Tuesday, May 28, 2013

ਪਹਿਲਾ ਭਾਗ :: ਇਕ :

ਪਹਿਲਾ ਭਾਗ



ਇਕ :

ਅੱਜ ਮਾਂ ਦੀ ਮੌਤ ਹੋ ਗਈ। ਹੋ ਸਕਦਾ ਏ, ਕਲ੍ਹ ਹੋਈ ਹੋਵੇ—ਪੱਕਾ ਨਹੀਂ ਕਹਿ ਸਕਦਾ। 'ਆਸ਼ਰਮ' ਵਾਲਿਆਂ ਦੇ ਤਾਰ ਵਿਚ ਬਸ ਏਨਾ ਈ ਲਿਖਿਆ ਏ—'ਤੁਹਾਡੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਅੰਤੇਸ਼ਟੀ ਕਲ੍ਹ ਹੈ। ਦੁੱਖੀ ਹਿਰਦੇ।' ਇਸ ਮਜਮੂਨ ਵਿਚ ਖਾਸੀ ਗੁੰਜਾਇਸ਼ ਏ। ਹੋ ਸਕਦਾ ਏ ਮੌਤ, ਕਲ੍ਹ ਈ ਹੋ ਗਈ ਹੋਵੇ।
ਮਾਰੇਂਗੋ ਦਾ ਬਿਰਧ-ਆਸ਼ਰਮ ਅਲਜੀਯਰਸ ਤੋਂ ਕੋਈ ਪੰਜਾਹ ਕੁ ਮੀਲ ਦੂਰ ਏ। ਦੋ ਵਜੇ ਵਾਲੀ ਬੱਸ ਫੜ੍ਹ ਲਵਾਂ ਤਾਂ ਦਿਨ ਦੇ ਛਿਪਾਅ ਤੋਂ ਕਾਫੀ ਪਹਿਲਾਂ ਪਹੁੰਚ ਜਾਵਾਂਗਾ। ਲਾਸ਼ ਦੇ ਸਿਰਹਾਣੇ 'ਜਗਰਾਤੇ' ਦੀ ਰਸਮ ਨਿਭਾ ਕੇ, ਕਲ੍ਹ ਸ਼ਾਮ ਤੀਕ, ਆਸਾਨੀ ਨਾਲ ਵਾਪਸ ਵੀ ਆਇਆ ਜਾ ਸਕਦਾ ਏ। ਆਪਣੇ ਸਾਹਬ ਤੋਂ ਦੋ ਦਿਨ ਦੀ ਛੁੱਟੀ ਮੰਗ ਲਈ ਏ—ਇਹੋ-ਜਿਹੇ ਮੌਕੇ 'ਤੇ ਨਾਂਹ ਵੀ ਕਿੰਜ ਕਰਦੇ? ਫੇਰ ਵੀ ਪਤਾ ਨਹੀਂ ਕਿਓਂ, ਮੈਨੂੰ ਲੱਗਿਆ ਜਿਵੇਂ ਕੁਝ ਹਿਰਖ ਗਏ ਹੋਣ। ਮੈਂ ਬਿਨਾਂ ਸੋਚੇ ਈ ਬੋਲ ਪਿਆ—“ਮਾਫ਼ ਕਰਨਾ ਸਾਹਬ, ਦੋਖੋ ਨਾ, ਇਸ 'ਚ ਮੇਰਾ ਤਾਂ ਕੋਈ ਕਸੂਰ ਨਈਂ ਨਾ...”
ਪਿੱਛੋਂ ਖ਼ਿਆਲ ਆਇਆ ਕਿ ਇਹ ਸਭ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ। ਮੈਨੂੰ ਮਾਫ਼ੀ ਮੰਗਣ ਦੀ ਕੀ ਲੋੜ ਪਈ ਸੀ ਭਲਾਂ? ਇਹ ਤਾਂ ਖ਼ੁਦ ਉਹਨਾਂ ਨੂੰ ਈ ਚਾਹੀਦਾ ਸੀ ਕਿ ਹਮਦਰਦੀ ਦਿਖਾਉਂਦੇ ਜਾਂ ਉਂਜ ਈ ਕੋਈ ਫਾਰਮਲ-ਜਿਹੀ ਗੱਲ ਕਰਦੇ। ਪਰਸੋਂ ਗ਼ਮੀਂ ਵਾਲੇ ਕੱਪੜਿਆਂ ਵਿਚ ਦੇਖ ਕੇ ਸ਼ਾਇਦ ਅਜਿਹਾ ਕੁਝ ਕਹਿਣ। ਫ਼ਿਲਹਾਲ ਤਾਂ ਲੱਗਦਾ ਈ ਨਹੀਂ ਕਿ ਮਾਂ ਨਹੀਂ ਰਹੀ। ਅੰਤੇਸ਼ਟੀ ਪਿੱਛੋਂ ਪੱਕਾ ਹੋ ਜਾਵੇਗਾ—ਕਹਿ ਲਓ, ਬਾਕਾਇਦਾ ਸਰਕਾਰੀ ਮੋਹਰ ਲੱਗ ਜਾਵੇਗੀ।
ਮੈਂ ਦੋ ਵਜੇ ਵਾਲੀ ਬੱਸ ਫੜ੍ਹ ਲਈ। ਭਖ਼ਦੀ, ਗਰਮ-ਦੁਪਹਿਰ ਦਾ ਸਮਾਂ ਸੀ। ਰੋਜ਼ ਵਾਂਗ ਮੈਂ ਅੱਜ ਵੀ ਸੇਲੇਸਤੇ ਦੇ ਰੇਸਤਰਾਂ ਵਿਚ ਖਾਣਾ ਖਾਧਾ ਸੀ। ਅੱਜ ਹਰ ਕੋਈ ਬੇਹਦ ਮਿਹਰਬਾਨ ਸੀ। ਸੇਲੇਸਤੇ ਬੋਲਿਆ—“ਮਾਂ ਦੀ ਬਰਾਬਰੀ ਕੋਈ ਨਈਂ ਕਰ ਸਕਦਾ।” ਜਦੋਂ ਮੈਂ ਬਾਹਰ ਆਇਆ ਤਾਂ ਸਾਰੇ ਈ ਮੈਨੂੰ ਦਰਵਾਜ਼ੇ ਤੀਕ ਛੱਡਣ ਆਏ। ਆਉਂਣ ਵੇਲੇ ਤਾਂ ਯਕਦਮ ਖਲਬਲੀ-ਜਿਹੀ ਮੱਚ ਗਈ ਸੀ। ਐਨ ਮੌਕੇ 'ਤੇ ਮੈਨੂੰ ਕਾਲੀ ਟਾਈ ਤੇ ਬਾਂਹ 'ਤੇ ਬੰਨਣ ਵਾਲਾ ਕਾਲਾ ਮੁਹੱਰਮੀ ਪੱਟਾ ਲਿਆਉਣ ਲਈ ਇਮਾਨੁਅਲ ਵੱਲ ਨੱਸਣਾ ਪਿਆ ਸੀ। ਉਸਦਾ ਚਾਚਾ ਵੀ ਕੁਝ ਮਹੀਨੇ ਪਹਿਲਾਂ ਈ ਗੁਜ਼ਰਿਆ ਸੀ, ਸੋ ਉਸ ਕੋਲ ਇਹ ਸਭ ਹੈ ਸੀ।
ਬੱਸ ਭੱਜਦੇ-ਦੌੜਦੇ ਫੜ੍ਹੀ। ਸੜਕ ਤੇ ਆਸਮਾਨ 'ਚ ਦੌੜ ਰਹੇ ਲਿਸ਼ਕਾਰੇ, ਪੈਟ੍ਰੋਲ ਦਾ ਬਦਬੂਦਾਰ ਧੂੰਆਂ, ਰਾਸਤੇ ਦੇ ਹਿਲੋਰੇ-ਝਟਕੇ ਤੇ ਉਪਰੋਂ ਇਹ ਭੱਜ-ਨੱਠ—ਸ਼ਾਇਦ ਇਸੇ ਲਈ ਬੈਠਦਾ ਈ ਊਂਘਣ ਲੱਗ ਪਿਆ ਸੀ। ਚਲੋ ਖ਼ੈਰ, ਵਧੇਰੇ ਰਸਤਾ ਸੁੱਤੇ-ਸੁੱਤੇ ਈ ਨਿੱਬੜਿਆ। ਅੱਖ ਖੁੱਲ੍ਹੀ ਤਾਂ ਦੇਖਿਆ, ਇਕ ਸਿਪਾਹੀ ਉੱਤੇ ਲੱਦਿਆ ਹੋਇਆ ਹਾਂ। ਉਸਨੇ ਦੰਦ ਕੱਢ ਕੇ ਪੁੱਛਿਆ, 'ਕੀ ਮੈਂ ਦੂਰੋਂ ਬੈਠਾ ਆ ਰਿਹਾ ਆਂ?' ਗੱਲਾਂ ਕਰਨ ਦਾ ਮੇਰਾ ਮਨ ਨਹੀਂ ਸੀ। ਇਸ ਲਈ ਸਿਰਫ਼ ਸਿਰ ਹਿਲਾਅ ਕੇ ਗੱਲ ਮੁਕਾਅ ਦਿੱਤੀ।
ਪਿੰਡ ਤੋਂ ਆਸ਼ਰਮ ਦੀ ਦੂਰੀ ਕੋਈ ਮੀਲ ਕੁ ਭਰ ਨਾਲੋਂ ਵੱਧ ਹੋਵੇਗੀ। ਪੈਦਲ ਈ ਰਸਤਾ ਤੈਅ ਕੀਤਾ। ਸਿੱਧਾ ਮਾਂ ਨੂੰ ਦੇਖਣਾ ਚਾਹਿਆ ਤਾਂ ਚੌਕੀਦਾਰ ਨੇ ਕਿਹਾ ਕਿ ਪਹਿਲਾਂ ਵਾਰਡਨ ਨੂੰ ਮਿਲਣਾ ਪਵੇਗਾ। ਵਾਰਡਨ ਰੁੱਝਿਆ ਹੋਇਆ ਸੀ, ਇਸ ਲਈ ਥੋੜ੍ਹੀ ਉਡੀਕ ਕਰਨੀ ਪਈ। ਜਿੰਨਾਂ ਚਿਰ ਬੈਠਾ ਮੈਂ ਉਡੀਕਦਾ ਰਿਹਾ, ਚੌਕੀਦਾਰ ਮੇਰੇ ਨਾਲ ਗੱਲਾਂ-ਗੱਪਾਂ ਮਾਰਦਾ ਰਿਹਾ। ਫੇਰ ਮੈਨੂੰ ਦਫ਼ਤਰ ਲੈ ਗਿਆ। ਵਾਰਡਨ ਸਫੇਦ ਵਾਲਾਂ ਵਾਲਾ, ਇਕ ਮਧਰੇ ਕੱਦ ਦਾ, ਆਦਮੀ ਸੀ। ਕੋਟ ਦੇ ਕਾਜ ਵਿਚ 'ਲੀਜਨ ਆਫ ਆਨਰ' ਦਾ ਪ੍ਰਤੀਕ, ਛੋਟਾ-ਜਿਹਾ ਗੁਲਾਬ, ਲਾਇਆ ਹੋਇਆ ਸੀ। (ਇਹ ਤਮਗ਼ਾ 1802 ਵਿਚ ਨੇਪੋਲੀਅਨ ਪਹਿਲੇ ਨੇ ਫ਼ੌਜੀ ਜਾਂ ਆਮ ਜੀਵਨ ਵਿਚ ਕੀਤੀ ਕਿਸੇ ਮਹੱਤਵਪੂਰਨ ਸੇਵਾ ਲਈ ਜਾਰੀ ਕੀਤਾ ਸੀ) ਵਾਰਡਨ ਆਪਣੀਆਂ ਨੀਲੀਆਂ-ਨੀਲੀਆਂ, ਸਿੱਜਲ-ਅੱਖਾਂ ਨਾਲ ਦੇਰ ਤੀਕ ਮੈਨੂੰ ਦੇਖਦਾ ਰਿਹਾ। ਫੇਰ ਅਸੀਂ ਹੱਥ ਮਿਲਾਏ। ਮੇਰੇ ਹੱਥ ਨੂੰ ਉਸਨੇ ਏਨੀ ਦੇਰ ਤੀਕ ਹੱਥ ਵਿਚ ਫੜ੍ਹੀ ਰੱਖਿਆ ਕਿ ਮੈਨੂੰ ਬੇਚੈਨੀ-ਜਿਹੀ ਮਹਿਸੂਸ ਹੋਣ ਲੱਗ ਪਈ। ਇਸ ਪਿੱਛੋਂ ਮੇਜ਼ 'ਤੇ ਰੱਖੇ ਰਜਿਸਟਰ ਨੂੰ ਉਲਟ-ਪੁਲਟ ਕੇ ਬੋਲਿਆ...:
“ਮਾਦਾਮ ਮਯੋਰਸੋਲ ਤਿੰਨ ਸਾਲ ਪਹਿਲਾਂ ਇਸ ਆਸ਼ਰਮ 'ਚ ਆਏ ਸੀ। ਕਮਾਈ ਦਾ ਉਹਨਾਂ ਦਾ ਆਪਣਾ ਕੋਈ ਸਾਧਨ ਨਈਂ ਸੀ ਇਸ ਲਈ ਉਹਨਾਂ ਦਾ ਸਾਰਾ ਬੋਝ ਤੁਹਾਡੇ 'ਤੇ ਈ ਸੀ।”
ਮੈਨੂੰ ਇੰਜ ਮਹਿਸੂਸ ਹੋਣ ਲੱਗਿਆ, ਜਿਵੇਂ ਮੈਨੂੰ ਕਿਸੇ ਗੱਲ ਲਈ ਅਪਰਾਧੀ ਠਹਿਰਾਇਆ ਜਾ ਰਿਹਾ ਹੋਵੇ—ਇਸ ਲਈ ਮੈਂ ਸਫ਼ਾਈ ਦੇਣੀ ਸ਼ੁਰੂ ਕੀਤੀ ਤਾਂ ਉਸਨੇ ਮੈਨੂੰ ਵਿਚਕਾਰੋਂ ਈ ਟੋਕ ਦਿੱਤਾ, “ਬੇਟਾ, ਤੁਸੀਂ ਆਪਣੀ ਸਫ਼ਾਈ ਕਿਓਂ ਦੇ ਰਹੇ ਓਂ? ਮੈਂ ਤਾਂ ਖ਼ੁਦ ਉਹਨਾਂ ਦਾ ਸਾਰਾ ਪਿਛਲਾ ਰਿਕਾਰਡ ਦੇਖਿਆ ਏ। ਤੁਸੀਂ ਤਾਂ ਖ਼ੁਦ ਇਸ ਹਾਲਤ 'ਚ ਨਈਂ ਸੀ ਕਿ ਠੀਕ ਤਰ੍ਹਾਂ ਮਾਂ ਦੀ ਸਾਰ-ਸੰਭਾਲ ਦਾ ਬੋਝ ਸੰਭਾਲ ਸਕੋਂ। ਆਪਣੀ ਦੇਖ-ਭਾਲ ਲਈ ਉਹਨਾਂ ਨੂੰ ਹਰ ਵੇਲੇ ਇਕ ਆਦਮੀ ਦੀ ਲੋੜ ਸੀ।...ਤੇ ਮੈਥੋਂ ਤਾਂ ਇਹ ਲੁਕਿਆ ਨਈਂ ਹੋਇਆ ਕਿ ਤੁਹਾਡੇ ਵਰਗੇ ਨੌਕਰੀ-ਪੇਸ਼ਾ ਲੜਕੇ ਨੂੰ ਤਨਖ਼ਾਹ ਕਿੰਨੀ ਕੁ ਮਿਲਦੀ ਏ? ਚਲੋ ਖ਼ੈਰ, ਆਸ਼ਰਮ 'ਚ ਕਾਫ਼ੀ ਖ਼ੁਸ਼ ਸੀ ਉਹ।”
ਮੈਂ ਕਿਹਾ, “ਹਾਂ ਸਾਹਬ ਜੀ, ਮੈਨੂੰ ਵੀ ਇਹੋ ਯਕੀਨ ਏਂ।”
ਇਸ 'ਤੇ ਉਹ ਬੋਲਿਆ, “ਆਪਣੀ ਉਮਰ ਦੇ ਕਈ ਲੋਕਾਂ ਨਾਲ ਉਹਨਾਂ ਦੀ ਅੱਛੀ ਬਣਦੀ ਸੀ। ਲੋਕ ਆਪਣੇ ਹਾਣ-ਪ੍ਰਵਾਨ ਵਾਲਿਆਂ ਨਾਲ ਈ ਵਧੇਰੇ ਖ਼ੁਸ਼ ਰਹਿੰਦੇ ਨੇ। ਤੁਸੀਂ ਤਾਂ ਖ਼ੁਦ ਹਾਲੇ ਕਾਫ਼ੀ ਛੋਟੇ ਓਂ, ਉਹਨਾਂ ਦੇ ਸਾਥੀ ਦੀ ਕਮੀ ਥੋੜ੍ਹਾ ਈ ਪੂਰੀ ਕਰ ਸਕਦੇ ਸੀ।”
ਗੱਲ ਸਹੀ ਸੀ। ਜਿਹਨੀਂ ਦਿਨੀਂ ਅਸੀਂ ਲੋਕ ਇਕੱਠੇ ਰਹਿੰਦੇ ਸੀ—ਮਾਂ ਮੈਨੂੰ ਬਸ, ਦੇਖਦੀ ਈ ਰਹਿੰਦੀ ਸੀ। ਸਾਡੇ ਵਿਚਕਾਰ ਸ਼ਾਇਦ ਈ ਕਦੇ ਕੋਈ ਗੱਲਬਾਤ ਹੋਈ ਹੋਵੇ। ਆਸ਼ਰਮ ਦੇ ਪਹਿਲੇ ਕੁਝ ਹਫ਼ਤੇ ਤਾਂ ਉਹ ਬੜੀ ਰੋਈ-ਕੁਰਲਾਈ—ਪਰ ਇਹ ਸਭ ਰੋਣਾ-ਕੁਰਲਾਉਣਾ ਜੀਅ ਨਾ ਲੱਗਣ ਕਰਕੇ ਸੀ। ਇਕ-ਦੋ ਮਹੀਨੇ ਬਾਅਦ ਤਾਂ ਇਹ ਹਾਲ ਹੋ ਗਿਆ ਕਿ ਉਸਨੂੰ ਆਸ਼ਰਮ ਛੱਡਣ ਲਈ ਕਹੋ ਤਾਂ ਰੋਣ ਲੱਗ ਪੈਂਦੀ। ਇਹ ਵੀ ਉਸਨੂੰ ਭਿਆਨਕ ਸਜ਼ਾ ਦੇਣਾ ਹੁੰਦਾ। ਇਹੀ ਕਾਰਨ ਸੀ ਕਿ ਪਿਛਲੇ ਸਾਲ ਮੈਂ ਉਸਨੂੰ ਬੜਾ ਈ ਘੱਟ ਮਿਲਣ ਗਿਆ ਸੀ। ਦੂਜਾ, ਉੱਥੇ ਜਾਣਦਾ ਅਰਥ ਇਹ ਸੀ ਕਿ ਆਪਣਾ ਇਕ ਐਤਵਾਰ ਖ਼ਰਾਬ ਕਰੋ...। ਬੱਸ 'ਤੇ ਜਾਣ ਦੀ ਖੇਚਲ ਝੱਲੋ। ਟਿਕਟ ਖ਼ਰੀਦੋ। ਸ਼ਫ਼ਰ ਵਿਚ ਦੋਵੇਂ ਪਾਸੇ, ਬੈਠੇ-ਬੈਠੇ, ਦੋ-ਦੋ ਘੰਟੇ ਧੂੜ ਫੱਕੋ—ਜਾਣ-ਆਉਣ ਦੇ ਪੱਕੇ ਦੋ-ਦੋ ਘੰਟੇ। ਖ਼ੈਰ ਜੀ, ਇਸ ਸਾਰੇ ਸਿਰ-ਦਰਦ ਦਾ ਜ਼ਿਕਰ ਛੱਡੋ...
ਮੈਂ ਧਿਆਨ ਈ ਨਹੀਂ ਸੀ ਦਿੱਤਾ ਕਿ ਵਾਰਡਨ ਕੀ ਬੋਲੀ ਜਾ ਰਿਹਾ ਏ। ਆਖ਼ਰ ਵਿਚ ਉਸਨੇ ਕਿਹਾ, “ਅੱਛਾ ਤਾਂ ਹੁਣ, ਮੇਰਾ ਖ਼ਿਆਲ ਏ ਤੁਸੀਂ ਮਾਂ ਦੇ ਦਰਸ਼ਨ ਕਰੋਂਗੇ?”
ਮੈਂ ਕੋਈ ਜਵਾਬ ਨਾ ਦਿੱਤਾ। ਉੱਠ ਕੇ ਖੜ੍ਹਾ ਹੋ ਗਿਆ। ਅੱਗੇ-ਅੱਗੇ ਉਹ ਦਰਵਾਜ਼ੇ ਵੱਲ ਵਧਿਆ। ਪੌੜੀਆਂ ਉਤਰਦਿਆਂ ਹੋਇਆਂ ਉਸਨੇ ਸਮਝਾਇਆ, “ਤੁਹਾਡੀ ਮਾਂ ਦਾ ਸ਼ਵ ਮੁਰਦਾਘਰ 'ਚ ਰਖਵਾ ਦਿੱਤਾ ਏ—ਜਿਸ ਕਰਕੇ ਦੂਜੇ ਬੁੱਢਿਆਂ ਦਾ ਮਨ ਖ਼ਰਾਬ ਨਾ ਹੋਵੇ। ਮੇਰਾ ਮਤਲਬ ਸਮਝੇ ਨਾ? ਇੱਥੇ ਤਾਂ ਹਰ ਵਕਤ ਕੋਈ ਨਾ ਕੋਈ ਮਰਦਾ ਈ ਰਹਿੰਦਾ ਏ। ਹਰ ਵਾਰੀ ਦੋ-ਤਿੰਨ ਦਿਨ ਇਹਨਾਂ ਲੋਕਾਂ ਦੀ ਹਾਲਤ ਖ਼ਰਾਬ ਹੋ ਜਾਂਦੀ ਏ। ਯਾਨੀ ਖ਼ਾਹਮ-ਖ਼ਾਹ, ਸਾਡੇ ਨੌਕਰਾਂ-ਚਾਕਰਾਂ ਲਈ ਫਾਲਤੂ ਕੰਮ ਤੇ ਫਿਜੂਲ ਪਰੇਸ਼ਾਨੀ...”
ਅਸੀਂ ਇਕ ਖੁੱਲ੍ਹੀ ਜਗ੍ਹਾ ਪਾਰ ਕੀਤੀ। ਇੱਥੇ ਛੋਟੀਆਂ-ਛੋਟੀਆਂ ਢਾਣੀਆਂ ਬਣਾਈ ਬੈਠੇ ਬੁੱਢੇ ਆਪੋ ਵਿਚ ਗੱਲਾਂ ਕਰ ਰਹੇ ਸਨ—ਸਾਨੂੰ ਆਉਂਦੇ ਦੇਖ ਕੇ ਚੁੱਪ ਹੋ ਗਏ। ਅਸੀਂ ਅੱਗੇ ਲੰਘ ਗਏ ਤਾਂ ਪਿੱਛੇ ਫੇਰ ਗੱਲਾਂ-ਬਾਤਾਂ ਸ਼ੁਰੂ ਹੋ ਗਈ। ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਮੈਨੂੰ ਪਿੰਜਰਿਆਂ ਵਿਚ ਬੰਦ ਪਹਾੜੀ ਤੋਤੇ ਯਾਦ ਆ ਗਏ—ਇਹਨਾਂ ਲੋਕਾਂ ਦੇ ਸੁਰ ਹਾਲਾਂਕਿ ਓਨੇ ਤਿੱਖੇ ਨਹੀਂ ਸਨ। ਇਕ ਛੋਟੇ ਤੇ ਘੱਟ ਉੱਚੇ ਮਕਾਨ ਦੇ ਦਰਵਾਜ਼ੇ ਸਾਹਮਣੇ ਆ ਕੇ ਵਾਰਡਨ ਖੜ੍ਹਾ ਹੋ ਗਿਆ।
“ਤੋ ਮੋਸ਼ਿਏ (ਸ਼੍ਰੀਮਾਨ) ਮਯੋਰਸੋਲ, ਮੈਂ ਏਥੋਂ ਈ ਵਿਦਾਅ ਲਵਾਂਗਾ। ਕਿਸੇ ਕੰਮ ਲਈ ਲੋੜ ਸਮਝੋਂ ਤਾਂ ਦਫ਼ਤਰ 'ਚ ਈ ਆਂ। ਅੰਤੇਸ਼ਟੀ ਕਲ੍ਹ ਸਵੇਰੇ ਕਰਨ ਦਾ ਵਿਚਾਰ ਏ। ਤਦ ਤਕ ਤੁਸੀਂ ਆਪਣੀ ਮਾਂ ਦੇ ਤਾਬੂਤ ਕੋਲ ਜਗਰਾਤਾ ਵੀ ਕਰ ਲਓਂਗੇ। ਤੁਹਾਡਾ ਖ਼ੁਦ ਦਾ ਵੀ ਤਾਂ ਮਨ ਹੋਵੇਗਾ ਈ। ਹਾਂ, ਇਕ ਗੱਲ ਹੋਰ, ਤੁਹਾਡੀ ਮਾਂ ਦੇ ਸਾਥੀਆਂ ਨੇ ਦੱਸਿਆ ਏ—ਉਹਨਾਂ ਦੀ ਕਾਮਨਾ ਸੀ ਕਿ ਉਹਨਾਂ ਨੂੰ ਚਰਚ ਦੇ ਨਿਯਮਾਂ ਅਨੁਸਾਰ ਈ ਦਫ਼ਨ ਕੀਤਾ ਜਾਵੇ। ਵੈਸੇ ਤਾਂ ਮੈਂ ਇਹ ਸਾਰੇ ਪ੍ਰਬੰਧ ਕਰ ਦਿੱਤੇ ਨੇ, ਪਰ ਸੋਚਿਆ ਤੁਹਾਨੂੰ ਵੀ ਦੱਸ ਦਿਆਂ...”
ਮੈਂ ਕਿਹਾ, “ਸ਼ੁਕਰੀਆ।” ਜਿੱਥੋਂ ਤੀਕ ਮੈਨੂੰ ਆਪਣੀ ਮਾਂ ਦਾ ਪਤਾ ਏ, ਉਹ ਖ਼ੁੱਲ੍ਹਮ-ਖ਼ੁੱਲ੍ਹਾ ਨਾਸਤਿਕ ਨਹੀਂ ਸੀ—ਪਰ ਜਿਊਂਦੇ ਜੀਅ, ਇਸ ਧਰਮ-ਕਰਮ ਵੱਲ ਉਹਨੇ ਕਦੀ ਧਿਆਨ ਨਹੀਂ ਸੀ ਦਿੱਤਾ।
ਮੈਂ ਮੁਰਦਾਘਰ ਵਿਚ ਪੈਰ ਰੱਖਿਆ। ਕਮਰਾ ਚਾਨਣ ਨਾਲ ਖ਼ੂਬ ਭਰਿਆ ਹੋਇਆ ਤੇ ਏਨਾ ਸਾਫ਼-ਸੁਥਰਾ ਸੀ ਕਿ ਕਿਤੇ ਕੋਈ ਦਾਗ਼-ਧੱਬਾ ਨਜ਼ਰ ਨਹੀਂ ਸੀ ਆ ਰਿਹਾ। ਕੰਧਾਂ 'ਤੇ ਸਫੇਦੀ ਕੀਤੀ ਹੋਈ ਸੀ। ਇਕ ਕਾਫ਼ੀ ਵੱਡਾ ਰੋਸ਼ਨਦਾਨ ਸੀ। ਫਰਨੀਚਰ ਦੇ ਨਾਂ 'ਤੇ ਕੁਝ ਕੁਰਸੀਆਂ ਤੇ ਤਿਪਾਈਆਂ ਪਈਆਂ ਸਨ। ਦੋ ਤਿਪਾਈਆਂ ਕਮਰੇ ਦੇ ਵਿਚਕਾਰ ਰੱਖੀਆਂ ਹੋਈਆਂ ਸਨ ਤੇ ਉਹਨਾਂ ਉੱਤੇ ਤਾਬੂਤ ਪਿਆ ਸੀ। ਢੱਕਣ ਉੱਤੇ ਰੱਖਿਆ ਹੋਇਆ ਸੀ, ਪਰ ਪੇਚ ਬਸ ਜ਼ਰਾ-ਜ਼ਰਾ ਘੁਮਾਅ ਕੇ ਛੱਡ ਦਿੱਤੇ ਗਏ ਸਨ। ਨਿੱਕਲ ਪਾਲਸ਼ ਵਾਲੇ ਪੇਚਾਂ ਦੇ ਸਿਰੇ, ਗੂੜ੍ਹੇ ਅਖ਼ਰੋਟੀ ਰੰਗ ਦੇ ਫੱਟੇ ਤੋਂ ਉੱਚੇ ਨਿਕਲੇ ਖੜ੍ਹੇ ਸਨ। ਇਕ ਅਰਬ ਔਰਤ—ਮੈਨੂੰ ਲੱਗਿਆ ਨਰਸ ਏ—ਤਾਬੂਤ ਕੋਲ ਬੈਠੀ ਸੀ। ਉਹ ਦੇ ਨੀਲੇ ਰੰਗ ਦੀ ਸ਼ਮੀਜ ਪਾਈ ਹੋਈ ਸੀ ਤੇ ਸਿਰ ਉੱਤੇ ਸ਼ੋਖ਼ ਰੰਗ ਦਾ ਰੁਮਾਲ ਬੱਧਾ ਸੀ।
ਪਿੱਛੇ-ਪਿੱਛੇ ਈ ਚੌਕੀਦਾਰ ਵੀ ਆ ਪਹੁੰਚਿਆ। ਉਸਦਾ ਸਾਹ ਫੁੱਲਿਆ ਹੋਇਆ ਸੀ, ਜ਼ਰੂਰ ਦੌੜਦਾ ਹੋਇਆ ਆਇਆ ਹੋਵੇਗਾ। “ਅਜੇ ਤਾਂ ਅਸੀਂ ਢੱਕਣ ਉਂਜ ਈ ਰੱਖ ਦਿੱਤਾ ਐ। ਵਾਰਡਨ ਸਾਹਬ ਦਾ ਹੁਕਮ ਸੀ ਕਿ ਤੁਸੀਂ ਆਓਂਗੇ ਤਾਂ ਮਾਂ ਦੇ ਦਰਸ਼ਨ ਕਰਨ ਲਈ ਪੇਚ ਖੋਲ੍ਹ ਦਿਆਂ।”
ਉਹ ਤਾਬੂਤ ਵੱਲ ਵਧਿਆ ਤਾਂ ਮੈਂ ਉਸਨੂੰ ਰੋਕ ਦਿੱਤਾ—“ਨਈਂ, ਨਈਂ—ਤਕਲੀਫ਼ ਕਰਨ ਦੀ ਲੋੜ ਨਈਂ।”
“ਹੈਂ-ਅੰ? ਕੀ ਕਿਹਾ?” ਅੰਤਾਂ ਦੀ ਹੈਰਾਨੀ ਨਾਲ ਉਸਦੇ ਮੂੰਹੋਂ ਨਿਕਲਿਆ—“ਤੁਸੀਂ ਨ੍ਹੀਂ ਚਾਹੁੰਦੇ ਕਿ ਮੈਂ...”
“ਨਈਂ...” ਮੈਂ ਜਵਾਬ ਦਿੱਤਾ।
ਪੇਚਕਸ ਉਸਨੇ ਵਾਪਸ ਜੇਬ ਵਿਚ ਪਾ ਲਿਆ, ਪਰ ਉਸਦੀਆਂ ਫ਼ੈਲੀਆਂ ਹੋਈਆਂ ਅੱਖਾਂ ਮੇਰੇ 'ਤੇ ਅਟਕੀਆਂ ਰਹੀਆਂ। ਉਦੋਂ ਮੈਨੂੰ ਲੱਗਿਆ ਕਿ ਇੰਜ ਮਨ੍ਹਾਂ ਨਹੀਂ ਸੀ ਕਰਨਾ ਚਾਹੀਦਾ। ਇਸ ਸੋਚ ਕੇ ਮੈਂ ਕੁਝ ਛਿੱਥਾ-ਜਿਹਾ ਪੈ ਗਿਆ। ਕੁਝ ਪਲ ਮੇਰੇ ਵੱਲ ਦੇਖਦੇ ਰਹਿਣ ਪਿੱਛੋਂ ਉਸਨੇ ਪੁੱਛਿਆ, “ਕਿਓਂ?” ਆਵਾਜ਼ ਵਿਚ ਚੋਭ ਨਹੀਂ ਬਲਕਿ ਜਿਗਿਆਸਾ ਸੀ।
“ਭਰਾ ਇਸ 'ਕਿਓਂ' ਦਾ ਜਵਾਬ ਤਾਂ ਬੜਾ ਮੁਸ਼ਕਲ ਏ।” ਮੈਂ ਕਿਹਾ।
ਉਹ ਆਪਣੀਆਂ ਕਰੜ-ਬਰੜੀਆਂ ਮੁੱਛਾਂ ਉੱਤੇ ਹੱਥ ਫੇਰਦਾ ਰਿਹਾ। ਫੇਰ ਬਿਨਾਂ ਮੇਰੇ ਨਾਲ ਅੱਖ ਮਿਲਾਏ, ਨਰਮ ਆਵਾਜ਼ ਵਿਚ ਬੋਲਿਆ, “ਅੱਛਾ, ਹੁਣ ਮੈਂ ਸਮਝਿਆ।”
ਆਦਮੀ ਦੇਖਣ ਵਿਚ ਚੰਗਾ ਲੱਗਦਾ ਸੀ—ਨੀਲੀਆਂ-ਨੀਲੀਆਂ ਅੱਖਾਂ ਤੇ ਫੁੱਲੀਆਂ-ਫੁੱਲੀਆਂ ਲਾਲ ਗੱਲ੍ਹਾਂ। ਮੇਰੇ ਲਈ ਉਸਨੇ ਤਾਬੂਤ ਦੇ ਕੋਲ ਈ ਇਕ ਕੁਰਸੀ ਖਿੱਚ ਦਿੱਤੀ ਤੇ ਖ਼ੁਦ ਠੀਕ ਉਸਦੇ ਪਿੱਛੇ ਬੈਠ ਗਿਆ। ਨਰਸ ਉੱਠ ਕੇ ਦਰਵਾਜ਼ੇ ਵੱਲ ਤੁਰ ਪਈ। ਚੌਕੀਦਾਰ ਦੇ ਕੋਲੋਂ ਲੰਘੀ ਤਾਂ ਉਹ ਮੇਰੇ ਕੰਨ ਵਿਚ ਬੁੜਬੁੜਾਇਆ, “ਇਸ ਵਿਚਾਰੀ ਦੇ ਫੋੜਾ ਹੋ ਗਿਆ ਐ।”
ਹੁਣ ਮੈਂ ਜ਼ਰਾ ਹੋਰ ਗਹੁ ਨਾਲ ਉਸ ਵੱਲ ਦੇਖਿਆ। ਅੱਖਾਂ ਦੇ ਠੀਕ ਹੇਠਾਂ, ਸਿਰ ਦੇ ਚਾਰੇ ਪਾਸੇ, ਪੱਟੀ ਲਪੇਟੀ ਹੋਈ ਸੀ। ਨੱਕ ਦੀ ਉਠਾਣ ਦੇ ਆਸੇ-ਪਾਸੇ ਦਾ ਹਿੱਸਾ ਦਬ ਕੇ ਚਪਟਾ ਹੋ ਗਿਆ ਸੀ ਤੇ ਚਿਹਰੇ 'ਤੇ ਉਸ ਸਫੇਦ ਤਿਰਛੀ ਪੱਟੀ ਦੇ ਸਿਵਾਏ ਕੁਝ ਨਜ਼ਰ ਨਹੀਂ ਸੀ ਆ ਰਿਹਾ।
ਉਸਦੇ ਜਾਂਦਿਆਂ ਈ ਚੌਕੀਦਾਰ ਵੀ ਉੱਠ ਖੜ੍ਹਾ ਹੋਇਆ, “ਹੁਣ ਤੁਸੀਂ ਇੱਥੇ 'ਕੱਲੇ ਬੈਠੋ।”
ਪਤਾ ਨਹੀਂ ਜਵਾਬ ਵਿਚ ਮੈਂ ਕੀ ਇਸ਼ਾਰਾ ਕੀਤਾ ਕਿ ਬਾਹਰ ਜਾਨ ਦੀ ਬਜਾਏ ਉਹ ਮੇਰੀ ਕੁਰਸੀ ਦੇ ਪਿੱਛੇ ਆ ਕੇ ਖੜ੍ਹਾ ਹੋ ਗਿਆ। ਇਸ ਕੁਰਬਲ-ਕੁਰਬਲ ਨਾਲ ਮੈਨੂੰ ਪ੍ਰੇਸ਼ਾਨੀ ਹੋਣ ਲੱਗੀ ਕਿ ਕੋਈ ਮੇਰੇ ਪਿੱਛੇ ਖੜ੍ਹਾ ਏ। ਦਿਨ ਢਲ਼ ਰਿਹਾ ਸੀ ਤੇ ਸਾਰੇ ਕਮਰੇ ਵਿਚ ਸੋਂਹਦੀ-ਸੁਹਾਵਣੀ ਧੁੱਪ ਦਾ ਹੜ੍ਹ-ਜਿਹਾ ਆਇਆ ਹੋਇਆ ਸੀ। ਰੋਸ਼ਨਦਾਨ ਦੇ ਸ਼ੀਸ਼ੇ ਉੱਤੇ ਦੋ ਭੂੰਡ ਭੀਂ-ਭੀਂ ਕਰ ਰਹੇ ਸੀ। ਮੈਨੂੰ ਅਜਿਹਾ ਨੀਂਦਰਾ ਚੜ੍ਹਿਆ ਹੋਇਆ ਸੀ ਕਿ ਅੱਖਾਂ ਨਹੀਂ ਸੀ ਖੁੱਲ੍ਹ ਰਹੀਆਂ। ਬਿਨਾਂ ਪਿੱਛੇ ਮੁੜੇ ਈ ਮੈਂ ਚੌਕੀਦਾਰ ਨੂੰ ਪੁੱਛਿਆ, “ਇਸ ਆਸ਼ਰਮ 'ਚ ਤੁਹਾਨੂੰ ਕਿੰਨੇ ਦਿਨ ਹੋ ਗਏ?”
“ਪੰਜ ਸਾਲ” ਝੱਟ ਨਪਿਆ-ਤੁਲਿਆ ਉੱਤਰ ਆਇਆ। ਲੱਗਿਆ ਜਿਵੇਂ ਉਹ ਮੇਰੇ ਸਵਾਲ ਨੂੰ ਈ ਉਡੀਕ ਰਿਹਾ ਹੋਵੇ।
ਹੁਣ ਤਾਂ ਬਸ ਉਸਦੀ ਮਸ਼ੀਨ ਈ ਚਾਲੂ ਹੋ ਗਈ। ਦਸ ਸਾਲ ਪਹਿਲਾਂ ਜੇ ਕੋਈ ਉਸਨੂੰ ਕਹਿੰਦਾ ਕਿ ਤੇਰੀ ਜ਼ਿੰਦਗੀ ਮਾਰੇਂਗੋ ਦੇ ਆਸ਼ਰਮ ਵਿਚ ਚੌਕੀਦਾਰਾ ਕਰਦਿਆਂ ਬੀਤੇਗੀ ਤਾਂ ਉਹ ਕਤਈ ਵਿਸ਼ਾਵਸ ਨਾ ਕਰਦਾ। ਦੱਸਿਆ, ਉਮਰ ਚੌਂਹਟ ਸਾਲ ਏ ਤੇ ਰਹਿਣ ਵਾਲਾ ਪੈਰਿਸ ਦਾ ਏ।
ਜਿਵੇਂ ਈ ਉਸਨੇ ਇਹ ਦੱਸਿਆ ਮੈਂ ਬਿਨਾਂ ਸੋਚੇ-ਵਿਚਾਰੇ ਈ ਪੁੱਛ ਬੈਠਾ, “ਅੱਛਾ, ਤਾਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਨਈਂ ਓਂ?”
ਉਦੋਂ ਯਾਦ ਆਇਆ, ਵਾਰਡਨ ਕੋਲ ਲੈ ਜਾਣ ਤੋਂ ਪਹਿਲਾਂ ਵੀ ਉਸਨੇ ਮਾਂ ਬਾਰੇ ਕੁਝ ਦੱਸਿਆ ਸੀ। ਉਹ ਬੋਲਿਆ, “ਇਸ ਪ੍ਰਦੇਸ ਦੀ, ਖਾਸ ਕਰਕੇ ਇਹਨਾਂ ਹੇਠਲੇ ਮੈਦਾਨਾਂ ਦੀ ਗਰਮੀ ਇਹੋ-ਜਿਹੀ ਐ ਕਿ ਮਾਂ ਨੂੰ ਜਲਦੀ ਤੋਂ ਜਲਦੀ ਕਬਰ ਦੇ ਦੇਣੀ ਠੀਕ ਐ। ਪੈਰਿਸ ਦੀ ਗੱਲ ਹੋਰ ਐ। ਉੱਥੇ ਤਾਂ ਤਿੰਨ ਦਿਨ, ਕਦੀ-ਕਦੀ ਤਾਂ ਚਾਰ-ਚਾਰ ਦਿਨ, ਮੁਰਦੇ ਨੂੰ ਰੱਖ ਲਿਆ ਜਾਂਦੈ ਤੇ ਕੁਛ ਨ੍ਹੀਂ ਵਿਗੜਦਾ।” ਫੇਰ ਉਹ ਦੱਸਦਾ ਰਿਹਾ ਕਿ ਆਪਣੀ ਜ਼ਿੰਦਗੀ ਦੇ ਸਭ ਤੋਂ ਚੰਗੇ ਦਿਨ ਉਸਨੇ ਪੈਰਿਸ ਵਿਚ ਬਿਤਾਏ ਨੇ, ਹੁਣ ਤਾਂ ਉਹ ਦਿਨ ਭੁੱਲਿਆਂ ਵੀ ਨਹੀਂ ਭੁੱਲਦੇ। ਕਹਿਣ ਲੱਗਾ, “ਤੇ ਇੱਥੇ ਤਾਂ ਸਮਝੋ, ਸਾਰੇ ਕੰਮ ਹਨੇਰੀ ਵਾਂਗੂੰ ਹੁੰਦੇ ਐ। ਅਜੇ ਤਾਂ ਕਿਸੇ ਦੀ ਮੌਤ ਦੀ ਖ਼ਬਰ ਸੁਣ ਕੇ ਸੰਭਲੇ ਵੀ ਨ੍ਹੀਂ ਹੁੰਦੇ ਕਿ ਚੱਲੋ ਸਾਹਬ, ਦਫ਼ਨਾਉਣ ਦੀਆਂ ਤਿਆਰੀਆਂ 'ਚ ਜੁਟ ਪਵੋ।”
“ਬਸ, ਬਸ,” ਵਿਚਕਾਰ ਈ ਉਸਦੀ ਪਤਨੀ ਬੋਲ ਪਈ, “ਇਹਨਾਂ ਵਿਚਾਰਿਆਂ ਨੂੰ ਇਹ ਦੱਸਣ ਦੀ ਕੀ ਲੋੜ ਐ ਥੋਨੂੰ?” ਕੱਚਾ-ਜਿਹਾ ਹੋ ਕੇ ਬੁੱਢਾ ਮੁਆਫ਼ੀ ਮੰਗਣ ਲੱਗਾ। ਮੈਂ ਕਿਹਾ, “ਨਈਂ, ਨਈਂ...ਕੋਈ ਗੱਲ ਨਈਂ।” ਮੈਨੂੰ ਸੱਚਮੁੱਚ ਉਸਦੀਆਂ ਗੱਲਾਂ ਬੜੀਆਂ ਦਿਲਚਸਪ ਲੱਗ ਰਹੀਆਂ ਸੀ। ਮੈਂ ਇੱਧਰ ਪਹਿਲਾਂ ਧਿਆਨ ਈ ਨਹੀਂ ਸੀ ਦਿੱਤਾ।
ਹੁਣ ਉਸਨੇ ਫੇਰ ਦੱਸਣਾ ਸ਼ੁਰੂ ਕਰ ਦਿੱਤਾ ਕਿ 'ਆਸ਼ਰਮ ਵਿਚ ਉਹ ਵੀ ਸਾਧਾਰਨ ਆਸ਼ਰਮਵਾਸੀ ਵਾਂਗੂੰ ਈ ਆਇਆ ਸੀ। ਕਿਉਂਕਿ ਕੱਦਕਾਠ ਪੱਖੋਂ ਹਾਲੇ ਵੀ ਚੰਗਾ-ਭਲਾ ਸੀ, ਸੋ ਜਦੋਂ ਚੌਕੀਦਾਰ ਦੀ ਜਗ੍ਹਾ ਖਾਲੀ ਹੋਈ ਤਾਂ ਅਰਜੀ ਦੇ ਦਿੱਤੀ।'
ਮੈਂ ਕਿਹਾ, “ਤਾਂ ਕੀ ਹੋਇਆ? ਹੋ ਤਾਂ ਤੁਸੀਂ ਹੁਣ ਵੀ ਦੂਜੇ ਆਸ਼ਰਮ ਵਾਸੀਆਂ ਵਾਂਗੂੰ ਈ।” ਪਰ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਆਪਣੇ-ਆਪ ਨੂੰ ਉਹ ਕੁਝ 'ਅਫ਼ਸਰਨੁਮਾਂ' ਸਮਝਦਾ ਸੀ। ਆਪਣੇ ਤੋਂ ਛੋਟੀ ਉਮਰ ਵਾਲੇ ਆਸ਼ਰਮ ਵਾਸੀਆਂ ਦੀ ਗੱਲ ਹੁੰਦੀ ਤਾਂ ਉਹ ਉਹਨਾਂ ਦਾ ਜ਼ਿਕਰ 'ਉਹ ਲੋਕ' ਜਾਂ ਕਦੇ-ਕਦਾਰ 'ਉਹਨਾਂ ਬੁੜ੍ਹਿਆਂ ਲਈ' ਕਹਿ ਕੇ ਕਰਦਾ ਸੀ। ਉਸਦੀ ਇਸ ਆਦਤ 'ਤੇ ਪਹਿਲਾਂ-ਪਹਿਲ ਮੈਂ ਤ੍ਰਬਕਿਆ ਸੀ। ਖ਼ੈਰ, ਹੁਣ ਉਸਦਾ ਦ੍ਰਿਸ਼ਟੀਕੋਨ ਮੇਰੀ ਸਮਝ ਵਿਚ ਆ ਗਿਆ ਸੀ। ਚੌਕੀਦਾਰ ਦੇ ਰੂਪ ਵਿਚ ਈ ਸਹੀ, ਉਸਦੀ ਆਪਣੀ ਕੁਝ ਹੈਸੀਅਤ, ਤੇ ਬਾਕੀ ਲੋਕਾਂ ਉੱਤੇ, ਕੁਝ ਧਾਕ ਤਾਂ ਹੈ ਈ ਸੀ।
ਉਦੋਂ ਈ ਨਰਸ ਵਾਪਸ ਆ ਗਈ। ਰਾਤ ਕੁਝ ਅਜਿਹੀ ਤੇਜੀ ਨਾਲ ਆਈ ਕਿ ਲੱਗਿਆ, ਰੋਸ਼ਨਦਾਨ ਦੇ ਪਾਰ ਆਸਮਾਨ ਅਚਾਨਕ ਗੂੜ੍ਹਾ ਕਾਲਾ ਹੋ ਗਿਆ ਏ। ਚੌਕੀਦਾਰ ਨੇ ਬੱਤੀਆਂ ਜਗਾ ਦਿੱਤੀਆਂ। ਉਸ ਚਮਕਾਰੇ ਨੇ ਕੁਝ ਚਿਰ ਲਈ ਤਾਂ ਯਕਦਮ ਮੈਨੂੰ ਅੰਨ੍ਹਾ ਈ ਕਰ ਦਿੱਤਾ ਸੀ।
ਉਸਨੇ ਸਲਾਹ ਦਿੱਤੀ ਕਿ ਮੈਂ ਆਸ਼ਰਮ ਦੇ ਲੰਗਰ ਵਿਚ ਚੱਲ ਕੇ ਭੋਜਨ ਛਕ ਲਵਾਂ। ਪਰ ਮੈਨੂੰ ਭੁੱਖ ਨਹੀਂ ਸੀ। ਇਸ 'ਤੇ ਉਸਨੇ ਕਿਹਾ ਕਿ ਜੇ ਮੈਂ ਕਹਾਂ ਤਾਂ ਉਹ ਮੇਰੇ ਲਈ ਇਕ ਗਲਾਸ ਬਿਨਾਂ ਦੁੱਧ ਦੀ ਕਾਫ਼ੀ ਲੈ ਆਵੇ। ਕਾਲੀ ਕਾਫ਼ੀ ਮੇਰਾ ਮਨ-ਭੌਂਦਾ 'ਪੇਅ' ਹੈ ਸੋ ਕਹਿ ਦਿੱਤਾ, “ਸ਼ੁਕਰੀਆ।” ਕੁਝ ਮਿੰਟਾਂ ਵਿਚ ਉਹ ਇਕ ਮਗ ਲੈ ਆਇਆ। ਕਾਫ਼ੀ ਪੀਣ ਪਿੱਛੋਂ ਮੈਨੂੰ ਸਿਗਰਟ ਦੀ ਤਲਬ ਲੱਗੀ। ਪਰ ਮਨ ਵਿਚ ਧਰਮ-ਸੰਕਟ ਸੀ ਕਿ ਇਸ ਮੌਕੇ 'ਤੇ, ਮਾਂ ਦੀ ਮੌਜੂਦਗੀ ਵਿਚ ਸਿਗਰਟ ਪੀਵਾਂ ਜਾਂ ਨਾ ਪੀਵਾਂ। ਜਦੋਂ ਇਕ ਵਾਰੀ ਫੇਰ ਸੋਚਿਆ ਤਾਂ ਕੋਈ ਖਾਸ ਹਰਜ਼ ਨਾ ਲੱਗਿਆ। ਸੋ ਇਕ ਸਿਗਰਟ ਮੈਂ ਚੌਕੀਦਾਰ ਨੂੰ ਵੀ ਪੇਸ਼ ਕਰ ਦਿੱਤੀ। ਅਸੀਂ ਦੋਵੇਂ ਸਿਗਰਟ ਪੀਂਦੇ ਰਹੇ।
ਥੋੜ੍ਹੀ ਦੇਰ ਬਾਅਦ ਉਸਨੇ ਫੇਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
“ਗੱਲ ਇਹ ਐ ਕਿ ਲਾਸ਼ ਦੇ ਕੋਲ ਤੁਹਾਡੇ ਨਾਲ-ਨਾਲ ਜਗਰਾਤੇ ਲਈ ਤੁਹਾਡੀ ਮਾਂ ਦੇ ਸੰਗੀ-ਸਾਥੀ ਵੀ ਆਉਣ ਵਾਲੇ ਐ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਐ ਤਾਂ ਅਸੀਂ ਲੋਕ ਹਮੇਸ਼ਾ ਇੱਥੇ ਜਗਰਾਤਾ ਕੱਟਦੇ ਆਂ। ਅੱਛਾ ਤਾਂ ਮੈਂ ਜਾ ਕੇ, ਕੁਝ ਹੋਰ ਕੁਰਸੀਆਂ ਤੇ ਬਿਨਾਂ ਦੁੱਧ ਵਾਲੀ ਕਾਫ਼ੀ ਵਾਲਾ ਭਾਂਡਾ ਲੈ ਆਵਾਂ।”
ਸਫੇਦ ਕੰਧਾਂ ਉੱਤੇ ਪੈਂਦੀ ਰੋਸ਼ਨੀ ਦੀ ਚਮਕ ਮੇਰੀਆਂ ਅੱਖਾਂ ਵਿਚ ਚੁਭ ਰਹੀ ਸੀ। ਮੈਂ ਪੁੱਛਿਆ, “ਇਹਨਾਂ 'ਚੋਂ ਇਕ ਬੱਤੀ ਬੁਝਾ ਦਿਆਂ?” ਉਸਨੇ ਦੱਸਿਆ, “ਇੰਜ ਨ੍ਹੀਂ ਹੋ ਸਕਦਾ। ਸਾਰੀਆਂ ਬੱਤੀਆਂ ਇਸ ਢੰਗ ਨਾਲ ਲਾਈਆਂ ਗਈਐਂ ਕਿ ਜਾਂ ਤਾਂ ਸਾਰੀਆਂ ਦੀਆਂ ਸਾਰੀਆਂ ਜਗਦੀਆਂ ਐਂ ਜਾਂ ਸਭ ਬੁਝ ਜਾਂਦੀਅਐਂ।” ਇਸ ਪਿੱਛੋਂ ਮੈਂ ਇਸ ਪਾਸੇ ਧਿਆਨ ਈ ਨਹੀਂ ਦਿੱਤਾ। ਉਹ ਬਾਹਰ ਜਾ ਕੇ ਕੁਰਸੀਆਂ ਲੈ ਆਇਆ। ਉਹਨਾਂ ਨੂੰ ਤਾਬੂਤ ਦੇ ਚਾਰੇ-ਪਾਸੇ ਲਾ ਕੇ ਉਸਨੇ ਇਕ ਕੁਰਸੀ ਉੱਤੇ ਕਾਫ਼ੀ ਵਾਲਾ ਪਾਟ ਤੇ ਦਸ-ਬਾਰਾਂ ਮਗ ਰੱਖ ਦਿੱਤੇ। ਇਸ ਪਿੱਛੋਂ ਐਨ ਮੇਰੇ ਸਾਹਮਣੇ, ਮਾਂ ਦੇ ਕੋਲ ਬੈਠ ਗਿਆ। ਨਰਸ ਕਮਰੇ ਦੀ ਦੂਜੀ ਨੁੱਕਰੇ, ਮੇਰੇ ਵੱਲ ਪਿੱਠ ਕਰੀ, ਬੈਠੀ ਸੀ। ਕਰ ਕੀ ਰਹੀ ਸੀ, ਇਹ ਤਾਂ ਨਹੀਂ ਸੀ ਨਜ਼ਰ ਆ ਰਿਹਾ...ਪਰ ਉਸਦੀਆਂ ਬਾਹਾਂ ਦੇ ਹਿੱਲਣ ਦੇ ਢੰਗ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਸਲਾਈਆਂ 'ਤੇ ਕੁਝ ਬੁਣ ਰਹੀ ਏ। ਮੈਨੂੰ ਬੜਾ ਆਰਾਮ ਮਿਲ ਰਿਹਾ ਸੀ। ਕਾਫ਼ੀ ਨੇ ਤਨ-ਮਨ ਵਿਚ ਤਾਜ਼ਗੀ ਭਰ ਦਿੱਤੀ ਸੀ। ਖੁੱਲ੍ਹੇ ਦਰਵਾਜ਼ੇ 'ਚੋਂ ਫੁੱਲਾਂ ਦੀ ਨਿੰਮ੍ਹੀ-ਨਿੰਮ੍ਹੀ ਗੰਧ ਤੇ ਰਾਤ ਦੀ ਠੰਢੀ-ਠੰਢੀ ਹਵਾ ਦੇ ਬੁੱਲ੍ਹੇ ਆ ਰਹੇ ਸਨ। ਸ਼ਾਇਦ ਕੁਝ ਪਲਾਂ ਦੇ ਲਈ ਮੇਰੀ ਅੱਖ ਵੀ ਲੱਗ ਗਈ ਸੀ...
ਅਜੀਬ-ਜਿਹੀ ਸਰਸਰਾਹਟ ਦੀ ਆਵਾਜ਼ ਕੰਨਾਂ ਵਿਚ ਪਈ ਤਾਂ ਜਾਗਿਆ। ਬੰਦ ਅੱਖਾਂ ਵਿਚ ਈ ਮੈਨੂੰ ਲੱਗਿਆ ਜਿਵੇਂ ਰੋਸ਼ਨੀ ਪਹਿਲਾਂ ਨਾਲੋਂ ਵੱਧ ਤਿੱਖੀ ਹੋ ਗਈ ਏ। ਕਿਸੇ ਪ੍ਰਛਾਵੇਂ ਦਾ ਕਿਤੇ ਨਾਂ-ਨਿਸ਼ਾਨ ਨਹੀਂ ਏਂ ਤੇ ਹਰ ਚੀਜ਼ ਦਾ ਇਕ-ਇਕ ਕੋਨ ਤੇ ਕੱਟ, ਬੇਰਹਿਮੀ ਨਾਲ ਅੱਖਾਂ ਵਿਚ ਵੜਦਾ ਜਾ ਰਿਹਾ ਏ। ਮਾਂ ਦੇ ਸਾਰੇ ਸੰਗੀ-ਸਾਥੀ, ਬੁੱਢੇ-ਬੁੱਢੀਆਂ ਆਉਣ ਲੱਗ ਪਏ ਸਨ। ਉਸ ਮਨਹੂਸ ਲਿਸ਼ਕੋਰਾਂ ਮਾਰਦੀ ਸਫੇਦੀ ਵਿਚੋਂ, ਤਿਰਛੇ ਹੋ ਕੇ, ਲੰਘਦਿਆਂ ਹੋਇਆਂ ਮੈਂ ਉਹਨਾਂ ਨੂੰ ਗਿਣਿਆਂ—ਇਕ...ਦੋ...ਤਿੰਨ...ਦਸ। ਉਹਨਾਂ ਲੋਕਾਂ ਦੇ ਬੈਠਣ ਨਾਲ ਕਿਸੇ ਕੁਰਸੀ ਦੀ ਚਰਮਰਾਹਟ ਤੀਕ ਨਹੀਂ ਸੀ ਸੁਣਾਈ ਦਿੱਤੀ। ਉਸ ਦਿਨ ਉਹਨਾਂ ਲੋਕਾਂ ਨੂੰ ਮੈਂ ਜਿੰਨਾ ਸਾਫ਼-ਸਾਕਾਰ ਦੇਖਿਆ, ਸ਼ਾਇਦ, ਜ਼ਿੰਦਗੀ ਵਿਚ ਕਿਸੇ ਚੀਜ਼ ਨੂੰ ਓਨਾਂ ਸਾਫ਼-ਸਪਸ਼ਟ ਨਹੀਂ ਸੀ ਦੇਖਿਆ—ਉਹਨਾਂ ਦੇ ਚਿਹਰੇ-ਮੋਹਰੇ, ਕੱਪੜੇ-ਲੱਤੇ—ਇਕ ਲੂੰ ਵੀ ਮੇਰੀ ਨਜ਼ਰ ਤੋਂ ਨਹੀਂ ਸੀ ਲੁਕਿਆ। ਤੇ ਫੇਰ ਵੀ ਮਜ਼ਾ ਇਹ ਸੀ ਕਿ ਮੈਨੂੰ ਉਹਨਾਂ ਦੀ ਇਕ ਵੀ ਗੱਲ, ਇਕ ਵੀ ਆਵਾਜ਼, ਸੁਨਾਈ ਨਹੀਂ ਸੀ ਦਿੱਤੀ। ਵਿਸ਼ਵਾਸ ਈ ਨਹੀਂ ਸੀ ਹੋ ਰਿਹਾ ਕਿ ਉਹ ਸੱਚਮੁੱਚ ਹੈਨ ਵੀ ਜਾਂ ਨਹੀਂ।
ਲਗਭਗ ਸਾਰੀਆਂ ਔਰਤਾਂ ਨੇ ਸਾਹਮਣੇ ਐਪਰਨ ਬੰਨ੍ਹੇ ਹੋਏ ਸਨ। ਡੋਰੀਆਂ ਲੱਕ ਨਾਲ ਇੰਜ ਕਸੀਆਂ ਹੋਈਆਂ ਸਨ ਕਿ ਉਹਨਾਂ ਦੇ ਵੱਡੇ-ਵੱਡੇ ਢਿੱਡ ਹੋਰ ਵੀ ਬਾਹਰ ਨੂੰ ਨਿਕਲ ਆਏ ਸਨ। ਕਿੰਨੇ ਵੱਡੇ-ਵੱਡੇ ਹੁੰਦੇ ਨੇ ਇਹਨਾਂ ਔਰਤਾਂ ਦੇ ਢਿੱਡ—ਇਸ ਵੱਲ ਮੈਂ ਕਦੀ ਧਿਆਨ ਨਹੀਂ ਸੀ ਦਿੱਤਾ। ਹਾਂ...ਤਾਂ ਵਧੇਰੇ ਮਰਦ ਅਫ਼ੀਮੀਆਂ ਤੇ ਚਰਸੀਆਂ ਵਰਗੇ ਸੁੱਕੇ-ਮਰੀਅਲ ਜਿਹੇ ਸਨ ਤੇ ਉਹਨਾਂ ਦੇ ਹੱਥਾਂ ਵਿਚ ਖੂੰਡੀਆਂ ਫੜ੍ਹੀਆਂ ਹੋਈਆਂ ਸਨ। ਉਹਨਾਂ ਦੇ ਚਿਹਰੇ ਦੀ ਸਭ ਤੋਂ ਖਾਸ ਗੱਲ ਮੈਨੂੰ ਇਹ ਲੱਗੀ ਕਿ ਉਹਨਾਂ ਦੀਆਂ ਅੱਖਾਂ ਦਿਖਾਈ ਈ ਨਹੀਂ ਸੀ ਦਿੰਦੀਆਂ—ਝੁਰੜੀਆਂ ਦੇ ਝੁਰਮਟ ਵਿਚ ਬਸ ਚਮਕਹੀਣ ਤੇ ਨਿਰਜਿੰਦ-ਜਿਹੀ ਰੋਸ਼ਨੀ ਦੀ ਤਰੇੜ ਨਜ਼ਰ ਆਉਂਦੀ ਸੀ।
ਬੈਠ ਜਾਣ ਪਿੱਛੋਂ, ਉਹਨਾਂ ਲੋਕਾਂ ਨੇ ਮੇਰੇ ਵੱਲ ਦੇਖਣਾ ਸ਼ੁਰੂ ਕਰ ਦਿੱਤਾ। ਕੁੱਤੇ ਦੀ ਪੂਛ ਵਾਂਗ ਉਹਨਾਂ ਦੀਆਂ ਧੌਣਾਂ ਕੋਝੇ ਢੰਗ ਨਾਲ ਹਿੱਲ ਰਹੀਆਂ ਰਹੀਆਂ ਸਨ ਤੇ ਆਪਣੇ ਦੰਦਹੀਣ ਮਸੂੜ੍ਹਿਆਂ ਨਾਲ ਬੈਠੇ-ਬੈਠੇ ਉਹ ਬੁੱਲ੍ਹ ਚਬੋਲੀ ਜਾ ਰਹੇ ਸਨ। ਮੈਂ ਫ਼ੈਸਲਾ ਨਹੀਂ ਕਰ ਸਕਿਆ ਸੀ ਕਿ ਮੈਨੂੰ ਪਹਿਲੀ-ਵਾਰ ਦੇਖ ਕੇ ਉਹ ਲੋਕ ਮੇਰੇ ਸਵਾਗਤ ਵਿਚ ਕੁਝ ਕਹਿਣਾ ਚਾਹੁੰਦੇ ਨੇ ਜਾਂ ਉਹਨਾਂ ਦੀ ਇਹ ਹਰਕਤ ਸਿਰਫ਼ ਬੁਢਾਪੇ ਦੀ ਕਮਜ਼ੋਰੀ ਕਰਕੇ ਸੀ। ਮੈਂ ਤਾਂ ਇਹ ਵੀ ਮੰਨ ਲੈਣ ਨੂੰ ਤਿਆਰ ਸੀ ਕਿ ਉਹ ਲੋਕ ਆਪੋ-ਆਪਣੇ ਢੰਗ ਨਾਲ ਮੇਰਾ ਸਵਾਗਤ ਈ ਕਰ ਰਹੇ ਨੇ—ਪਰ ਚੌਕੀਦਾਰ ਨੂੰ ਘੇਰ ਕੇ ਉਹਨਾਂ ਦਾ ਇੰਜ ਬੈਠਣਾ, ਸੰਜੀਦਗੀ ਨਾਲ ਮੈਨੂੰ ਘੂਰੀ ਜਾਣਾ ਤੇ ਸਿਰ ਮਟਕਾਉਣਾ ਦੇਖ ਕੇ ਮਨ ਨੂੰ ਬੜਾ ਅਜੀਬ-ਅਜੀਬ ਲੱਗ ਰਿਹਾ ਸੀ। ਪਲ ਭਰ ਲਈ ਦਿਮਾਗ਼ ਵਿਚ ਇਕ ਬੇਤੁਕੀ-ਜਿਹੀ ਗੱਲ ਆਈ—ਜਿਵੇਂ ਇਹ ਸਾਰੇ ਦੇ ਸਾਰੇ ਈ ਮੇਰਾ ਇਨਸਾਫ਼ ਕਰਨ ਲਈ ਬੈਠੇ ਹੋਣ।
ਕੁਝ ਮਿੰਟਾਂ ਪਿੱਛੋਂ, ਔਰਤਾਂ ਵਿਚੋਂ ਇਕ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹ ਦੂਜੀ ਲਾਈਨ ਵਿਚ ਸੀ ਤੇ ਉਸਦੇ ਅੱਗੇ ਇਕ ਹੋਰ ਔਰਤ ਬੈਠੀ ਸੀ, ਇਸ ਲਈ ਮੈਨੂੰ ਉਸਦਾ ਚਿਹਰਾ ਦਿਖਾਈ ਨਹੀਂ ਦਿੱਤਾ। ਠੀਕ ਵਕਫੇ ਬਾਅਦ ਉਸਦੇ ਮੂੰਹੋਂ ਰੁਕ-ਰੁਕ ਕੇ ਇਕ ਘੁਟੀ-ਘਟੀ ਤੇ ਹਲਕੀ-ਜਿਹੀ ਸਿਸਕੀ ਨਿਕਲਦੀ। ਲੱਗਦਾ, ਜਿਵੇਂ ਇਹ ਸਿਸਕੀਆਂ ਕਦੀ ਬੰਦ ਨਹੀਂ ਹੋਣਗੀਆਂ। ਪਰ ਦੂਜਿਆਂ ਨੂੰ ਜਿਵੇਂ ਇਸ ਗੱਲ ਦੀ ਕੋਈ ਪਰਵਾਹ ਈ ਨਹੀਂ ਸੀ। ਸਾਰੇ ਆਪੋ-ਆਪਣੀਆਂ ਕੁਰਸੀਆਂ ਵਿਚ ਕੂੰਗੜੇ-ਧਸੇ, ਗੁੰਮਸੁੰਮ-ਜਿਹੇ ਬੈਠੇ—ਤਾਬੂਤ ਜਾਂ ਆਪੋ-ਆਪਣੀਆਂ ਖੂੰਡੀਆਂ ਜਾਂ ਜੋ ਵੀ ਚੀਜ਼ ਸਾਹਮਣੇ ਪੈਂਦੀ—ਬਸ, ਉਸਨੂੰ ਇਕਟੱਕ ਦੇਖੀ ਜਾ ਰਹੇ ਸਨ। ਔਰਤ ਦਾ ਰੋਣਾ ਜਾਰੀ ਰਿਹਾ। ਮੈਨੂੰ ਬੜੀ ਹੈਰਾਨੀ ਵੀ ਹੋਈ, ਇਸ ਔਰਤ ਨੂੰ ਤਾਂ ਮੈਂ ਜਾਣਦਾ ਵੀ ਨਹੀਂ। ਮਨ ਵਿਚ ਆਇਆ ਕਿ ਚੁੱਪ ਕਰਵਾ ਦਿਆਂ, ਪਰ ਉਸਨੂੰ ਕੁਝ ਕਹਿਣ ਦੀ ਹਿੰਮਤ ਨਾ ਪਈ। ਕੁਝ ਚਿਰ ਬਾਅਦ ਚੌਕੀਦਾਰ ਨੇ ਉਸ ਵੱਲ ਝੁਕ ਕੇ ਕੰਨ ਵਿਚ ਕੁਝ ਖੁਸਰ-ਫੁਸਰ ਕੀਤੀ। ਜਵਾਬ ਵਿਚ ਔਰਤ ਨੇ ਸਿਰ ਹਿਲਾਇਆ ਤੇ ਮੂੰਹ ਵਿਚ ਈ ਕੁਝ ਬੋਲੀ—ਜਿਹੜਾ ਸੁਣਾਈ ਨਹੀਂ ਦਿੱਤਾ। ਪਰ ਰੋਣਾ ਆਪਣੀ ਉਸੇ ਗਤੀ ਨਾਲ ਚਲਦਾ ਰਿਹਾ।
ਚੌਕੀਦਾਰ ਉੱਠ ਕੇ ਆਪਣੀ ਕੁਰਸੀ ਨੂੰ ਮੇਰੇ ਕੋਲ ਸਰਕਾ ਲਿਆਇਆ। ਪਹਿਲਾਂ ਤਾਂ ਉਹ ਚੁੱਪਚਾਪ ਬੈਠਾ ਰਿਹਾ, ਫੇਰ ਬਿਨਾਂ ਮੇਰੇ ਵੱਲ ਦੇਖੇ ਦੱਸਣ ਲੱਗਾ, “ਇਸ ਦਾ ਤੁਹਾਡੀ ਮਾਂ ਨਾਲ ਬੜਾ ਪ੍ਰੇਮ ਸੀ। ਕਹਿੰਦੀ ਐ, ਦੁਨੀਆਂ 'ਚ ਇਕੱਲੀ ਤੁਹਾਡੀ ਮਾਂ ਈ ਉਸਦੀ ਸਹੇਲੀ ਸੀ। ਹੁਣ ਕੋਈ ਵੀ ਨ੍ਹੀਂ ਰਿਹਾ।”
ਮੈਂ ਕੀ ਕਹਿੰਦਾ? ਇਸ ਪਿੱਛੋਂ ਕਾਫ਼ੀ ਦੇਰ ਤੀਕ ਚੁੱਪ ਵਾਪਰੀ ਰਹੀ। ਹੁਣ ਉਸ ਔਰਤ ਦਾ ਰੋਣਾ-ਡੁਸਕਣਾ ਕਾਫ਼ੀ ਘੱਟ ਹੋ ਗਿਆ ਸੀ—ਕੁਝ ਚਿਰ ਨੱਕ ਸਿਣਕਣ ਤੇ ਸ਼ੂੰ-ਸੂੰ ਕਰਨ ਪਿੱਛੋਂ, ਉਹ ਵੀ ਸ਼ਾਂਤ ਹੋ ਗਿਆ।
ਨੀਂਦ ਤਾਂ ਨਹੀਂ, ਹਾਂ, ਥਕਾਣ ਜਬਰਦਸਤ ਮਹਿਸੂਸ ਹੋ ਰਹੀ ਸੀ। ਲੱਤਾਂ ਬੁਰੀ ਤਰ੍ਹਾਂ ਦੁਖ ਰਹੀਆਂ ਸਨ। ਮੈਨੂੰ ਕੁਝ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਹਨਾਂ ਲੋਕਾਂ ਦੀ ਚੁੱਪ ਮੈਨੂੰ ਪੀੜ ਰਹੀ ਏ। ਬਿਲਕੁਲ ਸੰਨਾਟਾ ਸੀ ਤੇ ਜੇ ਕੁਝ ਸੁਣਾਈ ਦਿੰਦਾ ਸੀ ਤਾਂ ਕਾਫ਼ੀ ਦੇਰ ਰੁਕ-ਰੁਕ ਕੇ ਆਉਂਦੀ ਇਕ ਅਜੀਬ-ਜਿਹੀ ਆਵਾਜ਼। ਪਹਿਲਾਂ ਤਾਂ ਮੈਂ ਚੱਕਰ ਵਿਚ ਪੈ ਗਿਆ ਕਿ ਇਹ ਕੇਹੀ ਆਵਾਜ਼ ਹੋਈ, ਪਰ ਧਿਆਨ ਨਾਲ ਸੁਣਿਆਂ ਤਾਂ ਸਮਝ ਵਿਚ ਆ ਗਿਆ। ਬੈਠੇ-ਬੈਠੇ ਬੁੱਢੇ ਆਪਣੀਆਂ ਪੋਪਲ ਗੱਲ੍ਹਾਂ ਨੂੰ ਚੂਪਦੇ ਸਨ ਤਾਂ ਇਸ ਨਾਲ ਚੁਸਰ-ਚੁਸਰ ਦੀ ਅਜੀਬ-ਜਿਹੀ ਆਵਾਜ਼ ਹੁੰਦੀ ਸੀ। ਪਹਿਲਾਂ ਜਿਸ ਤੋਂ ਮੈਂ ਡਰ ਗਿਆ ਸੀ। ਸਾਰੇ ਦੇ ਸਾਰੇ ਆਪਣੇ-ਆਪ ਵਿਚ ਐਨੇ ਡੁੱਬੇ ਹੋਏ ਸਨ ਤੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਧਿਆਨ ਵੀ ਨਹੀਂ ਸੀ ਰਿਹਾ ਕਿ ਉਹ ਕੁਝ ਅਜਿਹਾ ਵੀ ਕਰ ਰਹੇ ਨੇ। ਮੈਨੂੰ ਤਾਂ ਲੱਗਿਆ ਸੀ ਕਿ ਵਿਚਕਾਰ ਰੱਖੇ ਸ਼ਵ ਦਾ ਵੀ ਉਹਨਾਂ ਲਈ ਕੋਈ ਅਰਥ ਨਹੀਂ ਏ—ਪਰ ਹੁਣ ਸੋਚਦਾ ਹਾਂ, ਉਹ ਮੇਰਾ ਭਰਮ ਸੀ।
ਚੌਕੀਦਾਰ ਨੇ ਇਕ-ਇਕ ਕਰਕੇ ਸਾਨੂੰ ਸਾਰਿਆਂ ਨੂੰ ਕਾਫ਼ੀ ਦਿੱਤੀ ਤੇ ਅਸੀਂ ਕਾਫ਼ੀ ਪੀਤੀ। ਇਸ ਪਿੱਛੋਂ ਕੀ-ਕੀ ਹੋਇਆ ਮੈਨੂੰ ਯਾਦ ਨਹੀਂ ਆਉਂਦਾ। ਜਿਵੇਂ-ਤਿਵੇਂ ਰਾਤ ਬੀਤ ਗਈ। ਬਸ, ਇਕੋ ਗੱਲ ਦਾ ਚੇਤਾ ਏ। ਵਿਚਕਾਰ ਅੱਖ ਖੁੱਲ੍ਹੀ ਤਾਂ ਦੇਖਿਆ ਇਕ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਬੁੱਢੇ ਆਪਣੀਆਂ ਕੁਰਸੀਆਂ ਵਿਚ ਗਠੜੀ -ਜਿਹੀ ਬਣ ਕੇ ਸੁੱਤੇ ਹੋਏ ਨੇ। ਉਹ ਇਕੱਲਾ ਬੁੱਢਾ ਆਪਣੀ ਖੂੰਡੀ ਨੂੰ ਦੋਵਾਂ ਹੱਥਾਂ ਵਿਚ ਫੜੀ, ਉਹਨਾਂ ਉੱਤੇ ਆਪਣੀ ਠੋਡੀ ਟਿਕਾਈ, ਮੈਨੂੰ ਇਕਟੱਕ ਘੂਰ ਰਿਹਾ ਸੀ ਜਿਵੇਂ ਮੇਰੇ ਜਾਗਣ ਦੀ ਉਡੀਕ ਈ ਕਰ ਰਿਹਾ ਹੋਵੇ। ਪਰ ਫੇਰ ਫ਼ੌਰਨ ਈ ਦੁਬਾਰਾ ਮੇਰੀ ਅੱਖ ਲੱਗ ਗਈ ਸੀ। ਕੁਝ ਦੇਰ ਬਾਅਦ ਇਕ ਵਾਰੀ ਫੇਰ ਨੀਂਦ ਟੁੱਟੀ। ਲੱਤਾਂ ਦਾ ਦਰਦ ਵਧ ਕੇ ਹੁਣ ਪੈਰ ਸੁੰਨ ਹੋਣ ਵਰਗੀ ਝਰਨਾਹਟ ਪੈਦਾ ਕਰਨ ਲੱਗ ਪਿਆ ਸੀ।
ਉੱਤੇ ਰੋਸ਼ਨਦਾਨ ਦੇ ਪਾਰ ਪਹੁ-ਫੁਟਾਲੇ ਦਾ ਚਾਨਣ ਹੋਣ ਲੱਗਾ। ਇਕ-ਦੋ ਮਿੰਟਾਂ ਬਾਅਦ ਇਕ ਹੋਰ ਬੁੱਢੇ ਦੀ ਅੱਖ ਵੀ ਖੁੱਲ੍ਹ ਗਈ ਤੇ ਉਸਨੇ ਖੌਂ-ਖੌਂ ਕਰਕੇ ਵਾਰੀ-ਵਾਰੀ ਖੰਘਣਾ ਸ਼ੁਰੂ ਕਰ ਦਿੱਤਾ। ਚਾਰਖਾਨੇ ਵੱਡੇ ਸਾਰੇ ਰੁਮਾਲ ਵਿਚ ਉਹ ਖੰਘਾਰ ਥੁੱਕ ਲੈਂਦਾ ਸੀ...ਤੇ ਉਸਦੇ ਇਸ ਤਰ੍ਹਾਂ ਹਰ ਵਾਰੀ ਥੁੱਕਣ ਦੇ ਨਾਲ ਈ ਲੱਗਦਾ ਸੀ ਜਿਵੇਂ ਹੁਣੇ ਕੈ ਵੀ ਕਰੇਗਾ। ਇਸ ਖੰਘ ਤੇ ਖੰਘਾਰਾਂ ਕਾਰਨ ਹੋਰਨਾਂ ਦੀ ਨੀਂਦ ਵੀ ਖੁੱਲ੍ਹ ਗਈ। ਚੌਕੀਦਾਰ ਨੇ ਆ ਕੇ ਸੂਚਨਾ ਦਿੱਤੀ ਕਿ ਚੱਲਣ ਦਾ ਸਮਾਂ ਹੋ ਗਿਆ ਏ। ਰਾਤ ਭਰ ਦੇ ਔਖੇ ਜਗਰਾਤੇ ਕਾਰਨ ਸਾਰਿਆਂ ਦੇ ਚਿਹਰੇ ਭੂਸਲੀ ਸਵਾਹ ਵਾਂਗ ਬੁਝੇ-ਬੁਝੇ ਜਿਹੇ ਹੋ ਗਏ ਸਨ। ਉਂਜ ਤਾਂ ਅਸੀਂ ਆਪਸ ਵਿਚ ਇਕ ਵੀ ਗੱਲ ਨਹੀਂ ਸੀ ਕੀਤੀ, ਪਰ ਜਦੋਂ ਇਕ-ਇਕ ਕਰਕੇ ਸਭ ਨੇ ਹੱਥ ਮਿਲਾਏ ਤਾਂ ਇਕ ਗੱਲ ਦੀ ਬੜੀ ਹੈਰਾਨੀ ਹੋਈ—ਲੱਗਿਆ, ਜਿਵੇਂ ਸਾਰੀ ਰਾਤ ਨਾਲ ਬੈਠ ਕੇ ਕੱਟਣ ਦੀ ਇਸ ਕ੍ਰਿਆ ਨੇ ਸਾਡੇ ਲੋਕਾਂ ਵਿਚ ਨੇੜਤਾ ਤੇ ਆਪਣੇਪਨ ਦਾ ਅਹਿਸਾਸ ਜਗਾ ਦਿੱਤਾ ਏ।
ਮੇਰਾ ਤਾਂ ਬੁਰਾ ਹਾਲ ਸੀ। ਚੌਕੀਦਾਰ ਮੈਨੂੰ ਆਪਣੇ ਕਮਰੇ ਵਿਚ ਲੈ ਆਇਆ। ਇੱਥੇ ਮੈਂ ਹੱਥ-ਮੂੰਹ ਧੋ ਕੇ ਜ਼ਰਾ ਕੱਪੜੇ ਠੀਕ-ਠਾਕ ਕੀਤੇ। ਉਸਦੀ ਦਿੱਤੀ ਹੋਈ ਥੋੜ੍ਹੀ-ਜਿਹੀ ਸਫੇਦ ਕਾਫ਼ੀ ਪੀ ਕੇ ਲੱਗਿਆ, ਜਾਨ ਵਿਚ ਜਾਨ ਆ ਗਈ ਏ। ਬਾਹਰ ਆਇਆ ਤਾਂ ਦੇਖਿਆ ਕਿ ਸੂਰਜ ਚੜ੍ਹ ਆਇਆ ਏ ਤੇ ਮਾਰੇਂਗੋ ਤੇ ਸਮੁੰਦਰ ਦੇ ਵਿਚਕਾਰਲੀਆਂ ਪਹਾੜੀਆਂ ਉੱਤੇ ਆਕਾਸ਼ ਵਿਚ ਸੰਧੂਰ ਖਿੱਲਰਿਆ ਹੋਇਆ ਏ। ਸਵੇਰ ਦੀ ਠੰਢੀ-ਠੰਢੀ ਖਾਰੀ ਗੰਧ ਵਾਲੀ ਸੁਹਾਵਣੀ ਹਵਾ ਤੋਂ ਲੱਗਦਾ ਸੀ ਕਿ ਅੱਜ ਦਿਨ ਕਾਫ਼ੀ ਚੰਗਾ ਲੱਗੇਗਾ। ਪਿੰਡ ਤੇ ਖੇਤਾਂ ਵੱਲ ਆਇਆਂ ਤਾਂ ਮੈਨੂੰ ਜੁਗੜੇ ਹੋ ਗਏ ਸੀ। ਸੋਚਣ ਲੱਗਾ ਕਿ ਮਾਂ ਦਾ ਝਮੇਲਾ ਨਾ ਹੁੰਦਾ ਤਾਂ ਇਸ ਸਮੇਂ ਇੱਥੇ ਘੁੰਮਣ ਦਾ ਕੈਸਾ ਮਜ਼ਾ ਆਉਂਦਾ। ਇਸ ਵਿਚਾਰ ਦੇ ਨਾਲ ਈ ਪ੍ਰਸਥਿਤੀ ਦਾ ਗਿਆਨ ਹੋ ਗਿਆ।
ਖ਼ੈਰ, ਇਸ ਸਮੇਂ ਤਾਂ ਮੈਂ ਖੁੱਲ੍ਹੇ ਚੌਕ ਵਿਚ, ਇਕ ਦਰਮਿਆਨੇ ਰੁੱਖ ਹੇਠ, ਖੜ੍ਹਾ-ਖੜ੍ਹਾ ਉਡੀਕ ਕਰ ਰਿਹਾ ਸੀ। ਠੰਢੀ-ਠੰਢੀ ਧਰਤੀ 'ਚੋਂ ਨਿਕਲ ਰਹੀ ਸੋਂਹਧੀ-ਸੋਂਹਧੀ ਗੰਧ ਨੂੰ ਲੰਮੇ-ਲੰਮੇ ਸਾਹਾਂ ਨਾਲ ਪੀਂਦਿਆਂ ਹੋਇਆਂ ਇੰਜ ਲੱਗਿਆ...ਹੁਣ ਉਨੀਂਦਰੇ ਦਾ ਨਾਂ-ਨਿਸ਼ਾਨ ਤੀਕ ਨਹੀਂ। ਹੁਣ ਮੈਂ ਦਫ਼ਤਰ ਦੇ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਤਾਂ ਲੋਕ ਸੌਂ ਕੇ ਉੱਠੇ ਹੋਣਗੇ ਤੇ ਕੰਮ 'ਤੇ ਜਾਣ ਦੀ ਤਿਆਰੀ ਕਰ ਰਹੇ ਹੋਣਗੇ। ਮੇਰੇ ਲਈ ਇਹ ਛਿਣ ਦਿਨ ਦਾ ਸਭ ਤੋਂ ਮਾੜਾ ਸਮਾਂ ਹੁੰਦੇ ਨੇ। ਦਸ-ਬਾਰਾਂ ਮਿੰਟ ਮੈਂ ਇੰਜ ਸੋਚਦਾ ਰਿਹਾ ਕਿ ਬਿਲਡਿੰਗ ਵਿਚ ਵੱਜਦੀ ਘੰਟੀ ਨੇ ਧਿਆਨ ਤੋੜਿਆ। ਖਿੜਕੀਆਂ ਵਿਚ ਲੋਕ ਤੁਰਦੇ-ਫਿਰਦੇ ਦਿਖਾਈ ਦਿੱਤੇ। ਪਰ ਉਸਦੇ ਤੁਰੰਤ ਬਾਅਦ ਫੇਰ ਸ਼ਾਂਤੀ ਛਾ ਗਈ। ਸੂਰਜ ਕੁਝ ਹੋਰ ਉੱਚਾ ਹੋ ਗਿਆ ਸੀ ਤੇ ਮੇਰੇ ਤਲੁਏ ਗਰਮ ਹੋਣ ਲੱਗ ਪਏ ਸਨ। ਚੌਕੀਦਾਰ ਖੁੱਲ੍ਹਾ ਚੌਕ ਪਾਰ ਕਰਕੇ ਮੇਰੇ ਕੋਲ ਆਇਆ ਤੇ ਬੋਲਿਆ, “ਵਾਰਡਨ ਸਾਹਬ ਤੁਹਾਨੂੰ ਮਿਲਣਾ ਚਾਹੁੰਦੇ ਐ।” ਮੈਂ ਦਫ਼ਤਰ ਵਿਚ ਗਿਆ ਤਾਂ ਵਾਰਡਨ ਨੇ ਕੁਝ ਹੋਰ ਕਾਗਜ਼ਾਂ ਉੱਤੇ ਦਸਤਖ਼ਤ ਕਰਵਾਏ। ਦੇਖਿਆ, ਹੁਣ ਉਸਦੇ ਕੱਪੜੇ ਕਾਲੇ ਰੰਗ ਦੇ ਸਨ। ਪਤਲੂਨ ਦਾ ਕੱਪੜਾ ਬਾਰੀਕ ਧਾਰੀਦਾਰ ਸੀ। ਟੈਲੀਫ਼ੋਨ ਦਾ ਚੋਗਾ ਹੱਥ ਵਿਚ ਫੜ੍ਹੀ ਉਸਨੇ ਮੇਰੇ ਵੱਲ ਦੇਖਿਆ, “ਹੁਣੇ-ਹੁਣੇ ਅੰਡਰਟੇਕਰ (ਸੰਸਕਾਰ ਕਰਨ ਵਾਲਾ ਪ੍ਰਬੰਧਕੀ ਮਹਿਕਮਾ) ਵਾਲੇ ਲੋਕ ਆ ਗਏ ਨੇ। ਤਾਬੂਤ ਬੰਦ ਕਰਨ ਲਈ ਮੁਰਦਾਘਰ ਜਾਣ ਵਾਲੇ ਨੇ—ਤੁਸੀਂ ਕਹੋਂ ਤਾਂ ਉਹਨਾਂ ਨੂੰ ਜ਼ਰਾ ਦੇਰ ਲਈ ਰੋਕ ਦਿਆਂ? ਮਾਂ ਦੇ ਅੰਤਮ ਦਰਸ਼ਨ ਤਾਂ ਕਰੋਂਗੇ ਨਾ?”
“ਜੀ ਨਈਂ।”
ਆਵਾਜ਼ ਧੀਮੀ ਕਰਦੇ ਉਸਨੇ ਚੋਗੇ ਵਿਚ ਕੁਝ ਕਿਹਾ—“ਤੋ ਠੀਕ ਐ ਫਿਗਿਯੇ, ਤੁਸੀਂ ਆਦਮੀਆਂ ਨੂੰ ਸਿੱਧੇ ਉੱਥੇ ਭੇਜ ਦਿਓ।”
ਫੇਰ ਉਸਨੇ ਦੱਸਿਆ ਕੇ ਅੰਤਮ-ਕਿਰਿਆਵਾਂ ਸਮੇਂ ਉਹ ਵੀ ਉਹਨਾਂ ਵਿਚ ਸ਼ਾਮਲ ਹੋਵੇਗਾ। ਮੈਂ ਧੰਨਵਾਦ ਕੀਤਾ। ਡੈਸਕ ਦੇ ਸਾਹਮਣੇ ਬੈਠੇ-ਬੈਠੇ ਉਸਨੇ ਆਪਣੀ ਲੱਤ ਉੱਤੇ ਲੱਤ ਰੱਖੀ ਤੇ ਪਿੱਠ ਪਿੱਛੇ ਟਿਕਾਅ ਲਈ। ਕਿਹਾ, “ਡਿਊਟੀ ਵਾਲੀ ਨਰਸ ਦੇ ਇਲਾਵਾ ਸੋਗ ਮਨਾਉਣ ਵਾਲਿਆਂ ਵਿਚ ਹੋਰ ਉਹ ਸਿਰਫ਼ ਦੋ ਜਾਣੇ ਈ  ਹੋਣਗੇ। ਇਹ ਇੱਥੋਂ ਦਾ ਨਿਯਮ ਏਂ ਕਿ ਆਸ਼ਰਮ ਵਾਸੀ ਅੰਤਮ-ਕਿਰਿਆ 'ਚ ਸ਼ਾਮਲ ਨਾ ਹੋਣ। ਹਾਂ, ਜੇ ਉਹਨਾਂ ਵਿਚੋਂ ਕੁਛ ਚਾਹੁਣ ਤਾਂ ਜਗਰਾਤੇ ਲਈ ਪਹਿਲੀ ਰਾਤ ਮਈਅਤ ਕੋਲ ਬੈਠ ਸਕਦੇ ਨੇ। ਇਸ ਦੀ ਕੋਈ ਗੱਲ ਨਈਂ।”
ਉਸਨੇ ਸਮਝਾਇਆ, “ਇਹ, ਇਹਨਾਂ ਲੋਕਾਂ ਦੀ ਭਲਾਈ ਲਈ ਏ। ਮਾਨਸਿਕ ਪੀੜ ਤੋਂ ਬਚ ਜਾਂਦੇ ਨੇ। ਪਰ ਇਸ ਵਾਰੀ ਮੈਂ ਤੁਹਾਡੀ ਮਾਂ ਦੇ ਇਕ ਪੁਰਾਣੇ ਸਾਥੀ ਨੂੰ ਨਾਲ ਚੱਲਣ ਦੀ ਇਜਾਜ਼ਤ ਦੇ ਦਿੱਤੀ ਏ। ਨਾਂ ਏ ਉਸਦਾ ਤੋਮਸ ਪੀਰੇ।” ਵਾਰਡਨ ਦੇ ਚਿਹਰੇ 'ਤੇ ਹਲਕੀ-ਜਿਹੀ ਮੁਸਕਰਾਹਟ ਆ ਗਈ, “ਇਹ ਪ੍ਰਸੰਗ ਵੀ ਇਕ ਤਰ੍ਹਾਂ ਨਾਲ ਬੜਾ ਕਰੁਣਾ-ਭਰਪੂਰ ਏ। ਤੁਹਾਡੀ ਮਾਂ ਤੇ ਇਹ ਸਾਹਬ ਬੜੇ ਨੇੜੇ ਹੋ ਗਏ ਸੀ। ਆਪਣੀ ਇਸ ਨਵੀਂ 'ਸਾਥਣ' ਲਈ ਦੂਜੇ ਬੁੱਢੇ ਲੋਕ ਪੀਰੇ ਨੂੰ ਛੇੜਦੇ ਵੀ ਹੁੰਦੇ ਸੀ। ਪੁੱਛਦੇ 'ਸ਼ਾਦੀ ਕਦੋਂ ਕਰ ਰਹੇ ਓਂ?' ਪੀਰੇ ਹਾਸੀ ਵਿਚ ਉਡਾਅ ਦੇਂਦਾ। ਸੋ ਇਕ ਤਰ੍ਹਾਂ ਨਾਲ ਇਹ ਇੱਥੋਂ ਦਾ ਸਥਾਈ ਮਜ਼ਾਕ ਸੀ। ਸੋਚ ਈ ਸਕਦੇ ਓਂ, ਤੁਹਾਡੀ ਮਾਂ ਦੇ ਨਾ ਰਹਿਣ 'ਤੇ ਇਹਨਾਂ ਦੇ ਦਿਲ 'ਤੇ ਕੀ ਗੁਜਰ ਰਹੀ ਹੋਵੇਗੀ। ਮੈਨੂੰ ਖ਼ੁਦ ਲੱਗਿਆ, ਕਿ ਅੰਤਮ-ਕਿਰਿਆ ਵਿਚ ਸ਼ਾਮਲ ਹੋਣ ਦੀ ਉਹਨਾਂ ਦੀ ਪ੍ਰਾਰਥਨਾ ਨੂੰ ਨਾ ਮੰਨਣਾ ਜ਼ਿਆਦਤੀ ਹੋਵੇਗੀ। ਹਾਂ, ਡਾਕਟਰ ਦੀ ਸਲਾਹ ਮੰਨ ਕੇ ਮੈਂ ਪਿਛਲੀ ਰਾਤ ਇਹਨਾਂ ਨੂੰ ਸ਼ਵ ਦੇ ਸਿਰਹਾਣੇ ਜਗਰਾਤਾ ਨਈਂ ਸੀ ਕਰਨ ਦਿੱਤਾ।”
ਕੁਝ ਚਿਰ ਬਿਨਾਂ ਕੁਝ ਬੋਲੇ ਅਸੀਂ ਲੋਕ ਉਂਜ ਈ ਬੈਠੇ ਰਹੇ। ਫੇਰ ਵਾਰਡਨ ਉੱਠ ਕੇ ਖਿੜਕੀ ਕੋਲ ਗਿਆ ਤੇ ਬੋਲਿਆ, “ਅਹੁ! ਮਾਰੇਂਗੋ ਦੇ ਪਾਦਰੀ ਸਾਹਬ ਤਾਂ ਔਹ ਆ ਰਹੇ ਨੇ! ਸਮੇਂ ਤੋਂ ਕੁਝ ਪਹਿਲਾਂ ਈ ਆ ਗਏ...।” ਚਰਚ ਪਿੰਡ ਵਿਚ ਏ ਤੇ ਉੱਥੋਂ ਤਕ ਪਹੁੰਚਦਿਆਂ ਘੰਟਾ, ਪੌਣਾ ਘੰਟਾ ਲੱਗ ਜਾਵੇਗਾ—ਇਹ ਦੱਸ ਕੇ ਵਾਰਡਨ ਹੇਠਾਂ ਚਲਾ ਗਿਆ।
ਪਾਦਰੀ ਮੁਰਦਾਘਰ ਦੇ ਸਾਹਮਣੇ ਖੋਲੋ ਕੇ ਉਡੀਕ ਕਰਨ ਰਿਹਾ ਸੀ। ਨਾਲ ਦੋ 'ਸਹਾਇਕ' ਵੀ ਸਨ। ਇਕ ਦੇ ਹੱਥ ਵਿਚ ਧੂਫਦਾਨ ਸੀ। ਉਸ ਉੱਤੇ ਝੁਕ ਕੇ ਪਾਦਰੀ ਉਸਨੂੰ ਲਟਕਾਉਣ ਵਾਲੀ ਚਾਂਦੀ ਦੀ ਜ਼ੰਜੀਰ ਠੀਕ ਕਰਨ ਲੱਗਾ। ਸਾਨੂੰ ਦੇਖਿਆ ਤਾਂ ਤਣ ਕੇ ਸਿੱਧਾ ਖੜ੍ਹਾ ਹੋ ਗਿਆ। ਮੇਰੇ ਨਾਲ 'ਬੇਟੇ-ਬੇਟੇ' ਕਹਿ ਕੇ ਦੋ-ਚਾਰ ਗੱਲਾਂ ਕੀਤੀਆਂ। ਫੇਰ ਅੱਗੇ-ਅੱਗੇ ਮੁਰਦਾਘਰ ਵਿਚ ਵੜ ਗਿਆ।
ਵੜਦਿਆਂ ਈ ਮੈਂ ਦੇਖਿਆ ਤਾਬੂਤ ਦੇ ਪਿੱਛੇ ਚਾਰ ਆਦਮੀ ਕਾਲੇ ਕੱਪੜੇ ਪਾਈ ਖੜ੍ਹੇ ਨੇ। ਪੇਚ ਕਸੇ ਜਾ ਚੁੱਕੇ ਸੀ। ਐਨ ਉਸੇ ਵੇਲੇ ਵਾਰਡਨ ਨੂੰ ਕਹਿੰਦਿਆਂ ਸੁਣਿਆਂ ਕਿ 'ਤਾਬੂਤ ਲੈ ਜਾਣ ਵਾਲੀ ਗੱਡੀ ਆ ਗਈ ਏ।' ਪਾਦਰੀ ਨੇ ਪ੍ਰਾਰਥਨਾਵਾਂ ਸ਼ੁਰੂ ਕਰ ਦਿੱਤੀਆਂ। ਇਸ ਪਿੱਛੋਂ ਸਾਰੇ ਲੋਕ ਤੁਰ ਪਏ। ਕਾਲੇ ਰੰਗ ਦੀ ਇਕ ਪੱਟੀ ਨੂੰ ਫੜ੍ਹੀ ਉਹ ਚਾਰੇ ਜਣੇ ਤਾਬੂਤ ਕੋਲ ਆ ਗਏ। ਉਹਨਾਂ ਦੇ ਪਿੱਛੇ-ਪਿੱਛੇ ਲਾਈਨ ਵਿਚ ਪਾਦਰੀ, ਪ੍ਰਾਰਥਨਾ ਗਾਉਣ ਵਾਲੇ ਮੁੰਡੇ ਤੇ ਫੇਰ ਮੈਂ। ਇਕ ਔਰਤ ਦਰਵਾਜ਼ੇ ਨਾਲ ਲੱਗੀ ਖੜ੍ਹੀ ਸੀ। ਇਸ ਨੂੰ ਮੈਂ ਪਹਿਲਾਂ ਨਹੀਂ ਸੀ ਦੇਖਿਆ। ਵਾਰਡਨ ਨੇ ਉਸਨੂੰ ਦੱਸਿਆ, “ਇਹੀ ਮੋਸ਼ੀਓ ਮਯੋਰਸੋਲ ਨੇ।” ਉਸਦਾ ਨਾਂ ਮੇਰੇ ਪੱਲੇ ਨਹੀਂ ਪਿਆ। ਪਰ ਇਹ ਸਮਝ ਗਿਆ ਕਿ ਉਹ ਇਸੇ ਆਸ਼ਰਮ ਦੀ ਪ੍ਰਚਾਰਕ ਸਿਸਟਰ ਏ। ਮੇਰੀ ਜਾਣ-ਪਛਾਣ ਦੇ ਨਾਲ ਉਸਦੇ ਲੰਮੇਂ, ਸੁੱਕੜ-ਜਿਹੇ ਚਿਹਰੇ ਉੱਤੇ ਮੁਸਕਰਾਹਟ ਦੀ ਇਕ ਲਕੀਰ ਵੀ ਨਹੀਂ ਆਈ। ਬਸ, ਉਹ ਜ਼ਰਾ ਜਿੰਨਾ ਸਾਹਮਣੇ ਵੱਲ ਝੁਕ ਕੇ ਰਹਿ ਗਈ। ਤਾਬੂਤ ਨੂੰ ਲੰਘ ਜਾਣ ਦੇਣ ਲਈ ਅਸੀਂ ਲੋਕ ਦਰਵਾਜ਼ੇ 'ਚੋਂ ਹਟ ਕੇ ਖੜ੍ਹੇ ਹੋ ਗਏ। ਤਾਬੂਤ ਨਿਕਲ ਗਿਆ ਤਾਂ ਲੈ ਜਾਣ ਵਾਲਿਆਂ ਦੇ ਪਿੱਛੇ-ਪਿੱਛੇ ਹੋ ਲਏ ਤੇ ਲੰਮਾ ਸਾਰਾ ਵਰਾਂਡਾ ਪਾਰ ਕਰਕੇ ਸਾਹਮਣੇ ਵਾਲੇ ਫਾਟਕ 'ਤੇ ਆ ਗਏ। ਇੱਥੇ ਤਾਬੂਤ ਦੇ ਲਈ ਗੱਡੀ ਤਿਆਰ ਖੜ੍ਹੀ ਸੀ। ਲੰਮੀਂ ਚਮਚਮ ਕਰਦੀ ਕਾਲੀ ਵਾਰਨਿਸ਼ਪੁਚੀ ਇਸ ਗੱਡੀ ਨੂੰ ਦੇਖ ਕੇ ਮੈਨੂੰ ਦਫ਼ਤਰ ਦੇ ਕਲਮਦਾਨ ਦਾ ਧੁੰਦਲਾ-ਜਿਹਾ ਖ਼ਿਆਲ ਆਇਆ।
ਗੱਡੀ ਦੇ ਕੋਲ ਈ ਅਜੀਬੋ-ਗਰੀਬ ਕੱਪੜੇ ਪਾਈ ਇਕ ਛੋਟਾ-ਜਿਹਾ ਆਦਮੀ ਖੜ੍ਹਾ ਸੀ। ਪਿੱਛੋਂ ਮੈਨੂੰ ਪਤਾ ਲੱਗਾ ਕਿ ਇਹ ਸਾਹਬ ਅੰਤਮ-ਕਿਰਿਆਵਾਂ ਦੇ ਨਿਗਰਾਨ ਨੇ—ਇਕ ਤਰ੍ਹਾਂ ਨਾਲ ਪਰੋਹਤ ਈ ਸਮਝੋ। ਉਸਦੇ ਕੋਲ ਈ, ਬੜੇ ਲਾਚਾਰ ਤੇ ਸੰਗਦੇ-ਸੁੰਗੜੇ ਜਿਹੇ ਦਿਸਣ ਵਾਲੇ ਮੇਰੀ ਮਾਂ ਦੇ ਖਾਸੁਲਖਾਸ ਮਿੱਤਰ ਸ਼੍ਰੀਮਾਨ ਪੀਰੇ ਖੜ੍ਹੇ ਸਨ। ਸਿਰ 'ਤੇ ਫਲੈਟ ਹੈਟ ਸੀ, ਜਿਸਦੀ ਟੋਪੀ ਫਿਰਨੀ ਵਾਲੇ ਭਾਂਡੇ ਵਰਗੀ ਤੇ ਕਿਨਾਰੇ ਬੜੇ ਚੌੜੇ ਸਨ। ਬੂਟਾਂ ਉੱਤੇ ਹਾਰਮੋਨੀਅਮ ਦੇ ਪਰਦੇ ਵਾਂਗ ਤਾਲ-ਲੈਅ ਦਿਖਾਉਂਦੀ ਪਤਲੂਨ ਤੇ ਚੌੜੇ-ਚੌੜੇ ਉੱਚੇ ਸਫੇਦ ਕਾਲਰਾਂ 'ਤੇ ਬੜੀ ਪਿੱਦੀ-ਜਿਹੀ ਲੱਗਦੀ ਕਾਲੀ ਟਾਈ। ਜਿਵੇਂ ਈ ਤਾਬੂਤ ਦਰਵਾਜ਼ੇ 'ਚੋਂ ਬਾਹਰ ਨਿਕਲਿਆ—ਆਪ ਜੀ ਨੇ ਝਟਕੇ ਨਾਲ ਟੋਪ ਲਾਹ ਦਿੱਤਾ। ਪਕੌੜੇ ਵਰਗੇ ਫੁੱਲੇ, ਫੁੰਸੀਆਂ ਭਰੇ ਨੱਕ ਹੇਠ ਬੁੱਲ੍ਹ ਫੜਕ ਰਹੇ ਸਨ। ਪਰ ਸਭ ਤੋਂ ਵੱਧ ਧਿਆਨ ਉਹਨਾਂ ਦੇ ਕੰਨਾਂ ਨੇ ਖਿੱਚਿਆ। ਪੁੜਪੁੜੀਆਂ ਦੀ ਸਫੇਦੀ ਪਿੱਛੇ ਲਾਖ ਦੀਆਂ ਗੇਂਦਾ ਵਾਂਗ ਦਿਸਦੇ ਬਾਹਰ ਵੱਲ ਨੂੰ ਨਿਕਲੇ ਲਾਲ-ਲਾਲ ਕੰਨ ਤੇ ਉਹਨਾਂ ਦੇ ਚਾਰੇ ਪਾਸੇ, ਸਿਰਿਆਂ ਉੱਤੇ, ਸਫੇਦ-ਸਫੇਦ ਰੇਸ਼ਮੀ ਵਾਲਾਂ ਦੇ ਗੁੱਛਿਆਂ ਦੀ ਝਾਲਰ।
ਅੰਡਰਟੇਕਰ ਦੇ ਸੇਵਕਾਂ ਨੇ ਸਾਨੂੰ ਹੱਕ ਕੇ ਆਪੋ-ਆਪਣੀ ਜਗ੍ਹਾ 'ਤੇ ਕਰ ਦਿੱਤਾ। ਭਾਵ ਗੱਡੀ ਦੇ ਸਾਹਮਣੇ ਪਾਦਰੀ ਤੇ ਇੱਧਰ-ਉੱਧਰ ਕਾਲੇ ਕੱਪੜੇ ਪਾਈ ਚਾਰੇ ਆਦਮੀ ਤੇ ਗੱਡੀ ਦੇ ਪਿੱਛੇ-ਪਿੱਛੇ ਮੈਂ ਤੇ ਵਾਰਡਨ। ਸਭ ਨਾਲੋਂ ਪਿੱਛੇ ਸ਼੍ਰੀਮਾਨ ਪੀਰੇ ਤੇ ਨਰਸ।
ਧੁੱਪ ਆਸਮਾਨ ਵਿਚ ਲਪਟਾਂ ਮਾਰਨ ਲੱਗ ਪਈ ਸੀ ਤੇ ਝੁਲਸਾ ਤੇਜ਼ੀ ਨਾਲ ਵਧ ਰਿਹਾ ਸੀ। ਤਾਪ ਦੀਆਂ ਪਹਿਲੀਆਂ ਲਪਟਾਂ ਆਪਣੀ ਪਿੱਠ 'ਤੇ ਮੈਨੂੰ ਇੰਜ ਲੱਗੀਆਂ ਜਿਵੇਂ ਗਰਮ ਜੀਭ ਨਾਲ ਕੋਈ ਚੱਟ ਰਿਹਾ ਹੋਵੇ। ਕਾਲੇ ਸੂਟ ਨੇ ਹਾਲਤ ਹੋਰ ਵੀ ਖ਼ਰਾਬ ਕਰ ਦਿੱਤੀ ਸੀ। ਪਤਾ ਨਹੀਂ ਰਵਾਨਾ ਹੋਣ ਵਿਚ ਏਨੀ ਦੇਰ ਕਰਨ ਦਾ ਕੀ ਕਾਰਨ ਸੀ? ਸ਼੍ਰੀਮਾਨ ਪੀਰੇ ਨੇ ਹੁਣ ਫੇਰ ਟੋਪ ਲਾਹ ਕੇ ਹੱਥ ਵਿਚ ਫੜ੍ਹ ਲਿਆ। ਵਾਰਡਨ ਨੇ ਜਦੋਂ ਉਹਨਾਂ ਬਾਰੇ ਹੋਰ ਵੀ ਦੱਸਣਾ ਸ਼ੁਰੂ ਕੀਤਾ ਤਾਂ ਮੈਂ ਉਹਨਾਂ ਵੱਲ ਜ਼ਰਾ ਤਿਰਛਾ ਮੁੜ-ਮੁੜ ਕੇ ਦੇਖਣ ਲੱਗਾ। ਮੈਨੂੰ ਯਾਦ ਏ, ਵਾਰਡਨ ਆਖੀ ਜਾ ਰਿਹਾ ਸੀ, “ਸ਼ਾਮ ਦੀ ਠੰਢਕ ਸਮੇਂ ਮਾਂ ਤੇ ਇਹ ਸ਼੍ਰੀਮਾਨ ਪੀਰੇ, ਕਾਫ਼ੀ ਦੂਰ-ਦੂਰ ਤਕ, ਇਕੱਠੇ ਟਹਿਲਣ ਜਾਂਦੇ ਹੁੰਦੇ ਸੀ। ਕਦੀ-ਕਦੀ ਇਹ ਪਿੰਡ ਤਕ ਹੋ ਆਉਂਦੇ। ਹਾਂ-ਹਾਂ, ਨਰਸ ਤਾਂ ਇਹਨਾਂ ਦੇ ਨਾਲ ਈ ਹੁੰਦੀ ਸੀ।”
ਹੁਣ ਮੈਂ ਉਸ ਖ਼ੁਸ਼ਕ ਵਾਤਾਵਰਣ ਤੇ ਉਸ ਪਿੰਡ ਵੱਲ ਨਿਗਾਹ ਮਾਰੀ। ਦੇਖਿਆ, ਮੋਰਪੰਖੀ ਦੇ ਰੁੱਖ ਧਰਤੀ ਦੀ ਉਠਾਣ ਦੇ ਨਾਲ ਹੇਠੋਂ ਸੰਘਣੇ ਤੇ ਦੂਰ ਵੱਲ ਨੂੰ ਭੀੜੀ ਹੁੰਦੀ ਦਿਸਹੱਦੇ ਦੀ ਲਕੀਰ ਦੇ ਨਾਲ-ਨਾਲ ਪਹਾੜੀਆਂ ਤੀਕ ਚਲੇ ਗਏ ਨੇ। ਤਪੀ ਲਾਲ ਧਰਤੀ ਜਗ੍ਹਾ-ਜਗ੍ਹਾ ਹਰਿਆਲੀ ਨਾਲ ਭਰੀ ਏ ਤੇ ਇੱਥੇ-ਉੱਥੇ ਕੋਈ-ਕੋਈ, ਟਾਵਾਂ-ਟਾਵਾਂ ਮਕਾਨ ਈ ਖੜ੍ਹਾ ਏ। ਤੇਜ਼ ਧੁੱਪ ਵਿਚ ਉਸਦਾ ਇਕ-ਇਕ ਕੋਨਾ ਤੇ ਮੋੜ ਦਾ ਉਭਾਰ ਸਾਫ਼ ਦਿਸ ਰਿਹਾ ਏ। ਇਸ ਸਾਰੇ ਦ੍ਰਿਸ਼ ਨੂੰ ਦੇਖ ਕੇ ਮਾਂ ਦੇ ਮਨ ਦੀ ਗੱਲ ਮੇਰੀ ਸਮਝ 'ਚ ਆਉਣ ਲੱਗੀ। ਇਸ ਪ੍ਰਦੇਸ ਵਿਚ ਸ਼ਾਮ ਦੇ ਸਮੇਂ ਜ਼ਰੂਰ ਈ ਬੜੀ ਮਨਹੂਸ ਤੇ ਨੀਰਸ ਕਿਸਮ ਦੀ ਸ਼ਾਂਤੀ ਛਾਈ ਰਹਿੰਦੀ ਹੋਵੇਗੀ। ਇਸ ਸਮੇਂ ਸਵੇਰ ਦੀ ਇਸ ਖੁੱਲ੍ਹੀ ਸਾਫ਼ ਧੁੱਪ ਵਿਚ ਵੀ ਜਦੋਂ ਸਭ ਕੁਝ ਲੂ-ਲਪਟਾਂ ਵਿਚ ਲਿਪਟਿਆ ਲਿਸ਼-ਲਿਸ਼ ਚਮਕ ਰਿਹਾ ਏ ਤਾਂ ਵੀ ਤਾਂ ਇਸ ਖੁੱਲ੍ਹੇ ਫ਼ੈਲੇ ਵਿਸਥਾਰ ਨੂੰ ਦੇਖ ਕੇ ਇੰਜ ਮਹਿਸੂਸ ਹੁੰਦਾ ਏ ਜਿਵੇਂ ਇੱਥੇ ਕੁਝ ਅਣਮਨੁੱਖੀ ਏ—ਕੁਝ ਹੈ, ਜਿਹੜਾ ਮਨ ਨੂੰ ਬੁਝਾ ਦਿੰਦਾ ਏ।
ਆਖ਼ਰਕਾਰ ਕਾਫ਼ਲਾ ਤੁਰ ਪਿਆ। ਉਦੋਂ ਮੈਂ ਪਹਿਲੀ ਵਾਰ ਦੇਖਿਆ ਕਿ ਪੀਰੇ ਥੋੜ੍ਹਾ ਪੈਰ ਖਿੱਚ ਕੇ ਤੁਰਦੇ ਨੇ। ਗੱਡੀ ਦੀ ਚਾਲ ਜ਼ਰਾ ਤੇਜ਼ ਹੋਈ ਤਾਂ ਵਿਚਾਰੇ ਸ਼੍ਰੀਮਾਨ ਪੀਰੇ ਕਦਮ-ਕਦਮ ਪਿਛੜਣ ਲੱਗੇ। ਗੱਡੀ ਦੇ ਨਾਲ-ਨਾਲ ਤੁਰਨ ਵਾਲਾ ਇਕ ਆਦਮੀ ਵੀ ਪਿਛੇ ਰਹਿੰਦਾ-ਰਹਿੰਦਾ, ਮੇਰੇ ਨਾਲ ਆ ਰਲਿਆ। ਦੇਖ ਕੇ ਹੈਰਾਨੀ ਹੁੰਦੀ ਸੀ ਕਿ ਆਸਮਾਨ ਵਿਚ ਸੂਰਜ ਨੂੰ ਖੰਭ ਲੱਗ ਗਏ ਨੇ—ਹੁਣੇ ਇੱਥੇ ਤੇ ਹੁਣੇ ਉੱਥੇ। ਉਦੋਂ ਮੈਂ ਧਿਆਨ ਦਿੱਤਾ, ਕਾਫ਼ੀ ਦੇਰ ਤੋਂ ਹਵਾ ਵਿਚ ਝੁਲਸੀ ਘਾਹ ਦੀ ਸਰਸਰਾਹਟ ਤੇ ਭੁੰਗਾਂ (ਫਲਾਂ ਤੇ ਫੁੱਲਾਂ ਉੱਤੇ ਉੱਡਣ ਵਾਲੇ ਕੀੜੇ) ਦੀ ਭੀਂ-ਭੀਂ ਗੂੰਜ ਰਹੀ ਏ। ਪਸੀਨਾ ਮੇਰੇ ਚਿਹਰੇ 'ਤੇ ਚੋਅ ਆਇਆ ਸੀ। ਟੋਪ ਨਹੀਂ ਸੀ, ਇਸ ਲਈ ਮੈਂ ਰੁਮਾਲ ਨਾਲ ਈ ਹਵਾ ਕਰਨ ਲੱਗ ਪਿਆ।
ਅੰਡਰਟੇਕਰ ਦੇ ਆਦਮੀ ਨੇ ਮੇਰੇ ਵੱਲ ਭੌਂ ਕੇ ਕੁਝ ਕਿਹਾ। ਮੈਂ ਉਸਦੀ ਗੱਲ ਨਹੀਂ ਸਮਝ ਸਕਿਆ। ਸੱਜੇ ਹੱਥ ਨਾਲ ਟੋਪ ਨੂੰ ਤਿਰਛਾ ਚੁੱਕਦੇ ਹੋਏ ਉਸਨੇ ਖੱਬੇ ਹੱਥ ਨਾਲ ਆਪਣੀ ਗੰਜੀ ਟਿੰਡ ਪੂੰਝੀ। ਮੈਂ ਪੁੱਛਿਆ, “ਤੁਸੀਂ ਕੁਛ ਕਹਿ ਰਹੇ ਸੀ ਨਾ?” ਉਸਨੇ ਆਸਮਾਨ ਵੱਲ ਇਸ਼ਾਰਾ ਕਰਕੇ ਕਿਹਾ, “ਅੱਜ ਗਜ਼ਬ ਦੀ ਧੁੱਪ ਏ। ਕਿਓਂ, ਹੈ ਨਾ?”
“ਜੀ ਹਾਂ।” ਮੈਂ ਕਿਹਾ।
ਕੁਝ ਚਿਰ ਬਾਅਦ ਉਸਨੇ ਪੁੱਛਿਆ, “ਅਸੀਂ ਲੋਕ ਤੁਹਾਡੀ ਮਾਂ ਨੂੰ ਈ ਤਾਂ ਦਫ਼ਨ ਕਰਨ ਲੈ ਜਾ ਰਹੇ ਆਂ ਨਾ?”
“ਜੀ ਹਾਂ।” ਮੈਂ ਫੇਰ ਬੋਲਿਆ।
“ਕਿੰਨੀ ਉਮਰ ਸੀ?”
“ਇਹੀ...ਸਮਝੋ ਕਿ ਕਿਸੇ ਤਰ੍ਹਾਂ ਚੱਲ ਰਹੀ ਸੀ। ਪਰ ਸੱਚ ਤਾਂ ਇਹ ਐ ਕਿ ਉਹਨਾਂ ਦੀ ਸਹੀ-ਸਹੀ ਉਮਰ ਦਾ ਮੈਨੂੰ ਵੀ ਚੇਤਾ ਨਈਂ।”
ਉਸ ਪਿੱਛੋਂ ਉਹ ਚੁੱਪ ਹੋ ਗਿਆ। ਭੌਂ ਕੇ ਦੇਖਿਆ, ਸ਼੍ਰੀਮਾਨ ਪੀਰੇ ਸਾਹਬ ਪੰਜਾਹ ਕੁ ਗਜ ਪਿੱਛੇ, ਲੰਗੜਾਉਂਦੇ ਹੋਏ, ਘਿਸਟਦੇ ਆ ਰਹੇ ਸਨ। ਨਾਲ ਰਲੇ ਰਹਿਣ ਦੀ ਕੋਸ਼ਿਸ਼ ਵਿਚ ਆਪਣੇ ਵੱਡੇ ਸਾਰੇ ਫੈਲਟ ਹੈਟ ਨੂੰ, ਹੱਥ ਭਰ ਅੱਗੇ ਕਰਕੇ, ਝੁਲਾਉਂਦੇ ਆ ਰਹੇ ਸਨ। ਮੈਂ ਇਕ ਨਿਗਾਹ ਵਾਰਡਨ 'ਤੇ ਵੀ ਮਾਰੀ। ਉਹ ਬਿਨਾਂ ਚਿਹਰੇ 'ਤੇ ਕੋਈ ਭਾਵ ਲਿਆਏ ਬੜੇ ਚੁਸਤ ਤੇ ਨਪੇ-ਤੁਲੇ ਕਦਮਾਂ ਨਾਲ ਤੁਰ ਰਿਹਾ ਸੀ। ਮੱਥੇ ਉੱਤੇ ਪਸੀਨੇ ਦੇ ਘਰਾਲੇ ਵਹਿ ਰਹੇ ਸਨ—ਉਹਨਾਂ ਨੂੰ ਵੀ ਉਸਨੇ ਨਹੀਂ ਸੀ ਪੂੰਝਿਆ।
ਮੈਨੂੰ ਲੱਗਿਆ, ਸਾਡਾ ਇਹ ਛੋਟਾ-ਜਿਹਾ ਕਾਫ਼ਿਲਾ ਜ਼ਰਾ ਜ਼ਿਆਦਾ ਈ ਤੇਜ਼ ਚੱਲ ਰਿਹਾ ਏ। ਜਿੱਥੋਂ ਤੀਕ ਨਿਗਾਹ ਜਾਂਦੀ ਸੀ ਉੱਥੇ ਈ ਧੁੱਪ 'ਚ ਨਹਾਉਂਦੇ ਖੇਤ ਦਿਖਾਈ ਦਿੰਦੇ ਸਨ। ਆਸਮਾਨ ਵਿਚ ਅਜਿਹਾ ਚਮਕਾਰਾ ਸੀ ਕਿ ਉੱਤੇ ਝਾਕਿਆ ਨਹੀਂ ਸੀ ਜਾ ਰਿਹਾ। ਹੁਣ ਅਸੀਂ ਲੋਕ ਤਾਰਕੋਲ ਦੀ ਨਵੀਂ ਬਣੀ ਸੜਕ ਉੱਤੇ ਤੁਰ ਰਹੇ ਸੀ। ਇੱਥੇ ਧਰਤੀ 'ਤੇ ਗਰਮੀ ਦੀ ਲਹਿਰ, ਭਭਕਾਂ ਮਾਰ ਰਹੀ ਸੀ। ਪੈਰ ਰੱਖਦਿਆਂ ਈ ਪੈਰ ਫੱਚ ਕਰਕੇ ਚਿਪਕ ਜਾਂਦਾ ਤੇ ਚੁੱਕਦਿਆਂ ਈ ਟੋਏ ਵਰਗਾ ਕਾਲਾ ਚਮਕਦਾਰ ਨਿਸ਼ਾਨ ਪਿੱਛੇ ਰਹਿ ਜਾਂਦਾ। ਗੱਡੀ ਦੇ ਉਪਰੋਂ ਉੱਚਾ ਨਿਕਲਿਆ ਗੱਡੀ ਵਾਲੇ ਦਾ ਚਮ-ਚਮ ਕਰਦਾ ਕਾਲਾ ਟੋਪ ਵੀ ਇਸੇ ਚਿਪਚਿਪੇ ਤਾਰਕੋਲ ਨਾਲ ਪੁਚਿਆ ਜਾਪਦਾ ਸੀ। ਉਪਰਲੀ ਆਸਮਾਨੀਂ ਸਫੇਦੀ ਦਾ ਚਮਕਾਰਾ, ਤੇ ਹੇਠਾਂ ਚਾਰੇ-ਪਾਸੇ ਦਾ ਇਹ ਕਾਲਾਪਨ, ਭਾਵ ਗੱਡੀ ਦਾ ਚਮਚਮ ਕਰਦਾ ਕਾਲਾਪਨ, ਸੇਵਕਾਂ ਦੇ ਕੱਪੜਿਆਂ ਦਾ ਚਮਕਹੀਨ ਕਾਲਾਪਨ ਤੇ ਸੜਕ ਉੱਤੇ ਬਣੀਆਂ ਪੈੜਾਂ ਦਾ ਇਹ ਸੁੰਦਰ ਕਾਲਾਪਨ—ਇਸ ਸਭ ਕੁਝ ਦੇਖ ਕੇ ਬੜਾ ਅਜੀਬ-ਜਿਹਾ ਅਹਿਸਾਸ ਹੁੰਦਾ ਸੀ—ਜਿਵੇਂ ਇਹ ਸਭ ਸੱਚ ਨਾ ਹੋਵੇ, ਕੋਈ ਸੁਪਨਾ ਹੋਵੇ। ਇਸ ਸਭ ਦੇ ਨਾਲ-ਨਾਲ ਮਾਹੌਲ ਉੱਤੇ ਛਾਈ ਹੋਈ ਸੀ, ਤਰ੍ਹਾਂ-ਤਰ੍ਹਾਂ ਦੀ ਗੰਧ—ਗੱਡੀ ਦੇ ਚਮੜੇ ਤੇ ਲਿੱਦ ਦੀ ਗੰਧ ਦੇ ਨਾਲ ਰਲੀ-ਮਿਲੀ ਲੋਬਾਨ ਤੇ ਅਗਰੁ (ਅਗਰਬੱਤੀ ਦੀ ਲੱਕੜ) ਦੀ ਗੰਧ ਦੇ ਭਭੂਕੇ! ਰਾਤ ਦੀ ਉੱਖੜੀ-ਉੱਖੜੀ ਨੀਂਦ ਦੀ ਖੁਮਾਰੀ ਤੇ ਇਸ ਸਾਰੇ ਮਾਹੌਲ ਸਦਕਾ ਮੈਨੂੰ ਲੱਗਦਾ ਸੀ ਜਿਵੇਂ ਮੇਰੀ ਨਜ਼ਰ ਤੇ ਵਿਚਾਰ-ਸ਼ਕਤੀ ਧੁੰਦਲੀ ਹੁੰਦੀ ਜਾ ਰਹੀ ਏ।
ਮੈਂ ਦੁਬਾਰਾ ਪਿੱਛੇ ਮੁੜ ਕੇ ਦੇਖਿਆ। ਇਸ ਵਾਰੀ ਪੀਰੇ ਸਾਹਬ ਬਹੁਤ ਈ ਪਿੱਛੇ ਰਹਿ ਗਏ ਦਿਖਾਈ ਦਿੱਤੇ। ਗਰਮੀ ਦੀ ਧੁੰਦ ਵਿਚ ਬਿੰਦ ਦਾ ਬਿੰਦ ਨਜ਼ਰ ਆਏ ਤੇ ਅਚਾਨਕ ਮੁੜ ਗਾਇਬ ਹੋ ਗਏ। ਆਖ਼ਰ ਗਏ ਕਿੱਥੇ? ਕੁਝ ਚਿਰ ਦੀ ਮੱਥਾ ਮਾਰੀ ਪਿੱਛੋਂ ਮੈਂ ਅੰਦਾਜ਼ਾ ਲਾਇਆ ਕਿ ਸੜਕ ਛੱਡ ਕੇ ਖੇਤਾਂ ਵਿਚ ਦੀ ਹੋ ਲਏ ਹੋਣਗੇ। ਅੱਛਾ, ਤਾਂ ਪੀਰੇ ਸਾਹਬ ਨੇ ਸਾਨੂੰ ਫੜਨ ਲਈ ਕੋਈ ਪਗਡੰਡੀ ਫੜੀ ਏ! ਉਹ ਇੱਥੋਂ ਦੇ ਆਸੇ-ਪਾਸੇ ਦੇ ਸਾਰੇ ਰਸਤਿਆਂ ਦੇ ਖ਼ੂਬ ਸਿਆਣੂੰ ਨੇ। ਸੜਕ ਉੱਤੇ ਅਸੀਂ ਲੋਕ ਜਿਵੇਂ ਈ ਘੁੰਮੇ ਕਿ ਉਹ ਸਾਡੇ ਨਾਲ ਆ ਰਲੇ। ਪਰ ਹੌਲੀ-ਹੌਲੀ ਫੇਰ ਪਿੱਛੜਣ ਲੱਗੇ। ਅੱਗੇ ਜਾ ਕੇ ਉਹਨਾਂ ਨੇ ਫੇਰ ਇਕ ਪਗਡੰਡੀ ਫੜ੍ਹੀ। ਅੱਧੇ ਘੰਟੇ ਵਿਚ ਇੰਜ ਕਈ ਵਾਰੀ ਹੋਇਆ ਤਾਂ ਛੇਤੀ ਈ ਉਹਨਾਂ ਦੀ ਇਸ ਹਰਕਤ ਵਿਚ ਮੇਰੀ ਦਿਲਚਸਪੀ ਸਮਾਪਤ ਹੋ ਗਈ। ਪੁੜਪੁੜੀਆਂ ਵਿਚ ਸਾਂ-ਸਾਂ ਹੋਣ ਲੱਗ ਪਈ ਤੇ ਮੈਂ ਜਿਵੇਂ-ਤਿਵੇਂ ਆਪਣੇ-ਆਪ ਨੂੰ ਘਸੀਟਾ ਰਿਹਾ।
ਇਸ ਪਿੱਛੋਂ ਦਾ ਸਾਰਾ ਕੰਮ ਕੁਝ ਅਜਿਹੀ ਹਬੜ-ਦਬੜ ਤੇ ਕੁਝ ਅਜਿਹੇ ਨਪੇ-ਤੁਲੇ ਮਸ਼ੀਨੀ ਢੰਗ ਨਾਲ ਹੋਇਆ ਕਿ ਮੈਨੂੰ ਹੁਣ ਕੋਈ ਵੀ ਗੱਲ ਯਾਦ ਨਹੀਂ। ਹਾਂ, ਯਾਦ ਏ ਤਾਂ ਬਸ ਏਨਾ ਕਿ ਜਦੋਂ ਅਸੀਂ ਪਿੰਡ ਦੇ ਸਿਰੇ 'ਤੇ ਪਹੁੰਚੇ ਤਾਂ ਨਰਸ ਨੇ ਮੈਨੂੰ ਕੁਝ ਕਿਹਾ ਸੀ। ਉਸਦੀ ਆਵਾਜ਼ ਸੁਣ ਕੇ ਮੈਂ ਤ੍ਰਬਕ ਗਿਆ ਸੀ। ਚਿਹਰੇ ਨਾਲ ਇਸ ਆਵਾਜ਼ ਦਾ ਕੋਈ ਮੇਲ ਨਹੀਂ ਸੀ। ਆਵਾਜ਼ ਬੜੀ ਮਿੱਠੀ ਤੇ ਸੁਰੀਲੀ ਸੀ। ਉਹ ਕਹਿ ਰਹੀ ਸੀ, “ਜੇ ਹੌਲੀ-ਹੌਲੀ ਚੱਲੀਏ ਤਾਂ ਲੂ ਲੱਗਣ ਦਾ ਖ਼ਤਰਾ ਤੇ ਜੇ ਤੇਜ਼-ਤੇਜ਼ ਚੱਲੀਏ ਤਾਂ ਪਸੀਨੇ ਨਾਲ ਬੁਰਾ ਹਾਲ ਹੋ ਜਾਂਦਾ ਏ! ਤੇ ਚਰਚ ਦੀ ਠੰਢੀ ਹਵਾ ਲੱਗਦਿਆਂ ਈ ਜੁਕਾਮ ਦਾ ਹਮਲਾ!” ਉਸਦੀ ਗੱਲ ਮੈਂ ਸਮਝ ਗਿਆ। ਮਤਲਬ ਇਹ ਸੀ ਕਿ ਆਦਮੀ ਨੂੰ ਦੋਵਾਂ ਵਿਚੋਂ ਇਕ ਚੀਜ਼ ਤਾਂ ਭੋਗਤਨੀਂ ਈ ਪਵੇਗੀ।
ਅੰਤੇਸ਼ਟੀ ਸਮੇਂ ਦੀਆਂ ਕੁਝ ਹੋਰ ਗੱਲਾਂ ਵੀ ਹੁਣ ਤੀਕ ਯਾਦ ਰਹਿ ਗਈਆਂ ਨੇ। ਜਿਵੇਂ ਪਿੰਡ ਦੇ ਐਨ ਬਾਹਰ ਜਦੋਂ ਆਖ਼ਰੀ ਵਾਰੀ ਬੁੱਢੇ ਨੇ ਸਾਨੂੰ ਫੜ੍ਹਿਆ ਸੀ—ਉਸ ਛਿਣ ਵਾਲਾ ਉਸਦਾ ਚਿਹਰਾ। ਸ਼ਾਇਦ ਥਕਾਣ ਜਾਂ ਦੁੱਖ ਕਰਕੇ ਜਾਂ ਦੋਵਾਂ ਕਰਕੇ ਅੱਖਾਂ 'ਚੋਂ ਅੱਥਰੂਆਂ ਦੀਆਂ ਧਾਰਾਂ ਵਹਿ ਰਹੀਆਂ ਸੀ। ਪਰ ਖੱਲ ਦੀਆਂ ਝੁਰੜੀਆਂ ਕਰਕੇ ਅੱਥਰੂ ਹੇਠਾਂ ਨਹੀਂ ਸੀ ਡਿੱਗਦੇ—ਉਹਨਾਂ ਝੁਰੜੀਆਂ ਵਿਚ ਈ ਟੇਢੇ-ਵਿੰਗੇ ਹੋ ਕੇ ਖਪ ਜਾਂਦੇ ਸੀ। ਇਸ ਨਾਲ ਉਹ ਥੱਕਿਆ-ਹਾਰਿਆ ਬੁੱਢਾ ਚਿਹਰਾ—ਸਿੱਲ੍ਹਾ-ਗਿੱਲਾ, ਚਮਕਦਾ ਦਿਖਾਈ ਦਿੰਦਾ ਸੀ।
ਚਰਚ ਦੀ ਸ਼ਕਲ ਤੇ ਆਸੇ-ਪਾਸੇ ਦਾ ਵਾਤਾਵਰਣ। ਸੜਕ 'ਤੇ ਤੁਰੇ ਫਿਰਦੇ ਪਿੰਡ ਵਾਲੇ ਲੋਕ। ਕਬਰਾਂ ਉੱਤੇ ਖਿੜੇ ਹੋਏ ਲਾਲ-ਲਾਲ ਜਰੇਨੀਅਮ ਦੇ ਫੁੱਲ। ਕੱਪੜੇ ਦੇ ਗੁੱਡੇ ਵਾਂਗ ਪੀਰੇ ਦਾ ਬੇਹੋਸ਼ੀ ਦੇ ਦੌਰੇ ਵਿਚ ਲੁੜਕ ਜਾਣਾ। ਮਾਂ ਦੇ ਤਾਬੂਤ ਉੱਤੇ ਮੁੱਠਾਂ ਭਰ-ਭਰ ਪਾਈ ਜਾ ਰਹੀ ਮਟਮੈਲੀ-ਮਿੱਟੀ ਦੇ ਡਿੱਗਣ ਦੀ ਆਵਾਜ਼। ਉਸ ਮਿੱਟੀ ਵਿਚ ਰਲੇ ਸਫੇਦ-ਸਫੇਦ ਜੜਾਂ ਦੇ ਡੱਕੇ। ਫੇਰ ਹੋਰ ਲੋਕਾਂ ਦੀ ਭੀੜ। ਆਵਾਜ਼ਾਂ, ਕੈਫੇ ਦੇ ਬਾਹਰ ਖਲੋ ਕੇ ਬੱਸ ਦੀ ਉਡੀਕ ਕਰਨਾ। ਇੰਜਨ ਦੀ ਖੜਖੜ। ਅਲਜੀਯਰਸ ਦੀਆਂ ਜਗਮਗ ਕਰਦੀਆਂ ਸੜਕਾਂ ਉੱਤੇ ਆਪਣੀ ਬੱਸ ਦੇ ਪ੍ਰਵੇਸ਼ ਦੇ ਨਾਲ ਈ ਖ਼ੁਸ਼ੀ ਦੀ ਝੁਰਝੁਰੀ ਮਹਿਸੂਸ ਕਰਦਿਆਂ, ਘਰ ਪਹੁੰਚ ਕੇ ਸਭ ਤੋਂ ਪਹਿਲਾਂ ਬਿਸਤਰੇ ਵਿਚ ਜਾ ਪੈਣਾ ਤੇ ਬਾਰਾਂ ਘੰਟੇ ਲੰਮੀ ਤਾਣ ਕੇ ਸੌਣ ਦੀ ਕਲਪਨਾ ਕਰਨਾ! ਇਹ ਸਭ ਮੈਨੂੰ ਹੁਣ ਵੀ ਯਾਦ ਏ।
--- --- ---

No comments:

Post a Comment