Tuesday, May 28, 2013

ਪੰਜ :

ਪੰਜ :


ਰੇਮੰਡ ਨੇ ਮੈਨੂੰ ਦਫ਼ਤਰ ਵਿਚ ਫ਼ੋਨ ਕੀਤਾ। ਕਿਹਾ, ਇਕ ਵਾਰੀ ਜਿਸ ਦੋਸਤ ਬਾਰੇ ਉਸਨੇ ਮੈਨੂੰ ਦੱਸਿਆ ਸੀ, ਉਸਨੇ ਮੈਨੂੰ ਅਗਲੇ ਐਤਵਾਰ ਦੀ ਛੁੱਟੀ ਇਕੱਠੇ ਬਿਤਾਉਣ ਦਾ ਸੱਦਾ ਦਿੱਤਾ ਏ। ਅਲਜੀਯਰਸ ਨਗਰ ਦੇ ਬਾਹਰ ਈ ਸਮੁੰਦਰ ਕਿਨਾਰੇ ਉਸਦਾ ਛੋਟਾ-ਜਿਹਾ ਆਪਣਾ ਬੰਗਲਾ ਏ। ਮੈਂ ਬੋਲਿਆ ਕਿ ਸੱਦਾ ਸਵੀਕਾਰ ਕਰ ਲੈਣ ਵਿਚ ਮੈਨੂੰ ਬੜੀ ਖ਼ੁਸ਼ੀ ਹੁੰਦੀ—ਪਰ ਦਿੱਕਤ ਸਿਰਫ਼ ਇਹ ਸੀ ਕਿ, ਇਹ ਐਤਵਾਰ ਤਾਂ ਮੈਂ ਕਿਸੇ ਕੁੜੀ ਦੇ ਨਾਲ ਬਿਤਾਉਣ ਦਾ ਵਾਅਦਾ ਕਰੀ ਬੈਠਾ ਹਾਂ। ਰੇਮੰਡ ਨੇ ਝੱਟ ਕਿਹਾ, “ਤਾਂ ਉਹ ਵੀ ਆ ਜਾਵੇ। ਦੋਸਤ ਦੀ ਪਤਨੀ ਨੂੰ ਤਾਂ ਇਕ ਤਰ੍ਹਾਂ ਨਾਲ ਇਸਦੀ ਖ਼ੁਸ਼ੀ ਓ ਹੋਵੇਗੀ। ਏਨੇ ਮਰਦਾਂ ਵਿਚ ਉਹ ਬਿਲਕੁਲ ਇਕੱਲੀ ਨਈਂ ਰਹੇਗੀ।”
ਆਪਣੇ ਘਰੇਲੂ ਕੰਮਾਂ ਲਈ ਦਫ਼ਤਰ ਦਾ ਫ਼ੋਨ ਇਸਤੇਮਾਲ ਕੀਤਾ ਜਾਵੇ, ਇਹ ਮੇਰੇ ਸਾਹਬ ਨੂੰ ਪਸੰਦ ਨਹੀਂ। ਇਸ ਲਈ ਮੈਂ ਜਿੰਨੀ ਛੇਤੀ ਹੋ ਸਕੇ ਫ਼ੋਨ ਰੱਖ ਦੇਣਾ ਚਾਹੁੰਦਾ ਸੀ। ਪਰ ਰੇਮੰਡ ਨੇ ਕਿਹਾ, “ਲਾਈਨ ਨਾ ਕੱਟੀਂ।” ਫ਼ੋਨ ਉਸੇ ਨੇ ਇਸ ਲਈ ਕੀਤਾ ਸੀ ਕਿ ਉਸਨੇ ਕੁਝ ਹੋਰ ਵੀ ਕਹਿਣਾ ਸੀ। ਇਸ ਸੱਦੇ ਦੀ ਤਾਂ ਕੋਈ ਵਿਸ਼ੇਸ਼ ਗੱਲ ਨਹੀਂ ਸੀ, ਉਹ ਸ਼ਾਮ ਨੂੰ ਵੀ ਦੇ ਦਿੰਦਾ।
“ਗੱਲ ਇਹ ਐ ਕਿ,” ਉਹ ਕਹਿਣ ਲੱਗਾ, “ਕੁਝ ਅਰਬ ਸਵੇਰ ਦੇ ਮੇਰਾ ਪਿੱਛਾ ਕਰ ਰਹੇ ਐ। ਜਿਸ ਕੁੜੀ ਨਾਲ ਝਗੜਾ ਹੋਇਆ ਸੀ ਨਾ, ਇਕ ਤਾਂ ਉਸਦਾ ਭਰਾ ਈ ਐ। ਘਰ ਆਉਂਦਿਆਂ ਹੋਇਆਂ ਜੇ ਨੇੜੇ-ਤੇੜੇ ਕਿਤੇ ਕੋਈ ਚੱਕਰ ਕੱਟਦਾ ਦਿਸੇ ਤਾਂ ਮੈਨੂੰ ਇਤਲਾਹ ਕਰ ਦਵੀਂ।”
ਮੈਂ ਕਿਹਾ, “ਜ਼ਰੂਰ...ਜ਼ਰੂਰ”
ਉਸੇ ਸ਼ਾਮ ਸਾਹਬ ਦਾ ਬੁਲਾਵਾ ਆ ਗਿਆ। ਪਲ ਕੁ ਲਈ ਤਾਂ ਖਿਝ ਗਿਆ। ਹੁਣ ਕਹਿਣਗੇ ਕਿ ਆਪਣਾ ਕੰਮ ਕਰਿਆ ਕਰੋ, ਇੰਜ ਫ਼ੋਨ 'ਤੇ ਦੋਸਤਾਂ ਨਾਲ ਗੱਪਾਂ ਲੜਾਉਣ 'ਚ ਸਮਾਂ ਬਰਬਾਦ ਨਾ ਕਰਿਆ ਕਰੋ। ਪਰ ਸ਼ੁਕਰ ਏ, ਅਜਿਹਾ ਕੁਝ ਨਹੀਂ ਨਿਕਲਿਆ। ਉਹਨਾਂ ਦੇ ਦਿਮਾਗ਼ ਵਿਚ ਕੋਈ ਸਕੀਮ ਸੀ, ਉਸੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਸਨ। ਅਜੇ ਤੀਕ ਖ਼ੁਦ ਕੁਝ ਤੈਅ ਨਹੀਂ ਸੀ ਕਰ ਸਕੇ। ਗੱਲ ਇਹ ਸੀ ਕਿ ਪੈਰਿਸ ਵਿਚ ਕੰਪਨੀ ਦੀ ਇਕ ਸ਼ਾਖ ਖੋਲ੍ਹਣੀ ਸੀ, ਤਾਕਿ ਚਿੱਠੀ-ਪੱਤਰ ਵਿਚ ਸਮਾਂ ਬਰਬਾਦ ਨਾ ਕਰਕੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਕੰਮ ਓਥੇ ਦਾ ਓਥੇ ਈ ਕੀਤਾ ਜਾ ਸਕੇ। ਸਾਹਬ ਜਾਣਨਾ ਚਾਹੁੰਦੇ ਸਨ ਕਿ ਕੀ ਮੈਂ ਉੱਥੇ ਜਾਣਾ ਚਾਹਾਂਗਾ ਜਾਂ ਨਹੀਂ?
ਸਾਹਬ ਬੋਲੇ, “ਤੁਸੀਂ ਨੌਜਵਾਨ ਆਦਮੀ ਓਂ। ਮੈਨੂੰ ਪਤਾ ਏ, ਪੈਰਿਸ ਵਿਚ ਜਾ ਕੇ ਮਜ਼ੇ ਲੁੱਟਣ ਨੂੰ ਤੁਹਾਡਾ ਵੀ ਜੀਅ ਕਰਦਾ ਹੋਵੇਗਾ। ਤੇ ਹਾਂ, ਸਾਲ ਦੇ ਕੁਛ ਮਹੀਨਿਆਂ ਵਿਚ ਫਰਾਂਸ ਵਿਚ ਇੱਧਰ-ਉੱਧਰ ਵੀ ਘੁੰਮ-ਘੰਮਾਅ ਲਓਂਗੇ।”
ਮੈਂ ਕਹਿ ਦਿੱਤਾ ਕਿ ਜੇ ਉਹ ਕਹਿੰਦੇ ਨੇ ਤਾਂ ਚਲਾ ਜਾਵਾਂਗਾ। ਉਂਜ ਇੱਥੇ ਰਹਾਂ ਜਾਂ ਉੱਥੇ, ਮੇਰੇ ਲਈ ਇੱਕੋ ਗੱਲ ਏ।
ਉਹਨਾਂ ਨੇ ਫੇਰ ਸਵਾਲ ਕੀਤਾ, “ਤੇਰੀ ਇੱਛਾ ਨਈਂ ਹੁੰਦੀ ਕਿ ਜ਼ਿੰਦਗੀ ਦੇ ਰਵੱਈਏ ਵਿਚ ਕੁਛ ਨਵਾਂ ਹੋਵੇ, ਪੁਰਾਣਾ ਜਾਵੇ?”
ਮੈਂ ਬੋਲਿਆ, “ਸਾਹਬ, ਆਪਣੀ ਅਸਲੀ ਜ਼ਿੰਦਗੀ ਨੂੰ ਕੀ ਕਦੀ ਕੋਈ ਬਦਲ ਸਕਿਆ ਏ? ਜੈਸਾ ਇਕ ਗੇੜ, ਤੈਸਾ ਈ ਦੂਜਾ। ਜ਼ਿੰਦਗੀ ਦਾ ਹੁਣ ਜੋ ਰਵੱਈਆ ਜਾਂ ਗੇੜ ਏ, ਮੈਨੂੰ ਤਾਂ ਉਸ 'ਤੇ ਵੀ ਕੋਈ ਸ਼ਿਕਾਇਤ ਨਈਂ।”
ਲੱਗਿਆ, ਮੇਰੀਆਂ ਗੱਲਾਂ ਨਾਲ ਉਹਨਾਂ ਨੂੰ ਦੁੱਖ ਹੋਇਆ। ਦੱਸਦੇ ਰਹੇ ਕਿ ਮੈਂ ਹਰ ਕੰਮ ਵਿਚ ਹਮੇਸ਼ਾ ਟਾਲ-ਮਟੋਲ ਕਰਦਾ ਹਾਂ—ਕਿ ਮੇਰੇ 'ਚ ਇੱਛਾ, ਉਤਸਾਹ ਈ ਨਹੀਂ। ਤੇ ਸਾਹਬ ਦੇ ਵਿਚਾਰ ਅਨੁਸਾਰ ਧੰਦੇ ਵਿਚ ਇੱਛਾ ਤੇ ਉਤਸਾਹ ਦਾ ਨਾ ਹੋਣਾ ਜਬਰਦਸਤ ਕਮਜ਼ੋਰੀ ਏ।
ਮੈਂ ਵਾਪਸ ਆਪਣੀ ਮੇਜ਼ 'ਤੇ ਆ ਬੈਠਾ। ਸੋਚਿਆ, ਛੱਡੋ ਕਿਹੜਾ ਬਹਿਸ ਕਰੇ। ਇਸ ਨਾਲ ਉਹਨਾਂ ਦਾ ਮਿਜਾਜ਼ ਈ ਵਿਗੜੇਗਾ। ਪਰ ਆਪਣੀ ਜ਼ਿੰਦਗੀ ਦਾ ਰਵੱਈਆ ਬਦਲਣ ਦੀ ਮੈਨੂੰ ਕੋਈ ਖਾਸ ਵਜਾਹ ਦਿਖਾਈ ਨਹੀਂ ਸੀ ਦਿੱਤੀ। ਬੁਰੀ-ਭਲ਼ੀ ਜਿਹੋ-ਜਿਹੀ ਵੀ ਏ, ਠੀਕ ਈ ਏ। ਜਿਸ ਇੱਛਾ-ਉਤਸਾਹ ਜਾਂ ਹੌਸਲੇ-ਵਲਵਲੇ ਦੀ ਗੱਲ ਉਹ ਕਰਦੇ ਨੇ, ਆਪਣੇ ਵਿਦਿਆਰਥੀ ਜੀਵਨ ਵਿਚ ਉਹ ਮੇਰੇ ਵਿਚ ਭਰੇ ਪਏ ਸਨ। ਪਰ ਪੜ੍ਹਾਈ-ਲਿਖਾਈ ਛੱਡਣ ਦੇ ਨਾਲ ਈ ਇਹ ਵੀ ਸਮਝ ਵਿਚ ਆ ਗਿਆ ਕਿ ਇਹ ਸਭ ਕੋਰੀ ਬਕਵਾਸ ਏ।
ਉਸੇ ਸ਼ਾਮ ਦੀ ਗੱਲ ਏ, ਮੇਰੀ ਨੇ ਆਣ ਕੇ ਪੁੱਛਿਆ, “ਮੇਰੀ ਨਾਲ ਸ਼ਾਦੀ ਕਰੇਂਗਾ?”
ਮੈਂ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ—ਜੇ ਉਹ ਏਨੀ ਈ ਉਤਸੁਕ ਏ ਤਾਂ ਅਸੀਂ ਸ਼ਾਦੀ ਕਰ ਲਵਾਂਗੇ।
ਇਸ ਪਿੱਛੋਂ ਉਸਨੇ ਸਵਾਲ ਕੀਤਾ, “ਮੈਨੂੰ ਪਿਆਰ ਕਰਦਾ ਏਂ?” ਜਿਹੜਾ ਜਵਾਬ ਮੈਂ ਪਹਿਲਾਂ ਦਿੱਤਾ ਸੀ, ਉਹੀ ਇਸ ਵਾਰੀ ਵੀ ਦੇ ਦਿੱਤਾ, ਕਿ 'ਪੁੱਛਣਾ ਈ ਬੇਕਾਰ ਏ। ਕਮ-ਸੇ-ਕਮ ਇਸ ਤਰ੍ਹਾਂ ਦੇ ਸਵਾਲ ਦਾ ਕੋਈ ਅਰਥ ਨਹੀਂ। ਫੇਰ ਵੀ ਲੱਗਦਾ ਏ ਮੇਰੇ ਮਨ ਵਿਚ ਤੇਰੇ ਲਈ ਪਿਆਰ-ਪਿਊਰ ਕੁਛ ਨਹੀਂ ਏਂ।'
ਉਸਨੇ ਪੁੱਛਿਆ, “ਜੇ ਇੰਜ ਏ ਤਾਂ ਸ਼ਾਦੀ ਕਿਸ ਲਈ ਕਰੇਂਗਾ?”
ਮੈਂ ਉਸਨੂੰ ਸਮਝਾਇਆ ਕਿ 'ਅਸਲ ਵਿਚ ਇਸ ਨਾਲ ਕੀ ਵਧਦਾ-ਘਟਦਾ ਏ? ਹਾਂ, ਜੇ ਸ਼ਾਦੀ ਕਰਨ ਨਾਲ ਤੈਨੂੰ ਸੁਖ ਮਿਲਦਾ ਏ, ਤਾਂ ਚਲੋ, ਹੁਣੇ ਇਸੇ ਵੇਲੇ ਕਰ ਲੈਂਦੇ ਹਾਂ। ਚਲੋ ਖ਼ੈਰ ਗੱਲ ਤੂੰ ਈ ਚਲਾਈ ਸੀ—ਮੈਂ ਤਾਂ ਸਿਰਫ਼ ਹਾਂ ਕਹਿਣ ਦਾ ਗੁਨਾਹਗਾਰ ਆਂ।'
ਇਸ 'ਤੇ ਉਹ ਦੱਸਣ ਲੱਗੀ ਕਿ ਸ਼ਾਦੀ ਦਾ ਮਾਮਲਾ ਗੰਭੀਰ ਹੁੰਦਾ ਏ—ਬਾਲਾਂ ਦੀ ਖੇਡ ਨਹੀਂ ਹੁੰਦਾ। ਮੈਂ ਬੋਲਿਆ, “ਨਈਂ, ਇਹੋ-ਜਿਹੀ ਗੱਲ ਤਾਂ ਨਈਂ ਲੱਗਦੀ।”
ਪਹਿਲਾਂ ਤਾਂ ਉਹ ਬੜੇ ਅਜੀਬ ਢੰਗ ਨਾਲ ਮੈਨੂੰ ਘੂਰਦੀ ਰਹੀ, ਫੇਰ ਚੁੱਪ ਹੋ ਗਈ। ਕੁਝ ਚਿਰ ਬਾਅਦ ਪੁੱਛਣ ਲੱਗੀ, “ਅੱਛਾ ਮੰਨ ਲਓ, ਮੇਰੀ ਜਗ੍ਹਾ ਕੋਈ ਦੂਜੀ ਕੁੜੀ ਹੁੰਦੀ ਤੇ ਜਿੰਨਾ ਕੁਛ ਤੂੰ ਮੈਥੋਂ ਚਾਹੁੰਦਾ ਏਂ, ਓਨਾ ਈ ਉਸ ਤੋਂ ਚਾਹੁੰਦਾ ਤੇ ਉਹ ਜਦੋਂ ਸ਼ਾਦੀ ਕਰਨ ਨੂੰ ਕਹਿੰਦੀ ਤਾਂ ਕੀ ਤੂੰ ਉਸਨੂੰ ਵੀ ਇੰਜ ਈ, ਹਾਂ ਕਹਿ ਦਿੰਦਾ?”
“ਬੇਸ਼ੱਕ!”
ਹੁਣ ਉਹ ਬੋਲੀ, “ਮੈਂ ਵੀ ਅਜੇ ਤਕ ਇਸ ਧਰਮ ਸੰਕਟ ਵਿਚ ਆਂ ਕਿ ਤੈਨੂੰ ਪਿਆਰ ਵੀ ਕਰਦੀ ਆਂ ਜਾਂ ਨਈਂ।” ਇਸ ਬਾਰੇ ਮੈਂ ਉਸਨੂੰ ਦੱਸ ਈ ਕੀ ਸਕਦਾ ਸੀ? ਬਾਅਦ ਵਿਚ ਕੁਝ ਚਿਰ ਚੁੱਪ ਵਾਪਰੀ ਰਹੀ। ਇਸ ਦੌਰਾਨ ਉਹ ਮੂੰਹ ਵਿਚ ਈ ਮੇਰੇ 'ਅਜੀਬ-ਆਦਮੀ' ਹੋਣ ਨੂੰ ਲੈ ਕੇ ਕੁਝ ਕਹਿੰਦੀ ਰਹੀ। “ਸੱਚ ਦੱਸਾਂ ਤੇਰੀਆਂ ਇਹਨਾਂ ਗੱਲਾਂ ਕਰਕੇ ਈ ਤਾਂ ਮੈਂ ਤੈਨੂੰ ਪਿਆਰ ਕਰਦੀ ਆਂ।” ਉਹ ਬੋਲੀ, “ਹਾਂ, ਹੋ ਸਕਦਾ ਏ ਕਿਸੇ ਦਿਨ, ਇਹਨਾਂ ਗੱਲਾਂ ਕਰਕੇ ਈ ਨਫ਼ਰਤ ਵੀ ਕਰਨ ਲੱਗਾਂ।”
ਇਸ ਉੱਤੇ ਵੀ ਮੈਂ ਕੀ ਕਹਿੰਦਾ? ਚੁੱਪ ਈ ਰਿਹਾ।
ਕੁਝ ਚਿਰ ਉਹ ਸੋਚ-ਸਾਗਰ ਵਿਚ ਗੋਤੇ ਲਾਉਂਦੀ ਰਹੀ ਤੇ ਫੇਰ ਉਸਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਮੇਰੀ ਬਾਂਹ ਫੜ੍ਹ ਕੇ ਫੇਰ ਦੁਹਰਾਇਆ, “ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸਦੀ ਆਂ...ਸੱਚਮੁੱਚ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਆਂ।”
ਮੈਂ ਬੋਲਿਆ, “ ਬੜੀ ਚੰਗੀ ਗੱਲ ਏ! ਜਦੋਂ ਚਾਹੇਂਗੀ, ਅਸੀਂ ਲੋਕ ਸ਼ਾਦੀ ਕਰ ਲਵਾਂਗੇ। ਇਹੋ-ਜਿਹੀ ਕੋਈ ਗੱਲ ਨਈਂ।” ਫੇਰ ਜਦੋਂ ਮੈਂ ਆਪਣੇ ਸਾਹਬ ਵਾਲੇ ਸੁਝਾਅ ਦਾ ਜ਼ਿਕਰ ਕੀਤਾ ਤਾਂ ਲਲਕ ਕੇ ਬੋਲੀ, “ਪੈਰਿਸ...ਪੈਰਿਸ ਜਾਣ ਨੂੰ ਤਾਂ ਮੇਰਾ ਵੀ ਬੜਾ ਮਨ ਕਰਦਾ ਏ।”
ਇਸ 'ਤੇ ਜਦੋਂ ਮੈਂ ਦੱਸਿਆ ਕਿ ਮੈਂ ਕੁਝ ਸਮਾਂ ਪੈਰਿਸ ਵਿਚ ਵੀ ਰਿਹਾ ਹਾਂ, ਤਾਂ ਪੁੱਛਣ ਲੱਗੀ ਕਿ ਪੈਰਿਸ ਸ਼ਹਿਰ ਕੈਸਾ ਏ!
“ਮੈਨੂੰ ਤਾਂ ਬੜਾ ਕਿਚਰ-ਮਿਚਰ ਤੇ ਬੇਜਾਨ-ਜਿਹਾ ਸ਼ਹਿਰ ਲੱਗਿਆ ਸੀ। ਕਬੂਤਰਾਂ ਦੇ ਝੁੰਡ। ਹਨੇਰੇ, ਘੁਟੇ-ਘੁਟੇ ਜਿਹੇ ਚੌਕ ਤੇ ਵਿਹੜੇ! ਨੁੱਚੜੇ ਹੋਏ ਲੋਕ! ਫਿੱਕੇ-ਫਿੱਕੇ ਚਿਹਰੇ...।”
ਫੇਰ ਅਸੀਂ ਲੋਕ ਬਾਹਰ ਘੁੰਮਣ ਨਿਕਲ ਆਏ। ਮੁੱਖ ਸੜਕਾਂ ਤੋਂ ਹੁੰਦੇ ਹੋਏ ਸ਼ਹਿਰ ਦੇ ਦੂਜੇ ਸਿਰੇ ਤੀਕ ਚਲੇ ਗਏ। ਅੱਜ ਔਰਤਾਂ ਬੜੀਆਂ ਸੁੰਦਰ ਦਿਖਾਈ ਦਿੰਦੀਆਂ ਸਨ। ਮੈਂ ਮੇਰੀ ਨੂੰ ਪੁੱਛਿਆ ਕਿ ਉਸਨੂੰ ਵੀ ਲੱਗੀਆਂ ਕਿ ਨਹੀਂ...ਬੋਲੀ, “ਹਾਂ, ਤੂੰ ਜਿਸ ਮਤਲਬ ਨਾਲ ਪੁੱਛ ਰਿਹਾ ਏਂ, ਉਹ ਮੈਨੂੰ ਪਤਾ ਏ।” ਇਸ ਪਿੱਛੋਂ ਸਾਡੇ ਵਿਚੋਂ ਕੋਈ ਕੁਝ ਨਹੀਂ ਸੀ ਬੋਲਿਆ। ਪਰ ਮੈਂ ਉਸਨੂੰ ਅਜੇ ਨਹੀਂ ਸੀ ਜਾਣ ਦੇਣਾ ਚਾਹੁੰਦਾ, ਇਸ ਲਈ ਸੁਝਾਅ ਰੱਖਿਆ ਕਿ ਚੱਲ, ਚੱਲ ਕੇ ਸੇਲੇਸਤੇ ਦੇ ਰੇਸਤਰਾਂ ਵਿਚ ਇਕੱਠੇ ਖਾਣਾ ਖਾਂਦੇ ਆਂ। ਉਹ ਕਹਿਣ ਲੱਗੀ, “ਤੇਰੇ ਨਾਲ ਬੈਠ ਕੇ ਖਾਣ ਵਿਚ ਮੈਨੂੰ ਬੜਾ ਚੰਗਾ ਲੱਗਦਾ ਏ, ਪਰ ਅੱਜ ਮੈਂ ਕਿਸੇ ਹੋਰ ਨੂੰ ਆਖਿਆ ਹੋਇਆ ਏ।” ਹੁਣ ਅਸੀਂ ਲੋਕ ਘਰ ਕੋਲ ਆ ਗਏ ਸੀ। ਮੈਂ ਕਿਹਾ, “ਚੰਗਾ ਫੇਰ, ਫੇਰ ਮਿਲਾਂਗੇ...”
ਉਹ ਮੇਰੀਆਂ ਅੱਖਾਂ ਵਿਚ ਅੱਖਾਂ ਪਾਈ ਦੇਖਦੀ ਰਹੀ।
“ਇਹ ਵੀ ਨਈਂ ਜਾਣਨਾ ਚਾਹੁੰਦਾ ਕਿ ਅੱਜ ਰਾਤ ਮੈਨੂੰ ਕੀ ਕੰਮ ਏਂ?”
ਜਾਣਨਾ ਤਾਂ ਜ਼ਰੂਰ ਚਾਹੁੰਦਾ ਸੀ, ਪਰ ਉਸਨੂੰ ਪੁੱਛਣ ਦੀ ਗੱਲ ਈ ਨਹੀਂ ਸੀ ਸੁੱਝੀ। ਲੱਗਿਆ ਜਿਵੇਂ ਉਹ ਮੇਰੀ ਇਸ ਗੱਲ ਦੀ ਸ਼ਿਕਾਇਤ ਕਰ ਰਹੀ ਹੋਵੇ। ਉਸਦੀ ਇਸ ਗੱਲ 'ਤੇ ਮੈਂ ਜ਼ਰੂਰ ਬੌਂਦਲ ਗਿਆ ਹੋਵਾਂਗਾ, ਕਿਉਂਕਿ ਮੇਰੀ ਖਿੜਖਿੜ ਕਰਕੇ ਹੱਸ ਪਈ ਤੇ ਮੇਰੇ ਵੱਲ ਝੁਕ ਕੇ ਆਪਣੇ ਚੁੰਮਣ ਉਤੇਜਕ ਹੋਂਠ ਮੇਰੇ ਵੱਲ ਕਰ ਦਿੱਤੇ।
ਮੈਂ ਇਕੱਲਾ ਈ ਸੇਲੇਸਤੇ ਦੇ ਰੇਸਤਰਾਂ ਵਿਚ ਆਇਆ। ਅਜੇ ਖਾਣਾ ਸ਼ੁਰੂ ਕੀਤਾ ਸੀ ਕਿ ਇਕ ਠਿੰਗਣੀ-ਜਿਹੀ ਔਰਤ ਨੇ ਆ ਕੇ ਪੁੱਛਿਆ, “ਤੁਹਾਡੀ ਮੇਜ਼ 'ਤੇ ਬੈਠ ਸਕਦੀ ਆਂ ਨਾ?” “ਜ਼ਰੂਰ...ਜ਼ਰੂਰ” ਮੈਂ ਕਿਹਾ। ਔਰਤ ਦੇਖਣ ਵਿਚ ਕੁਝ ਵਿਲੱਖਣ ਈ ਸੀ—ਪੱਕੇ ਸਿਓ ਵਰਗਾ ਫੁੱਲਿਆ ਚਿਹਰਾ, ਚਮਕਦੀਆਂ ਅੱਖਾਂ ਤੇ ਕੁਝ ਅਜੀਬ ਢੰਗ ਨਾਲ ਝਟਕੇ ਦਿੰਦੀ ਹੋਈ ਚਾਲ, ਜਿਵੇਂ ਤਾਰ 'ਤੇ ਤੁਰ ਰਹੀ ਹੋਵੇ। ਆਪਣੀ ਤੰਗ ਜਾਕਟ ਲਾਹ ਕੇ ਉਹ ਕੁਰਸੀ 'ਤੇ ਜਚ ਗਈ ਤੇ ਯਕਦਮ ਸਭ ਕਾਸੇ ਵੱਲੋਂ ਅਵੇਸਲੀ ਹੋ ਕੇ ਖਾਣੇ ਦੀ ਸੂਚੀ ਨੂੰ ਗਹੁ ਨਾਲ ਵਾਚਨ ਲੱਗੀ। ਫੇਰ ਸੇਲੇਸਤੇ ਨੂੰ ਬੁਲਾ ਕੇ ਆਪਣਾ ਆਰਡਰ ਦਿੱਤਾ। ਬੋਲਦੀ ਬੜੀ ਕਾਹਲੀ ਸੀ, ਪਰ ਇਕ-ਇਕ ਸ਼ਬਦ ਸਪਸ਼ਟ। ਸੁਣਨ ਵਾਲਾ ਇਕ ਸ਼ਬਦ ਨਹੀਂ ਸੀ ਉੱਕਦਾ। ਜਦੋਂ ਤੀਕ ਖਾਣਾ ਪਰੋਸਣਾ ਸ਼ੁਰੂ ਹੋਇਆ, ਉਸਨੇ ਆਪਣਾ ਬੈਗ ਖੋਲ੍ਹਿਆ, ਕਾਗਜ਼ ਦਾ ਟੁਕੜਾ ਤੇ ਪੈਨਸਲ ਕੱਢੀ ਤੇ ਬਿੱਲ ਦੇ ਸਾਰੇ ਪੈਸੇ ਪਹਿਲਾਂ ਈ ਜੋੜ ਲਏ। ਫੇਰ ਬੈਗ ਵਿਚ ਹੱਥ ਪਾ ਕੇ ਬਟੂਆ ਕੱਢਿਆ, ਬਿੱਲ ਕੇ ਪੂਰੇ ਪੈਸੇ ਤੇ ਨਾਲ ਕੁਝ ਬਖ਼ਸ਼ੀਸ ਦੇ ਪੈਸੇ ਕੱਢ ਕੇ ਸਾਹਮਣੇ ਮੇਜ਼ ਪੋਸ਼ 'ਤੇ ਰੱਖ ਲਏ।
ਉਦੋਂ ਈ ਬੈਰੇ ਨੇ ਕੋਰਸ ਦੇ ਹਿਸਾਬ ਨਾਲ ਪਹਿਲੀ ਚੀਜ਼ ਲਿਆ ਕੇ ਸਾਹਮਣੇ ਰੱਖੀ। ਔਰਤ ਭੁੱਖੀ ਬਘਿਆੜੀ ਵਾਂਗੂੰ ਉਸ ਉੱਤੇ ਟੁੱਟ ਪਈ। ਹੁਣ ਜਦੋਂ ਤੀਕ ਅਗਲੀ ਚੀਜ਼ ਆਵੇ, ਉਸਨੇ ਇਸ ਵਾਰੀ ਬੈਗ ਵਿਚੋਂ ਦੂਜੀ ਨੀਲੇ ਰੰਗ ਦੀ ਪੈਨਸਲ ਤੇ ਆਉਣ ਵਾਲੇ ਹਫ਼ਤੇ ਦੀ ਰੇਡੀਓ-ਪੱਤਰਕਾ ਕੱਢੀ ਤੇ ਕਰੀਬ-ਕਰੀਬ ਦਿਨ ਦੇ ਹਰ ਪ੍ਰੋਗਰਾਮ ਦੇ ਸਾਹਮਣੇ ਪੈਨਸਲ ਨਾਲ ਨਿਸ਼ਾਨ ਲਾਉਣੇ ਸ਼ੁਰੂ ਕਰ ਦਿੱਤੇ। ਪੱਤਰਕਾ ਕੁਲ ਬਾਰਾਂ ਪੰਨਿਆਂ ਦੀ ਸੀ। ਪਰ ਸਾਰੇ ਖਾਣੇ ਦੌਰਾਨ ਉਹ ਇਕ-ਇਕ ਪੰਨੇ ਨੂੰ ਬੜੇ ਗਹੁ ਨਾਲ ਘੋਟਦੀ ਰਹੀ। ਮੇਰਾ ਖਾਣਾ ਖ਼ਤਮ ਹੋ ਗਿਆ, ਪਰ ਉਸਦਾ, ਉਸੇ ਅਖੰਡ ਧਿਆਨ ਮੁਦਰਾ ਵਿਚ ਪ੍ਰੋਗਰਾਮਾਂ 'ਤੇ ਨਿਸ਼ਾਨੀਆਂ ਲਾਉਣਾ ਜਾਰੀ ਰਿਹਾ। ਖਾਣੇ ਪਿੱਛੋਂ ਉਹ ਉੱਠੀ, ਆਪਣੇ ਉਸੇ ਝੱਟਕੇਦਾਰ ਮਸ਼ੀਨੀ ਅੰਦਾਜ਼ ਵਿਚ ਜਾਕਟ ਪਾਈ ਤੇ ਖਟ-ਖਟ ਕਰਦੀ ਫੁਰਤੀ ਨਾਲ ਰੇਸਤਰਾਂ ਵਿਚੋਂ ਬਾਹਰ ਨਿਕਲ ਗਈ।
ਕਰਨ ਲਈ ਕੁਝ ਨਹੀਂ ਸੀ, ਇਸ ਲਈ ਮੈਂ ਕੁਝ ਦੂਰ ਤੀਕ ਉਸੇ ਦੇ ਪਿੱਛੋ-ਪਿੱਛੇ ਤਰਿਆ ਗਿਆ। ਪਟੜੀ ਦੇ ਕਿਨਾਰੇ-ਕਿਨਾਰੇ ਬਿਨਾਂ ਇੱਧਰ-ਉੱਧਰ ਮੁੜੇ ਜਾਂ ਪਿੱਛੇ ਦੇਖੇ ਉਹ ਨੱਕ ਦੀ ਸੀਧ ਵਿਚ ਤੁਰੀ ਜਾ ਰਹੀ ਸੀ। ਜਿਸ ਤੇਜ਼ੀ ਨਾਲ ਉਹ ਫ਼ਾਸਲਾ ਤੈਅ ਕਰ ਰਹੀ ਸੀ, ਉਹ ਉਸਦੇ ਛੋਟੇ-ਜਿਹੇ ਕੱਦ ਨੂੰ ਦੇਖਦਿਆਂ ਹੋਇਆਂ ਨਿਹਾਯਤ ਨਵੀਂ ਗੱਲ ਲੱਗਦੀ ਸੀ। ਸੱਚ ਪੁੱਛੋ ਤਾਂ ਉਸਦਾ ਸਾਥ ਬਣਾਈ ਰੱਖਣਾ ਮੇਰੇ ਲਈ ਟੇਢੀ ਖੀਰ ਬਣ ਗਿਆ ਤੇ ਦੇਖਦੇ-ਦੇਖਦੇ ਉਹ ਅੱਖਾਂ ਤੋਂ ਓਹਲੇ ਹੋ ਗਈ। ਹਾਰ ਕੇ ਮੈਂ ਘਰ ਵੱਲ ਮੁੜ ਪਿਆ। ਕੁਝ ਦੇਰ ਤੀਕ ਤਾਂ ਉਹ ਚਾਬੀ ਭਰੀ ਕਠਪੁਤਲੀ (ਘੱਟੋਘੱਟ ਮੈਨੂੰ ਤਾਂ ਇੰਜ ਈ ਲੱਗੀ ਸੀ) ਮੈਨੂੰ ਕਾਫ਼ੀ ਪ੍ਰਭਾਵਿਤ ਕਰਦੀ ਰਹੀ, ਪਰ ਛੇਤੀ ਈ ਗੱਲ ਆਈ-ਗਈ ਹੋ ਗਈ।
ਜਿਵੇਂ ਈ ਮੈਂ ਆਪਣੇ ਦਰਵਾਜ਼ੇ ਵੱਲ ਮੁੜਿਆ, ਬੁੱਢੇ ਸਲਾਮਾਨੋ ਨਾਲ ਮੁੱਠਭੇੜ ਹੋ ਗਈ। ਮੈਂ ਉਸਨੂੰ ਅੰਦਰ ਕਮਰੇ ਵਿਚ ਚੱਲਣ ਲਈ ਕਿਹਾ। ਉਸਨੇ ਦੱਸਿਆ, “ਕੁੱਤਾ ਸੱਚਮੁੱਚ ਈ ਗਵਾਚ-ਗਵੂਚ ਗਿਐ। ਪਤਾ ਕਰਨ ਲਈ ਮੈਂ ਪਸ਼ੂਵਾੜੇ ਗਿਆ ਸਾਂ, ਉੱਥੇ ਤਾਂ ਸੀ ਨਈਂ। ਉੱਥੋਂ ਵਾਲਿਆਂ ਨੇ ਇਹੋ-ਕਿਹਾ ਕਿ ਕਿਸੇ ਗੱਡੀ-ਸ਼ੱਡੀ ਹੇਠ ਆ ਗਿਆ ਲੱਗਦੈ। ਮੈਂ ਪੁੱਛਿਆ ਕਿ ਥਾਣੇ ਜਾ ਕੇ ਇਸ ਗੱਲ ਦਾ ਪਤਾ ਕਰਨ ਦਾ ਕੋਈ ਫ਼ਾਇਦਾ ਹੋਊ? ਉਹ ਬੋਲੇ, 'ਕਿਹੜਾ ਲਾਵਾਰਿਸ ਕੁੱਤਾ ਕਿੱਥੇ ਕੁਚਲਿਆ ਗਿਆ, ਇਹਨਾਂ ਗੱਲਾਂ ਦਾ ਲੇਖਾ ਰੱਖ ਨਾਲੋਂ ਵੱਧ ਜ਼ਰੂਰੀ ਕੰਮ ਪੁਲਸ ਨੂੰ ਹੋਰ ਬਥੇਰੇ ਹੁੰਦੇ ਐ।'” ਮੈਂ ਸਲਾਹ ਦਿੱਤੀ, “ਤੁਸੀਂ ਦੂਜਾ ਕੁੱਤਾ ਲੈ ਆਓ।” ਤਾਂ ਕਹਿਣ ਲੱਗਾ ਕਿ 'ਮੈਨੂੰ ਇਸ ਨਾਲ ਮੋਹ ਹੋ ਗਿਆ ਸੀ। ਹੁਣ ਕਿਸੇ ਦੂਜੇ ਕੁੱਤੇ ਨਾਲ ਉਹ ਗੱਲ ਥੋੜ੍ਹਾ ਈ ਹੋ ਸਕਦੀ ਐ...।'
ਮੈਂ ਆਪਣੀਆਂ ਲੱਤਾਂ ਇਕੱਠੀਆਂ ਕਰੀ ਮੰਜੇ ਉੱਤੇ ਬੈਠਾ ਸੀ ਤੇ ਸਲਾਮਾਨੋ ਮੇਰੇ ਸਾਹਮਣੇ ਮੇਜ਼ ਕੋਲ ਪਈ ਕੁਰਸੀ ਉੱਤੇ ਗੋਡਿਆਂ ਉੱਤੇ ਹੱਥ ਰੱਖੀ ਬੈਠਾ ਸੀ। ਘਸਿਆ-ਮੁਚੜਿਆ ਫਲੈਟ ਹੈਟ ਸਿਰ ਉੱਤੇ ਬਿਰਾਜਮਾਨ ਸੀ। ਉਹ ਆਪਣੀਆਂ ਪੀਲੀਆਂ-ਪੀਲੀਆਂ ਗੰਦੀਆਂ ਮੁੱਛਾਂ ਦੀ ਓਟ ਵਿਚ ਪਤਾ ਨਹੀਂ ਕੀ ਬੁੜਬੁੜ ਕਰੀ ਜਾ ਰਿਹਾ ਸੀ! ਮੈਨੂੰ ਉਸਦੀ ਮੌਜੂਦਗੀ ਖਾਸੀ ਅਕਾਊ-ਜਿਹੀ ਲੱਗੀ, ਪਰ ਨਾ ਤਾਂ ਨੀਂਦ ਆ ਰਹੀ ਸੀ ਤੇ ਨਾ ਈ ਕੁਝ ਕਰਨ ਲਈ ਈ ਸੀ, ਸੋ ਕੁਛ ਨਾ ਕੁਛ ਗੱਲਬਾਤ ਚਲਾਈ ਰੱਖਣ ਲਈ ਮੈਂ ਕੁੱਤੇ ਬਾਰੇ ਈ ਪੁੱਠੇ-ਸਿੱਧੇ ਸਵਾਲ ਪੁੱਛਦਾ ਰਿਹਾ—ਕਿੰਨੇ ਦਿਨਾਂ ਤੋਂ ਕੁੱਤਾ ਉਸਦੇ ਕੋਲ ਸੀ, ਆਦਿ। ਦੱਸਿਆ, 'ਘਰਵਾਲੀ ਦੇ ਮਰਨ ਪਿੱਛੋਂ ਇਹ ਕੁੱਤਾ ਈ ਉਸਦਾ ਸਾਥੀ ਰਿਹਾ ਗਿਆ ਸੀ। ਸ਼ਾਦੀ ਕਾਫ਼ੀ ਦੇਰ ਨਾਲ ਕੀਤੀ। ਜਵਾਨੀ ਦੇ ਦਿਨਾਂ ਵਿਚ ਨਾਟਕਾਂ ਵਿਚ ਜਾਣ ਦੀ ਬੜੀ ਇੱਛਾ ਸੀ। ਆਪਣੀ ਫ਼ੌਜੀ ਨੌਕਰੀ ਦੌਰਾਨ ਵੀ ਰੈਜਮੈਂਟ ਦੇ ਨਾਟਕਾਂ ਵਿਚ ਅਕਸਰ ਹਿੱਸਾ ਲਿਆ। ਕਹਿਣਾ ਤਾਂ ਸਭ ਦਾ ਇਹੋ ਸੀ ਕਿ ਕਾਫ਼ੀ ਚੰਗਾ ਕੰਮ ਕਰ ਲੈਂਦਾ ਸੀ। ਖ਼ੈਰ, ਅਖ਼ੀਰ ਵਿਚ ਰੇਲਵੇ ਵਿਚ ਨੌਕਰੀ ਕਰ ਲਈ। ਹੁਣ ਉਸਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ, ਕਿਉਂਕਿ ਬੱਧੀ-ਰੁੱਧੀ, ਥੋੜ੍ਹੀ-ਬਹੁਤ ਪੈਨਸ਼ਨ ਆ ਜਾਂਦੀ ਏ। ਪਤਨੀ ਨਾਲ ਕਦੀ ਮਨ ਨਹੀਂ ਮਿਚਿਆ, ਪਰ ਹਾਂ, ਦੋਵੇਂ ਇਕ ਦੂਜੇ ਦੇ ਹਿਸਾਬ ਨਾਲ ਢਲ਼ ਜ਼ਰੂਰ ਗਏ ਸੀ। ਉਸਦੇ ਮਰਨ ਪਿੱਛੋਂ ਬੜਾ ਸੁੰਨਾ-ਸੁੰਨਾ ਵੀ ਲੱਗਿਆ। ਰੇਲਵੇ ਦੇ ਇਕ ਸਾਥੀ ਦੀ ਕੁੱਤੀ ਨੇ ਓਹਨੀਂ ਦਿਨੀਂ ਈ ਬੱਚੇ ਦਿੱਤੇ ਸੀ...ਉਸੇ ਨੇ ਇਹ ਕੁੱਤਾ ਲਿਆ ਦਿੱਤਾ। ਇਹੀ ਸੋਚ ਕੇ ਰੱਖ ਲਿਆ ਕਿ ਚਲੋ, ਇਕ ਸਾਥ ਹੋ ਜਾਵੇਗਾ। ਸ਼ੁਰੂ ਵਿਚ ਤਾਂ ਬੱਚਿਆਂ ਨੂੰ ਦੁੱਧ ਪਿਆਉਣ ਵਾਲੀ ਬੋਤਲ ਨਾਲ ਪਾਲਨਾ ਪਿਆ। ਕਿਉਂਕਿ ਕੁੱਤੇ ਦੀ ਉਮਰ ਆਦਮੀ ਨਾਲੋਂ ਥੋੜ੍ਹੀ ਹੁੰਦੀ ਏ, ਇਸ ਲਈ ਦੋਵਾਂ 'ਤੇ ਬੁਢੇਪਾ ਨਾਲੋ-ਨਾਲ ਆਇਆ।
“ਬੜੇ ਸ਼ੱਕੀ ਸੁਭਾਅ ਦਾ ਜਾਨਵਰ ਸੀ!” ਸਲਾਮਾਨੋ ਨੇ ਦੱਸਿਆ, “ਅਕਸਰ ਈ ਸਾਡੇ 'ਚ ਬਾਕਾਇਦਾ ਝਗੜਾ ਹੋ ਜਾਂਦਾ ਸੀ। ਪਰ ਸੀ ਕੁੱਤਾ ਚੰਗਾ।”
ਮੈਂ ਵੀ ਕਿਹਾ, “ਸ਼ਕਲ ਤੋਂ ਤਾਂ ਕਿਸੇ ਚੰਗੀ ਨਸਲ ਦਾ ਲੱਗਦਾ ਸੀ।” ਇਸ 'ਤੇ ਬੁੱਢਾ ਖ਼ੁਸ਼ ਹੋ ਗਿਆ। ਬੋਲਿਆ, “ਓ-ਜੀ ਤੁਸੀਂ ਕਿਤੇ ਇਸ ਨੂੰ ਬਿਮਾਰੀ ਤੋਂ ਪਹਿਲਾਂ ਦੇਖਿਆ ਹੁੰਦਾ। ਕੀ ਗਜਬ ਦੇ ਵਾਲ ਸੀ!...ਸੱਚ ਕਹਿਣਾ ਉਸ ਵਿਚ ਕੋਈ ਲੱਖ ਰੁਪਏ ਦੀ ਚੀਜ਼ ਸੀ ਤਾਂ ਉਹ ਸੀ ਉਸਦੇ ਵਾਲ। ਉਸਦਾ ਰੋਗ ਦੂਰ ਕਰਨ ਲਈ ਮੈਂ ਕੀ-ਕੀ ਨਈਂ ਕੀਤਾ! ਖਾਜ ਹੋਣ ਪਿੱਛੋਂ ਤਾਂ ਰਾਤ-ਰਾਤ ਭਰ ਮਲ੍ਹਮ ਦੀ ਮਾਲਸ਼ ਕੀਤੀ। ਪਰ ਉਸਦੀ ਅਸਲ ਬਿਮਾਰੀ ਤਾਂ ਬੁਢੇਪਾ ਸੀ ਤੇ ਇਸ ਬਿਮਾਰੀ ਦਾ ਧਰਤੀ 'ਤੇ ਕੋਈ ਇਲਾਜ਼ ਨਈਂ ਜੀ।”
ਉਦੋਂ ਈ ਮੈਨੂੰ ਉਬਾਸੀ ਆ ਗਈ। ਸਲਾਮਾਨੋ ਨੇ ਕਿਹਾ, “ਅੱਛਾ, ਚੱਲਦਾਂ।” ਮੈਂ ਕਿਹਾ, “ਬੈਠੋ ਨਾ, ਸੱਚਮੁੱਚ ਤੁਹਾਡੇ ਕੁੱਤੇ ਲਈ ਮੈਨੂੰ ਬੜਾ ਦੁੱਖ ਏ।” ਇਸ 'ਤੇ ਮੈਨੂੰ ਧੰਨਵਾਦ ਦੇ ਕੇ ਦੱਸਣ ਲੱਗਾ ਕਿ ਮੇਰੀ 'ਵਿਚਾਰੀ ਮਾਂ' ਨੂੰ ਵੀ ਉਸ ਕੁੱਤੇ ਨਾਲ ਬੜਾ ਮੋਹ ਸੀ। ਉਸਨੇ ਸ਼ਾਇਦ ਇਹੀ ਸੋਚ ਕੇ ਮੇਰੀ ਮਾਂ ਦੇ ਅੱਗੇ 'ਵਿਚਰੀ' ਲਾਇਆ ਸੀ ਕਿ ਮੈਨੂੰ ਉਸਦੀ ਮੌਤ ਦਾ ਬੜਾ ਸਦਮਾ ਹੋਏਗਾ, ਜਦੋਂ ਮੈਂ ਕੁਝ ਨਾ ਬੋਲਿਆ ਤਾਂ ਬੜੀ ਕਾਹਲੀ-ਕਾਹਲੀ ਤੇ ਯਕਦਿਆਂ ਹੋਇਆਂ ਉਸਨੇ ਦੱਸਿਆ ਕਿ ਮੇਰੇ ਮਾਂ ਨੂੰ ਆਸ਼ਰਮ ਭੇਜ ਦੇਣ 'ਤੇ ਸੜਕ ਵਾਲੇ ਪਤਾ ਨਹੀਂ ਕੀ-ਕੀ ਪੁੱਠਾ-ਸਿੱਧਾ ਕਹਿ ਰਹੇ ਸੀ। “ਪਰ ਮੈਥੋਂ ਤਾਂ ਕੋਈ ਗੱਲ ਨਈਂ ਲੁਕੀ। ਮੈਨੂੰ ਤਾਂ ਪਤਾ ਏ ਕਿ ਮਾਂ ਦੇ ਲਈ ਤੁਹਾਡੇ ਮਨ 'ਚ ਕੈਸੀ ਸ਼ਰਧਾ ਸੀ।”
ਮੈਂ ਅੱਜ ਤੀਕ ਨਹੀਂ ਜਾਣਦਾ ਕਿ ਉਸਦੀ ਇਸ ਗੱਲ ਦੇ ਜਵਾਬ ਵਿਚ ਮੈਂ ਕਿਉਂ ਇੰਜ ਕਿਹਾ ਸੀ ਕਿ ਬੜਾ ਤਾੱਜੁਬ ਏ ਮੇਰੇ ਬਾਰੇ 'ਚ ਲੋਕ ਏਨਾਂ ਬੁਰਾ ਸੋਚਦੇ ਨੇ। ਮਾਂ ਨੂੰ ਨਾਲ ਰੱਖ ਸਕਣਾ ਮੇਰੇ ਬੂਤੇ ਤੋਂ ਬਾਹਰ ਦੀ ਗੱਲ ਸੀ, ਇਸ ਲਈ ਕਿਸੇ ਨਾ ਕਿਸੇ ਆਸ਼ਰਮ ਵਿਚ ਭੇਜ ਦੇਣ ਦੇ ਸਿਵਾਏ ਕੋਈ ਚਾਰਾ ਨਹੀਂ ਸੀ। ਕਿਹਾ, “ਚਲੋ ਖ਼ੈਰ, ਏਥੇ ਵੀ ਵਰ੍ਹਿਆਂ ਤੀਕ ਉਹ ਮੇਰੇ ਨਾਲ ਇਕ ਸ਼ਬਦ ਨਈਂ ਸੀ ਬੋਲੀ। ਮੈਂ ਵੀ ਦੇਖਦਾ ਸੀ ਕਿ ਕੋਈ ਗੱਲਬਾਤ ਕਰਨ ਵਾਲਾ ਨਈਂ, ਇਸ ਲਈ, ਸਾਰਾ ਦਿਨ ਝਾੜੂ-ਬੁਹਾਰੀ ਈ ਕਰਦੀ ਰਹਿੰਦੀ ਏ।”
“ਸਹੀ ਗੱਲ ਏ,” ਉਹ ਬੋਲਿਆ, “ਆਸ਼ਰਮ ਵਿਚ ਤਾਂ ਕਈ ਯਾਰ-ਦੋਸਤ ਵੀ ਬਣ ਜਾਂਦੇ ਨੇ।”
ਉਹ ਉੱਠ ਖੜ੍ਹਾ ਹੋਇਆ। ਕਹਿਣ ਲੱਗਾ, “ਬੜਾ ਵਕਤ ਹੋ ਗਿਆ। ਹੁਣ ਜਾ ਕੇ ਸੰਵਾਂਗਾ।” ਫੇਰ ਦੱਸਦਾ ਰਿਹਾ ਕਿ ਇਸ ਨਵੀਂ ਹਾਲਤ ਵਿਚ ਤਾਂ ਜ਼ਿੰਦਗੀ ਮੁਹਾਲ ਹੋ ਜਾਵੇਗੀ। ਸਲਾਮਾਨੋ ਨਾਲ ਆਪਣੀ ਜਾਣ-ਪਛਾਣ ਦੌਰਾਨ ਮੈਂ ਪਹਿਲੀ ਵਾਰੀ ਉਸ ਨਾਲ ਹੱਥ ਮਿਲਾਉਣ ਲਈ ਹੱਥ ਅੱਗੇ ਵਧਾਇਆ। ਹੁਣ ਵੀ ਮਨ ਵਿਚ ਇਕ ਸੰਕੋਚ ਤੇ ਹੱਥ ਵਧਾਉਣ ਦੇ ਢੰਗ ਵਿਚ ਬੜੀ ਝਿਜਕ ਸੀ। ਮਿਲਾਉਂਦਿਆਂ ਈ ਲੱਗਿਆ ਜਿਵੇਂ ਉਸਦੀ ਖੱਲ ਉੱਤੇ ਮੱਛੀ ਦੀ ਖੱਲ ਵਾਂਗ ਖੁਰਦਰੇ ਚਾਣੇ ਨੇ। ਦਰਵਾਜ਼ੇ 'ਚੋਂ ਬਾਹਰ ਨਿਕਲਦਾ ਹੋਇਆ ਉਹ ਪਰਤਿਆ ਤੇ ਹਲਕੀ-ਜਿਹੀ ਮੁਸਕਰਾਹਟ ਨਾਲ ਬੋਲਿਆ—
“ਚਲੋ, ਇਹ ਤਾਂ ਐ ਕਿ ਅੱਜ ਰਾਤ ਕੁੱਤੇ ਨਈਂ ਭੌਂਕਣਗੇ। ਜਦੇ-ਜਦੇ ਮੈਂ ਇਹਨਾਂ ਦਾ ਭੌਂਕਣਾ ਸੁਣਦਾਂ, ਮੈਨੂੰ ਹਮੇਸ਼ਾ ਲੱਗਦਾ ਏ ਜਿਵੇਂ ਮੇਰੇ ਕੁੱਤੇ ਦੀ ਆਵਾਜ਼ ਆ...”
--- --- ---

No comments:

Post a Comment