਿਆਂ ਨਾਲ ਰਿੱਝਦੀ ਰਾਤ...। ਤੇ ਤਦ ਮੈਂ ਮਹਿਸੂਸ ਕੀਤਾ ਕਿ ਗਰਮੀਆਂ ਦੀ ਗੋ-ਧੂਲੀ ਭਰੀ ਸ਼ਾਮ ਨੂੰ ਚੀਰ ਕੇ ਜਾਣ ਵਾਲੀਆਂ ਯੁੱਗਾਂ ਤੋਂ ਜਾਣੀਆਂ-ਪਛਾਣੀਆਂ ਪਗਡੰਡੀਆਂ, ਮਾਸੂਮ ਤੇ ਬੇਫ਼ਿਕਰ ਨੀਂਦ ਨੂੰ ਜਾਦੂਈ ਦੁਨੀਆਂ ਵਿਚ ਈ ਨਹੀਂ...ਜੇਲ੍ਹ ਦੀਆਂ ਮਨਹੂਸ ਕੰਧਾਂ ਅੰਦਰ ਵੀ ਲੈ ਜਾਂਦੀਆਂ ਨੇ...।
--- --- ---

No comments:

Post a Comment