Sunday, May 26, 2013

ਦੂਜਾ ਭਾਗ : : ਇਕ : ---





ਗਿਰਫ਼ਤਾਰੀ ਦੇ ਯਕਦਮ ਬਾਅਦ ਮੈਨੂੰ ਅਨੇਕਾਂ ਵਾਰੀ ਸਵਾਲਾਤ ਕੀਤੇ ਗਏ। ਪਰ ਇਹ ਸਾਰੀ ਪੁੱਛਗਿੱਛ ਨਾਂ ਤੇ ਵਲਦੀਅਤ ਦੀ ਖਾਨਾਪੂਰੀ ਵਾਲੀ ਪੁੱਛਗਿੱਛ ਸੀ। ਪਹਿਲੋਂ-ਪਹਿਲ ਇਹ ਸਵਾਲ-ਜਵਾਬ ਥਾਣੇ ਵਿਚ ਹੋਏ—ਪਰ ਮੁਕੱਦਮੇ ਵਿਚ ਇੱਥੇ ਕਿਸੇ ਨੂੰ ਖਾਸ ਦਿਲਚਸਪੀ ਨਹੀਂ ਸੀ ਜਾਪਦੀ। ਹਫ਼ਤੇ ਭਰ ਬਾਅਦ ਜਦੋਂ ਜਾਂਚ, ਮਜਿਸਟਰੇਟ ਦੇ ਸਾਹਮਣੇ ਪੇਸ਼ੀ ਹੋਈ ਤਾਂ ਲੱਗਿਆ ਕਿ ਉਸਨੇ ਪੂਰੀ ਉਤਸੁਕਤਾ ਨਾਲ ਮੇਰਾ ਮੁਆਇਨਾ ਕੀਤਾ ਏ। ਹੋਰਾਂ ਵਾਂਗ ਉਹਨਾਂ ਨੇ ਵੀ ਪਹਿਲਾਂ ਨਾਂ, ਵਲਦੀਅਤ, ਜਰੀਆ-ਮਾਸ਼ (ਪੇਸ਼ਾ), ਜਨਮ-ਤਾਰੀਖ਼ ਤੇ ਸਥਾਨ ਬਾਰੇ ਪੁੱਛਗਿੱਛ ਸ਼ੁਰੂ ਕੀਤੀ। ਇਸ ਸਾਰੀ ਜਾਣਕਾਰੀ ਪਿੱਛੋਂ ਸਵਾਲ ਕੀਤਾ, “ਤੁਸੀਂ ਆਪਣੀ ਪੈਰਵੀ ਲਈ ਵਕੀਲ ਕਰ ਲਿਆ?” ਮੈਂ ਦੱਸਿਆ, “ਜੀ, ਨਈਂ।” ਮੇਰਾ ਕਦੀ ਇਸ ਪਾਸੇ ਖ਼ਿਆਲ ਈ ਨਹੀਂ ਸੀ ਗਿਆ, ਇਸ ਲਈ ਪੁੱਛਿਆ ਕਿ ਕੀ ਮੈਨੂੰ ਵਾਕੱਈ ਵਕੀਲ ਕਰ ਲੈਣਾ ਚਾਹੀਦਾ ਏ? ਤਾਂ ਉਹ ਬੋਲੇ, “ਇਹ ਵੀ ਕੋਈ ਪੁੱਛਣ ਵਾਲੀ ਗੱਲ ਏ?” ਮੈਂ ਕਿਹਾ, “ਮੈਨੂੰ ਤਾਂ ਆਪਣਾ ਮੁਕੱਦਮਾ ਬੜਾ ਸਿੱਧਾ-ਸਾਦਾ ਲੱਗਦਾ ਏ।” ਮੁਸਕੁਰਾ ਕੇ ਮਜਿਸਟਰੇਟ ਸਾਹਬ ਨੇ ਜਵਾਬ ਦਿੱਤਾ, “ਖ਼ੈਰ, ਤੁਹਾਨੂੰ ਲੱਗ ਸਕਦਾ ਏ। ਪਰ ਸਾਨੂੰ ਲੋਕਾਂ ਨੂੰ ਤਾਂ ਕਾਨੂੰਨ ਦੇ ਮੁਤਾਬਿਕ ਈ ਚੱਲਣਾ ਪੈਂਦਾ ਏ। ਤੁਸੀਂ ਵਕੀਲ ਨਈਂ ਕਰੋਂਗੇ ਤਾਂ ਅਦਾਲਤ ਤੁਹਾਡੇ ਲਈ ਵਕੀਲ ਦਾ ਇੰਤਜ਼ਾਮ ਕਰ ਦਵੇਗੀ।”
ਵਾਹ! ਇਹ ਇੰਤਜ਼ਾਮ ਤਾਂ ਖ਼ੂਬ ਏ। ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਅਦਾਲਤ ਨੂੰ ਏਨਾ ਖ਼ਿਆਲ ਏ। ਮੈਂ ਇਹ ਗੱਲ ਮਜਿਸਟਰੇਟ ਸਾਹਬ ਨੂੰ ਦੱਸੀ ਤਾਂ ਉਹਨਾਂ ਨੇ ਵੀ ਸਵੀਕਾਰ ਕੀਤਾ ਕਿ ਕਾਨੂੰਨ ਸਰਬ-ਵਿਆਪੀ, ਸਰਬ-ਸ਼ਕਤੀਮਾਨ ਏਂ ਤੇ ਉਸ ਤੋਂ ਜੋ ਚਾਹੋ ਹੋ ਸਕਦਾ ਏ।
ਪਹਿਲੋਂ-ਪਹਿਲ ਤਾਂ ਮੈਂ ਵੀ ਉਹਨਾਂ ਦੀਆਂ ਗੱਲਾਂ ਵੱਲ ਖਾਸ ਧਿਆਨ ਨਹੀਂ ਸੀ ਦਿੱਤਾ। ਜਿਸ ਕਮਰੇ ਵਿਚ ਉਹਨਾਂ ਮੈਨੂੰ ਸਵਾਲ-ਜਵਾਬ ਕੀਤੇ ਸਨ, ਉਹ ਦੇਖਣ ਵਿਚ ਆਮ ਬੈਠਕ ਵਰਗਾ ਲੱਗਦਾ ਸੀ—ਖਿੜਕੀਆਂ 'ਤੇ ਪਰਦੇ ਸਨ ਤੇ ਡੈਸਕ ਉੱਤੇ ਇਕ ਲੈਂਪ ਰੱਖਿਆ ਹੋਇਆ ਸੀ। ਮਜਿਸਟਰੇਟ ਸਾਹਬ ਨੇ ਮੈਨੂੰ ਬੈਠਣ ਲਈ ਜਿਹੜੀ ਕੁਰਸੀ ਦਿੱਤੀ, ਉਸ ਉੱਤੇ ਇਸ ਲੈਂਪ ਦੀ ਰੋਸ਼ਨੀ ਪੈਂਦੀ ਸੀ—ਪਰ ਖ਼ੁਦ ਉਹਨਾਂ ਦਾ ਚਿਹਰਾ ਹਨੇਰੇ ਵਿਚ ਰਹਿੰਦਾ ਸੀ।
ਮੈਂ ਇਸ ਤਰ੍ਹਾਂ ਦੇ ਦ੍ਰਿਸ਼-ਵੇਰਵੇ ਅਨੇਕਾਂ ਪੁਸਤਕਾਂ ਵਿਚ ਪੜ੍ਹੇ ਸਨ। ਸ਼ੁਰੂ-ਸ਼ੁਰੂ ਵਿਚ ਤਾਂ ਇਹ ਸਭ ਖਿਲਵਾੜ-ਜਿਹਾ ਲੱਗਿਆ। ਹਾਂ, ਇਸ ਗੱਲਬਾਤ ਪਿੱਛੋਂ ਮੈਂ ਮਜਿਸਟਰੇਟ ਨੂੰ ਰਤਾ ਗਹੁ ਨਾਲ ਦੇਖਿਆ। ਤਿੱਖੇ ਨਕਸ਼ਾਂ ਵਾਲਾ ਇਕ ਲੰਮਾ ਸਾਰਾ ਆਦਮੀ, ਗੂੜ੍ਹੀਆਂ ਨੀਲੀਆਂ ਅੱਖਾਂ, ਵੱਡੀਆਂ-ਵੱਡੀਆ ਖਿਚੜੀ ਮੁੱਛਾਂ ਤੇ ਸਿਰ ਉੱਤੇ ਚਿੱਟੇ ਕੋਹਰੇ ਵਰਗੇ ਸੰਘਣੇ ਕੇਸ। ਲੱਗਿਆ, ਆਦਮੀ ਸ਼ਕਲ ਤੋਂ ਬੜਾ ਈ ਸਮਝਦਾਰ, ਵਿਦਵਾਨ ਤੇ ਕੁਲ ਮਿਲਾ ਕੇ ਪਸੰਦ ਆਉਣ ਲਾਇਕ ਏ। ਬਸ, ਇਕੋ ਚੀਜ਼ ਅਜੀਬ ਸੀ ਜਿਸਨੇ ਮੇਰਾ ਮਨ ਖ਼ਰਾਬ ਕਰ ਦਿੱਤਾ—ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਸਦੇ ਚਿਹਰੇ ਉੱਤੇ ਇਕ ਵੀਭਤਸ-ਜਿਹੀ ਰੌਅ ਦੌੜ ਜਾਂਦੀ ਸੀ। ਪਰ ਇਹ ਵੀ ਇਕ ਅਜਿਹੀ ਮੁਦਰਾ ਲੱਗਦੀ ਸੀ ਜਿਹੜੀ 'ਚੱਚ' ਕਹਿਣ ਸਮੇਂ ਲੋਕਾਂ ਦੇ ਮੂੰਹ 'ਤੇ ਆਪਣੇ-ਆਪ ਆ ਜਾਂਦੀ ਏ। ਬਾਹਰ ਨਿਕਲਣ ਸਮੇਂ ਮੈਂ ਉਹਨਾਂ ਵੱਲ ਮਿਲਾਉਣ ਲਈ ਹੱਥ ਵਧਾਏ ਤੇ 'ਨਮਸਕਾਰ' ਕਰਦਾ-ਕਰਦਾ ਰੁਕ ਗਿਆ। ਐਨ ਮੌਕੇ 'ਤੇ ਚੇਤਾ ਆ ਗਿਆ ਕਿ ਮੈਂ ਤਾਂ ਇਕ ਆਦਮੀ ਦੀ ਹੱਤਿਆ ਦੇ ਅਪਰਾਧ ਵਿਚ ਇੱਥੇ ਲਿਆਂਦਾ ਗਿਆ ਹਾਂ।
ਅਗਲੇ ਦਿਨ ਮੇਰੀ ਕੋਠੜੀ ਵਿਚ ਈ ਇਕ ਵਕੀਲ ਸਾਹਬ ਤਸ਼ਰੀਫ਼ ਲੈ ਆਏ—ਮਧਰੇ, ਗੋਲ-ਮਟੋਲ, ਛੋਹਰ-ਛੰਡ ਜਿਹੇ ਆਦਮੀ—ਸਿਰ ਦੇ ਕਾਲੇ ਵਾਲ ਤੇਲ ਨਾਲ ਚੋਪੜੇ ਹੋਏ ਸਨ। ਮੈਂ ਪੂਰੀਆਂ ਬਾਹਾਂ ਦੀ ਕਮੀਜ਼ ਪਾਈ ਹੋਈ ਸੀ, ਪਰ ਉਹਨਾਂ ਸਖ਼ਤ ਗਰਮੀ ਦੇ ਬਾਵਜੂਦ ਕਾਲਾ ਸੂਟ, ਸਖ਼ਤ ਕਾਲਰ ਤੇ ਚੌੜੀਆਂ-ਚੌੜੀਆਂ ਕਾਲੀਆਂ ਸਫੇਦ ਧਾਰੀਆਂ ਵਾਲੀ ਭੜਕੀਲੀ ਟਾਈ ਕਸੀ ਹੋਈ ਸੀ। ਮੇਰੀ ਮੰਜੀ ਉੱਤੇ ਆਪਣਾ ਥੈਲਾ ਰੱਖ ਕੇ ਉਹਨਾਂ ਨੇ ਆਪਣੀ ਜਾਣ-ਪਛਾਣ ਕਰਵਾਈ। ਦੱਸਿਆ ਕਿ ਮੇਰੇ ਮੁਕੱਦਮੇ ਦੇ ਕਾਗਜ਼ਾਤ ਉਹਨਾਂ ਨੇ ਗਹੁ ਨਾਲ ਪੜ੍ਹੇ ਨੇ। ਉਹਨਾਂ ਦੀ ਰਾਏ 'ਚ ਮੁਕੱਦਮੇ ਵਿਚ ਕਾਫ਼ੀ ਹੁਸ਼ਿਆਰੀ ਵਰਤਨ ਦੀ ਲੋੜ ਏ ਤੇ ਹਾਂ ਮੈਂ ਜੇ ਉਹਨਾਂ ਦੀ ਸਲਾਹ ਮੰਨ ਕੇ ਚੱਲਾਂ ਤਾਂ ਛੁੱਟ ਜਾਣ ਦੀ ਪੂਰੀ-ਪੂਰੀ ਗੁੰਜਾਇਸ਼ ਏ। ਮੈਂ ਧੰਨਵਾਦ ਕੀਤਾ ਤੇ ਬੋਲੇ, “ਅੱਛਾ, ਤਾਂ ਆਓ ਹੁਣ ਕੰਮ ਸ਼ੁਰੂ ਕਰ ਦਿੱਤਾ ਜਾਵੇ।”
ਮੇਰੀ ਮੰਜੀ ਉੱਤੇ ਬੈਠ ਕੇ ਉਹਨਾਂ ਨੇ ਦੱਸਿਆ ਕਿ ਅਦਾਲਤ ਵੱਲੋਂ ਮੇਰੇ ਨਿੱਜੀ ਜੀਵਨ ਬਾਰੇ ਤਹਿਕੀਕਾਤ (ਪੁੱਛ-ਪੜਤਾਲ) ਕੀਤੀ ਜਾ ਰਹੀ ਏ। ਇਸ ਗੱਲ ਦੀ ਸੂਚਨਾ ਮਿਲ ਗਈ ਏ ਕਿ ਹੁਣੇ ਜਿਹੇ ਇਕ ਆਸ਼ਰਮ ਵਿਚ ਮੇਰੀ ਮਾਂ ਦੀ ਮੌਤ ਹੋਈ ਏ। 'ਮੋਰੇਂਗੋ' ਵਿਚ ਹੋਈ ਤਫ਼ਤੀਸ਼ ਵਿਚ ਪੁਲਿਸ ਨੇ ਦੱਸਿਆ ਕਿ ਮਾਂ ਦੀ ਅੰਤੇਸ਼ਟੀ ਸਮੇਂ ਮੈਂ ਬੜੀ 'ਹਿਰਦੇ ਹੀਣਤਾ' ਦਿਖਾਈ ਏ।
“ਇਕ ਗੱਲ ਸਮਝ ਲਓ,” ਵਕੀਲ ਸਾਹਬ ਬੋਲੇ, “ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਤੁਹਾਥੋਂ ਪੁੱਛਗਿੱਛ ਕਰਨਾ ਮੈਨੂੰ ਕਤਈ ਚੰਗਾ ਨਈਂ ਲੱਗ ਰਿਹਾ, ਪਰ ਇਹ ਚੀਜ਼ ਬੜੀ ਮਹੱਤਵਪੂਰਨ ਹੋ ਗਈ ਏ। ਤੁਹਾਡੇ ਉੱਤੇ ਇਲਜ਼ਾਮ ਏਂ 'ਹਿਰਦੇ ਹੀਣਤਾ ਤੇ ਬੇਹਯਾਈ' ਦਾ। ਹੁਣ ਜਦੋਂ ਤਕ ਮੈਂ ਇਸ ਇਲਜ਼ਾਮ ਦਾ ਜਵਾਬ ਦੇਣ ਦਾ ਕੋਈ ਰਾਹ ਨਾ ਲੱਭ ਲਵਾਂ, ਬਚਾਅ ਕਰਨ ਵਿਚ ਬੜੀ ਦਿੱਕਤ ਹੋ ਜਾਵੇਗੀ। ਤੇ ਇਸ ਮਾਮਲੇ 'ਚ ਕੋਈ ਦੂਜਾ ਨਈਂ, ਤੁਸੀਂ ਤੇ ਸਿਰਫ਼ ਤੁਸੀਂ ਈ ਮੇਰੀ ਮਦਦ ਕਰ ਸਕੇ ਓਂ।”
ਇਸ ਭੂਮਿਕਾ ਪਿੱਛੋਂ ਉਹਨਾਂ ਨੇ ਸਵਾਲ ਕਰ ਦਿੱਤਾ ਕਿ ਉਸ 'ਦੁੱਖ-ਭਰੇ ਮੌਕੇ 'ਤੇ' ਮੇਰੇ ਮਨ ਨੂੰ ਦੁੱਖ ਹੋਇਆ ਜਾਂ ਨਹੀਂ? ਬੜਾ ਅਜੀਬ ਸਵਾਲ ਲੱਗਿਆ। ਮੈਂ ਤਾਂ ਕਿਸੇ ਤੋਂ ਅਜਿਹਾ ਸਵਾਲ ਪੁੱਛਣ ਵੇਲੇ ਖ਼ੁਦ ਧਰਮ-ਸੰਕਟ ਵਿਚ ਪੈ ਜਾਂਦਾ।
ਜਵਾਬ ਵਿਚ ਮੈਂ ਕਿਹਾ ਕਿ ਇੱਧਰ ਕੁਝ ਸਾਲਾਂ ਤੋਂ ਆਪਣੇ ਮਨ ਦੀਆਂ ਭਾਵਨਾਵਾਂ ਵੱਲ ਧਿਆਨ ਦੇਣ ਦੀ ਆਦਤ ਈ ਛੁੱਟ ਗਈ ਏ, ਇਸ ਲਈ ਇਸਦਾ ਜਵਾਬ ਦੇ ਸਕਣਾ ਬੜਾ ਮੁਸ਼ਕਿਲ ਏ। ਹਾਂ, ਇਹ ਧਰਮ ਤੇ ਈਮਾਨ ਨਾਲ ਕਹਿ ਸਕਦਾ ਹਾਂ ਕਿ ਮੈਂ ਮਾਂ ਨੂੰ ਚਾਹੁੰਦਾ ਬਹੁਤ ਸੀ। ਪਰ ਇਸ ਨਾਲ ਕੀ? ਏਨਾਂ ਕਹਿ ਦੇਣ ਪਿੱਛੋਂ ਖ਼ਿਆਲ ਆਇਆ ਤਾਂ ਬੋਲਿਆ, “ਸੱਚੀ ਗੱਲ ਤਾਂ ਇਹ ਐ ਕਿ ਆਮ ਲੋਕ ਜਿਹਨਾਂ ਨੂੰ ਪਿਆਰ ਕਰਦੇ ਨੇ ਅੱਜ ਜਾਂ ਕਲ੍ਹ ਉਹਨਾਂ ਦੇ ਮਰਨ ਦੀ ਵੀ, ਥੋੜ੍ਹੀ ਬਹੁਤ, ਕਾਮਨਾ ਜ਼ਰੂਰ ਕਰਦੇ ਨੇ।”
ਇਸ 'ਤੇ ਵਕੀਲ ਸਾਹਬ ਯਕਦਮ ਘਬਰਾ ਗਏ। ਝੱਟ ਮੈਨੂੰ ਟੋਕਿਆ, ਬੋਲੇ, “ਸਹੁੰ ਖਾਓ, ਮੁਕੱਦਮੇ ਵਿਚ ਜਾਂ ਜਾਂਚ ਮਜਿਸਟਰੇਟ ਦੇ ਸਾਹਮਣੇ ਇਸ ਕਿਸਮ ਦੀ ਕੋਈ ਗੱਲ ਮੂੰਹੋਂ ਨਈਂ ਕੱਢੋਗੇ।”
ਉਹਨਾਂ ਦੀ ਤਸੱਲੀ ਲਈ ਮੈਂ ਸਹੁੰ ਖਾ ਲਈ। ਪਰ ਉਹਨਾਂ ਦੇ ਸਾਹਮਣੇ ਇਹ ਵੀ ਖੁਲਾਸਾ ਕਰ ਦਿੱਤਾ ਕਿ ਕਦੀ-ਕਦੀ ਕੁਝ ਖਾਸ ਮੌਕਿਆਂ 'ਤੇ ਮੇਰੀਆਂ ਭਾਵਨਾਵਾਂ ਮੇਰੀ ਸਰੀਰ-ਸਥਿਤੀ ਤੋਂ ਪ੍ਰਭਾਵਿਤ ਹੋਣ ਲੱਗਦੀਆਂ ਨੇ। ਮਸਲਨ ਜਿਸ ਦਿਨ ਮਾਂ ਦੇ ਅੰਤਮ-ਸੰਸਕਾਰ ਵਿਚ ਗਿਆ ਸੀ ਉਸ ਦਿਨ ਉਂਜ ਈ ਅੱਧੀ ਨੀਂਦ ਵਿਚ ਸੀ, ਇਸ ਲਈ ਮੈਨੂੰ ਕਤਈ ਹੋਸ਼ ਨਹੀਂ ਸੀ ਕਿ ਕਿੱਥੇ ਕੀ ਹੋ ਰਿਹਾ ਏ। ਖ਼ੈਰ ਜੀ, ਇਕ ਗੱਲ ਦਾ ਵਿਸ਼ਵਾਸ ਮੈਂ ਆਪਣੇ ਵਕੀਲ ਨੂੰ ਕਰਾ ਦਿੱਤਾ ਕਿ ਮੇਰੀ ਤਾਂ ਇਹੋ ਇੱਛਾ ਸੀ ਕਿ ਮਾਂ ਅਜੇ ਨਾ ਮਰੇ।
ਹਾਂ, ਵਕੀਲ ਸਾਹਬ ਫੇਰ ਵੀ ਨਾਰਾਜ਼ ਈ ਲੱਗੇ। ਘੁਰਕ ਕੇ ਬੋਲੇ, “ਸਿਰਫ਼ ਏਨਾ ਈ ਤਾਂ ਕਾਫ਼ੀ ਨਈਂ ਏ।”
ਕੁਝ ਸੋਚ-ਸੋਚ ਕੇ ਉਹਨਾਂ ਨੇ ਸਵਾਲ ਕੀਤਾ ਕਿ ਕੀ ਇਸ ਗੱਲ ਨੂੰ ਇੰਜ ਕਿਹਾ ਜਾ ਸਕਦਾ ਏ ਕਿ ਉਸ ਦਿਨ ਮੈਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਤੇ ਸੰਜਮ ਤੋਂ ਕੰਮ ਲਿਆ?
“ਜੀ ਨਈਂ,” ਮੈਂ ਕਿਹਾ, “ਇਹ ਕਹਿਣਾ ਸਹੀ ਨਈਂ ਐ।”
ਵਕੀਲ ਸਾਹਬ ਨੇ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਦੇਖਿਆ...ਜਿਵੇਂ ਮੇਰੇ ਪ੍ਰਤੀ ਅਚਾਨਕ ਉਹਨਾਂ ਨੂੰ ਗੁੱਸੇ, ਚਿੜ ਤੇ ਨਫ਼ਰਤ ਦਾ ਝੱਟਾ ਲੱਗਿਆ ਹੋਵੇ। ਫੇਰ ਬੜੀ ਰੁੱਖੀ ਆਵਾਜ਼ ਵਿਚ ਬੋਲੇ ਕਿ ਚਲੋ ਖ਼ੈਰ, ਆਸ਼ਰਮ ਦੇ ਇਲਾਵਾ ਹੋਰ ਕੁਝ ਕਰਮਚਾਰੀਆਂ ਦੀ ਗਵਾਹੀ ਤਾਂ ਹਰ ਹਾਲਤ 'ਚ ਹੋਵੇਗੀ।
“ਤੇ ਹੋ ਸਕਦਾ ਏ, ਇਹੀ ਤੁਹਾਡਾ ਬੇੜਾ ਲੈ ਡੁੱਬੇ।” ਅੰਤ ਵਿਚ ਬੋਲੇ।
ਮੈਂ ਦੱਸਿਆ ਕਿ ਮੇਰੇ ਉੱਤੇ ਲਾਏ ਗਏ ਇਲਜ਼ਾਮ ਤੇ ਮਾਂ ਦੀ ਮੌਤ ਦਾ ਤਾਂ ਆਪਸ ਵਿਚ ਸੰਬੰਧ ਈ ਨਹੀਂ ਏ। ਤਾਂ ਜਵਾਬ ਵਿਚ ਉਹਨਾਂ ਨੇ ਸਿਰਫ਼ ਏਨਾ ਈ ਕਿਹਾ ਕਿ ਮੇਰੀ ਗੱਲ ਤੋਂ ਲੱਗਦਾ ਏ, ਕਦੀ ਕਾਨੂੰਨ ਨਾਲ ਮੇਰਾ ਵਾਹ ਨਹੀਂ ਪਿਆ।
ਤੇ ਏਨਾਂ ਕਹਿੰਦੇ ਹੋਏ ਉਹ ਪ੍ਰੇਸ਼ਾਨ-ਜਿਹੇ ਹੋ ਕੇ ਚਲੇ ਗਏ। ਉਦੋਂ ਮੇਰੀ ਇੱਛਾ ਹੋਈ ਕਿ ਉਹ ਕੁਝ ਹੋਰ ਰੁਕਦੇ ਤਾਂ ਮੈਂ ਸਾਫ਼-ਸਾਫ਼ ਸ਼ਬਦਾਂ ਵਿਚ ਕਹਿੰਦਾ ਕਿ 'ਮੈਨੂੰ ਤੁਹਾਡੀ ਹਮਦਰਦੀ ਚਾਹੀਦੀ ਏ...ਇਸ ਲਈ ਨਹੀਂ ਕਿ ਤੁਸੀਂ ਮੇਰਾ ਕੰਮ ਚੰਗੀ ਤਰ੍ਹਾਂ ਕਰੋਂ, ਬਲਕਿ ਕਹਾਂ ਕਿ ਉਂਜ ਈ ਮਨ ਕਰਦਾ ਏ ਕਿ ਤੁਹਾਡੀ ਹਮਦਰਦੀ ਮਿਲੇ।' ਪਰ ਮੈਂ ਦੇਖਿਆ ਕਿ ਮੇਰੀ ਗੱਲਬਾਤ, ਮੇਰਾ ਵਤੀਰਾ ਤੇ ਕੁੱਲ ਮਿਲਾ ਕੇ ਮੈਂ, ਉਹਨਾਂ ਲਈ ਅਸਹਿ ਹੋ ਗਿਆ ਸੀ। ਉਹਨਾਂ ਦੀ ਸਮਝ ਵਿਚ ਈ ਨਹੀਂ ਸੀ ਆਉਂਦਾ ਪਿਆ ਕਿ ਆਖ਼ਰ ਮੈਂ ਕਿਸ ਕਿਸਮ ਦਾ ਆਦਮੀ ਹਾਂ, ਸੋ ਉਹਨਾਂ ਦੀ ਖਿਝ ਵੀ ਸੁਭਾਵਿਕ ਈ ਸੀ। ਇਕ ਅੱਧੀ ਵਾਰੀ ਮਨ ਵਿਚ ਆਇਆ ਵੀ ਕਿ ਉਹਨਾਂ ਨੂੰ ਵਿਸ਼ਵਾਸ ਦੁਆਵਾਂ ਕਿ ਮੈਂ ਵੀ ਬੜਾ ਸਾਧਾਰਣ ਕਿਸਮ ਦਾ ਆਮ-ਜਿਹਾ ਆਦਮੀ ਹਾਂ। ਪਰ ਮੁੱਕਦੀ ਗੱਲ ਇਹ ਕਿ ਇਸ ਨਾਲ ਬਹੁਤਾ ਕੁਝ ਹੱਥ ਆਉਂਦਾ ਨਹੀਂ ਸੀ ਜਾਪਦਾ, ਸੋ ਟਾਲ ਗਿਆ। ਟਾਲਣ ਪਿੱਛੇ ਵੀ ਕੋਈ ਹੋਰ ਕਾਰਨ ਨਹੀਂ ਸੀ, ਬਸ, ਆਲਸ ਈ ਸੀ।
ਉਸੇ ਦਿਨ ਇਸ ਪਿੱਛੋਂ ਫੇਰ ਮੈਨੂੰ ਜਾਂਚ-ਮਜਿਸਟਰੇਟ ਦੇ ਦਫ਼ਤਰ ਵਿਚ ਲਿਆਇਆ ਗਿਆ। ਦੁਪਹਿਰ ਦੇ ਦੋ ਵਜੇ ਦਾ ਸਮਾਂ ਸੀ। ਇਸ ਸਮੇਂ ਕਮਰੇ ਵਿਚ ਭਰਪੂਰ ਰੋਸ਼ਨੀ ਸੀ ਤੇ ਬੇਹੱਦ ਗਰਮੀ ਸੀ। ਖਿੜਕੀਆਂ 'ਤੇ ਮਹੀਨ-ਜਿਹੇ ਪਰਦੇ ਸਨ।
ਕੁਰਸੀ ਲੈ ਲੈਣ ਨੂੰ ਕਹਿ ਕੇ ਮਜਿਸਟਰੇਟ ਸਾਹਬ ਨੇ ਬੜੇ ਈ ਮੁਲਾਇਮ ਲਹਿਜੇ ਵਿਚ ਦੱਸਿਆ ਕਿ ਕਿਸੇ ਖਾਸ ਉਲਝੇਵੇਂ ਕਰਕੇ ਮੇਰਾ ਵਕੀਲ ਤਾਂ ਆ ਨਹੀਂ ਸਕੇਗਾ। ਉਹਨਾਂ ਇਹ ਵੀ ਕਹਿ ਦਿੱਤਾ ਕਿ ਮੈਂ ਚਾਹਾਂ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਆਪਣੇ ਵਕੀਲ ਦੇ ਆ ਜਾਣ ਪਿੱਛੋਂ ਦੇ ਦਿਆਂ।
ਇਸ ਗੱਲ ਦੇ ਜਵਾਬ ਵਿਚ ਮੈਂ ਬੋਲਿਆ, “ਮੈਂ ਆਪਣੀ ਸਫ਼ਾਈ ਖ਼ੁਦ ਦੇ ਲਵਾਂਗਾ।” ਉਹਨਾਂ ਨੇ ਸਾਹਮਣੇ ਡੈਸਕ 'ਤੇ ਰੱਖੀ ਘੰਟੀ ਦਾ ਬਟਨ ਨੱਪਿਆ ਤਾਂ ਇਕ ਨੌਜਵਾਨ ਕਰਲਕ ਆ ਕੇ ਠੀਕ ਮੇਰੇ ਪਿੱਛੇ ਬੈਠ ਗਿਆ। ਮੈਂ ਤੇ ਮਜਿਸਟਰੇਟ ਸਾਹਬ ਵੀ ਆਪਣੀਆਂ-ਆਪਣੀਆਂ ਕੁਰਸੀਆਂ ਉੱਤੇ ਬੈਠ ਗਏ। ਜਾਂਚ ਦੀ ਕਾਰਵਾਈ ਸ਼ੁਰੂ ਹੋਈ। ਉਹਨਾਂ ਨੇ ਗੱਲ ਈ ਇੱਥੋਂ ਸ਼ੁਰੂ ਕੀਤੀ ਕਿ ਲੋਕ ਮੈਨੂੰ 'ਘੁੰਨਾ ਤੇ ਚੁੱਪੂ' ਆਦਮੀ ਸਮਝਦੇ ਨੇ। ਇਸ ਬਾਰੇ 'ਚ ਮੇਰੀ ਆਪਣੀ ਰਾਏ ਕੀ ਏ?
ਮੈਂ ਜਵਾਬ ਦਿੱਤਾ, “ਜੀ, ਮੇਰੇ ਕੋਲ ਬੋਲਣ ਲਈ ਹੁੰਦਾ ਈ ਬੜਾ ਘੱਟ ਏ। ਇਸ ਲਈ ਅਕਸਰ ਮੂੰਹ ਬੰਦ ਈ ਰੱਖਦਾਂ।”
ਇਸ ਵਾਰੀ ਵੀ ਮਜਿਸਟਰੇਟ ਸਾਹਬ ਪਹਿਲਾਂ ਵਾਂਗ ਈ ਮੁਸਕਰਾਏ, “ਹਾਂ, ਇਹੀ ਸਭ ਤੋਂ ਵੱਡਾ ਕਾਰਨ ਹੋ ਸਕਦਾ ਏ। ਪਰ ਖ਼ੈਰ, ਇਹ ਗੱਲ ਕੋਈ ਏਡੀ ਮਹੱਤਵਪੂਰਨ ਹੈ ਵੀ ਨਹੀਂ।”
ਕੁਝ ਚਿਰ ਚੁੱਪ ਰਹਿਣ ਪਿੱਛੋਂ ਉਹ ਅਚਾਨਕ ਅੱਗੇ ਵੱਲ ਝੁਕ ਆਏ ਤੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਜ਼ਰਾ ਉੱਚੀ ਆਵਾਜ਼ ਵਿਚ ਬੋਲੇ, “ਮੈਨੂੰ ਤਾਂ ਜੇ ਕਿਸੇ ਵਿਚ ਦਿਲਚਸਪੀ ਏ ਤਾਂ ਉਹ ਸਿਰਫ਼ ਤੁਹਾਡੇ 'ਚ ਏ।”
ਉਹਨਾਂ ਦਾ ਮੰਸ਼ਾ ਮੇਰੀ ਸਮਝ ਵਿਚ ਨਹੀਂ ਆਇਆ, ਇਸ ਲਈ ਕੁਝ ਨਹੀਂ ਬੋਲਿਆ।
ਉਹ ਕਹਿੰਦੇ ਰਹੇ, “ਤੁਹਾਡੇ ਮੁਕੱਦਮੇ ਦੀਆਂ ਗੱਲਾਂ ਨੇ ਮੈਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਏ। ਵਿਸਵਾਸ ਕਰਾਂ ਕਿ ਤੁਸੀਂ ਉਹਨਾਂ ਨੂੰ ਸਮਝਣ ਵਿਚ ਮੇਰੀ ਮਦਦ ਕਰੋਂਗੇ?”
ਮੈਂ ਜਵਾਬ ਦਿੱਤਾ ਕਿ ਦਰਅਸਲ ਗੱਲ ਤਾਂ ਬੜੀ ਈ ਸਿੱਧੀ ਤੇ ਸਾਫ਼ ਏ। ਇਸ 'ਤੇ ਉਹਨਾਂ ਨੇ ਸਾਰਾ ਬਿਓਰਾ ਮੰਗਿਆ ਕਿ ਮੈਂ ਉਸ ਦਿਨ ਕੀ-ਕੀ ਕੀਤਾ ਸੀ? ਹਾਲਾਂਕਿ ਸਾਰ ਰੂਪ ਵਿਚ ਈ ਸਹੀ, ਮੈਂ ਸਾਰੀ ਕਥਾ ਪਹਿਲੀ ਮੁਲਾਕਾਤ ਵਿਚ ਈ ਦੱਸ ਚੁੱਕਿਆ ਸੀ, ਕਿ ਕਿਵੇਂ ਮੈਂ ਰੇਮੰਡ ਨੂੰ ਮਿਲਿਆ, ਸਮੁੰਦਰ ਤਟ 'ਤੇ ਗਿਆ, ਕਿਵੇਂ ਅਸੀਂ ਲੋਕ ਤੈਰਦੇ ਰਹੇ, ਕਿਵੇਂ ਮੈਂ ਦੁਬਾਰਾ ਸਮੁੰਦਰ ਤਟ 'ਤੇ ਗਿਆ ਤੇ ਕਿਵੇਂ ਮੈਂ ਪੰਜ ਗੋਲੀਆਂ ਚਲਾਈਆਂ। ਪਰ ਇੱਥੇ ਫੇਰ ਉਹ ਸਭ ਦੁਬਾਰਾ ਸੁਣਾਉਣਾ ਪਿਆ। ਹਰ ਵਾਕ ਪਿੱਛੋਂ ਉਹ ਸਿਰ ਹਿਲਾ-ਹਿਲਾ ਕੇ 'ਠੀਕ। ਠੀਕ ਏ।' ਕਹਿੰਦੇ ਰਹੇ। ਜਦੋਂ ਮੈਂ ਰੇਤ 'ਤੇ ਪਏ ਉਸ ਅਰਬ ਦੇ ਸਰੀਰ ਦਾ ਵਰਨਣ ਕੀਤਾ ਤਾਂ ਉਹ ਜ਼ਰਾ ਖਾਸ ਤੌਰ 'ਤੇ ਗਰਦਨ ਹਿਲਾ ਕੇ ਬੋਲੇ, “ਬਹੁਤ ਠੀਕ।” ਉਸੇ ਕਹਾਣੀ ਨੂੰ ਵਾਰ-ਵਾਰ ਸੁਣਾਉਂਦਾ ਹੋਇਆ ਮੈਂ ਤਾਂ ਬੜਾ ਈ ਅੱਕ ਗਿਆ ਸੀ—ਤੇ ਇਸ ਸਮੇਂ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਜ਼ਿੰਦਗੀ ਵਿਚ ਏਨਾਂ ਕਦੀ ਨਹੀਂ ਸੀ ਬੋਲਿਆ।
ਫੇਰ ਕੁਝ ਚਿਰ ਚੁੱਪ ਰਹਿਣ ਪਿੱਛੋਂ ਮਜਿਸਟਰੇਟ ਸਾਹਬ ਇਹ ਕਹਿੰਦੇ ਹੋਏ ਉੱਠ ਖੜ੍ਹੇ ਹੋਏ ਕਿ ਮੇਰੇ ਲਈ ਉਹਨਾਂ ਤੋਂ ਜੋ ਵੀ ਹੋ ਸਕੇਗਾ, ਉਹ ਜ਼ਰੂਰ ਕਰਨਗੇ...ਕਿ ਉਹਨਾਂ ਨੂੰ ਮੇਰੇ ਵਿਚ ਕਾਫ਼ੀ ਦਿਲਚਸਪੀ ਹੋ ਗਈ ਏ ਤੇ ਭਗਵਾਨ ਨੇ ਚਾਹਿਆ ਤਾਂ ਇਸ ਸੰਕਟ ਦੇ ਸਮੇਂ ਵਿਚ ਜ਼ਰੂਰ ਕਿਸੇ ਕੰਮ ਆਉਣਗੇ। ਪਰ ਸਭ ਤੋਂ ਪਹਿਲਾਂ ਤਾਂ ਅਜੇ ਕੁਝ ਹੋਰ ਸਵਾਲ ਪੁੱਛਣੇ ਜ਼ਰੂਰੀ ਨੇ।
ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਕ ਸਿੱਧਾ ਸਵਾਲ ਕੀਤਾ ਕਿ ਕੀ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਸੀ?
“ਹਾਂ ਜੀ,” ਮੈਂ ਜਵਾਬ ਦਿੱਤਾ, “ਜਿਵੇਂ ਹੋਰ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਮੈਂ ਵੀ ਕਰਦਾ ਸੀ।” ਮੇਰੇ ਪਿੱਛੇ ਬੈਠਾ ਕਲਰਕ ਖਟਾਖਟ ਇਕੋ ਗਤੀ ਨਾਲ ਟਾਈਪ ਕਰੀ ਜਾ ਰਿਹਾ ਸੀ, ਪਰ ਸ਼ਾਇਦ ਉਸੇ ਛਿਣ ਉਸਦੀ ਉਂਗਲ ਕਿਸੇ ਗ਼ਲਤ ਅੱਖਰ ਉੱਤੇ ਪਈ ਕਿਉਂਕਿ ਉਦੋਂ ਈ, ਆਵਾਜ਼ ਤੋਂ ਲੱਗਿਆ ਕਿ ਉਸਨੇ ਕਾਗਜ਼ ਪਿੱਛੇ ਹਟਾ ਕੇ ਪਹਿਲਾਂ ਦਾ ਲਿਖਿਆ ਕੱਟ ਦਿੱਤਾ ਏ।
ਇਸ ਪਿੱਛੋਂ ਮਜਿਸਟਰੇਟ ਨੇ ਯਕਦਕ ਦੂਜਾ ਸਵਾਲ ਪੁੱਛਿਆ ਕਿ ਮੈਂ ਇਕ ਪਿੱਛੋਂ ਇਕ ਲਗਾਤਾਰ ਪੰਜ ਗੋਲੀਆਂ ਕਿਉਂ ਚਲਾਈਆਂ? ਮੈਨੂੰ ਇਸ ਸਵਾਲ ਤੇ ਪਹਿਲਾਂ ਵਾਲੇ ਸਵਾਲ ਵਿਚ ਕੋਈ ਆਪਸੀ ਸੰਬੰਧ ਨਹੀਂ ਸੀ ਦਿਖਾਈ ਦਿੱਤਾ।
ਮੈਂ ਕੁਝ ਚਿਰ ਸੋਚਿਆ, ਫੇਰ ਦੱਸਿਆ ਕਿ ਗੋਲੀਆਂ ਲਗਾਤਾਰ ਚਲਾਈਆਂ ਗਈਆਂ ਹੋਣ, ਇੰਜ ਨਹੀਂ ਏ। ਸਭ ਤੋਂ ਪਹਿਲਾਂ ਇਕ ਚਲਾਈ, ਫੇਰ ਕੁਝ ਚਿਰ ਰੁਕ ਕੇ ਬਾਕੀ ਚਾਰੇ ਚਲਾਈਆਂ।
“ਪਹਿਲੀ ਤੇ ਦੂਜੀਆਂ ਗੋਲੀਆਂ ਚਲਾਉਣ ਵਿਚਕਾਰ ਤੁਸੀਂ ਕਿਉਂ ਰੁਕੇ?”
ਮੈਨੂੰ ਲੱਗਿਆ ਜਿਵੇਂ ਮੇਰੀਆਂ ਅੱਖਾਂ ਸਾਹਵੇਂ ਉਹ ਸਾਰੇ ਦਾ ਸਾਰਾ ਦ੍ਰਿਸ਼ ਨੱਚ ਗਿਆ ਏ...ਸਮੁੰਦਰ ਤਟ ਦੀ ਉਹ ਸੰਧੂਰੀ ਤਪਸ਼, ਗੱਲ੍ਹਾਂ 'ਤੇ ਭਭਕਦੇ ਸਾਹ ਦਾ ਸਪਰਸ਼। ਇਸ ਵਾਰੀ ਮੈਥੋਂ ਕੋਈ ਜਵਾਬ ਨਾ ਦਿੱਤਾ ਗਿਆ।
ਮੇਰੀ ਇਸ ਚੁੱਪ ਦੌਰਾਨ ਮਜਿਸਟਰੇਟ ਸਾਹਬ ਕਦੀ ਆਸਨ ਬਦਲਦੇ, ਕਦੀ ਵਾਲਾਂ ਵਿਚ ਉਂਗਲਾਂ ਫੇਰਦੇ, ਕਦੀ ਜ਼ਰਾ ਕੁ ਉੱਠ ਕੇ ਫੇਰ ਬੈਠ ਜਾਂਦੇ। ਆਖ਼ਰ ਡੈਸਕ 'ਤੇ ਕੁਹਣੀਆਂ ਟੇਕ ਕੇ ਅਜੀਬ ਮੁੱਦਰਾ ਵਿਚ ਮੇਰੇ ਵੱਲ ਝੁਕ ਆਏ।
“ਪਰ ਕਿਉਂ? ਕਿਸ ਲਈ ਤੁਸੀਂ ਇਕ ਮੂਧੇ ਪਏ ਆਦਮੀ ਦੇ ਗੋਲੀਆਂ ਮਾਰਦੇ ਰਹੇ, ਦੱਸੋ” ਉਹਨਾਂ ਨੇ ਆਪਣੀ 'ਕਿਉ' ਤੇ 'ਕਿਸ ਲਈ' ਉੱਤੇ ਜ਼ੋਰ ਦੇ ਕੇ ਪੁੱਛਿਆ।
ਇਸ ਵਾਰੀ ਵੀ ਮੈਨੂੰ ਕੋਈ ਜਵਾਬ ਨਹੀਂ ਸੀ ਸੁੱਝਿਆ।
ਮਜਿਸਟਰੇਟ ਨੇ ਮੱਥੇ ਉੱਤੇ ਹੱਥ ਫੇਰਿਆ ਤੇ ਜ਼ਰਾ ਕੁ ਬਦਲੇ ਲਹਿਜੇ ਵਿਚ ਆਪਣਾ ਸਵਾਲ ਦੁਹਰਾਇਆ, “ਮੈਂ ਪੁੱਛ ਰਿਹਾਂ, 'ਕਿਉਂ ਕੀਤਾ ਤੁਸੀਂ ਇੰਜ?' ਮੈਂ ਫੇਰ ਪੁੱਛ ਰਿਹਾਂ, 'ਮੈਨੂੰ ਇਸਦਾ ਕਾਰਨ ਦੱਸੋ।'”
ਮੈਂ ਫੇਰ ਵੀ ਕੁਝ ਨਹੀਂ ਬੋਲਿਆ।
ਅਚਾਨਕ ਉਹ ਉੱਠੇ—ਤੇ ਸਾਹਮਣੀ ਕੰਧ ਦੇ ਸਹਾਰੇ ਫਾਇਲਾਂ ਰੱਖ ਵਾਲੀ ਅਲਮਾਰੀ ਕੋਲ ਜਾ ਕੇ ਉਸਦੀ ਦਰਾਜ਼, ਖਿੱਚ ਕੇ, ਖੋਲ੍ਹੀ ਤੇ ਉਸ ਵਿਚੋਂ ਸੂਲੀ ਚੜ੍ਹੇ ਈਸਾ ਦੀ ਚਾਂਦੀ ਦੀ ਮੂਰਤੀ ਕੱਢ ਕੇ ਹੱਥ ਵਿਚ ਝੂਲਾਉਂਦੇ ਹੋਏ ਫੇਰ ਵਾਪਸ ਉੱਥੇ ਆ ਬੈਠੇ।
“ਜਾਣਦੇ ਓ, ਇਹ ਕੌਣ ਏਂ?” ਉਹਨਾਂ ਦੀ ਆਵਾਜ਼ ਯਕਦਕ ਬਦਲ ਗਈ ਸੀ। ਭਾਵਨਾ-ਵੱਸ ਕੰਬ ਰਹੀ ਸੀ।
“ਹਾਂ ਜੀ, ਜਾਣਦਾ ਆਂ,” ਮੈਂ ਜਵਾਬ ਦਿੱਤਾ।
ਹੁਣ ਤਾਂ ਜਿਵੇਂ ਉਹਨਾਂ ਦਾ ਬੰਨ੍ਹ ਈ ਟੁੱਟ ਗਿਆ ਸੀ, ਉਹ ਬਿਨਾਂ ਸਾਹ ਲਏ ਅੰਨ੍ਹਵਾਹ ਬੋਲਦੇ ਈ ਰਹੇ। ਦੱਸਣ ਲੱਗੇ ਕਿ ਭਗਵਾਨ ਵਿਚ ਉਹਨਾਂ ਨੂੰ ਕਿੰਨੀ ਆਸਥਾ ਏ...ਕਿ ਵੱਡੇ ਤੋਂ ਵੱਡਾ ਪਾਪੀ ਵੀ ਕਿਸ ਤਰ੍ਹਾਂ ਭਗਵਾਨ ਦੀ ਖ਼ਿਮਾਂ ਦਾ ਅਧਿਕਾਰੀ ਹੋ ਸਕਦਾ ਏ। ਪਰ ਇਸ ਲਈ ਸਭ ਤੋਂ ਪਹਿਲੀ ਸ਼ਰਤ ਇਹੀ ਏ ਕਿ ਉਸਨੂੰ ਸੱਚੇ ਦਿਲ ਨਾਲ ਪ੍ਰਾਸ਼ਚਿਤ ਕਰਨਾ ਪਵੇਗਾ। ਉਸਨੂੰ ਮਾਸੂਮ ਬੱਚੇ ਵਾਂਗ ਸਾਫ਼ ਦਿਲ ਤੇ ਨੇਹਚਾਵਾਨ ਹੋਣਾ ਪਵੇਗਾ। ਕਪਟ-ਰਹਿਤ ਭਾਵ ਨਾਲ ਭਗਵਾਨ ਉੱਤੇ, ਉਸਦੇ ਨਿਆਂ ਉੱਤੇ ਵਿਸ਼ਵਾਸ ਕਰਨਾ ਪਵੇਗਾ। ਉਹ ਮੇਜ਼ ਉੱਤੇ ਉਸ ਪਾਰ ਤੋਂ ਇਸ ਪਾਰ ਤੀਕ ਝੁਕੇ ਹੋਏ ਸਨ ਤੇ ਮੂਰਤੀ ਨੂੰ ਲਗਾਤਾਰ ਮੇਰੀਆਂ ਅੱਖਾਂ ਸਾਹਵੇਂ ਘੁਮਾਈ ਜਾ ਰਹੇ ਸਨ।
ਮੁੱਖ ਤੌਰ 'ਤੇ ਦੋ ਕਾਰਨਾ ਕਰਕੇ ਉਹਨਾਂ ਦੀਆਂ ਗੱਲਾਂ ਸਮਝਣ ਵਿਚ ਮੈਨੂੰ ਦਿੱਕਤ ਹੋ ਰਹੀ ਸੀ...ਇਕ ਤਾਂ ਦਫ਼ਤਰ ਵਿਚ ਬੇਹੱਦ ਹੁੰਮਸ ਸੀ ਤੇ ਵੱਡੀਆਂ-ਵੱਡੀਆਂ ਮੱਖੀਆਂ ਮੇਰੀਆਂ ਪੁੜਪੁੜੀਆਂ ਦੇ ਆਸੇ-ਪਾਸੇ ਜਾਂ ਉੱਤੇ ਬੈਠ ਕੇ ਭੀਂ-ਭੀਂ ਕਰੀ ਜਾ ਰਹੀਆਂ ਸਨ। ਦੂਜਾ, ਉਹਨਾਂ ਦੀਆਂ ਗੱਲਾਂ ਨੇ ਮੈਨੂੰ ਡਰ ਤੇ ਪ੍ਰੇਸ਼ਾਨੀ ਵਿਚ ਪਾ ਦਿੱਤਾ ਸੀ। ਹਾਂ, ਮੈਨੂੰ ਇਹ ਜ਼ਰੂਰ ਲੱਗਿਆ ਕਿ ਇਸ ਤਰ੍ਹਾਂ ਡਰਨਾ ਜਾਂ ਪ੍ਰੇਸ਼ਾਨ ਹੋਣਾ ਬੜਾ ਬੇਤੁਕਾ ਏ—ਇਹਨਾਂ ਵਰਤਮਾਣ ਪ੍ਰਸਥਿਤੀਆਂ ਵਿਚ ਹੋਰ ਵੀ ਬੇਤੁਕਾ ਇਸ ਲਈ ਏ ਕਿ ਲੱਖ ਹੋਵੇ ਮੁਜਰਿਮ ਬਣ ਕੇ ਤਾਂ ਆਇਆ ਈ ਸੀ ਮੈਂ। ਖ਼ੈਰ, ਉਹ ਬੋਲਦੇ ਰਹੇ ਤੇ ਮੈਂ ਮਨੋਂ ਉਹਨਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਏਨੀ ਗੱਲ ਮੇਰੀ ਸਮਝ ਵਿਚ ਆ ਗਈ ਸੀ ਕਿ ਇਸ ਸਾਰੇ ਇਕਬਾਲੀਆ ਬਿਆਨ ਵਿਚ ਸਭ ਤੋਂ ਵੱਧ ਲੋੜ ਸਿਰਫ਼ ਇਕ ਗੱਲ ਦੀ ਸਫ਼ਾਈ ਦੇਣ ਦੀ ਏ ਤੇ ਉਹ ਇਹ ਕਿ ਦੁਬਾਰਾ ਗੋਲੀਆਂ ਚਲਾਉਣ ਤੋਂ ਪਹਿਲਾਂ ਮੈਂ ਰੁਕਿਆ ਕਿਓਂ ਸੀ? ਬਾਕੀ ਸਾਰੀਆਂ ਗੱਲਾਂ ਤਾਂ ਖ਼ੈਰ, ਇਕ ਤਰ੍ਹਾਂ ਨਾਲ ਠੀਕ-ਠਾਕ ਈ ਸਨ। ਮਜਿਸਟਰੇਟ ਸਾਹਬ ਨੂੰ ਇਸੇ ਗੱਲ ਨੇ ਚੱਕਰ ਵਿਚ ਪਾਇਆ ਹੋਇਆ ਸੀ।
ਮੈਂ ਕਹਿਣ ਲੱਗਾ ਕਿ ਇਸ ਗੱਲ ਉੱਤੇ ਏਨਾਂ ਜ਼ੋਰ ਦੇਣਾ ਗ਼ਲਤ ਏ, ਇਹ ਕੋਈ ਏਡੀ ਮਹੱਤਵਪੂਰਨ ਚੀਜ਼ ਵੀ ਨਹੀਂ। ਪਰ ਸ਼ਬਦਾਂ ਦਾ ਮੇਰੇ ਮੂੰਹ ਵਿਚੋਂ ਨਿਕਲਣਾ ਸੀ ਕਿ ਉਹ ਯਕਦਮ ਸਿੱਧੇ ਤਣ ਕੇ ਖੜ੍ਹੇ ਹੋ ਗਏ ਤੇ ਬੜੇ ਸੱਚੇ ਦਿਲ ਨਾਲ ਪੁੱਛਣ ਲੱਗੇ ਕਿ 'ਤੂੰ ਈਸ਼ਵਰ ਨੂੰ ਤਾਂ ਮੰਨਦਾ ਏਂ ਨਾ?' ਤੇ ਜਦੋਂ ਮੈਂ ਕਿਹਾ, 'ਜੀ ਨਈਂ,' ਤਾਂ ਗੁੱਸੇ ਨਾਲ ਭਰੇ ਘੜੰਮ ਕਰਕੇ ਕੁਰਸੀ ਉੱਤੇ ਬੈਠ ਗਏ।
ਕਹਿਣ ਲੱਗੇ ਕਿ ਇਸ ਗੱਲ ਦੀ ਤਾਂ ਉਹ ਸੱਤ ਜਨਮਾਂ ਵਿਚ ਵੀ ਕਲਪਨਾ ਨਹੀਂ ਕਰ ਸਕਦੇ ਕਿ ਈਸ਼ਵਰ ਨੂੰ ਨਾ ਮੰਨੋ। ਸਾਰੇ ਮਨੁੱਖ ਭਗਵਾਨ ਵਿਚ ਆਸਥਾ ਰੱਖਦੇ ਨੇ...ਜਿਹੜੇ ਉਸਨੂੰ ਨਿੰਦਦੇ ਤੇ ਗਾਲ੍ਹਾਂ ਕੱਢਦੇ ਨੇ, ਉਹ ਵੀ ਉਸਨੂੰ ਮੰਨਦੇ ਨੇ—ਇਹ ਉਹਨਾਂ ਦਾ ਅਡਿੰਗ ਵਿਸ਼ਵਾਸ ਸੀ। “ਭਗਵਾਨ ਦੀ ਆਸਥਾ ਨੂੰ ਲੈ ਕੇ ਜੇ ਕਦੀ ਰੱਤੀ ਭਰ ਵੀ ਸ਼ੰਕਾ ਮੇਰੇ ਮਨ ਵਿਚ ਆਈ ਤਾਂ ਸਮਝ ਲੈਣਾ ਕਿ ਮੇਰੇ ਜੀਵਨ ਦਾ ਕੋਈ ਅਰਥ, ਕੋਈ ਨਿਸ਼ਾਨਾ ਨਈਂ ਰਹਿ ਜਾਵੇਗਾ।” ਉਹਨਾਂ ਨੇ ਤੈਸ਼ ਵਿਚ ਆ ਕੇ ਪੁੱਛਿਆ, “ਤੈਨੂੰ ਚੰਗਾ ਲੱਗੇਗਾ ਕਿ ਮੇਰੇ ਜੀਵਨ ਦਾ ਕੋਈ ਨਿਸ਼ਾਨਾ, ਕੋਈ ਅਰਥ ਨਾ ਰਹੇ?” ਮੇਰੀ ਅਕਲ ਵਿਚ ਸੱਚਮੁੱਚ ਨਹੀਂ ਸੀ ਆਇਆ ਕਿ 'ਮੈਨੂੰ ਚੰਗਾ ਲੱਗਣਾ ਜਾਂ ਨਾ ਲੱਗਣਾ—ਇਹ ਗੱਲ ਏਥੇ ਕਿੱਥੋਂ ਆ ਟਪਕੀ...?' ਇਹ ਗੱਲ ਮੈਂ ਉਹਨਾਂ ਨੂੰ ਕਹਿ ਵੀ ਦਿੱਤੀ।
ਮੈਂ ਅਜੇ ਬੋਲਣਾ ਬੰਦ ਵੀ ਨਹੀਂ ਸੀ ਕੀਤਾ ਕਿ ਉਹਨਾਂ ਨੇ ਫੇਰ ਮੂਰਤੀ ਨੂੰ ਝਟਕੇ ਨਾਲ ਮੇਰੇ ਨੱਕ ਦੇ ਸਾਹਮਣੇ ਕਰ ਦਿੱਤਾ ਤੇ ਬੋਲੇ, “ਖ਼ੈਰ, ਮੈਂ ਤਾਂ ਈਸਾਈ ਆਂ ਤੇ ਈਸ਼ਵਰ ਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਦਾ ਆਂ ਕਿ ਤੇਰੇ ਪਾਪ ਖ਼ਿਮਾਂ ਕਰ ਦਵੇ। ਭਰਾ ਮੇਰਿਆ, ਤੈਨੂੰ ਵਿਸ਼ਵਾਸ ਕਿਉਂ ਨਈਂ ਆਉਂਦਾ ਕਿ 'ਉਸਨੇ' ਤੇਰੀ ਖਾਤਰ ਈ ਤਕਲੀਫ਼ਾਂ ਝੱਲੀਆਂ ਨੇ।”
ਉਹਨਾਂ ਦੇ ਮੂੰਹੋਂ 'ਭਰਾ ਮੇਰਿਆ' ਸ਼ਬਦ ਸੁਣ ਕੇ ਮੈਨੂੰ ਲੱਗਿਆ ਕਿ ਉਹਨਾਂ ਦੇ ਲਹਿਜੇ ਵਿਚ ਸੱਚਮੁੱਚ ਪੀੜ ਦਾ ਅਹਿਸਾਸ  ਏ। ਪਰ ਇਸ ਸਾਰੀ ਬਕਵਾਸ ਤੋਂ ਮੇਰਾ ਜੀਅ ਅੱਕਣ ਲੱਗਾ ਸੀ। ਕਮਰਾ ਹੌਲੀ-ਹੌਲੀ ਹੋਰ ਵੀ ਗਰਮ ਹੁੰਦਾ ਜਾ ਰਿਹਾ ਸੀ।
ਜਦੋਂ ਕਿਸੇ ਦੀਆਂ ਗੱਲਾਂ ਮੈਨੂੰ ਅਕਾਉਣ ਲੱਗਦੀਆਂ ਨੇ ਤਾਂ ਜਾਨ ਛੁਡਾਉਣ ਲਈ ਮੈਂ ਉਸਦੀ ਹਰ ਗੱਲ ਮੰਨ ਲੈਣ ਦੇ ਭਾਵ ਦਰਸਾਉਂਦਾ ਹਾਂ। ਇਹੋ ਮੈਂ ਹੁਣ ਵੀ ਕੀਤਾ ਤਾਂ ਮੇਰੀ ਹੈਰਾਨੀ ਦਾ ਠਿਕਾਣਾ ਨਾ ਰਿਹਾ ਕਿ ਮਜਿਸਟਰੇਟ ਸਾਹਬ ਦਾ ਚਿਹਰਾ ਦਗਣ ਲੱਗਾ।
“ਮੰਨਦੇ ਓ ਨਾ...ਮੰਨਦੇ ਓ ਨਾ...। ਅੱਛਾ ਹੁਣ ਵੀ ਨਈਂ ਮੰਨੋਗੇ ਕਿ ਤੁਸੀਂ ਆਸਤਕ ਓਂ ਤੇ ਈਸ਼ਵਰ ਵਿਚ ਵਿਸ਼ਵਾਸ ਕਰਦੇ ਓਂ?”
ਇਨਕਾਰ ਨੇ ਜ਼ਰੂਰ ਮੇਰੇ ਮਨ ਵਿਚ ਸਿਰ ਚੁੱਕਿਆ ਹੋਵੇਗਾ ਕਿਉਂਕਿ ਬੜੇ ਢਿੱਲੇ-ਢਾਲੇ ਤੇ ਪਸਤ-ਜਿਹੇ ਭਾਵ ਨਾਲ ਮਜਿਸਟਰੇਟ ਸਾਹਬ ਫੇਰ ਲਿੱਸੜ-ਜਿਹੇ ਹੋ ਕੇ ਬੈਠ ਗਏ।
ਕੁਝ ਚਿਰ ਸ਼ਾਂਤੀ ਰਹੀ। ਹਾਂ, ਇਸ ਦੌਰਾਨ ਟਈਪਰਾਈਟਰ ਨੇ ਸਾਡੀ ਅੰਤਮ ਗੱਲਬਾਤ ਟਾਈਪ ਕਰ ਦਿੱਤੀ। ਦੱਸਣਾ ਨਹੀਂ ਪਵੇਗਾ ਕਿ ਇਸ ਸਾਰੀ ਵਾਰਤਾ ਦੌਰਾਨ ਟਾਈਪਰਾਈਟਰ ਦੀ 'ਟਿਪਟਿਪ' ਚਾਲੂ ਰਹੀ—ਤੇ ਮਜਿਸਟਰੇਟ ਸਾਹਬ ਬੜੇ ਦੁੱਖੀ ਭਾਵ ਨਾਲ ਮੇਰੇ ਵੱਲ ਵਿੰਹਦੇ-ਤੱਕਦੇ ਰਹੇ।
“ਆਪਣੀ ਇਸ ਸਾਰੀ ਜ਼ਿੰਦਗੀ ਵਿਚ ਮੈਂ ਤੇਰੇ ਵਰਗਾ ਜੜ ਤੇ ਹਿਰਦੇਹੀਣ ਬੰਦਾ ਨਈਂ ਦੇਖਿਆ।” ਉਹ ਬੁਝੀ-ਜਿਹੀ ਸੁਰ ਵਿਚ ਕਹਿੰਦੇ ਰਹੇ, “ਅੱਜ ਤਕ ਪਤਾ ਨਈਂ ਕਿੰਨੇ ਮੁਜਰਿਮ ਇੱਥੇ ਆਏ ਨੇ। ਤੇ ਸਾਰੇ ਦੇ ਸਾਰੇ 'ਭਗਵਾਨ' ਦੀ ਇਸ ਯਾਤਨਾ-ਮੂਰਤ ਨੂੰ ਦੇਖ ਕੇ ਫੁੱਟ-ਫੁੱਟ ਕੇ ਰੋਏ ਨੇ।”
ਗੱਲ ਮੇਰੇ ਬੁੱਲ੍ਹਾਂ ਤੀਕ ਆ ਕੇ ਰਹਿ ਗਈ ਕਿ 'ਉਹ ਸੱਚਮੁੱਚ ਮਜਰਿਮ ਸਨ ਇਸ ਲਈ ਜ਼ਰੂਰ ਰੋਏ ਹੋਣਗੇ।' ਪਰ ਉਦੋਂ ਈ ਖ਼ਿਆਲ ਆਇਆ ਕਿ ਮੈਂ ਵੀ ਤਾਂ ਉਸੇ ਕਟਿਹਰੇ ਵਿਚ ਖੜ੍ਹਾ ਹਾਂ। ਪਤਾ ਨਹੀਂ, ਕਿਉਂ, ਮਨ ਇਸ ਗੱਲ ਨੂੰ ਮੰਨਦਾ ਈ ਨਹੀਂ ਸੀ ਪਿਆ ਕਿ ਮੈਂ ਮੁਜਰਿਮ ਹਾਂ।
ਸ਼ਾਇਦ ਇਹ ਦਰਸਾਉਣ ਲਈ ਮਜਿਸਟਰੇਟ ਸਾਹਬ ਉੱਠ ਖੜ੍ਹੇ ਹੋਏ ਕਿ ਗੱਲਬਾਤ ਯਾਨੀ ਮੁਲਾਕਾਤ ਖ਼ਤਮ ਹੋ ਗਈ ਏ। ਉਸੇ ਥੱਕੇ, ਬੁਝੇ-ਬੁਝੇ ਤੇ ਪ੍ਰੇਸ਼ਾਨ-ਜਿਹੇ ਲਹਿਜੇ ਵਿਚ ਉਹਨਾਂ ਨੇ ਮੈਨੂੰ ਇਕ ਆਖ਼ਰੀ ਸਵਾਲ ਪੁੱਛਿਆ ਕਿ ਕੀ ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਏ?
ਕੁਝ ਚਿਰ ਸੋਚਣ ਪਿੱਛੋਂ ਮੈਂ ਦੱਸਿਆ ਕਿ ਮੈਨੂੰ ਤਾਂ ਪਛਤਾਵੇ ਨਾਲੋਂ ਪ੍ਰੇਸ਼ਾਨੀ ਵਧੇਰੇ ਮਹਿਸੂਸ ਹੋ ਰਹੀ ਏ। 'ਪ੍ਰੇਸ਼ਾਨੀ' ਨਾਲੋਂ ਵੱਧ ਢੁਕਵਾਂ ਸ਼ਬਦ ਮੈਨੂੰ ਸੁੱਝਿਆ ਈ ਨਹੀਂ ਸੀ—ਪਰ ਲੱਗਿਆ ਉਹ ਸਮਝੇ ਨਹੀਂ।
ਉਸ ਦਿਨ ਦੀ ਗੱਲਬਾਤ ਵਿਚ ਮਾਮਲਾ ਇੱਥੋਂ ਤੀਕ ਅੱਪੜਿਆ।
ਇਸ ਪਿੱਛੋਂ ਕਈ ਵਾਰੀ ਫੇਰ, ਮਜਿਸਟਰੇਟ ਸਾਹਬ ਦੇ ਸਾਹਵੇਂ ਮੇਰੀ ਪੇਸ਼ੀ ਹੋਈ, ਪਰ ਹਰ ਵਾਰੀ ਵਕੀਲ ਸਾਹਬ ਮੇਰੇ ਨਾਲ ਹੁੰਦੇ ਸੀ। ਇਹਨਾਂ ਸਾਰੀਆਂ ਜਿਰਹਾਵਾਂ ਵਿਚ, ਮੇਰੇ ਪਹਿਲੇ ਦਿੱਤੇ ਹੋਏ ਬਿਆਨਾਂ ਦੇ ਵਾਲ ਦੀ ਖੱਲ ਲਾਹੁਣ ਦੇ ਇਲਾਵਾ ਹੋਰ ਕੁਝ ਨਹੀਂ ਹੋਇਆ। ਜਾਂ ਫੇਰ ਵਕੀਲ ਤੇ ਮਜਿਸਟਰੇਟ ਰਲ ਕੇ ਕਾਨੂੰਨੀ ਗੁੰਝਲਾਂ ਉੱਤੇ ਮੱਥਾ-ਪੱਚੀ ਕਰਦੇ ਰਹੇ ਸੀ। ਅਜਿਹੇ ਮੌਕੇ ਉਹਨਾਂ ਨੂੰ ਖ਼ਿਆਲ ਈ ਨਹੀਂ ਸੀ ਰਹਿੰਦਾ ਕਿ ਮੈਂ ਵੀ ਉੱਥੇ ਈ ਬੈਠਾ ਹੋਇਆ ਹਾਂ। ਚਲੋ ਖ਼ੈਰ, ਜਿਵੇਂ ਤਿਵੇਂ ਸਮਾਂ ਬੀਤਦਾ ਗਿਆ। ਸਾਰੀ ਜਿਰਹਾ ਦਾ ਰੰਗ ਈ ਬਦਲ ਗਿਆ ਸੀ। ਲੱਗਿਆ, ਮਜਿਸਟਰੇਟ ਸਾਹਬ ਨੂੰ ਹੁਣ ਮੇਰੇ ਵਿਚ ਕੋਈ ਖਾਸ ਦਿਲਚਸਪੀ ਨਹੀਂ ਰਹੀ ਤੇ ਮੇਰੇ ਮੁਕੱਦਮੇ ਨੂੰ ਲੈ ਕੇ ਉਹ ਮਨ ਈ ਮਨ ਕੋਈ ਫ਼ੈਸਲਾ ਕਰ ਚੁੱਕੇ ਨੇ। ਇਸ ਪਿੱਛੋਂ ਨਾ ਤਾਂ ਕਦੀ ਉਹਨਾਂ 'ਭਗਵਾਨ' ਦਾ ਜ਼ਿਕਰ ਕੀਤਾ ਤੇ ਨਾ ਈ ਓਹੋ-ਜਿਹਾ ਕੋਈ ਧਾਰਮਕ ਜੋਸ਼ ਈ ਵਿਖਾਇਆ—ਜਿਸ ਨਾਲ ਪਹਿਲੀ ਮੁਲਾਕਾਤ ਵਿਚ ਮੈਂ ਵੱਡੇ ਧਰਮ-ਸੰਕਟ ਵਿਚ ਪੈ ਗਿਆ ਸੀ। ਨਤੀਜੇ ਵਜੋਂ ਸਾਡੇ ਸੰਬੰਧ ਵਧੇਰੇ ਪੀਢੇ ਹੋ ਗਏ। ਉਹਨਾਂ ਨੇ ਕੁਝ ਹੋਰ ਸਵਾਲਾਤ ਕੀਤੇ। ਇਸ 'ਤੇ ਵਕੀਲ ਤੇ ਮਜਿਸਟਰੇਟ ਸਾਹਬ ਵਿਚਕਾਰ ਬਹਿਸ ਹੁੰਦੀ ਰਹੀ ਤੇ ਇਸ ਪਿੱਛੋਂ ਮੇਰੀ ਪੇਸ਼ੀ ਖ਼ਤਮ ਹੋ ਗਈ। ਉਹਨਾਂ ਨੇ ਦੱਸਿਆ ਕਿ ਮੇਰਾ ਮੁਕੱਦਮਾ ਹੁਣ 'ਆਪਣਾ ਵਕਤ ਲੈ ਚੁੱਕਿਆ ਏ।' ਕਦੀ-ਕਦੀ ਗੱਲਬਾਤ ਕਾਨੂੰਨ ਤੋਂ ਹਟ ਕੇ ਆਮ ਧਰਾਤਲ 'ਤੇ ਆ ਜਾਂਦੀ ਤਾਂ ਵਕੀਲ ਤੇ ਮਜਿਸਟਰੇਟ ਦੋਵੇਂ ਮੈਨੂੰ ਉਸ ਵਿਚ ਹਿੱਸਾ ਲੈਣ ਲਈ ਉਕਸਾਉਂਦੇ। ਹੁਣ ਮੈਨੂੰ ਵੀ ਰਤਾ ਸੁਖ ਦਾ ਆਉਣ ਲੱਗਾ ਸੀ।  ਇਹਨੀਂ ਦਿਨੀਂ ਉਹਨਾਂ ਦੋਵਾਂ ਵਿਚੋਂ ਕਿਸੇ ਨੇ ਵੀ ਮੇਰੇ ਪ੍ਰਤੀ ਬੇਰੁਖ਼ੀ ਨਹੀਂ ਸੀ ਦਿਖਾਈ ਤੇ ਸਭ ਕੁਝ ਇੰਜ ਸਹਿਜ ਤੇ ਖ਼ੁਸ਼-ਗਵਾਰ ਮਾਹੌਲ ਵਿਚ ਹੁੰਦਾ ਰਿਹਾ ਕਿ ਮਨ ਵਿਚ ਇਕ ਵੱਡਾ ਬੇਤੁਕਾ-ਜਿਹਾ ਖ਼ਿਆਲ ਘਰ ਕਰਨ ਲੱਗਾ, ਜਿਵੇਂ ਮੈਂ ਵੀ ਇਸੇ ਪਰਿਵਾਰ ਜਾ ਜੀਅ ਹੋਵਾਂ। ਗਿਆਰਾਂ ਮਹੀਨੇ ਇਹ ਪੇਸ਼ੀਆਂ ਚੱਲੀਆਂ ਤੇ ਮੈਂ ਸੱਚ ਕਹਿੰਦਾ ਹਾਂ ਕਿ ਉਹਨਾਂ ਦਾ ਮੈਂ ਆਦੀ ਹੋ ਗਿਆ ਸੀ। ਜਿਸ ਛਿਣ ਮਜਿਸਟਰੇਟ ਸਾਹਬ ਆਪਣੇ ਦਫ਼ਤਰ ਦੇ ਦਰਵਾਜ਼ੇ ਤੀਕ ਮੈਨੂੰ ਛੱਡਣ ਆਉਂਦੇ ਤੇ ਬੜੇ ਦੋਸਤਾਨਾ ਲਹਿਜੇ ਵਿਚ ਮੇਰਾ ਮੋਢਾ ਥਾਪੜਦੇ ਹੋਏ ਕਹਿੰਦੇ, “ਅੱਛਾ ਤਾਂ 'ਦੁਸ਼ਮਣੇ-ਈਸਾ' ਸਾਹਬ, ਅੱਜ ਬਸ ਏਨਾ ਈ।” ਤਾਂ ਮੈਨੂੰ ਬੇਹੱਦ ਆਨੰਦ ਆਉਂਦਾ। ਲੱਗਦਾ, ਇਸ ਨਾਲੋਂ ਵੱਧ ਸੁਖੀ ਛਿਣ ਮੈਂ ਪਹਿਲਾਂ ਕਦੀ ਨਹੀਂ ਦੇਖੇ। ਇਸ ਪਿੱਛੋਂ ਮੈਨੂੰ ਵਾਰਡਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ।
--- --- ---

No comments:

Post a Comment