Tuesday, May 28, 2013

ਛੇ :

ਛੇ :


ਉਸ ਦਿਨ ਐਤਵਾਰ ਸੀ ਤੇ ਸਵੇਰੇ ਜਾਗਣਾ ਵੀ ਇਕ ਮੁਸੀਬਤ ਲੱਗ ਰਿਹਾ ਸੀ। ਮੇਰੀ ਨੇ ਮੇਰੇ ਮੋਢੇ ਝੰਜੋੜੇ ਤੇ ਨਾਂ ਲੈ-ਲੈ ਕੇ ਉੱਚੀ-ਉੱਚੀ ਬੁਲਾਇਆ, ਤਾਂ ਕਿਤੇ ਜਾ ਕੇ ਮੈਂ ਉੱਠਿਆ। ਚਾਹੁੰਦਾ ਸੀ ਕਿ ਜਿੰਨੀ ਛੇਤੀ ਹੋ ਸਕੇ, ਸਮੁੰਦਰ ਦੇ ਪਾਣੀ ਵਿਚ ਜਾ ਕੁੱਦੀ ਲਾਵਾਂ, ਇਸ ਲਈ ਨਾਸ਼ਤੇ-ਨੁਸ਼ਤੇ ਦੀ ਫਿਕਰ ਛੱਡ ਦਿੱਤੀ। ਸਿਰ ਵਿਚ ਮੱਠਾ-ਮੱਠਾ ਦਰਦ ਸੀ, ਸ਼ਾਇਦ ਇਸੇ ਲਈ ਪਹਿਲੀ ਸਿਗਰਟ ਦਾ ਸਵਾਦ ਵੀ ਕੁਸੈਲਾ-ਜਿਹਾ ਲੱਗਿਆ। ਮੇਰੀ ਕਹਿਣ ਲੱਗੀ ਕਿ ਸ਼ਕਲ ਤੋਂ ਤਾਂ ਮੈਂ ਗ਼ਮੀ 'ਚ ਸਿਆਪਾ ਕਰਨ ਵਾਲੀਆਂ ਵਰਗਾ ਲੱਗਦਾ ਹਾਂ। ਮੈਂ ਖ਼ੁਦ ਬੜਾ ਟੁੱਟਿਆ-ਟੁੱਟਿਆ ਤੇ ਢਿਲਕਿਆ-ਜਿਹਾ ਮਹਿਸੂਸ ਕਰ ਰਿਹਾ ਸੀ। ਉਹ ਸਫੇਦ ਕੱਪੜਿਆਂ ਵਿਚ ਸੀ। ਵਾਲ ਖੁੱਲ੍ਹੇ ਸਨ। ਮੈਂ ਕਿਹਾ, “ਤੂੰ ਤਾਂ ਇਸ ਭੇਸ 'ਚ ਖੰਜਰ ਲੱਗਦੀ ਪਈ ਏਂ।” ਸੁਣ ਕੇ ਉਹ ਖਿੜਖਿੜ ਕਰਕੇ ਹੱਸੀ।
ਨਿਕਲਦਿਆਂ ਹੋਇਆਂ ਅਸੀਂ ਰੇਮੰਡ ਦਾ ਦਰਵਾਜ਼ਾ ਜ਼ੋਰ ਨਾਲ ਖੜਕਾਇਆ। ਉਹ ਅੰਦਰੋਂ ਈ ਕੂਕਿਆ, “ਤੁਸੀਂ ਲੋਕ ਚੱਲੋ। ਮੈਂ ਬਸ ਹੁਣੇ ਆਇਆ।” ਇਕ ਤਾਂ ਤਬੀਅਤ ਉਂਜ ਈ ਢਿੱਲੀ ਸੀ, ਤੇ ਉਪਰੋਂ ਅੱਜ ਅਸੀਂ ਕਮਰੇ ਦੀਆਂ ਚਿਕਾਂ ਛੱਡੀਆਂ ਹੋਈਆਂ ਸਨ। ਸੜਕ 'ਤੇ ਆਉਂਦਿਆ ਈ ਸਵੇਰ ਦੀ ਤੇਜ਼ ਧੁੱਪ ਦਾ ਲਿਸ਼ਕਾਰਾ ਘਸੁੰਨ ਵਾਂਗੂੰ ਅੱਖਾਂ 'ਚ ਵੱਜਿਆ।
ਹਾਂ, ਮੇਰੀ ਖ਼ੁਸ਼ੀ ਨਾਲ ਥਿਰਕ ਰਹੀ ਸੀ। ਰਹਿ-ਰਹਿ ਕੇ ਕਹਿੰਦੀ ਜਾਂਦੀ, “ਕੈਸਾ ਸੁਹਾਵਣਾ ਮੌਸਮ ਏਂ?” ਕੁਝ ਚਿਰ ਬਾਅਦ ਮੇਰੀ ਤਬੀਅਤ ਵੀ ਠੀਕ ਹੋ ਗਈ। ਪਰ ਨਾਲ ਈ ਲੱਗਿਆ, ਜ਼ੋਰਦਾਰ ਭੁੱਖ ਵੀ ਲੱਗੀ ਹੋਈ ਏ। ਮੇਰੀ ਨੂੰ ਦੱਸਿਆ ਤਾਂ ਉਸਨੇ ਮੇਰੀ ਗੱਲ 'ਤੇ ਕੰਨ ਈ ਨਾ ਧਰਿਆ। ਉਸ ਕੋਲ ਕਿਰਮਿਚ ਦਾ ਥੈਲਾ ਸੀ। ਇਸ ਵਿਚ ਅਸੀਂ ਨਹਾਉਣ ਵਾਲੇ ਜਾਂਘੀਏ-ਬਨੈਣਾ ਤੇ ਤੌਲੀਆ ਤੈਹ ਕਰਕੇ ਰੱਖ ਲਿਆ ਸੀ। ਉਦੋਂ ਈ ਪਿੱਛੇ ਰੇਮੰਡ ਦੇ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਨੀਲੀ ਪਤਲੂਨ, ਅੱਧੀਆਂ ਬਾਹਾਂ ਦੀ ਸਫੇਦ ਕਮੀਜ਼ ਪਾਈ ਹੋਈ ਸੀ ਤੇ ਚਟਾਈ ਦਾ ਹੈਟ ਲਿਆ ਹੋਇਆ ਸੀ। ਮੈਂ ਦੇਖਿਆ, ਉਸਦੀਆਂ ਬਾਹਾਂ ਉੱਤੇ ਕਾਫ਼ੀ ਸੰਘਣੇ ਵਾਲ ਨੇ, ਪਰ ਹੇਠਾਂ ਖੱਲ ਦਾ ਰੰਗ ਬੜਾ ਗੋਰਾ ਏ। ਚਟਾਈ ਦੇ ਹੈਟ ਨੂੰ ਦੇਖ ਕੇ ਮੇਰੀ 'ਹੀ-ਹੀ' ਕਰਕੇ ਹੱਸਣ ਲੱਗੀ। ਮੈਨੂੰ ਖ਼ੁਦ ਵੀ ਉਸਦਾ ਹੁਲੀਆ ਦੇਖ ਕੇ ਬੜੀ ਕੋਫ਼ਤ ਹੋਈ। ਪਰ ਉਹ ਬੜਾ ਖ਼ੁਸ਼-ਖ਼ੁਸ਼ ਲੱਗਦਾ ਸੀ ਤੇ ਸੀਟੀ ਵਜਾਉਂਦਾ ਹੋਇਆ ਪੌੜੀਆਂ ਉੱਤਰ ਰਿਹਾ ਸੀ। ਮੈਨੂੰ ਦੇਖ ਕੇ ਸਵਾਗਤ ਵਿਚ ਬੋਲਿਆ, “ਕਹੋ ਯਾਰ!” ਮੇਰੀ ਵੱਲ ਦੇਖ ਕੇ ਬੋਲਿਆ, “ਕਹੋ ਸ਼੍ਰੀਮਤੀ ਜੀ...”
ਪਿਛਲੀ ਸ਼ਾਮ ਮੈਂ ਤੇ ਰੇਮੰਡ ਦੋਵੇਂ ਥਾਣੇ ਗਏ ਸੀ। ਮੈਂ ਰੇਮੰਡ ਵੱਲੋਂ ਗਵਾਹੀ ਦਿੱਤੀ ਕਿ ਕੁੜੀ ਨੇ ਉਸਦੇ ਨਾਲ ਧੋਖਾ ਕੀਤਾ ਏ। ਪੁਲਸ ਵਾਲਿਆਂ ਨੇ ਮੇਰੀ ਗਵਾਹੀ ਦੀ ਤਸਦੀਕ ਵੀ ਨਹੀਂ ਕੀਤੀ ਤੇ ਫੇਰ ਕਦੀ ਅਜਿਹੀ ਹਰਕਤ ਨਾ ਕਰਨ ਦੀ ਚੇਤਾਵਨੀ ਦੇ ਕੇ ਉਸਨੂੰ ਛੱਡ ਦਿੱਤਾ।
ਅਸੀਂ ਕੁਝ ਚਿਰ ਦਰਵਾਜ਼ੇ ਦੀਆਂ ਪੌੜੀਆਂ 'ਤੇ ਖੜ੍ਹੇ-ਖੜ੍ਹੇ ਸਲਾਹ ਕਰਦੇ ਰਹੇ। ਤੈਅ ਕੀਤਾ, ਬੱਸ ਫੜਾਂਗੇ। ਉਂਜ ਪੈਦਲ ਚੱਲਣ ਦੇ ਲਿਹਾਜ ਨਾਲ ਵੀ ਸਮੁੰਦਰ-ਤਟ ਦੂਰ ਨਹੀਂ ਏ, ਪਰ ਸੋਚਿਆ, ਜਿੰਨੀ ਜਲਦੀ ਪਹੁੰਚੀਏ ਓਨਾਂ ਈ ਚੰਗਾ ਏ। ਬੱਸ ਸਟਾਪ ਵੱਲ ਤੁਰਨ ਈ ਲੱਗੇ ਸੀ ਕਿ ਰੇਮੰਡ ਨੇ ਮੇਰੀ ਬਾਂਹ ਖਿੱਚ ਕੇ ਹੌਲੀ-ਜਿਹੀ ਕਿਹਾ, “ਸੜਕ ਦੇ ਉਸ ਪਾਰ ਦੇਖ।” ਮੈਂ ਦੇਖਿਆ ਤਮਾਕੂ ਵਾਲੇ ਦੀ ਖਿੜਕੀ ਦੇ ਸਾਹਮਣੇ ਕੁਝ ਅਰਬ ਚੱਕਰ ਕੱਟ ਰਹੇ ਨੇ। ਇਹ ਲੋਕ ਆਪਣੇ ਖਾਸ ਅਰਬੀ ਅੰਦਾਜ਼ ਵਿਚ ਸਾਨੂੰ ਇਸ ਤਰ੍ਹਾਂ ਘੂਰੀ ਜਾ ਰਹੇ ਸਨ ਜਿਵੇਂ ਅਸੀਂ ਲੋਕ ਬੇਜਾਨ ਪੱਥਰ ਦੇ ਡਲੇ ਜਾਂ ਰੁੱਖ ਹੋਈਏ। ਰੇਮੰਡ ਨੇ ਧੀਮੀ ਆਵਾਜ਼ ਵਿਚ ਦੱਸਿਆ ਕਿ ਖੱਬੇ ਪਾਸੇ ਵੱਲੋਂ ਦੂਜਾ ਅਰਬ 'ਉਹੀ ਆਦਮੀ' ਏ। ਰੇਮੰਡ ਕਾਫ਼ੀ ਪ੍ਰੇਸ਼ਾਨ ਲੱਗ ਰਿਹਾ ਸੀ, ਪਰ ਦਿਖਾਅ ਫੇਰ ਵੀ ਇਹੋ ਰਿਹਾ ਸੀ ਕਿ ਉਸ ਗੱਲ ਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਬੀਤ ਗਏ ਨੇ। ਮੇਰੀ ਦੀ ਸਮਝ ਵਿਚ ਇਹ ਗੱਲਾਂ ਨਹੀਂ ਸੀ ਆ ਰਹੀਆਂ। ਉਸਨੇ ਪੁੱਛਿਆ, “ਕੀ ਮਾਮਲਾ ਏ?”
ਮੈਂ ਦੱਸਿਆ ਕਿ ਸੜਕ ਦੇ ਉਸ ਪਾਸੇ ਜਿਹੜੇ ਅਰਬ ਖੜ੍ਹੇ ਨੇ, ਉਹਨਾਂ ਦੀ ਰੇਮੰਡ ਨਾਲ ਅਦਾਵਤ ਏ। ਉਹ ਫ਼ੌਰਨ ਈ ਉੱਥੋਂ ਚਲੇ ਚੱਲਣ ਦੀ ਜ਼ਿਦ ਕਰਨ ਲੱਗੀ। ਇਸ 'ਤੇ ਰੇਮੰਡ ਨੇ ਹੱਸ ਕੇ ਬੇਫ਼ਿਕਰੀ ਨਾਲ ਮੋਢੇ ਛੰਡੇ ਤੇ ਬੋਲਿਆ, “ਮੇਰੀ ਠੀਕ ਕਹਿੰਦੀ ਏ। ਇੱਥੇ ਅਟਕੇ ਰਹਿਣ ਦੀ ਆਖ਼ਰ ਤੁਕ ਵੀ ਕੀ ਐ?” ਬੱਸ ਸਟਾਪ ਜਾਣ ਵਾਲਾ ਅੱਧਾ ਰਸਤਾ ਪਾਰ ਕਰ ਲਿਆ ਤਾਂ ਚੋਰ ਅੱਖ ਨਾਲ ਪਿੱਛੇ ਦੇਖਿਆ। ਬੋਲਿਆ, “ਨਈਂ, ਉਹ ਲੋਕ ਪਿੱਛਾ ਨਈਂ ਕਰ ਰਹੇ।” ਮੈਂ ਵੀ ਪਿੱਛੇ ਭੌਂ ਕੇ ਦੇਖਿਆ, ਉਹ ਲੋਕ ਜਿਵੇਂ ਦੀ ਤਿਵੇਂ ਖੜ੍ਹੇ, ਆਪਣੀਆਂ ਸੁੰਨੀਆਂ-ਸੁੰਨੀਆਂ ਨਿਗਾਹਾਂ ਨਾਲ ਉਸ ਜਗ੍ਹਾ ਵੱਲ ਤੱਕੀ ਜਾ ਰਹੇ ਸੀ ਜਿੱਥੇ ਹੁਣੇ-ਹੁਣੇ ਅਸੀਂ ਲੋਕ ਖੜ੍ਹੇ ਸੀ।
ਬੱਸ ਵਿਚ ਬੈਠ ਜਾਣ ਪਿੱਛੋਂ ਲੱਗਿਆ, ਰੇਮੰਡ ਨੇ ਸੁਖ ਦਾ ਸਾਹ ਲਿਆ। ਮੇਰੀ ਨੂੰ ਖ਼ੁਸ਼ ਕਰਨ ਲਈ ਉਸ ਨਾਲ ਮਖੌਲ ਕਰਦਾ ਰਿਹਾ। ਮੈਂ ਦੇਖਿਆ ਕਿ ਮੇਰੀ ਉਸ ਤੋਂ ਪ੍ਰਭਾਵਿਤ ਏ। ਪਰ ਉਹ ਮੁਸ਼ਕਲ ਨਾਲ ਇਕ ਅੱਧਾ ਸ਼ਬਦ ਈ ਬੋਲਦੀ ਏ। ਰਹਿ-ਰਹਿ ਕੇ ਉਸਦੀਆਂ ਅੱਖਾਂ ਮੇਰੀਆਂ ਅੱਖਾਂ ਨਾਲ ਮਿਲ ਜਾਂਦੀਆਂ ਤੇ ਅਸੀਂ ਮੁਸਕਰਾ ਪੈਂਦੇ।
ਅਲਜੀਰੀਆ ਦੇ ਬਾਹਰ ਈ ਅਸੀਂ ਲੋਕ ਉਤਰ ਪਏ। ਸਮੁੰਦਰ-ਤਟ ਬੱਸ ਸਟਾਪ ਤੋਂ ਬਹੁਤਾ ਦੂਰ ਨਹੀਂ ਏਂ। ਪਠਾਰ ਵਾਂਗ ਉਭਰੀ ਹੋਈ ਜ਼ਮੀਨ ਦਾ ਟੁਕੜਾ ਪਾਰ ਕਰਦਿਆਂ ਈ ਸਾਹਮਣੇ ਸਮੁੰਦਰ ਏ। ਇਹ ਪਠਾਰ ਸਮੁੰਦਰ ਦੇ ਯਕਦਮ ਸਿਰੇ 'ਤੇ ਉਤਾਂਹ ਜਾ ਕੇ ਖ਼ਤਮ ਹੁੰਦੀ ਏ ਤੇ ਫੇਰ ਹੇਠਾਂ ਕਿਨਾਰੇ ਦੀ ਰੇਤ ਤੀਕ ਖੜ੍ਹੀ ਢਲਵਾਨ ਏਂ। ਪਠਾਰ ਦੀ ਜ਼ਮੀਨ 'ਤੇ ਪੀਲੀ ਮਿੱਟੀ ਤੇ ਜੰਗਲੀ ਨਰਗਿਸ ਫ਼ੈਲੀ ਹੋਈ ਏ। ਇਹਨਾਂ ਬਰਫ਼ ਦੇ ਗੋਲਿਆਂ ਵਰਗੇ ਚਿੱਟੇ-ਚਿੱਟੇ ਫੁੱਲਾਂ ਦੇ ਪਾਸਾਰ ਦੇ ਪਿੱਛੇ ਨੀਲਾ-ਨੀਲਾ ਆਸਮਾਨ ਛਾਇਆ ਦਿਖਾਈ ਦਿੰਦਾ ਏ। ਜਦੋਂ ਦਿਨ ਖਾਸਾ ਗਰਮ ਹੋ ਜਾਂਦਾ ਏ ਤਾਂ ਇਹ ਆਸਮਾਨ ਠੋਸ ਧਾਤ ਦੀ ਚਾਦਰ ਵਰਗਾ ਦਿਖਾਈ ਦੇਣ ਲੱਗ ਪੈਂਦਾ ਏ—ਅੱਜ ਵੀ ਓਵੇਂ ਈ ਲੱਗ ਰਿਹਾ ਸੀ। ਮੇਰੀ ਪਾਸੀਂ ਉੱਗੇ ਫੁੱਲਾਂ ਨੂੰ ਹੱਥਾਂ ਨਾਲ ਸਰ-ਸਰਾਉਂਦੀ, ਅੱਗੇ ਪਿੱਛੇ ਲਹਿਰਾਉਂਦੀ-ਝੁਲਾਉਂਦੀ, ਚਾਰੇ-ਪਾਸੇ ਪੱਤੀਆਂ ਦੀ ਬਰਖਾ ਕਰਦੀ, ਨੱਚਦੀ-ਕਿਲਕਾਰੀਆਂ ਮਾਰਦੀ ਤੁਰੀ ਜਾ ਰਹੀ ਸੀ। ਅੱਗੇ ਜਾ ਕੇ ਅਸੀਂ ਦੋਵੇਂ ਪਾਸੇ ਬਣੇ ਛੋਟੇ-ਛੋਟੇ ਮਕਾਨਾਂ ਦੀ ਕਤਾਰ ਵਿਚੋਂ ਲੰਘੇ। ਇਹਨਾਂ ਮਕਾਨਾਂ ਦੇ ਛੱਜੇ ਕਾਠ ਦੇ ਬਣੇ ਹੋਏ ਸਨ ਤੇ ਅਹਾਤੇ ਦੇ ਜੰਗਲਿਆਂ 'ਤੇ ਚਿੱਟਾ ਜਾਂ ਹਰਾ ਰੰਗ ਫੇਰਿਆ ਹੋਇਆ ਸੀ। ਕੁਝ ਮਕਾਨ ਸਰਕੜਿਆਂ ਦੇ ਬੇ-ਤਰੀਬ ਝਾਫਿਆਂ ਪਿੱਛੇ ਛਿਪੇ ਹੋਏ ਸਨ। ਬਾਕੀ ਪਥਰੀਲੇ ਪਠਾਰ ਉੱਤੇ ਇਕੱਲੇ-ਇਕੱਲੇ ਜਿਹੇ ਖੜ੍ਹੇ ਸਨ। ਇਸ ਸੜਕ ਦੇ ਸਮਾਪਤ ਹੋਣ ਤੋਂ ਪਹਿਲਾਂ ਈ ਸਮੁੰਦਰ ਦਾ ਵਿਸਥਾਰ ਦਿਖਾਈ ਦੇਣ ਲੱਗ ਪਿਆ ਸੀ। ਸ਼ੀਸ਼ੇ ਵਾਂਗ ਚਿਲਕਦਾ ਪਾਣੀ ਸਾਹਮਣੇ ਫ਼ੈਲਿਆ ਹੋਇਆ ਸੀ। ਦੂਰ ਸਾਹਮਣੇ ਇਕ ਵੱਡਾ ਸਾਰਾ ਟਾਪੂ ਅੱਗੇ ਤੀਕ ਨਿਕਲਿਆ ਨਜ਼ਰ ਆਉਂਦਾ ਸੀ। ਉਸਦੇ ਚਾਰੇ-ਪਾਸੇ ਪਾਣੀ ਵਿਚ ਹੇਠਾਂ ਉਸਦੀ ਘਸਮੈਲੀ-ਜਿਹੀ ਪ੍ਰਛਾਈਂ ਸੀ। ਸ਼ਾਂਤ ਹਵਾ ਵਿਚ ਕਿਤੇ ਮੋਟਰ ਦਾ ਇੰਜ਼ਨ ਚੱਲਣ ਦੀ ਹਲਕੀ-ਹਲਕੀ ਗਰਗਰਾਹਟ ਘੁਲ ਗਈ। ਦੇਖਿਆ, ਬੜੀ ਦੂਰ, ਉਸ ਲਿਸ਼ਕੋਰਾਂ ਮਾਰਦੇ ਕੂਲੇ ਵਿਸਥਾਰ ਨੂੰ ਚੀਰਦੀ ਇਕ ਮੱਛੀ-ਮਾਰ ਬੋਟ ਹੌਲੀ-ਹੌਲੀ ਸਰਕਦੀ ਆ ਰਹੀ ਏ।
ਮੇਰੀ ਨੇ ਪਹਾੜੀ ਨਰਗਿਸ ਦੇ ਕੁਝ ਫੁੱਲ ਤੋੜ ਲਏ। ਸਮੁੰਦਰ-ਤਟ ਵੱਲ ਜਾਣ ਵਾਲੀ ਢਾਲੂ ਪਗਡੰਡੀ 'ਤੇ ਤੁਰਦਿਆਂ ਹੋਇਆਂ ਅਸੀਂ ਦੇਖਿਆ ਕਿ ਨਹਾਉਣ ਵਾਲੇ ਪਹਿਲਾਂ ਈ ਰੇਤ 'ਤੇ ਵਿਛੇ ਹੋਏ ਨੇ।
ਰੇਮੰਡ ਦੇ ਦੋਸਤ ਦਾ ਛੋਟਾ-ਜਿਹਾ ਬੰਗਲਾ ਤਟ ਦੇ ਸਿਰੇ 'ਤੇ ਈ ਬਣਿਆ ਹੋਇਆ ਸੀ। ਪਿੱਛੇ ਚਟਾਨ ਸੀ ਤੇ ਸਾਹਮਣਾ ਹਿੱਸਾ ਇਕ ਮੋਟੀ ਲਟੈਣ ਉੱਤੇ ਟਿਕਿਆ ਸੀ। ਹੇਠਾਂ ਲੱਕੜ ਦੇ ਗੋਲਿਆਂ ਦੀਆਂ ਥੰਮ੍ਹੀਆਂ ਨਾਲ ਪਾਣੀ ਦੀਆਂ ਲਹਿਰਾਂ ਖਹਿ ਰਹੀਆਂ ਸਨ। ਰੇਮੰਡ ਨੇ ਦੋਸਤ ਨਾਲ ਜਾਣ-ਪਛਾਣ ਕਰਵਾਈ। ਦੋਸਤ ਦਾ ਨਾਂ ਮੈਸਨ ਸੀ। ਲੰਮਾਂ-ਝੰਮਾਂ, ਚੌੜੇ-ਚੌੜੇ ਮੋਢੇ ਤੇ ਗਠਿਆ ਹੋਇਆ ਸਰੀਰ। ਪਤਨੀ ਮੋਟੀ ਪਰ ਖ਼ੁਸ਼ਮਿਜਾਜ਼ ਛੋਟੇ-ਕੱਦ ਦੀ ਔਰਤ ਸੀ। ਉਸਦੀ ਗੱਲਬਾਤ ਵਿਚ ਪੈਰਿਸ ਦਾ ਤੁਣਕਾ ਸੀ।
ਮੈਸਨ ਨੇ ਬੜੇ ਤਪਾਕ ਨਾਲ ਕਿਹਾ ਕਿ ਅਸੀਂ ਉਸਨੂੰ ਆਪਣਾ ਈ ਘਰ ਸਮਝੀਏ ਤੇ ਕੋਈ ਤਕੱਲੁਫ ਨਾ ਕਰੀਏ। ਦੱਸਣ ਲੱਗਾ ਕਿ ਉਹ ਸਵੇਰੇ ਤੜਕੇ ਈ ਉੱਠ ਕੇ ਸਭ ਤੋਂ ਪਹਿਲਾਂ ਜਾ ਕੇ ਮੱਛੀਆਂ ਫੜ੍ਹ ਲਿਆਇਆ ਏ, ਇਸ ਲਈ ਅੱਜ ਦਾ ਭੋਜਨ ਤਲੀ ਹੋਈ ਮੱਛੀ ਈ ਹੋਵੇਗਾ। ਮੈਂ ਉਸਨੂੰ ਉਸਦੇ ਇਸ ਛੋਟੇ-ਜਿਹੇ ਸੁੰਦਰ ਬੰਗਲੇ ਲਈ ਵਧਾਈ ਦਿੱਤੀ ਤਾਂ ਬੋਲਿਆ ਕਿ ਉਹ ਸ਼ਨੀ-ਐਤ ਦੇ ਇਲਾਵਾ ਹੋਰ ਛੁੱਟੀਆਂ ਵੀ ਇੱਥੇ ਈ ਬਿਤਾਉਂਦਾ ਏ। ਹਾਂ, ਪਤਨੀ ਵੀ ਉਸਦੇ ਨਾਲ ਈ ਹੁੰਦੀ ਏ, ਕਿਤੇ ਅਸੀਂ ਲੋਕ ਕੁਝ ਹੋਰ ਨਾ ਸਮਝ ਲਈਏ। ਮੈਂ ਪਤਨੀ ਵੱਲ ਦੇਖਿਆ। ਮੇਰੀ ਵੀ ਉਸ ਨਾਲ ਖ਼ੂਬ ਖੁੱਲ੍ਹ ਗਈ ਸੀ। ਦੋਵੇਂ ਹੱਸ ਰਹੀਆਂ ਸਨ, ਗੱਪਾਂ ਮਾਰ ਰਹੀਆਂ ਸਨ। ਸ਼ਾਇਦ ਇਸ ਸਾਰੇ ਸਮੇਂ ਦੌਰਾਨ ਮੈਂ ਹੁਣ ਪਹਿਲੀ ਵਾਰੀ ਮੇਰੀ ਨਾਲ ਸ਼ਾਦੀ ਕਰਨ ਦੀ ਗੱਲ ਉੱਤੇ ਗੰਭੀਰਤਾ ਨਾਲ ਸੋਚਣ ਲੱਗਾ ਸੀ।
ਮੈਸਨ ਦੀ ਇੱਛਾ ਸੀ ਕਿ ਫ਼ੌਰਨ ਚੱਲ ਕੇ ਸਿੱਧੇ ਸਮੁੰਦਰ ਵਿਚ ਤੈਰਿਆ ਜਾਵੇ, ਪਰ ਪਤਨੀ ਤੇ ਰੇਮੰਡ ਹਿੱਲਣ ਲਈ ਤਿਆਰ ਈ ਨਹੀਂ ਸੀ ਹੋਏ। ਇਸ ਲਈ ਅਸੀਂ ਤਿੰਨੇ ਮੈਂ, ਮੇਰੀ ਤੇ ਮੈਸਨ ਈ ਸਮੁੰਦਰ ਕੋਲ ਪਹੁੰਚੇ। ਜਾਂਦਿਆਂ ਈ ਮੇਰੀ ਤਾਂ ਸਿੱਧੀ ਪਾਣੀ ਵਿਚ ਜਾ ਧਸੀ, ਪਰ ਮੈਂ ਤੇ ਮੈਸਨ ਕੁਝ ਚਿਰ ਰੁਕੇ। ਮੈਸਨ ਜ਼ਰਾ ਹਕਲਾ ਕੇ ਬੋਲਦਾ ਸੀ ਤੇ ਵਾਕ ਨਾਲ 'ਤਾਂ ਕੀ ਕਿਹਾ?' ਦਾ ਤਕੀਆ ਕਲਾਮ ਲਾਉਂਦਾ ਸੀ—ਭਾਵੇਂ ਅਗਲੇ ਵਾਕ ਦਾ ਪਿਛਲੇ ਵਾਕ ਨਾਲ ਕੋਈ ਸੰਬੰਧ ਹੋਵੇ ਜਾਂ ਨਾ ਹੋਵੇ। ਮੇਰੀ ਬਾਰੇ ਦੱਸਦਿਆਂ ਹੋਇਆਂ ਕਹਿਣ ਲੱਗਾ, “ਕੁੜੀ ਤਾਂ ਗਜਬ ਦੀ ਸੁੰਦਰ, ਤਾਂ ਕੀ ਕਿਹਾ, ਦਿਲਕਸ਼ ਏ।”
ਪਰ ਮੈਂ ਛੇਤੀ ਈ ਉਸਦੀ ਇਸ ਹਰਕਤ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਤੇ ਧੁੱਪ ਸੇਕਣ ਲੱਗਾ। ਲੱਗਿਆ, ਇਸ ਨਾਲ ਮੇਰੀ ਤਬੀਅਤ ਕਾਫ਼ੀ ਠੀਕ ਹੋ ਗਈ ਏ। ਪੈਰਾਂ ਹੇਠਲੀ ਰੇਤ ਤਪਨ ਲੱਗ ਪਈ ਸੀ। ਮਨ ਹੁੰਦਾ ਸੀ ਕਿ ਜਲਦੀ ਤੋਂ ਜਲਦੀ ਪਾਣੀ ਵਿਚ ਕੁੱਦ ਪਵਾਂ, ਪਰ ਇਕ-ਦੋ ਮਿੰਟ ਖੜ੍ਹਾ ਰਿਹਾ। ਆਖ਼ਰ ਮੈਸਨ ਈ ਬੋਲਿਆ, “ਤਾਂ ਹੁਣ ਵੜੀਏ?” ਤੇ ਕਹਿਣ ਦੇ ਨਾਲ ਈ ਪਾਣੀ ਵੱਲ ਤੁਰ ਪਿਆ। ਮੈਸਨ ਛੱਪ-ਛੱਪ ਕਰਦਾ, ਪੈਰ-ਪੈਰ, ਪਾਣੀ ਅੰਦਰ ਵੜਦਾ ਗਿਆ—ਫੇਰ ਹੱਥ ਕੁ ਉੱਚੇ ਪਾਣੀ ਵਿਚ ਜਾ ਕੇ ਤੈਰਨ ਲੱਗਾ। ਉਹ ਇਕ-ਇਕ ਹੱਥ ਮਾਰਦਾ ਅਲਸਾਏ ਭਾਵ ਨਾਲ ਵਧ ਰਿਹਾ ਸੀ, ਇਸ ਲਈ ਉਸਦਾ ਸਾਥ ਛੱਡ ਕੇ ਮੈਂ ਮੇਰੀ ਨੂੰ ਜਾ ਫੜ੍ਹਿਆ। ਠੰਢਾ-ਠੰਢਾ ਪਾਣੀ ਮਨ ਵਿਚ ਅਜੀਬ ਜਿਹੀ ਤਾਜਗੀ ਭਰ ਰਿਹਾ ਸੀ। ਅਸੀਂ ਨਾਲੋ-ਨਾਲ ਤੈਰਦੇ ਕਾਫ਼ੀ ਅੱਗੇ ਨਿਕਲ ਗਏ। ਮੇਰੇ ਤੇ ਉਸਦੇ ਹੱਥਾਂ-ਪੈਰਾਂ ਦਾ ਇਕੋ ਤਾਲ-ਲੈ ਵਿਚ ਚੱਲਣਾ, ਇਕੋ ਜਿੰਨੇ ਉਤਸਾਹ ਨਾਲ ਪਲ-ਪਲ ਜਲ-ਮਸਤੀਆਂ ਦਾ ਆਨੰਦ ਮਾਣਨਾਂ ਸਾਨੂੰ ਦੋਵਾਂ ਨੂੰ ਅਜਬ ਉਤਸਾਹ ਨਾਲ ਭਰ ਰਿਹਾ ਸੀ।
ਖੁੱਲ੍ਹੇ ਵਿਸਥਾਰ ਵਿਚ ਆ ਕੇ ਦੋਵੇਂ ਚਿੱਤ ਲੇਟ ਗਏ। ਮੈਂ ਉੱਪਰ ਆਸਮਾਨ ਵੱਲ ਇਕਟੱਕ ਦੇਖਦਾ ਰਿਹਾ ਤੇ ਧੁੱਪ ਨਾਲ ਉਛਲ-ਉਛਲ ਆਉਂਦੀਆਂ ਖਾਰੇ ਪਾਣੀ ਦੀਆਂ ਲਹਿਰਾਂ, ਮੇਰੀਆਂ ਗੱਲ੍ਹਾਂ ਤੇ ਬੁੱਲ੍ਹਾਂ ਨੂੰ ਛੋਂਹਦੀਆਂ-ਚੁੰਮਦੀਆਂ ਰਹੀਆਂ। ਅਸੀਂ ਦੇਖਿਆ, ਮੈਸਨ ਵਾਪਸ ਜਾ ਕੇ ਧੁੱਪ ਵਿਚ ਰੇਤ 'ਤੇ ਚਾਰੇ ਖਾਨੇ ਚਿੱਤ ਪਿਆ ਏ। ਦੂਰੋਂ ਉਹ ਕਾਫ਼ੀ ਲੰਮੀ-ਚੌੜੀ, ਚੰਗੀ-ਖਾਸੀ, ਵਹੇਲ ਮੱਛੀ ਵਰਗਾ ਦਿਸਦਾ ਸੀ। ਮੇਰੀ ਨੇ ਸੁਝਾਅ ਦਿੱਤਾ ਕਿ 'ਘੋੜਾ ਗੱਡੀ' ਦੀ ਤੈਰਾਕੀ ਤੈਰੀ ਜਾਵੇ। ਉਹ ਅੱਗੇ ਹੋਈ ਤੇ ਪਿੱਛੋਂ ਮੈਂ ਆਪਣੀਆਂ ਬਾਹਾਂ ਉਸਦੇ ਲੱਕ ਦੁਆਲੇ ਵਲ਼ ਲਈਆਂ। ਹੱਥਾਂ ਦੇ ਛਪਾਕੇ ਨਾਲ ਉਹ ਮੈਨੂੰ ਅੱਗੇ ਖਿੱਚਣ ਲੱਗੀ ਤੇ ਪਿੱਛੇ ਮੈਂ ਲੱਤਾਂ ਚਲਾ-ਚਲਾ ਕੇ ਉਸਦੀ ਮਦਦ ਕਰਨ ਲੱਗਾ।
ਹਲਕੇ-ਹਲਕੇ ਛਪਾਕਿਆਂ ਦੀ ਏਨੀ ਦੇਰ ਤੋਂ ਕੰਨਾਂ ਵਿਚ ਗੂੰਜਦੀ ਇਸ ਆਵਾਜ਼ ਕਰਕੇ, ਮੇਰਾ ਜੀਅ ਇਸ ਖੇਡ ਤੋਂ ਅੱਕ ਗਿਆ। ਮੈਂ ਮੇਰੀ ਨੂੰ ਛੱਡ ਦਿੱਤਾ ਤੇ ਖ਼ੁਦ ਲੰਮੇਂ-ਲੰਮੇਂ ਸਾਹ ਲੈਂਦਾ ਤੇ ਆਰਾਮ ਨਾਲ ਤੈਰਦਾ ਹੋਇਆ ਪਿੱਛੇ ਪਰਤ ਆਇਆ। ਕਿਨਾਰੇ 'ਤੇ ਆ ਕੇ ਮੈਸਨ ਕੋਲ ਈ ਇਕ ਪਾਸੇ ਰੇਤ 'ਤੇ ਗੱਲ੍ਹ ਟਿਕਾਅ ਕੇ ਢਿੱਡ ਭਾਰ ਲੇਟ ਗਿਆ। ਉਸਨੂੰ ਦੱਸਿਆ, “ਬੜਾ ਮਜ਼ਾ ਆਇਆ।” ਉਸ ਬੋਲਿਆ, “ਜ਼ਰੂਰ ਆਇਆ ਹੋਵੇਗਾ।” ਪਿੱਛੇ-ਪਿੱਛੇ ਮੇਰੀ ਵੀ ਪਰਤ ਆਈ। ਮੈਂ ਸਿਰ ਚੁੱਕ ਕੇ ਉਸਨੂੰ ਆਉਂਦਿਆਂ ਹੋਇਆਂ ਦੇਖਣ ਲੱਗਾ। ਉਸਨੇ ਵਾਲ ਪਿੱਛੇ ਕੀਤੇ ਹੋਏ ਸਨ ਤੇ ਸਮੁੰਦਰ ਦਾ ਖਾਰਾ ਪਾਣੀ ਉਸਦੇ ਸਰੀਰ ਉੱਤੇ ਬੁੰਦ-ਬੁੰਦ ਚਮਕ ਰਿਹਾ ਸੀ। ਉਹ ਆ ਕੇ ਐਨ ਮੇਰੇ ਨਾਲ ਲੱਗ ਕੇ ਲੇਟ ਗਈ ਤਾਂ ਦੋਵਾਂ ਦੇ ਸਰੀਰਾਂ ਤੇ ਧੁੱਪ ਦੀ ਗਰਮੀ ਕਰਕੇ ਮੈਨੂੰ ਊਂਘ ਆ ਗਈ।
ਕੁਝ ਚਿਰ ਬਾਅਦ ਮੇਰੀ ਨੇ ਆਪਣੀ ਕੁਹਣੀ ਨਾਲ ਮੇਰੀ ਬਾਂਹ 'ਤੇ ਹੁੱਜਾ-ਜਿਹਾ ਮਾਰ ਕੇ ਕਿਹਾ, “ਮੈਸਨ ਤਾਂ ਬੰਗਲੇ ਚਲਾ ਗਿਆ। ਲੱਗਦਾ ਏ ਖਾਣੇ ਦਾ ਸਮਾਂ ਹੋ ਗਿਐ।” ਭੁੱਖ ਮੈਨੂੰ ਵੀ ਲੱਗੀ ਹੋਈ ਸੀ, ਇਸ ਲਈ ਝੱਟ ਉੱਠ ਬੈਠਾ। ਉਦੋਂ ਈ ਮੇਰੀ ਨੇ ਕਿਹਾ, “ਅੱਜ ਤਾਂ ਸਵੇਰ ਤੋਂ ਲੈ ਕੇ ਹੁਣ ਤੀਕ ਤੂੰ ਮੈਨੂੰ ਚੁੰਮਿਆਂ ਈ ਨਈਂ।” ਗੱਲ ਸਹੀ ਸੀ। ਉਂਜ ਮੇਰੇ ਮਨ ਵਿਚ ਕਈ ਵਾਰ ਆਇਆ ਵੀ ਸੀ। ਉਹ ਬੋਲੀ, “ਆ ਫੇਰ ਪਾਣੀ 'ਚ ਚੱਲੀਏ।” ਤੇ ਅਸੀਂ ਦੋਵੇਂ ਪਾਣੀ ਵਿਚ ਵੜ ਕੇ ਤਰੰਗਾਂ ਉੱਤੇ ਕੁਝ ਚਿਰ ਲੇਟੇ ਰਹੇ। ਕੁਝ ਹੱਥ ਹੋਰ ਤੈਰੇ ਜਦੋਂ ਸਿਰ ਤੋਂ ਉਤਾਂਹ ਤੀਕ ਦੇ ਪਾਣੀ ਵਿਚ ਆ ਗਏ ਤਾਂ ਉਹ ਦੋਵੇਂ ਬਾਹਾਂ ਮੇਰੇ ਗਲ਼ ਵਿਚ ਪਾ ਕੇ ਲਿਪਟ ਗਈ। ਉਸਦੀਆਂ ਲੱਤਾਂ ਮੇਰੀਆਂ ਲੱਤਾਂ ਨਾਲ ਗੁੱਥਮੁੱਥ ਹੋ ਗਈਆਂ ਤੇ ਮੇਰਾ ਤਨ-ਮਨ ਧੁੜਧੁੜੀ-ਜਿਹੀ ਲੈ ਕੇ ਰੋਮਾਂਚਿਤ ਹੋ ਗਿਆ।
ਜਿਸ ਵੇਲੇ ਅਸੀਂ ਵਾਪਸ ਪਰਤੇ, ਮੈਸਨ ਆਪਣੇ ਬੰਗਲੇ ਦੀਆਂ ਪੌੜੀਆਂ 'ਤੇ ਖੜ੍ਹਾ-ਖੜ੍ਹਾ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਸਾਨੂੰ ਬੁਲਾ ਰਿਹਾ ਸੀ। ਮੈਂ ਆਉਂਦਿਆਂ ਈ ਬੋਲਿਆ, “ਮੇਰੇ ਢਿੱਡ 'ਚ ਤਾਂ ਭੁੱਖ ਦੇ ਮਾਰੇ ਚੂਹੇ ਕੁੱਦ ਰਹੇ ਨੇ।” ਇਸ 'ਤੇ ਉਹ ਤੁਰੰਤ ਪਤਨੀ ਵੱਲ ਭੌਂ ਕੇ ਬੋਲਿਆ, “ਮੈਨੂੰ ਤਾਂ ਇਹ ਆਦਮੀ ਪੰਸਦ ਆਇਐ।” ਰੋਟੀਆਂ ਗਜਬ ਦੀਆਂ ਸੀ। ਮੈਂ ਖ਼ੂਬ ਡਟ ਕੇ ਮੱਛੀ ਉਡਾਈ। ਅਖ਼ੀਰ ਵਿਚ ਭੁੱਜੀਆਂ ਬੋਟੀਆਂ ਤੇ ਆਲੂ ਦੀਆਂ ਕੱਤਲਾਂ ਆਈਆਂ। ਸਾਰੇ ਚੁੱਪਚਾਪ ਖਾਂਦੇ ਰਹੇ। ਮੈਸਨ ਇਕ ਪਿੱਛੋਂ ਇਕ ਸ਼ਰਾਬ ਦੇ ਗ਼ਲਾਸ ਚਾੜ੍ਹਦਾ ਰਿਹਾ। ਮੇਰਾ ਗ਼ਲਾਸ ਖਾਲੀ ਵੀ ਨਹੀਂ ਸੀ ਹੁੰਦਾ ਕਿ ਉਹ ਫੇਰ ਭਰ ਦਿੰਦਾ ਸੀ। ਕਾਫ਼ੀ ਦਾ ਦੌਰ ਚੱਲਣ ਤੀਕ ਮੈਂ ਹਲਕਾ-ਹਲਕਾ ਝੂੰਮਣ ਲੱਗ ਪਿਆ ਸੀ, ਇਸ ਲਈ ਅੰਨ੍ਹੇਵਾਹ ਸਿਗਰਟਾਂ ਫੂਕਣੀਆਂ ਸ਼ੁਰੂ ਕਰ ਦਿੱਤੀਆਂ। ਫੇਰ ਰੇਮੰਡ, ਮੈਸਨ ਤੇ ਮੈਂ, ਅਸੀਂ ਤਿੰਨਾਂ ਨੇ ਪ੍ਰੋਗਰਾਮ ਬਣਾਇਆ ਕਿ ਅਗਸਤ ਦਾ ਪੂਰਾ ਮਹੀਨਾ ਇੱਥੇ ਬਿਤਾਇਆ ਜਾਵੇ ਤੇ ਖਰਚਾ ਆਪੋ ਵਿਚ ਵੰਡ ਲਿਆ ਜਾਵੇ।
ਅਚਾਨਕ ਮੇਰੀ ਬੋਲ ਪਈ, “ਮੈਂ ਕਿਹਾ,  ਤੁਹਾਨੂੰ ਪਤਾ ਏ, ਕਿੰਨੇ ਵੱਜੇ ਨੇ? ਕੁੱਲ ਸਾਢੇ ਗਿਆਰਾਂ...।”
ਸੁਣ ਕੇ ਸਾਨੂੰ ਸਾਰਿਆਂ ਨੂੰ ਬੜੀ ਹੈਰਾਨੀ ਹੋਈ। ਮੈਸਨ ਬੋਲਿਆ, “ਅੱਜ ਦੁਪਹਿਰ ਦਾ ਖਾਣਾ ਬੜੀ ਜਲਦੀ ਖਾ ਲਿਆ। ਪਰ ਖ਼ੈਰ, ਦੁਪਹਿਰ ਦਾ ਖਾਣਾ ਤਾਂ ਆਪਣੇ ਹੱਥ ਦੀ ਗੱਲ ਈ ਏ, ਜਦੋਂ ਇੱਛਾ ਹੋਏ ਖਾ ਲਓ—ਥੋੜ੍ਹਾ ਪਹਿਲੋਂ ਹੋਇਆ ਕਿ ਥੋੜ੍ਹਾ ਪਿੱਛੋਂ।”
ਪਤਾ ਨਹੀਂ ਕਿਉਂ ਇਸ ਗੱਲ ਉੱਤੇ ਮੇਰੀ ਨੇ ਹੱਸਣਾ ਸ਼ੁਰੂ ਕਰ ਦਿੱਤਾ। ਸ਼ੱਕ ਏ ਉਸਨੇ ਜ਼ਿਆਦਾ ਚੜ੍ਹਾ ਲਈ ਸੀ।
ਮੈਸਨ ਨੇ ਪੁੱਛਿਆ ਕਿ ਕੀ ਮੈਂ ਉਸਦੇ ਨਾਲ ਕਿਨਾਰੇ 'ਤੇ ਘੁੰਮਣ ਜਾਣਾ ਪਸੰਦ ਕਰਾਂਗਾ? ਬੋਲਿਆ, “ਇਹ ਤਾਂ ਹਮੇਸ਼ਾ ਦੁਪਹਿਰੇ ਦੇ ਖਾਣੇ ਪਿੱਛੋਂ ਇਕ ਨੀਂਦ ਲੈਂਦੀ ਏ। ਮੈਨੂੰ ਇਹ ਮਾਫ਼ਕ ਨਈਂ ਆਉਂਦਾ। ਮੈਂ ਖਾਣੇ ਪਿੱਛੋਂ ਥੋੜ੍ਹਾ ਟਹਿਲਦਾ ਜ਼ਰੂਰ ਆਂ। ਮੈਂ ਤਾਂ ਹਮੇਸ਼ਾ ਸਮਝਦਾ ਆਂ ਕਿ ਤੰਦਰੁਸਤੀ ਲਈ ਇਹ ਬੜਾ ਚੰਗਾ ਏ। ਪਰ ਭਰਾ, ਇਹਨਾਂ ਨੂੰ ਵੀ ਆਪਣੇ ਮਨ ਮੁਤਾਬਿਕ ਚੱਲਣ ਦਾ ਹੱਕ ਏ।”
ਮੇਰੀ ਨੇ ਰੁਕ ਕੇ ਧੋਣ-ਪੂੰਝਣ ਦੇ ਕੰਮ ਵਿਚ ਸਹਾਇਤਾ ਦੀ ਇੱਛਾ ਪ੍ਰਗਟ ਕੀਤੀ। ਸ਼੍ਰੀਮਤੀ ਮੈਸਨ ਮੁਸਕਰਾ ਕੇ ਬੋਲੀ, “ਚੰਗੀ ਗੱਲ ਏ। ਪਰ ਪਹਿਲਾਂ ਇਹਨਾਂ ਮਰਦ ਲੋਕਾਂ ਨੂੰ ਇੱਥੋਂ ਟਲ ਜਾਣ ਦੇ।” ਸੋ ਅਸੀਂ ਤਿੰਨੇ ਇਕੱਠੇ ਬਾਹਰ ਨਿਕਲ ਆਏ।
ਧੁੱਪ ਲਗਭਗ ਸਿੱਧੀ ਪੈ ਰਹੀ ਸੀ ਤੇ ਪਾਣੀ ਦੇ ਲਿਸ਼ਕਾਰੇ ਅੱਖਾਂ ਵਿਚ ਚੁਭ ਰਹੇ ਸੀ। ਉਹਨਾਂ ਵਿਚੋਂ ਛੁਰੀ-ਕਾਂਟੇ ਦੇ ਟਕਰਾਉਣ ਦੀ ਹਲਕੀ-ਜਿਹੀ ਛਣਕਾਰ ਆ ਰਹੀ ਸੀ। ਚਟਾਨਾਂ ਵਿਚੋਂ ਅਜਿਹੀ ਭੜਾਸ ਨਿਕਲ ਰਹੀ ਸੀ ਕਿ ਸਾਹ ਲੈਣਾ ਔਖਾ ਜਾਪਦਾ ਸੀ।
ਪਹਿਲਾਂ ਰੇਮੰਡ ਤੇ ਮੈਸਨ ਅਜਿਹੀਆਂ ਚੀਜ਼ਾਂ ਤੇ ਲੋਕਾ ਬਾਰੇ ਗੱਲਾਂ ਕਰਦੇ ਰਹੇ, ਜਿਹਨਾਂ ਬਾਰੇ ਮੈਂ ਅਣਜਾਣ ਸੀ। ਹਾਂ, ਏਨਾ ਜ਼ਰੂਰ ਸਮਝ ਗਿਆ ਸੀ ਕਿ ਦੋਵੇਂ ਕਾਫ਼ੀ ਦਿਨਾਂ ਦੇ ਇਕ ਦੂਜੇ ਨੂੰ ਜਾਣਦੇ ਨੇ। ਦੋਵਾਂ ਨੇ ਕੁਝ ਸਮਾਂ ਨਾਲ-ਨਾਲ ਵੀ ਬਿਤਾਇਆ ਏ। ਅਸੀਂ ਲੋਕ ਜਾ ਕੇ ਪਾਣੀ ਛੋਂਹਦੇ ਹੋਏ ਕਿਨਾਰੇ ਦੇ ਨਾਲ-ਨਾਲ ਤੁਰਨ ਲੱਗੇ। ਰਹਿ-ਰਹਿ ਕੇ ਕੋਈ ਭਟਕੀ ਲਹਿਰ ਆ ਕੇ ਸਾਡੇ ਕਿਰਮਿਚ ਦੇ ਬੂਟ ਭਿਓਂ ਜਾਂਦੀ। ਖੁੱਲ੍ਹੀ ਧੁੱਪ ਮੇਰੇ ਨੰਗੇ ਸਿਰ 'ਤੇ ਪੈ ਰਹੀ ਸੀ ਤੇ ਦਿਮਾਗ਼ ਨਸ਼ੇ ਕਾਰਨ ਬੋਝਲ ਸੀ। ਇਸ ਲਈ ਮੈਂ ਕੁਝ ਵੀ ਨਹੀਂ ਸੀ ਸੋਚ ਰਿਹਾ।
ਉਦੋਂ ਈ ਰੇਮੰਡ ਨੇ ਮੈਸਨ ਨੂੰ ਕੁਝ ਕਿਹਾ। ਮੈਨੂੰ ਸਪਸ਼ਟ ਸੁਣਾਈ ਨਹੀਂ ਦਿੱਤਾ ਕਿ ਕੀ ਕਿਹਾ ਏ। ਹਾਂ, ਉਸੇ ਸਮੇਂ ਮੇਰੀ ਨਿਗਾਹ ਨੀਲੀ-ਨੀਲੀ 'ਡੰਗਰੀ' (ਕੌਪੀਨ ਵਰਗਾ ਕੱਪੜਾ) ਪਾਈ ਦੋਵਾਂ ਅਰਬਾਂ ਉੱਤੇ ਪਈ। ਉਹ ਕਾਫ਼ੀ ਦੂਰ ਕਿਨਾਰੇ-ਕਿਨਾਰੇ ਸਾਡੇ ਵੱਲ ਤੁਰੇ ਆ ਰਹੇ ਸੀ। ਰੇਮੰਡ ਨੂੰ ਮੈਂ ਅੱਖ ਦਾ ਇਸ਼ਾਰਾ ਕੀਤਾ ਤਾਂ ਸਿਰ ਹਿਲਾਉਂਦਿਆਂ-ਹੋਇਆਂ ਕਿਹਾ, “ਹਾਂ ਉਹੀ ਨੇ।” ਪਰ ਅਸੀਂ ਲੋਕ ਜਿਵੇਂ ਤੁਰ ਰਹੇ ਸੀ ਓਵੇਂ ਈ ਤੁਰਦੇ ਰਹੇ। ਮੈਸਨ ਹੈਰਾਨੀ ਪ੍ਰਗਟ ਕਰਨ ਲੱਗਾ ਇਹਨਾਂ ਕੰਬਖ਼ਤਾਂ ਨੇ ਸਾਡਾ ਪਤਾ ਕਿੰਜ ਲਾ ਲਿਆ! ਮੇਰਾ ਖ਼ਿਆਲ ਏ, ਇਹਨਾਂ ਨੇ ਸਾਨੂੰ ਬੱਸ ਚੜ੍ਹਦਿਆਂ ਦੇਖ ਲਿਆ ਸੀ, ਮੇਰੀ ਦੇ ਹੱਥ ਵਿਚ ਕਿਰਮਿਚ ਦਾ ਨਹਾਉਣ ਵਾਲਾ ਥੈਲਾ ਵੀ ਸੀ। ਪਰ ਮੈਂ ਮੂੰਹੋਂ ਕੁਝ ਨਹੀਂ ਕਿਹਾ।
ਅਰਬਾਂ ਦੀ ਚਾਲ ਬਹੁਤੀ ਤੇਜ਼ ਨਹੀਂ ਸੀ, ਪਰ ਹੁਣ ਉਹ ਸਾਡੇ ਕਾਫ਼ੀ ਨੇੜੇ ਆ ਗਏ ਸਨ। ਰੇਮੰਡ ਬੋਲਿਆ, “ਦੇਖੋ, ਜੇ ਕੋਈ ਝਗੜਾ ਟੰਟਾ ਹੋਏ ਤਾਂ ਮੈਸਨ ਤੂੰ ਦੂਜੇ ਨੂੰ ਸੰਭਾਲ ਲਵੀਂ। ਆਪਣੇ ਵਾਲੇ ਨੂੰ ਮੈਂ ਸਮਝ ਲਵਾਂਗਾ। ਤੇ ਮਯੋਰਸੋਲ, ਤੁਸੀਂ ਮਦਦ ਲਈ ਤਿਆਰ ਰਹਿਣਾ। ਜੇ ਕੋਈ ਤੀਜਾ ਆਏ ਤਾਂ ਉਸ ਨਾਲ ਨਿੱਬੜਨਾ।”
“ਠੀਕ ਏ,” ਮੈਂ ਕਿਹਾ। ਮੈਸਨ ਨੇ ਹੱਥ ਜੇਬਾਂ ਵਿਚ ਪਾ ਲਏ।
ਰੇਤ ਅੱਗ ਵਾਂਗੂੰ ਤਪ ਰਹੀ ਸੀ। ਮੈਨੂੰ ਸੰਧੂਰ ਵਾਂਗੂੰ ਦਹਿਕਦੀ ਹੋਈ ਲੱਗੀ। ਸਾਡੇ ਤੇ ਅਰਬਾਂ ਵਿਚਕਾਰਲਾ ਫ਼ਾਸਲਾ ਥੋੜ੍ਹਾ ਈ ਰਹਿ ਗਿਆ ਤਾਂ ਉਹ ਦੋਵੇਂ ਰੁਕ ਗਏ। ਮੈਂ ਤੇ ਮੈਸਨ ਨੇ ਚਾਲ ਧੀਮੀ ਕਰ ਦਿੱਤੀ। ਰੇਮੰਡ ਸਿੱਧਾ ਆਪਣੇ ਵਾਲੇ ਅਰਬ ਦੇ ਸਾਹਮਣੇ ਜਾ ਪਹੁੰਚਿਆ। ਉਸਨੇ ਕੀ ਕਿਹਾ, ਇਹ ਤਾਂ ਸੁਣਾਈ ਨਹੀਂ ਦਿੱਤਾ, ਪਰ ਦੇਖਿਆ, ਅਰਬ ਨੇ ਆਪਣਾ ਸਿਰ ਕੁਝ ਇਸ ਤਰ੍ਹਾਂ ਝੁਕਾਇਆ, ਜਿਵੇਂ ਰੇਮੰਡ ਦੀ ਛਾਤੀ 'ਤੇ ਵਾਰ ਕਰਨ ਵਾਲਾ ਹੋਵੇ। ਮੈਸਨ ਨੂੰ ਆਵਾਜ਼ ਮਾਰ ਕੇ ਰੇਮੰਡ ਚੀਤੇ ਵਾਂਗ ਉਸ 'ਤੇ ਟੁੱਟ ਪਿਆ। ਉੱਧਰ ਮੈਸਨ ਆਪਣੇ ਸ਼ਿਕਾਰ 'ਤੇ ਝਪਟਿਆ ਤੇ ਪੂਰੀ ਤਾਕਤ ਨਾਲ ਦੋ ਘਸੁੰਨ ਅਜਿਹੇ ਛੰਡੇ ਕਿ ਉਹ ਕੱਟੇ ਰੁੱਖ ਵਾਂਗ ਪਾਣੀ ਵਿਚ ਮੂਧੇ ਮੂੰਹ ਜਾ ਡਿੱਗਿਆ। ਕੁਝ ਚਿਰ ਓਵੇਂ ਈ ਅਹਿਲ ਪਿਆ-ਪਿਆ ਆਪਣੇ ਸਿਰ ਦੇ ਚਾਰੇ-ਪਾਸੇ ਪਾਣੀ ਦੀ ਸਤਹਿ 'ਤੇ ਬੁਲਬੁਲੇ ਛੱਡਦਾ ਰਿਹਾ। ਇੱਧਰ ਰੇਮੰਡ ਆਪਣੇ ਵਾਲੇ ਆਦਮੀ ਦੇ ਦਨਾਦਨ ਮਾਰੀ ਜਾ ਰਿਹਾ ਸੀ। ਉਸਦੇ ਸਾਰੇ ਚਿਹਰੇ 'ਤੇ ਖ਼ੂਨ ਦੀਆਂ ਧਾਰੀਆਂ ਵਹਿ ਰਹੀਆਂ ਸਨ। ਉਸਨੇ ਕੁਣੱਖਾ-ਜਿਹਾ ਮੇਰੇ ਵੱਲ ਦੇਖ ਕੇ ਕਿਹਾ, “ਜ਼ਰਾ ਨਿਗਾਹ ਰੱਖੀਂ, ਬੱਸ ਥੋੜ੍ਹੀ ਕੁ ਕਸਰ ਬਾਕੀ ਰਹਿ ਗਈ ਐ।”
“ਓਇ ਦੇਖੀਂ, ਦੇਖੀਂ,” ਮੈਂ ਕੂਕਿਆ, “ਚਾਕੂ! ਚਾਕੂ!”
ਪਰ ਅਫ਼ਸੋਸ ਤੀਰ, ਕਮਾਨੋਂ ਨਿਕਲ ਚੁੱਕਿਆ ਸੀ। ਅਰਬ ਨੇ 'ਪੱਚ-ਪੱਚ' ਰੇਮੰਡ ਦੀ ਬਾਂਹ ਤੇ ਮੂੰਹ ਵਿੰਨ੍ਹ ਦਿੱਤੇ।
ਮੈਸਨ ਬੁੜ੍ਹਕ ਕੇ ਸਾਹਮਣੇ ਆ ਗਿਆ। ਦੂਜਾ ਅਰਬ ਪਾਣੀ ਵਿਚੋਂ ਨਿਕਲ ਕੇ ਚਾਕੂ ਵਾਲੇ ਦੀ ਓਟ ਵਿਚ ਖੜ੍ਹਾ ਸੀ। ਸਾਡੇ ਵਿਚੋਂ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਆਪਣੀ ਜਗ੍ਹਾ ਤੋਂ ਹਿੱਲੀਏ। ਦੋਵੇਂ ਅਰਬ ਸਾਡੇ ਵੱਲ ਚਾਕੂ ਤਾਣੀ, ਸਾਨੂੰ ਇਕਟੱਕ, ਦੇਖਦੇ ਹੋਏ ਹੌਲੀ-ਹੌਲੀ ਪਿੱਛੇ ਹਟਣ ਲੱਗੇ। ਜਦੋਂ ਏਨੀ ਦੂਰ ਪਹੁੰਚ ਗਏ ਕਿ ਖ਼ਤਰਾ ਨਾ ਰਿਹਾ ਤਾਂ ਝਟਕੇ ਨਾਲ ਪਲਟੇ ਤੇ ਸਿਰ 'ਤੇ ਪੈਰ ਰੱਖ ਕੇ ਭੱਜ ਪਏ। ਧੁੱਪ ਸਿਰ ਉੱਤੇ ਧੱਫੇ ਮਾਰ ਰਹੀ ਸੀ ਤੇ ਅਸੀਂ ਲੋਕ ਸਿਲ-ਪੱਥਰ ਹੋਏ ਖੜ੍ਹੇ ਸੀ। ਰੇਮੰਡ ਦੀ ਜ਼ਖ਼ਮੀ ਬਾਂਹ ਵਿਚੋਂ ਖ਼ੂਨ ਵਗ ਰਿਹਾ ਸੀ। ਉਸਨੇ ਕੁਹਣੀ ਤੋਂ ਉੱਤੋਂ ਬਾਂਹ ਨੂੰ ਜ਼ੋਰ ਨਾਲ ਭੀਚ ਲਿਆ ਸੀ।
ਮੈਸਨ ਨੇ ਇਕ ਡਾਕਟਰ ਬਾਰੇ ਦੱਸਿਆ ਕਿ ਉਹ ਹਮੇਸ਼ਾ ਐਤਵਾਰ ਦੀ ਛੁੱਟੀ ਇੱਥੇ ਸਮੁੰਦਰ ਤਟ 'ਤੇ ਆ ਕੇ ਬਿਤਾਉਂਦਾ ਏ। ਰੇਮਡ ਨੇ ਕਿਹਾ, “ਫੇਰ ਤਾਂ ਠੀਕ ਐ। ਸਿੱਧੇ ਓਥੇ ਚੱਲਦੇ ਆਂ।” ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਮੂੰਹ ਵਾਲੇ ਜ਼ਖ਼ਮ ਵਿਚੋਂ ਖ਼ੂਨ ਦੇ ਬੁਲਬੁਲੇ ਫੁੱਟ ਨਿਕਲੇ।
ਇੱਧਰ-ਉੱਧਰ ਅਸੀਂ ਦੋਵਾਂ ਨੇ ਉਸਨੂੰ ਮੋਢਿਆਂ ਦਾ ਸਹਾਰਾ ਦਿੱਤਾ ਤੇ ਬੰਗਲੇ 'ਚ ਲੈ ਆਏ। ਇੱਥੇ ਆ ਗਏ ਤਾਂ ਰੇਮੰਡ ਕਹਿਣ ਲੱਗਾ ਕਿ ਜ਼ਖ਼ਮ ਏਨੇ ਬਹੁਤੇ ਡੂੰਘੇ ਨਹੀਂ ਤੇ ਉਹ ਖ਼ੁਦ ਈ ਡਾਕਟਰ ਕੋਲ ਚਲਾ ਜਾਵੇਗਾ। ਦੇਖਦੇ ਈ ਦੇਖਦੇ ਮੇਰਾ ਚਿਹਰਾ ਤਾਂ ਫਿੱਕਾ ਪੈ ਗਿਆ, ਤੇ ਸ਼੍ਰੀਮਤੀ ਮੈਸਨ ਨੇ ਰੋਣਾ ਸ਼ੁਰੂ ਕਰ ਦਿੱਤਾ।
ਮੈਸਨ ਤੇ ਰੇਮੰਡ ਡਾਕਟਰ ਵੱਲ ਚਲੇ ਗਏ। ਔਰਤਾਂ ਨੂੰ ਸਾਰੀ ਗੱਲ ਸਮਝਾਉਣ ਲਈ ਮੈਂ ਬੰਗਲੇ 'ਚ ਈ ਰਹਿ ਗਿਆ, ਪਰ ਇਸ ਕੰਮ ਵਿਚ ਮਨ ਨਾ ਲੱਗਾ। ਥੋੜ੍ਹੇ ਚਿਰ ਵਿਚ ਸਾਰਾ ਜੋਸ਼ ਠੰਢਾ ਹੋ ਗਿਆ, ਇਸ ਲਈ ਸਮੁੰਦਰ ਵੱਲ ਦੇਖਦਾ ਹੋਇਆ ਸਿਗਰਟ ਫੂਕਣ ਲੱਗਾ।
ਰੇਮੰਡ ਨੂੰ ਲੈ ਕੇ ਮੈਸਨ ਡੇਢ ਦੇ ਕਰੀਬ ਵਾਪਸ ਆਇਆ। ਬਾਂਹ 'ਤੇ ਪੱਟੀ ਬੰਨ੍ਹੀ ਸੀ ਤੇਂ ਮੂੰਹ ਦੇ ਇਕ ਪਾਸੇ, ਚਿਪਕਾਉਣ ਵਾਲੇ ਪਲਸਤਰ ਦੀ ਚੇਪੀ ਲੱਗੀ ਸੀ। ਡਾਕਟਰ ਨੇ ਦੱਸਿਆ ਸੀ ਕਿ ਫਿਕਰ ਵਾਲੀ ਕੋਈ ਗੱਲ ਨਹੀਂ ਏਂ, ਪਰ ਰੇਮੰਡ ਦਾ ਚਿਹਰਾ ਬੜਾ ਉੱਤਰਿਆ ਹੋਇਆ ਲੱਗਦਾ ਸੀ। ਮੈਸਨ ਨੇ ਉਸਨੂੰ ਹਸਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕੋਈ ਅਸਰ ਨਹੀਂ ਹੋਇਆ।
ਅਚਾਨਕ ਰੇਮੰਡ ਬੋਲਿਆ, “ਮੈਂ ਜ਼ਰਾ ਸਮੁੰਦਰ ਵੱਲ ਇਕ ਚੱਕਰ  ਲਾ ਆਵਾਂ।” ਮੈਂ ਪੁੱਛਿਆ ਕਿ ਉਸਦਾ ਇਰਾਦਾ ਕਿਸ ਪਾਸੇ ਜਾਣ ਦਾ ਏ, ਤਾਂ “ਤਾਜ਼ੀ ਹਵਾ ਖਾ ਆਵਾਂ” ਵਰਗੀ ਕੋਈ ਗੱਲ ਉਸਨੇ ਮੂੰਹ ਈ ਮੂੰਹ ਵਿਚ ਕਹੀ ਸੀ। ਮੈਂ ਤੇ ਮੈਸਨ ਨੇ ਵੀ ਨਾਲ ਜਾਣ ਲਈ ਕਿਹਾ ਤਾਂ ਉਹ ਆਪੇ 'ਚੋਂ ਬਾਹਰ ਹੋ ਗਿਆ, ਬੋਲਿਆ, “ਤੁਸੀਂ ਲੋਕ ਆਪਣਾ ਕੰਮ ਕਰੋ।” ਮੈਸਨ ਕਹਿਣ ਲੱਗਾ ਕਿ ਰੇਮੰਡ ਦੀ ਜੋ ਹਾਲਤ ਏ, ਉਸ ਵਿਚ ਜ਼ਿਆਦਾ ਜ਼ਿਦ ਕਰਨਾ ਠੀਕ ਨਹੀਂ। ਖ਼ੈਰ, ਜਦੋਂ ਉਹ ਨਿਕਲ ਗਿਆ ਤਾਂ ਮੈਂ ਪਿੱਛੇ ਹੋ ਲਿਆ।
ਬਾਹਰ ਤਾਂ ਜਿਵੇਂ ਭੱਠ ਤਪ ਰਿਹਾ ਸੀ। ਰੇਤ ਤੇ ਪਾਣੀ ਉੱਤੇ ਧੁੱਪ ਨੇ ਜਿਵੇਂ ਅੱਗ ਦੀਆਂ ਲਾਪਰੀਆਂ ਲਪਟਾਂ ਦਾ ਚੰਦੋਆ ਵਿਛਾਅ ਦਿੱਤਾ ਹੋਵੇ। ਅਸੀਂ ਕਾਫ਼ੀ ਦੇਰ ਤੁਰਦੇ ਰਹੇ। ਲੱਗਿਆ, ਰੇਮੰਡ ਕਿਸੇ ਮਿਥੇ ਨਿਸ਼ਾਨੇ ਵੱਲ ਜਾ ਰਿਹਾ ਏ। ਘੱਟੋਘੱਟ ਉਸਨੂੰ ਪਤਾ ਜ਼ਰੂਰ ਏ ਕਿ ਜਾ ਕਿੱਥੇ ਰਿਹਾ ਏ—ਪਰ ਹੋ ਸਕਦਾ ਏ ਮੈਨੂੰ ਉਂਜ ਈ ਭਰਮ ਹੋ ਗਿਆ ਹੋਵੇ।
ਤਟ ਜਿੱਥੇ ਸਮਾਪਤ ਹੁੰਦਾ ਏ, ਉੱਥੇ ਪਾਣੀ ਦੀ ਇਕ ਪਤਲੀ-ਜਿਹੀ ਧਾਰ ਏ। ਇਹ ਧਾਰ ਵੱਡੀ ਚਟਾਨ ਦੇ ਪਿੱਛੋਂ ਨਿਕਲ ਕੇ ਰੇਤ ਵਿਚ ਨਾਲੀ-ਜਿਹੀ ਬਣਾਉਂਦੀ ਸਮੁੰਦਰ ਵਿਚ ਜਾ ਮਿਲੀ ਏ। ਇੱਥੇ ਦੇਖਿਆ, ਆਪਣੇ ਉਹੀ ਦੋਵੇਂ ਅਰਬ, ਨੀਲੀਆਂ-ਨੀਲੀਆਂ ਕੰਥੀਆਂ ਪਾਈ ਰੇਤ ਤੇ ਲੇਟੇ ਹੋਏ ਨੇ। ਇਸ ਸਮੇਂ ਤਾਂ ਏਨੇ ਸੀਲ ਲੱਗਦੇ ਨੇ ਜਿਵੇਂ ਉਹਨਾਂ ਦੇ ਮਨ ਵਿਚ ਕੋਈ ਹਿੰਸ਼ਾ-ਦਵੈਤ ਹੋਵੇ ਈ ਨਾ। ਸਾਨੂੰ ਆਪਣੇ ਵੱਲ ਆਉਂਦੇ ਦੇਖ ਕੇ ਵੀ ਹਿੱਲੇ, ਡੋਲੇ ਨਹੀਂ। ਜਿਸਨੇ ਰੇਮੰਡ ਨੂੰ ਜ਼ਖ਼ਮੀ ਕੀਤਾ ਸੀ, ਉਹ ਬਿਨਾਂ ਮੂੰਹੋਂ ਕੁਝ ਬੋਲੇ ਉਸ ਵੱਲ ਇਕਟੱਕ ਦੇਖ ਰਿਹਾ ਸੀ। ਦੂਜਾ ਛੋਟੀ-ਜਿਹੀ ਬੰਸਰੀ 'ਤੇ ਸਰਗਮ ਦੇ ਤਿੰਨ ਸੁਰ ਵਜਾ ਰਿਹਾ ਸੀ। ਸਾਡੇ ਵੱਲ ਕੁਣੱਖਾ-ਜਿਹਾ ਝਾਕਦਾ ਹੋਇਆ, ਉਹ ਵਾਰ-ਵਾਰ ਇਹੀ ਸੁਰ ਵਜਾਉਂਦਾ ਰਿਹਾ।
ਕੁਝ ਚਿਰ ਕੋਈ ਵੀ ਨਾ ਹਿੱਲਿਆ। ਉਹਨਾਂ ਤਿੰਨਾਂ ਸੁਰਾਂ ਤੇ ਝਰਨੇ ਦੀ ਕਲ-ਕਲ ਨੂੰ ਛੱਡ ਕੇ ਚਾਰੇ-ਪਾਸੇ ਧੁੱਪ ਤੇ ਚੁੱਪ ਦਾ ਰਾਜ ਸੀ। ਹੁਣ ਰੇਮੰਡ ਦਾ ਹੱਥ ਪਿਸਤੌਲ ਦੇ ਖੋਲ 'ਤੇ ਆ ਗਿਆ। ਪਰ ਦੋਵੇਂ ਅਰਬ ਹੁਣ ਵੀ ਅਡੋਲ ਰਹੇ। ਦੇਖਿਆ, ਬੰਸਰੀ ਵਾਲੇ ਅਰਬ ਦੇ ਪੈਰਾਂ ਦੇ ਦੋਵੇਂ ਅੰਗੂਠੇ ਸਮਕੋਨ ਬਣਾਉਂਦੇ ਬਾਹਰ ਵੱਲ ਨਿਕਲੇ ਹੋਏ ਨੇ।
ਅੱਖਾਂ ਆਪਣੇ ਸ਼ਿਕਾਰ ਤੋਂ ਹਟਾਏ ਬਿਨਾਂ ਈ ਰੇਮੰਡ ਨੇ ਮੈਨੂੰ ਪੁੱਛਿਆ, “ਕਹੇਂ ਤਾਂ ਭੁੰਨ ਦਿਆਂ ਇਸਨੂੰ?”
ਮੇਰਾ ਦਿਮਾਗ਼ ਬਿਜਲੀ ਦੀ ਤੇਜ਼ੀ ਨਾਲ ਕੰਮ ਕਰਨ ਲੱਗਾ—ਜੇ ਇਸ ਨੂੰ ਮਨ੍ਹਾਂ ਕਰਦਾ ਹਾਂ ਤਾਂ ਮਨ ਦੀ ਇਸ ਹਾਲਤ ਵਿਚ ਜ਼ਰੂਰ ਇਹ ਭੜਕ ਕੇ ਪਿਸਤੌਲ ਚਲਾ ਬੈਠੇਗਾ। ਇਸ ਲਈ ਇਸ ਸਮੇਂ ਯਕਦਮ ਜੋ ਸੁੱਝਿਆ ਉਹੀ ਬੋਲਿਆ, “ਅਜੇ ਤੀਕ ਤਾਂ ਇਸ ਨੇ ਤੈਨੂੰ ਕੁਛ ਨਈਂ ਕਿਹਾ। ਇੰਜ ਬਿਨਾਂ ਲਲਕਾਰੇ ਕਿਸੇ 'ਤੇ ਗੋਲੀ ਚਲਾਉਣੀ ਸ਼ਾਨ ਦੇ ਖ਼ਿਲਾਫ਼ ਵਾਲੀ ਗੱਲ ਏ।”
ਫੇਰ ਯਕਦਮ ਚੁੱਪ ਵਾਪਰ ਗਈ। ਹਾਂ, ਉਹ ਝਰਨੇ ਦੀ ਕਲ-ਕਲ ਤੇ ਤਪੀ ਹਵਾ ਵਿਚ ਤਾਣਾ-ਬਾਣਾ ਬੁਣਦੀ ਬੰਸਰੀ ਦੀ ਧੁਨ ਜ਼ਰੂਰ ਗੂੰਜ ਰਹੀ ਸੀ।
ਆਖ਼ਰ ਰੇਮੰਡ ਬੋਲਿਆ, “ਅੱਛਾ ਜੇ ਤੇਰਾ ਇਹੀ ਖ਼ਿਆਲ ਐ ਤਾਂ ਅਜੇ ਇਸ ਨੂੰ ਇਕ ਅੱਧੀ ਗਾਲ੍ਹ-ਸ਼ਾਲ੍ਹ ਕੱਢ ਦੇਨਾਂ ਆਂ। ਅੱਗੋਂ ਇਸ ਨੇ ਜ਼ਬਾਨ ਵੀ ਹਿਲਾਈ ਤਾਂ ਬਸ ਮੈਂ ਗੋਲੀ...”
“ਠੀਕ।” ਮੈਂ ਕਿਹਾ, “ਪਰ ਜਦ ਤੀਕ ਉਹ ਖ਼ੁਦ ਆਪਣਾ ਚਾਕੂ ਨਾ ਕੱਢੇ ਤੈਨੂੰ ਗੋਲੀ ਚਲਾਉਣ ਦੀ ਕੋਈ ਲੋੜ ਨਈਂ।”
ਰੇਮੰਡ ਨੂੰ ਅਚਵੀ-ਜਿਹੀ ਲੱਗੀ ਹੋਈ ਸੀ। ਬੰਸਰੀ ਵਾਲਾ ਅਰਬ ਬੰਸਰੀ ਵਜਾਉਂਦਾ ਰਿਹਾ। ਪਰ ਦੋਵਾਂ ਦੀ ਨਜ਼ਰ ਸਾਡੀ ਹਰੇਕ ਹਰਕਤ ਉੱਤੇ ਸੀ।
“ਅੱਛਾ ਸੁਣ,” ਮੈਂ ਰੇਮੰਡ ਨੂੰ ਕਿਹਾ, “ਇਹ ਪਿਸਤੌਲ ਤਾਂ ਫੜਾ ਮੈਨੂੰ, ਤੇ ਤੂੰ ਜਾ ਕੇ ਉਸ ਸੱਜੇ ਪਾਸੇ ਵਾਲੇ ਨੂੰ ਸੰਭਾਲ। ਦੂਜੇ ਨੇ ਜ਼ਰਾ ਵੀ ਸ਼ੈਤਾਨੀ ਕੀਤੀ ਜਾਂ ਚਾਕੂ-ਸ਼ਾਕੂ ਕੱਢਿਆ ਤਾਂ ਮੈਂ ਸਮਝ ਲਵਾਂਗਾ।”
ਰੇਮੰਡ ਨੇ ਰਿਵਾਲਵਰ ਮੈਨੂੰ ਫੜਾਇਆ ਤਾਂ ਇਕ ਵਾਰੀ ਧੁੱਪ ਦਾ ਲਿਸ਼ਕਾਰਾ ਉਸ ਉੱਤੇ ਪੈ ਕੇ ਉਛਲਿਆ। ਪਰ ਅਜੇ ਤੀਕ ਹਿਲਿਆ ਆਪਣੀ ਜਗ੍ਹਾ ਤੋਂ ਕੋਈ ਵੀ ਨਹੀਂ ਸੀ। ਲੱਗਦਾ ਸੀ ਜਿਵੇਂ ਹਰ ਸ਼ੈ ਨੇ ਸਾਨੂੰ ਚਾਰੇ ਪਾਸਿਓਂ ਨੱਪ ਕੇ ਇਸ ਤਰ੍ਹਾਂ ਭੀਚਿਆ  ਹੋਇਆ ਏ ਕਿ ਉਂਗਲੀ ਵੀ ਨਹੀਂ ਹਿਲਾਈ ਜਾ ਰਹੀ। ਬਿਨਾਂ ਅੱਖਾਂ ਝਪਕਾਏ ਅਸੀਂ ਲੋਕ ਬਸ ਇਕ ਦੂਜੇ ਨੂੰ ਦੇਖੀ ਜਾ ਰਹੇ ਸੀ। ਉਸ ਇਕ ਛਿਣ ਵਿਚ ਇੰਜ ਲੱਗਿਆ ਜਿਵੇਂ ਇਸ ਛੋਟੀ-ਜਿਹੀ ਰੇਤ ਦੀ ਪੱਟੀ ਉੱਤੇ, ਧੁੱਪ ਤੇ ਪਾਣੀ ਦੇ ਵਿਚਕਾਰ, ਬੰਸਰੀ ਤੇ ਝਰਨੇ ਦੀ ਕਲ਼-ਕਲ਼ ਦੀ ਦੋਹਰੀ ਚੁੱਪ ਵਿਚ ਫਸ ਕੇ ਸੰਸਾਰ ਦੀ ਸਾਰੀ ਗਤੀ ਰੁਕ ਗਈ ਏ...ਸਾਰੀ ਦੁਨੀਆਂ ਸਿੱਥਲ ਹੋ ਗਈ ਏ—ਤੇ ਉਦੋਂ ਈ ਮਨ ਵਿਚ ਆਇਆ ਕਿ ਗੋਲੀ ਚਲਾਓ ਜਾਂ ਨਾ ਚਲਾਓ, ਨਤੀਜਾ ਤਾਂ ਦੋਵਾਂ ਦਾ ਮੁੱਢੋਂ ਇਕੋ ਈ ਏ—ਕਤਈ ਕੋਈ ਫ਼ਰਕ ਨਹੀਂ ਪੈਂਦਾ।
ਦੋਵੇਂ ਕਿਰਲਿਆਂ ਵਾਂਗ ਚਟਾਨ ਦੀ ਓਟ ਵਿਚ ਸਰਕ ਕੇ ਨੌਂ ਦੋ ਗਿਆਰਾਂ ਹੋ ਗਏ ਸਨ। ਹਾਰ ਕੇ ਮੈਂ ਤੇ ਰੇਮੰਡ ਮੁੜੇ ਤੇ ਵਾਪਸ ਤੁਰ ਪਏ। ਹੁਣ ਉਹ ਕਾਫ਼ੀ ਖ਼ੁਸ਼ ਦਿਸਦਾ ਸੀ ਤੇ ਇਹ ਦੱਸ ਰਿਹਾ ਸੀ ਕਿ ਬੱਸ ਕਿਹੜੀ ਫੜਨੀ ਪਵੇਗੀ।
ਬੰਗਲੇ ਪਹੁੰਚੇ ਤਾਂ ਖਟ-ਖਟ ਕਰਦਾ ਰੇਮੰਡ ਕਾਠ ਦੀਆਂ ਪੌੜੀਆਂ ਚੜ੍ਹ ਕੇ ਉੱਤੇ ਚਲਾ ਗਿਆ। ਮੈਂ ਹੇਠਾਂ ਈ ਖੜ੍ਹਾ ਰਿਹਾ। ਧੁੱਪ ਸਿਰ 'ਤੇ ਹਥੌੜੇ ਵਾਂਗ ਠਕ-ਠਕ ਕਰ ਰਹੀ ਸੀ। ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਪੌੜੀਆਂ ਚੜ੍ਹਾਂ ਤੇ ਉੱਤੇ ਜਾ ਕੇ ਫੇਰ ਔਰਤਾਂ ਨਾਲ ਹਾਹਾ-ਹੀਹੀ ਕਰਾਂ। ਪਰ ਗਰਮੀ ਏਨੀ ਭਿਅੰਕਰ ਸੀ ਕਿ ਆਸਮਾਨ 'ਚੋਂ ਵਰ੍ਹਦੀ ਹੋਈ ਅੱਖਾਂ ਭੰਨਣ ਵਾਲੀ ਅੱਗ ਵਿਚ ਇੱਥੇ ਖੜ੍ਹੇ ਰਹਿਣਾ ਵੀ ਮੁਹਾਲ ਹੋ ਗਿਆ ਸੀ। ਇਕ ਜਗ੍ਹਾ ਖੜ੍ਹਾ ਰਹਾਂ ਜਾਂ ਤੁਰਦਾ ਰਹਾਂ, ਕੋਈ ਫ਼ਰਕ ਨਹੀਂ ਸੀ—ਗਰਮੀ ਤੇ ਧੁੱਪ ਤਾਂ ਘੱਟ ਹੋਣ ਤੋਂ ਰਹੀ। ਸੋ ਕੁਝ ਚਿਰ ਬਾਅਦ ਮੈਂ ਵਾਪਸ ਸਮੁੰਦਰ ਵੱਲ ਈ ਆ ਗਿਆ ਤੇ ਉਂਜ ਈ ਟਹਿਲਣ ਲੱਗਾ।
ਜਿੱਥੋਂ ਤੀਕ ਨਿਗਾਹ ਜਾਂਦੀ ਸੀ, ਉੱਥੇ ਲਾਲ-ਲਾਲ ਭਭੂਕੇ ਫ਼ੈਲੇ ਹੋਏ ਸੀ। ਭਰੀਆਂ-ਭਰੀਆਂ ਜਿਹੀਆਂ ਲਹਿਰਾਂ ਦਮਤੋੜਦੀਆਂ ਹਟਕੋਰੇ ਲੈਂਦੀਆਂ ਭਖਦੀ ਰੇਤ 'ਤੇ ਸਿਰ ਪਟਕ ਰਹੀਆਂ ਸੀ। ਤਟ ਦੇ ਸਿਰੇ 'ਤੇ ਢੋਕਾਂ ਤੇ ਚਟਾਨਾਂ ਵੱਲ ਤੁਰਦਿਆਂ ਹੋਇਆਂ ਮੈਨੂੰ ਇੰਜ ਲੱਗਿਆ ਜਿਵੇਂ ਧੁੱਪ ਦੇ ਮਾਰੇ ਮੇਰੀਆਂ ਦੋਵੇਂ ਪੁੜਪੁੜੀਆਂ ਸੁੱਜ ਗਈਆਂ ਨੇ। ਜਿਵੇਂ ਮੈਨੂੰ ਰੋਕਣ ਦੀ ਜ਼ਿਦ ਵਿਚ ਧੁੱਪ ਮੇਰੇ ਸਿਰ 'ਤੇ ਚੜ੍ਹੀ ਬੈਠੀ ਏ ਤੇ ਖੋਪੜੀ ਨੂੰ ਭੀਚੀ ਜਾ ਰਹੀ ਏ—ਤੇ ਉਹ ਵਗ ਰਹੇ ਲਪਟਾਂ ਦੇ ਵਰੋਲੇ, ਬੰਬ ਵਾਂਗ ਮੱਥੇ ਨੂੰ ਭੰਨ ਕੇ ਰੱਖ ਦਣਗੇ। ਮੈਂ ਦੰਦ ਭੀਚ ਲਏ। ਪਤਲੂਨ ਦੀਆਂ ਦੋਵਾਂ ਜੇਬਾਂ ਵਿਚ ਮੁੱਠੀਆਂ ਕਸੀਆਂ ਗਈਆਂ—ਤੇ ਸਰੀਰ ਦਾ ਲੂੰ-ਲੂੰ ਇਸ ਧੁੱਪ, ਤੇ ਧੁੱਪ ਦੇ ਪ੍ਰਭਾਵ ਨਾਲ ਮੇਰੇ ਅੰਦਰ ਭਰਦੇ ਜਾ ਰਹੇ ਅੰਨ੍ਹੇ ਝੱਲ ਨਾਲ ਮੋਰਚਾ ਲਾਉਣ ਲਈ ਤਣ ਕੇ ਖੜ੍ਹਾ ਹੋ ਗਿਆ। ਜਦੋਂ ਵੀ ਰੇਤ ਵਿਚ ਕਿਸੇ ਕੱਚ ਦੇ ਟੁਕੜੇ ਜਾਂ ਸਿੱਪੀ 'ਤੇ ਪੈ ਕੇ ਧੁੱਪ ਦੀ ਤੇਜ਼ ਲਿਸ਼ਕੋਰ ਉਤਾਂਹ ਵੱਲ ਅਹੁਲਦੀ, ਮੇਰੇ ਜਬਾੜ੍ਹੇ ਜ਼ੋਰ ਨਾਲ ਕਸੇ ਜਾਂਦੇ। ਮੈਂ ਇੰਜ ਹਾਰ ਨਹੀਂ ਮੰਨਾਂਗਾ। ਇਹ ਧੁੱਪ ਮੇਰਾ ਕੁਝ ਨਹੀਂ ਵਿਗਾੜ ਸਕਦੀ।...ਤੇ ਮੈਂ ਸਿਰੜ ਨਾਲ ਤੁਰਦਾ ਰਿਹਾ।
ਸਮੁੰਦਰ ਤਟ ਦੇ ਨਾਲ-ਨਾਲ ਕਾਫ਼ੀ ਅੱਗੇ ਜਾ ਕੇ ਚੱਟਾਨ ਦਾ ਕਾਲਾ-ਕਾਲਾ ਕੁੱਬੜ-ਜਿਹਾ ਦਿਖਾਈ ਦੇ ਰਿਹਾ ਸੀ। ਉਸਦੇ ਚਹੂੰ-ਪਾਸੀਂ ਲਿਸ਼ਕੋਰਾਂ ਮਾਰਦੀ ਧੁੱਪ ਦੀ ਸਫੇਦੀ ਤੇ ਲੂੰਆਂ ਵਰਗੀ ਘਾਹ ਨੇ ਘੇਰਾ ਘੱਤਿਆ ਹੋਇਆ ਸੀ, ਪਰ ਮੇਰੇ ਮਨ ਵਿਚ ਤਾਂ ਉਸਦੇ ਪਿੱਛੇ ਵਹਿੰਦੇ ਸਵੱਛ-ਸ਼ੀਤਲ ਝਰਨੇ ਦਾ ਸੁਪਨਾ ਝਿਲਮਿਲਾ ਰਿਹਾ ਸੀ ਤੇ ਵਹਿੰਦੇ ਪਾਣੀ ਦੀ ਕਲ਼-ਕਲ਼ ਸੁਣਨ ਲਈ ਮਨ ਛਟਪਟਾ ਰਿਹਾ ਸੀ। ਅਜਿਹੀ ਜਗ੍ਹਾ ਪਹੁੰਚਣ ਦੀ ਅਚਵੀ-ਜਿਹੀ ਲੱਗੀ ਹੋਈ ਸੀ ਤਾਕਿ ਇਹਨਾਂ ਲਿਸ਼ਕੋਰਾਂ, ਰੋਂਦੀਆਂ-ਧੋਂਦੀਆਂ ਔਰਤਾਂ ਦੇ ਚਿਹਰਿਆਂ, ਦੁਨੀਆਂ ਭਰ ਦੀ ਜੱਦੋ-ਜਹਿਦ ਤੇ ਫਿਕਰਾਂ-ਸੰਸਿਆਂ ਤੋਂ ਛੁਟਕਾਰਾ ਪਾ ਸਕਾਂ। ਇਹਨਾਂ ਸਭਨਾਂ ਨੂੰ ਚੂੰਡ ਕੇ ਪਰ੍ਹੇ ਸੁੱਟ ਸਕਾਂ। ਮਨ ਲਲਕ ਰਿਹਾ ਸੀ ਜਿਵੇਂ ਵੀ ਹੋਵੇ ਚਟਾਟ ਦੇ ਪਾਰ ਵਾਲੀ ਉਸ ਛਤਨਾਰੀ ਛਾਂ ਤੇ ਦਿਭ-ਸ਼ਕਤੀ ਨੂੰ ਬਾਹਾਂ ਪਸਾਰ ਕੇ ਗਲ਼ ਲਾ ਲਵਾਂ...
ਪਰ ਇੱਥੇ ਪਹੁੰਚ ਕੇ ਦੇਖਿਆ ਕਿ ਉਹ ਰੇਮੰਡ ਵਾਲਾ ਅਰਬ ਵਾਪਸ ਪਰਤ ਆਇਆ ਏ। ਇਸ ਵਾਰੀ ਇਕੱਲਾ ਈ ਸੀ। ਸਿਰ ਹੇਠ ਦੋਵੇਂ ਹੱਥ ਰੱਖੀ ਚਿੱਤ ਲੇਟਿਆ ਹੋਇਆ ਸੀ। ਚਿਹਰੇ 'ਤੇ ਚਟਾਨ ਦੀ ਛਾਂ ਸੀ, ਬਾਕੀ ਸਰੀਰ 'ਤੇ ਧੁੱਪ ਪੈ ਰਹੀ ਸੀ। ਉਸਦੇ ਹੇਠਲੀ ਕੰਥੀ 'ਚੋਂ ਭਾਫ ਜਿਹੀ ਨਿਕਲਦੀ ਦਿਖਾਈ ਦੇ ਰਹੀ ਸੀ। ਇਕ ਵਾਰੀ ਤਾਂ ਮੈਂ ਤ੍ਰਭਕ ਗਿਆ। ਮੇਰਾ ਖ਼ਿਆਲ ਸੀ ਕਿ ਮਾਮਲਾ ਰਫ਼ਾਦਫ਼ਾ ਹੋ ਗਿਆ ਏ। ਇਸ ਲਈ ਇੱਧਰ ਆਉਂਦਿਆਂ ਹੋਇਆਂ ਇਹ ਗੱਲ ਤਾਂ ਰੱਤੀ ਭਰ ਵੀ ਚਿੱਤ-ਚੇਤੇ ਨਹੀਂ ਸੀ।
ਮੈਨੂੰ ਦੇਖਦੇ ਈ ਅਰਬ ਜ਼ਰਾ ਜਿੰਨਾ ਉੱਠਿਆ। ਜਿਵੇਂ ਈ ਉਸਦਾ ਹੱਥ ਜੇਬ ਵੱਲ ਵਧਿਆ, ਮੇਰੀਆਂ ਉਂਗਲਾਂ ਵੀ ਆਪਣੀ ਜੇਬ ਵਿਚ ਪਏ ਰੇਮੰਡ ਦੇ ਪਿਸਤੌਲ ਉੱਤੇ ਆਪ-ਮੁਹਾਰੇ ਕਸੀਆਂ ਗਈਆਂ। ਅਰਬ ਬਿਨਾਂ ਜੇਬ ਵਿਚੋਂ ਹੱਥ ਕੱਢੇ ਫੇਰ ਲੇਟ ਗਿਆ। ਮੇਰੇ ਤੇ ਉਸਦੇ ਵਿਚਕਾਰਲੀ ਦੂਰੀ ਦਸ ਕੁ ਗਜ ਤਾਂ ਹੋਵੇਗੀ ਈ, ਸ਼ਾਇਦ ਇਸੇ ਲਈ ਉਹ ਮੈਨੂੰ ਧੁੱਪ ਦੀ ਧੁੰਦ ਵਿਚ ਥਰ-ਥਰ ਕੰਬਦੇ ਪ੍ਰਛਾਵੇਂ ਵਾਂਗੂੰ ਦਿਸ ਰਿਹਾ ਸੀ। ਫੇਰ ਵੀ ਰਹਿ-ਰਹਿ ਕੇ ਉਸਦੀਆਂ ਅੱਧ-ਖੁੱਲ੍ਹੀਆਂ ਪਲਕਾਂ ਦੇ ਹੇਠ ਅੱਖਾਂ ਦੀਆਂ ਪੁਤਲੀਆਂ ਲਿਸ਼ਕ ਪੈਂਦੀਆਂ ਸੀ। ਲਹਿਰਾਂ ਦੇ ਛਪਾਕੇ ਹੁਣ ਦੁਪਹਿਰ ਨਾਲੋਂ ਕਾਫ਼ੀ ਘੱਟ ਤੇ ਕਮਜ਼ੋਰ ਲੱਗਦੇ ਸਨ। ਪਰ ਧੁੱਪ ਜਿਓਂ ਦੀ ਤਿਓਂ ਸੀ ਤੇ ਰੇਤ ਦੇ ਲੰਮੇਂ ਪਾਸਾਰ ਤੋਂ ਲੈ ਕੇ ਇਸ ਚੱਟਾਨ ਤੀਕ ਬੜੀ ਬੇਰਹਿਮੀ ਨਾਲ ਧਰਤੀ ਵਿਚ ਖੁੱਭੀ ਹੋਈ ਜਾਪਦੀ ਸੀ। ਲੱਗਦਾ ਸੀ, ਜਿਵੇਂ ਪਿਛਲੇ ਦੋ ਘੰਟਿਆਂ ਦਾ ਸੂਰਜ, ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੋਇਆ ਤੇ ਪਿਘਲੇ ਹੋਏ ਲੋਹੇ ਦੇ ਸਮੁੰਦਰ ਵਿਚ ਜਾ ਕੇ ਅਟਕ ਗਿਆ ਏ। ਬਹੁਤ ਦੂਰ, ਦਿਸਹੱਦੇ ਕੋਲ, ਇਕ ਜਹਾਜ਼ ਆ ਰਿਹਾ ਸੀ। ਅਰਬ ਉੱਤੇ ਨਿਗਾਹਾਂ ਟਿਕੀਆਂ ਹੋਣ ਦੇ ਬਾਵਜੂਦ ਵੀ ਮੈਂ ਸਰਕਦੇ ਹੋਏ ਜਹਾਜ਼ ਤੇ ਉਸਦੇ ਕਾਲੇ ਧੱਬੇ ਨੂੰ ਕੁਣੱਖੀ ਅੱਖ ਨਾਲ ਦੇਖ ਰਿਹਾ ਸੀ।
ਅਚਾਨਕ ਮਨ ਵਿਚ ਆਇਆ, ਕਿਉਂ ਨਾ ਝੱਟ ਪਲਟ ਕੇ ਇੱਥੋਂ ਚਲਾ ਜਾਵਾਂ, ਇਸ ਸਾਰੇ ਝੰਜਟ ਨੂੰ ਦਿਮਾਗ਼ ਵਿਚੋਂ ਕੱਢ ਦਿਆਂ—ਕਿੱਸਾ ਈ ਖ਼ਤਮ ਹੋ ਜਾਵੇ। ਪਰ ਗਰਮੀ ਨਾਲ ਕੁਰਬਲ-ਕੁਰਬਲ ਕਰਦਾ ਹੋਇਆ ਸਾਰਾ ਸਮੁੰਦਰ ਤਟ ਮੈਨੂੰ ਪਿਛਲੇ ਪਾਸਿਓਂ ਧਰੀਕੀ ਜਾ ਰਿਹਾ ਸੀ। ਮੈਂ ਝਰਨੇ ਦੀ ਦਿਸ਼ਾ ਵੱਲ ਕੁਝ ਕਰਮਾਂ ਹੋਰ ਅੱਗੇ ਵਧਿਆ। ਅਰਬ ਅਜੇ ਵੀ ਨਹੀਂ ਸੀ ਹਿੱਲਿਆ। ਸਾਡੇ ਵਿਚਕਾਰ ਅਜੇ ਵੀ ਕੁਝ ਫ਼ਾਸਲਾ ਸੀ। ਸ਼ਾਇਦ ਚਿਹਰੇ 'ਤੇ ਪੈਂਦੀ ਛਾਂ ਕਰਕੇ ਮੈਨੂੰ ਇੰਜ ਲੱਗਿਆ ਜਿਵੇਂ ਉਹ ਮੈਨੂੰ ਦੇਖ ਕੇ ਮੂੰਹ ਬਣਾ-ਬਣਾ ਹੱਸ ਰਿਹਾ ਏ।
ਮੈਂ ਰੁਕਿਆ। ਤਪਸ਼ ਨਾਲ ਗੱਲ੍ਹਾਂ ਝੁਲਸਣ ਲੱਗੀਆਂ, ਮੱਥੇ 'ਤੇ ਪਸੀਨੇ ਦੀਆਂ ਬੂੰਦਾ ਮੋਟੀਆਂ ਹੋ ਗਈਆਂ—ਹੂ-ਬ-ਹੂ ਓਹੋ-ਜਿਹੀ ਤਪਸ਼ ਜਿਹੜੀ ਮਾਂ ਦੇ ਅੰਤਮ-ਸੰਸਕਾਰ ਸਮੇਂ ਮਹਿਸੂਸ ਹੋ ਰਹੀ ਸੀ। ਦਿਮਾਗ਼ ਵਿਚ ਉਹੀ ਬੇਚੈਨੀ ਤੇ ਅਕੇਵਾਂ ਭਰ ਗਿਆ ਸੀ ਤੇ ਲੱਗਦਾ ਸੀ ਮੱਥੇ ਨੂੰ ਪਾੜ ਕੇ ਸਾਰੀਆਂ ਦੀਆਂ ਸਾਰੀਆਂ ਨਸਾਂ ਬਾਹਰ ਨਿਕਲ ਆਉਣਗੀਆਂ। ਜਦੋਂ ਇਸ ਸਭ ਨੂੰ ਸਹਿ ਸਕਣਾ ਬੂਤੇ 'ਚੋਂ ਬਾਹਰ ਹੋ ਗਿਆ ਤਾਂ ਇਕ ਕਦਮ ਹੋਰ ਅੱਗੇ ਵਧਿਆ। ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਸਰਾਸਰ ਬੇਵਕੂਫ਼ੀ ਏ—ਇਕ ਅੱਧਾ ਗਜ ਵਧ ਕੇ ਇਸ ਧੁੱਪ ਤੋਂ ਬਚਿਆ ਨਹੀਂ ਸੀ ਜਾ ਸਕਦਾ। ਪਰ ਕਦਮ ਵਧ ਚੁੱਕਿਆ ਸੀ। ਤੇ ਮੇਰਾ ਇਕ ਕਦਮ ਵਧਣਾ ਸੀ ਕਿ ਅਰਬ ਨੇ ਫੁਰਤੀ ਨਾਲ ਧੁੱਪ ਨੂੰ ਚੀਰਦਾ ਚਾਕੂ ਖੋਲ੍ਹ ਕੇ ਮੇਰੀ ਛਾਤੀ 'ਤੇ ਤਾਣ ਲਿਆ।
ਇਸਪਾਤ ਦੇ ਚਮਕਦੇ ਫਲ ਵਿਚੋਂ ਬਿਜਲੀ ਦੀ ਇਕ ਲਹਿਰ-ਜਿਹੀ ਚਮਕੀ ਤੇ ਉਸਦੇ ਨਾਲ ਈ ਮੈਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਮੇਰੇ ਮੱਥੇ ਵਿਚ ਬਰਛਾ ਖੋਭ ਦਿੱਤਾ ਹੋਵੇ। ਐਨ ਉਸੇ ਸਮੇਂ ਭਰਵੱਟਿਆਂ 'ਤੇ ਅਟਕਿਆ ਸਾਰਾ ਪਸੀਨਾ, ਕੋਹਰੇ ਦੇ ਗੁਣਗੁਣੇ ਪਰਦੇ ਵਾਂਗ ਪਲਕਾਂ 'ਤੇ ਢਲਕ ਅਇਆ। ਅੱਥਰੂ ਤੇ ਪਸੀਨੇ ਦੇ ਪਰਦੇ ਨੇ ਮੈਨੂੰ ਅੰਨ੍ਹਾਂ ਕਰ ਦਿੱਤਾ। ਮੈਨੂੰ ਹੋਸ਼ ਸੀ ਤਾਂ ਸਿਰਫ਼ ਏਨਾ ਕਿ ਭਾਂ-ਭਾਂ ਕਰਦੀ ਧੁੱਪ ਮੇਰੀ ਖੋਪੜੀ 'ਤੇ ਵਰ੍ਹ ਰਹੀ ਸੀ। ਦੂਜਾ ਹੋਸ਼ ਬਸ ਇਹ ਸੀ ਕਿ ਚਾਕੂ 'ਚੋਂ ਲਿਸ਼ਕੀ ਰੋਸ਼ਨੀ ਦੀ ਤੇਜ਼ ਧਾਰ ਮੇਰੀਆਂ ਪਲਕਾਂ ਨੂੰ ਚੀਰਦੀ, ਨੁਕੀਲੇ ਵਰਮੇ ਵਾਂਗ, ਪੁਤਲੀਆਂ ਵਿਚ ਸੁਰਾਖ ਕਰ ਰਹੀ ਏ।
ਫੇਰ ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਭਮੀਰੀ ਵਾਂਗ ਘੁੰਮਣ ਲੱਗ ਪਿਆ। ਸਮੁੰਦਰ ਵੱਲੋਂ ਅੱਗ ਦੀਆਂ ਲਪਟਾਂ ਦਾ ਇਕ ਝੋਂਕਾ ਆਇਆ ਤੇ ਸਾਰਾ ਆਸਮਾਨ ਇਸ ਸਿਰੇ ਤੋਂ ਉਸ ਸਿਰੇ ਤੀਕ ਕੜਕੜਾ ਕੇ ਦੋ ਦੋ ਟੁਕੜੇ ਹੋ ਗਿਆ ਤੇ ਇਸ ਦਰਾੜ ਵਿਚੋਂ ਅੱਗ ਦੀਆਂ ਲਾਟਾਂ ਦਾ ਇਕ ਅੰਬਾਰ ਘਰਘਰਾ ਕੇ ਫੁੱਟ ਨਿਕਲਿਆ। ਸਰੀਰ ਦੀ ਇਕ-ਇਕ ਰਗ ਫੌਲਾਦੀ ਕਮਾਨੀਂ ਵਾਂਗ ਤਣ ਗਈ ਤੇ ਰਿਵਾਲਵਰ 'ਤੇ ਜਕੜ ਵਧ ਗਈ। ਘੋੜਾ ਨੱਪਿਆ ਤਾਂ ਰਿਵਾਲਵਰ ਦੇ ਹੱਥੇ ਦੇ ਕੂਲੇ-ਕੂਲੇ ਥੱਲੇ ਨੇ ਮੇਰੀ ਹਥੇਲੀ ਨਾਲ ਟਕਰ ਮਾਰੀ—“ਠਾਹ!” ਤੇ ਤਦ ਕੋੜੇ ਦੀ 'ਸਟਾਕ' ਵਾਂਗ ਦੇਖਦੇ-ਦੇਖਦੇ ਈ ਸਭ ਕੁਝ ਵਾਪਰ ਗਿਆ। ਪਸੀਨੇ ਤੇ ਧੁੱਪ ਦੇ ਜਿਹੜੇ ਪਰਦੇ ਨੇ ਮੈਨੂੰ ਜਕੜਿਆ ਹੋਇਆ ਸੀ, ਮੈਂ ਉਸਨੂੰ ਝੱਟ ਪਾੜ ਸੁੱਟਿਆ। ਜਾਣਦਾ ਸੀ ਕਿ ਮੇਰਾ ਦਿਮਾਗ਼ ਚਕਰਾ ਰਿਹਾ ਏ ਤੇ ਮੈਂ ਆਪਣੇ-ਆਪੇ ਵਿਚ ਨਹੀਂ ਹਾਂ। ਮੈਂ ਆਪਣੀ ਹਰਕਤ ਨਾਲ ਸਮੁੰਦਰ ਤਟ ਦੀ ਵਿਆਪਕ ਸ਼ਾਂਤੀ ਨੂੰ ਚੂਰ-ਚੂਰ ਕਰ ਦਿੱਤਾ ਏ—ਉਸ ਸ਼ਾਂਤੀ ਤੇ ਸੁਖ ਨੂੰ ਜਿਸ ਉੱਤੇ ਮੈਂ ਅੱਜ ਸਾਰਾ ਦਿਨ ਖ਼ੁਸ਼ ਸੀ...“ਠਾਹ! ਠਾਹ!” ਉਸ ਬੇਜਾਨ ਤੇ ਬੇਹਰਕਤ ਸਰੀਰ ਉੱਤੇ ਮੈਂ ਚਾਰ ਗੋਲੀਆਂ ਹੋਰ ਚਲਾਈਆਂ, ਪਰ ਕੋਈ ਅਸਰ ਨਾ ਦਿਖਾਈ ਦਿੱਤਾ। ਉਹ ਜਿਵੇਂ ਦਾ ਤਿਵੇਂ ਪਿਆ ਰਿਹਾ। ਹਾਂ? ਇਕ ਦੇ ਬਾਅਦ ਇਕ ਹਰ ਗੋਲੀ ਦਾ ਧਮਾਕਾ ਮੇਰੇ ਸਤਿਆਨਾਸ਼ ਦੇ ਦਰਵਾਜ਼ੇ 'ਤੇ ਭਿਅੰਕਰ ਕੰਨ-ਪਾੜੂ ਦਸਤਕ ਵਾਂਗੂੰ ਦਸਤਕ ਦਿੰਦਾ ਰਿਹਾ...।
--- --- ---

No comments:

Post a Comment