Tuesday, May 28, 2013

ਤਿੰਨ :

ਤਿੰਨ :


ਸਵੇਰੇ ਦਫ਼ਤਰ ਵਿਚ ਬੜਾ ਕੰਮ ਸੀ। ਸਾਹਬ ਦਾ ਮਿਜਾਜ਼ ਖ਼ੁਸ਼ ਸੀ। ਉਹਨਾਂ ਨੇ ਪੁੱਛਿਆ, “ਬਹੁਤੇ ਥੱਕ ਤਾਂ ਨਈਂ ਗਏ?” ਇਸ ਪਿੱਛੋਂ ਮਾਂ ਦੀ ਉਮਰ ਪੁੱਛੀ। ਮੈਂ ਕੁਝ ਚਿਰ ਸੋਚਦਾ ਰਿਹਾ। ਗਲਤੀ ਨਾ ਕਰ ਬਹਾਂ ਇਸ ਲਈ ਦੱਸਿਆ, “ਹੋਵੇਗੀ, ਇਹੋ ਕੋਈ ਸੱਠ ਦੇ ਆਸ-ਪਾਸ।” ਇਸ ਨਾਲ ਪਤਾ ਨਹੀਂ ਕਿਉਂ ਉਹਨਾਂ ਦੇ ਚਿਹਰੇ 'ਤੇ ਜ਼ਰਾ ਬੇਫ਼ਿਕਰੀ-ਜਿਹੀ ਆ ਗਈ ਤੇ ਲੱਗਿਆ ਜਿਵੇਂ ਸੋਚਾਂ ਵਿਚ ਡੁੱਬ ਗਏ ਨੇ। ਗੱਲ ਖ਼ਤਮ ਹੋ ਗਈ।
ਮੇਰੀ ਡੈਸਕ ਉੱਤੇ ਜਹਾਜ਼ੀ ਬਿਲਟੀਆਂ ਦਾ ਥੱਬਾ ਰੱਖਿਆ ਹੋਇਆ ਸੀ—ਸਭ ਨਾਲ ਨਜਿੱਠਣਾ ਪਿਆ। ਦੁਪਹਿਰੇ, ਖਾਣ ਜਾਣ ਤੋਂ ਪਹਿਲਾਂ, ਮੈਂ ਹੱਥ ਧੋਤੇ। ਦੁਪਹਿਰੇ ਹੱਥ ਧੋਣ ਵਿਚ ਮੈਨੂੰ ਬੜਾ ਮਜ਼ਾ ਆਉਂਦਾ ਏ। ਅਨੇਕ ਲੋਕਾਂ ਦੇ ਇਸਤੇਮਾਲ ਨਾਲ ਵਾਸ਼-ਬੇਸਨ ਉੱਤੇ ਟੰਗਿਆ ਤੌਲੀਆਂ ਪਾਣੀ ਨਾਲ ਤਰ-ਬਤਰ ਹੋ ਜਾਂਦਾ ਏ। ਇਸ ਲਈ ਸ਼ਾਮ ਨੂੰ ਓਨਾਂ ਚੰਗਾ ਨਹੀਂ ਲੱਗਦਾ। ਇਕ ਵਾਰੀ ਮੈਂ ਸਾਹਬ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ, ਪਰ ਉਹਨਾਂ ਲਈ ਇਹ ਕੋਈ ਮਹੱਤਵਪੂਰਨ ਗੱਲ ਨਹੀਂ ਸੀ। ਹਾਂ, ਬਸ ਇਹ ਕਹਿ ਕੇ ਸਾਰ ਦਿੱਤਾ ਸੀ ਕਿ ਬੜੇ ਅਫ਼ਸੋਸ ਦੀ ਗੱਲ ਏ। ਹੋਰ ਦਿਨਾਂ ਦੇ ਮੁਕਾਬਲੇ ਅੱਜ ਕੁਝ ਦੇਰ ਨਾਲ ਯਾਨੀ ਸਾਢੇ ਬਾਰਾਂ ਵਜੇ ਦਫ਼ਤਰ 'ਚੋਂ ਨਿਕਲਿਆ। ਚਾਲਾਨ-ਵਿਭਾਗ ਵਿਚ ਕੰਮ ਕਰਨ ਵਾਲਾ ਇਮਾਨੁਅਲ ਵੀ ਨਾਲ ਸੀ। ਦਫ਼ਤਰ ਦੀ ਬਿਲਡਿੰਗ ਦਾ ਮੂੰਹ ਸਮੁੰਦਰ ਵੱਲ ਸੀ। ਅਸੀਂ ਲੋਕ ਕੁਝ ਚਿਰ ਪੌੜੀਆਂ 'ਤੇ ਖੜ੍ਹੇ ਜਹਾਜ਼ਾਂ ਦੀ ਲਦਾਈ-ਲੁਹਾਈ ਦੇਖਦੇ ਰਹੇ। ਧੁੱਪ ਬੜੀ ਤੇਜ਼ ਸੀ। ਉਦੋਂ ਈ ਜ਼ੰਜੀਰਾਂ ਦੀ ਖਨਣ-ਖਨਣ ਤੇ ਇੰਜਨ 'ਚੋਂ ਫੱਟ-ਫੱਟ ਦੀਆਂ ਆਵਾਜ਼ਾਂ ਕੱਢਦਾ ਹੋਇਆ ਇਕ ਵੱਡਾ ਸਾਰਾ ਟਰੱਕ ਸਾਹਮਣਿਓਂ ਆਉਂਦਾ ਦਿਖਾਈ ਦਿੱਤਾ। ਇਮਾਨੁਅਲ ਨੇ ਸੁਝਾਅ ਦਿੱਤਾ, 'ਆ, ਅਹੁਲ ਕੇ ਇਸ ਟਰੱਕ 'ਤੇ ਚੜ੍ਹ ਜਾਈਏ।' ਮੈਂ ਦੌੜ ਲਾਈ। ਟਰੱਕ ਕਾਫ਼ੀ ਅੱਗੇ ਨਿਕਲ ਗਿਆ ਸੀ ਸੋ ਸਾਨੂੰ ਖਾਸੀ ਦੂਰ ਤੀਕ ਉਸਦੇ ਪਿੱਛੇ-ਪਿੱਛੇ ਦੌੜਨਾ ਪਿਆ। ਇੰਜਨ ਦੇ ਸ਼ੋਰ-ਸ਼ਰਾਬੇ ਤੇ ਗਰਮੀ ਕਾਰਨ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਹੋਸ਼ ਸੀ ਤਾਂ ਬਸ ਏਨਾ ਕਿ ਅਸੀਂ ਲੋਕ ਸਮੁੰਦਰ ਦੇ ਕਿਨਾਰੇ-ਕਿਨਾਰੇ ਕਰੇਨਾਂ ਤੇ ਚਰਖੀਆਂ ਦੇ ਵਿਚਕਾਰ ਅੰਨ੍ਹੇਵਾਹ ਭੱਜੇ ਜਾ ਰਹੇ ਹਾਂ। ਮੈਂ ਟਰੱਕ ਨੂੰ ਪਹਿਲਾਂ ਫੜ੍ਹਿਆ। ਛਲਾਂਗ ਮਾਰ ਕੇ ਜਦੋਂ ਸਹੀ ਸਲਾਮਤ ਉੱਤੇ ਪਹੁੰਚ ਗਿਆ ਤਾਂ ਇਮਾਨੁਅਲ ਨੂੰ ਵੀ ਉੱਤੇ ਖਿੱਚ ਲਿਆ। ਇਕ ਤਾਂ ਦੋਵਾਂ ਨੂੰ ਵੈਸੇ ਈ ਸਾਹ ਚੜ੍ਹਿਆ ਹੋਇਆ ਸੀ, ਉਪਰੋਂ ਸੜਕ ਤੇ ਵਿਛੇ ਮੋਟੇ ਕਰੈਸ਼ਰ ਕਰਕੇ ਟਰੱਕ ਦੀ ਉੱਛਲ-ਕੁੱਦ ਨੇ ਹਾਲਤ ਹੋਰ ਵੀ ਖ਼ਰਾਬ ਕਰ ਦਿੱਤੀ। ਇਮਾਨੁਅਲ ਦੰਦ ਕੱਢਦਾ, ਖ਼ੁਸ਼ੀ ਨਾਲ ਹੱਸਣ ਲੱਗਾ।
ਹਫ਼ਦਾ-ਹਫ਼ਦਾ ਕੰਨ ਵਿਚ ਬੋਲਿਆ, “ਆਖ਼ਰ ਕਿਲ੍ਹਾ ਫਤਹਿ ਕਰ ਈ ਲਿਆ।”
ਸੇਲੇਸਤੇ ਦੇ ਰੇਸਤਰਾਂ ਤੀਕ ਪਹੁੰਚਦੇ-ਪਹੁੰਚਦੇ ਅਸੀਂ ਲੋਕ ਪਸੀਨੇ ਨਾਲ ਲਥਪਥ ਹੋਏ-ਹੋਏ ਸੀ। ਸਾਹਮਣੇ ਵੱਲ ਨੂੰ ਖੜ੍ਹੀਆਂ ਕੀਤੀਆਂ ਮੁੱਛਾਂ ਵਾਲਾ ਸੇਲੇਸਤੇ ਆਪਣੇ ਫੁੱਲੇ ਹੋਏ ਢਿੱਡ ਉੱਤੇ ਚੋਗਾ (ਐਪਰਨ) ਚੜ੍ਹਾਈ, ਦਰਵਾਜ਼ੇ ਦੇ ਨਾਲ ਵਾਲੀ ਆਪਣੀ ਮਿਥੀ ਜਗ੍ਹਾ ਉੱਤੇ ਡਟਿਆ ਹੋਇਆ ਸੀ। ਮੈਨੂੰ ਦੇਖ ਕੇ ਉਸਨੇ ਹਮਦਰਦੀ ਦਿਖਾਈ, “ਬਹੁਤਾ ਦੁੱਖ ਤਾਂ ਨਈਂ ਹੋ ਰਿਹਾ?” ਮੈਂ ਕਿਹਾ, “ਨਈਂ, ਐਸੀ ਕੋਈ ਗੱਲ ਨਈਂ।” ਪਰ ਭੁੱਖ ਦੇ ਮਾਰੇ ਮੇਰਾ ਦਮ ਨਿਕਲਿਆ ਜਾ ਰਿਹਾ ਸੀ। ਝਟਪਟ ਖਾਣਾ ਖਾਧਾ ਤੇ ਉਪਰੋਂ ਕਾਫ਼ੀ ਦੀ ਤੈਅ ਜਮਾ ਲਈ। ਸਿੱਧਾ ਘਰ ਪਹੁੰਚਿਆ। ਇਕ-ਅੱਧਾ ਗਲਾਸ ਸ਼ਰਾਬ ਜ਼ਿਆਦਾ ਚੜ੍ਹਾ ਲਈ ਸੀ, ਇਸ ਲਈ ਹਲਕੀ-ਜਿਹੀ ਝਪਕੀ ਲਈ। ਜਾਗ ਕੇ, ਬਿਸਤਰਾ ਛੱਡਣ ਤੋਂ ਪਹਿਲਾਂ ਇਕ ਸਿਗਰਟ ਫੂਕੀ। ਦੇਰ ਹੋ ਗਈ ਸੀ, ਇਸ ਲਈ ਫੁਰਤੀ ਨਾਲ ਦੌੜ ਕੇ ਟਰਾਮ ਫੜ੍ਹਨੀ ਪਈ। ਦਫ਼ਤਰ ਵਿਚ ਵੀ ਕਾਫ਼ੀ ਘੁਟਨ ਸੀ। ਉਪਰੋਂ ਸਾਰੀ ਸ਼ਾਮ ਬੁਰੀ ਤਰ੍ਹਾਂ ਖਪਣਾ ਪਿਆ। ਦਫ਼ਤਰ ਬੰਦ ਹੋਇਆ ਤਾਂ ਜਾਨ ਵਿਚ ਜਾਨ ਆਈ। ਮਾਲ ਲਦਵਾਉਣ ਵਾਲੇ ਸਮੁੰਦਰੀ ਘਾਟ ਉੱਤੇ ਜਾ ਕੇ ਸ਼ੀਤਲ-ਠੰਢੇ ਵਾਤਾਵਰਣ ਵਿਚ ਦੇਰ ਤੀਕ ਚਹਿਲ-ਕਦਮੀ ਕਰਦਾ ਰਿਹਾ। ਆਸਮਾਨ ਹਰਾ-ਹਰਾ ਹੋਇਆ-ਹੋਇਆ ਸੀ। ਦਫ਼ਤਰ ਦੇ ਦਮਘੋਟੂ ਮਾਹੌਲ 'ਚੋਂ ਨਿਕਲ ਕੇ ਇੱਥੇ ਬੜਾ ਸੁਖਾਲਾ-ਸੁਹਾਵਨਾਂ ਲੱਗਿਆ। ਖ਼ੈਰ, ਆਲੂ ਉਬਲਨੇ ਰੱਖਣੇ ਸਨ, ਸੋ ਸਿੱਧਾ ਘਰ ਆਇਆ।
ਹਾਲ ਵਿਚ ਹਨੇਰਾ ਸੀ। ਜਿਵੇਂ ਈ ਪੌੜੀਆਂ ਚੜ੍ਹਨ ਲੱਗਾ, ਬੁੱਢੇ ਸਲਾਮਾਨੋ ਨਾਲ ਟੱਕਰ ਹੋ ਗਈ। ਉਹ ਸਾਡੇ ਹੇਠ ਈ ਰਹਿੰਦਾ ਏ। ਰੋਜ਼ ਵਾਂਗ ਕੁੱਤਾ ਨਾਲ ਸੀ। ਪਿਛਲੇ ਅੱਠ ਸਾਲਾਂ ਤੋਂ ਦੋਵੇਂ ਜੋਟੀਦਾਰਾਂ ਵਾਂਗ ਰਹਿੰਦੇ ਨੇ। ਦੇਖਣ ਵਿਚ ਉਸਦਾ ਇਹ ਸਪੇਨੀਅਲ ਕੁੱਤਾ ਕਾਫ਼ੀ ਬਡਰੂਪ ਤੇ ਜੰਗਲੀ-ਜਿਹਾ ਲੱਗਦਾ ਏ। ਮੇਰਾ ਖ਼ਿਆਲ ਏ, ਖੁਰਕ ਵਰਗੀ ਕੋਈ ਬਿਮਾਰੀ ਵੀ ਏ ਉਸਦੇ ਸਰੀਰ ਨੂੰ। ਤਦੇ ਤਾਂ ਵਾਲ ਉੱਡ ਗਏ ਨੇ ਤੇ ਸਾਰਾ ਸਰੀਰ ਕਥਈ ਚਟਾਕਾਂ ਨਾਲ ਭਰਿਆ ਪਿਆ ਏ। ਸਾਇਦ ਆਪਣੇ ਛੋਟੇ-ਜਿਹੇ ਕਮਰੇ ਵਿਚ ਹਮੇਸ਼ਾ ਕੁੱਤੇ ਨਾਲ ਤੜੇ ਰਹਿਣ ਕਾਰਨ ਸਲਾਮਾਨੋ ਵਿਚ ਵੀ ਉਸਦੇ ਬਹੁਤ ਸਾਰੇ ਗੁਣ ਆ ਗਏ ਨੇ—ਉਸਦੇ ਮੁੰਜ ਵਰਗੇ ਵਾਲ ਬੜੇ ਘੱਟ ਰਹਿ ਗਏ ਨੇ ਤੇ ਚਿਹਰੇ 'ਤੇ ਲਾਲ-ਲਾਲ ਚਟਾਕ ਪੈ ਗਏ ਨੇ। ਉੱਧਰ ਕੁੱਤੇ ਨੇ ਆਪਣੇ ਮਾਲਕ ਦੀ ਮੋਢੇ ਛੰਡਣ ਦੀ ਤੇ ਰਤਾ ਝੁਕ ਕੇ ਤੁਰਨ ਦੀ ਆਦਤ ਸਿਖ ਲਈ ਏ ਤੇ ਉਹ ਹਮੇਸ਼ਾ ਬੂਥੀ ਅਗਾਂਹ ਵੱਲ ਨੂੰ ਕੱਢ ਕੇ, ਨੱਕ ਨਾਲ ਜ਼ਮੀਨ ਸੁੰਘਦਾ ਹੋਇਆ, ਤੁਰਦਾ ਏ। ਪਰ ਇਕ ਗੱਲ ਬੜੀ ਮਜ਼ੇਦਾਰ ਏ, ਦੋਵੇਂ ਇਕ ਦੂਜੇ ਨਾਲ ਨਿਭ ਭਾਵੇਂ ਰਹੇ ਸਨ—ਪਰ ਇਕ ਨੂੰ ਦੂਜਾ ਫੁੱਟੀ ਅੱਖ ਨਹੀਂ ਸੁਹਾਉਂਦਾ।
ਦਿਨ ਵਿਚ ਦੋ ਵਾਰ ਬੁੱਢਾ ਕੁੱਤੇ ਨੂੰ ਘੁਮਾਉਣ ਲੈ ਜਾਂਦਾ ਏ—ਗਿਆਰਾਂ ਤੇ ਛੇ ਵਜੇ। ਪਿਛਲੇ ਛੇ ਸਾਲ ਦਾ ਇਸ ਸੈਰ ਵਿਚ ਕੋਈ ਨਾਗਾ ਨਹੀਂ ਪਿਆ। ਤੁਸੀਂ ਜਦੋਂ ਚਾਹੋਂ ਉਦੋਂ 'ਰਯੂ-ਡੀ-ਲਯੋਂ' ਵਿਚ ਦੋਵਾਂ ਨੂੰ ਦੇਖ ਸਕਦੇ ਹੋ। ਸਾਰਾ ਜ਼ੋਰ ਲਾ ਕੇ ਕੁੱਤਾ ਮਾਲਕ ਨੂੰ ਇਸ ਬੁਰੀ ਤਰ੍ਹਾਂ ਘਸੀਟਦਾ ਲੈ ਜਾ ਰਿਹਾ ਹੋਵੇਗਾ ਕਿ ਲੱਗੇਗਾ, ਬੁੱਢਾ ਹੁਣ ਵੀ ਡਿੱਗਿਆ, ਹੁਣ ਵੀ ਡਿੱਗਿਆ। ਫੇਰ ਇਹ ਕੁੱਤੇ ਦੀ ਮਰੰਮਤ ਕਰੇਗਾ, ਗੰਦੀਆਂ-ਗੰਦੀਆਂ ਗਾਲ੍ਹਾਂ ਕੱਢੇਗਾ। ਡਰ ਕੇ ਕੁੱਤਾ ਪਿੱਛੇ ਨੂੰ ਖਿੱਚੇਗਾ ਤੇ ਮਾਲਕ ਸਾਹਬ ਕੁੱਤੇ ਨੂੰ ਘਸੀਟਦੇ ਹੋਏ ਲੈ ਜਾ ਰਹੇ ਹੋਣਗੇ। ਪਰ ਪਲ ਭਰ ਬਾਅਦ ਈ ਕੁੱਤਾ ਇਹ ਮਾਰ ਭੁੱਲ-ਵਿੱਸਰ ਜਾਵੇਗਾ ਤੇ ਫੇਰ ਜ਼ੰਜੀਰ ਖਿੱਚਦਾ ਹੋਇਆ ਅੱਗੇ-ਅੱਗੇ ਤੁਰਨ ਲੱਗ ਪਵੇਗਾ। ਬਦਲੇ ਵਿਚ ਫੇਰ ਠੁਕਾਈ ਹੋਵੇਗੀ ਤੇ ਪਹਿਲਾਂ ਨਾਲੋਂ ਵੀ ਵੱਧ ਗਾਲ੍ਹਾਂ ਮਿਲਣਗੀਆਂ। ਫੇਰ ਦੋਵੇਂ ਈ ਰੁਕ ਕੇ ਅਚਾਨਕ ਪਟੜੀ 'ਤੇ ਖੜ੍ਹੇ ਹੋ ਜਾਣਗੇ ਤੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਇਕ ਦੂਜੇ ਨੂੰ ਘੂਰਨਗੇ—ਕੁੱਤੇ ਦੀਆਂ ਅੱਖਾਂ ਵਿਚ ਖ਼ੌਫ਼ ਹੋਵੇਗਾ ਤੇ ਮਾਲਕ ਦੀਆਂ ਨਜ਼ਰਾਂ ਵਿਚ ਨਫ਼ਰਤ। ਜਦੋਂ ਵੀ ਉਹ ਦੋਵੇਂ ਨਿਕਲਦੇ ਨੇ ਹਮੇਸ਼ਾ ਇਵੇਂ ਹੁੰਦਾ ਏ। ਕੁੱਤਾ ਜੇ ਬਿਜਲੀ ਦੇ ਪੋਲ ਕੋਲ ਰੁਕਣਾ ਚਾਹੇ ਤਾਂ ਬੁੱਢਾ ਉਸਨੂੰ ਰੁਕਣ ਨਹੀਂ ਦਵੇਗਾ, ਘਸੀਟਦਾ ਈ ਤੁਰਿਆ ਜਾਵੇਗਾ ਤੇ ਇਹ ਕੰਬਖ਼ਤ ਤੁਰਦਾ-ਤੁਰਦਾ ਈ ਬੁੰਦਾ-ਬਾਂਦੀ ਕਰਦਾ ਜਾਵੇਗਾ। ਪਰ ਜੇ ਕਦੀ ਕੁੱਤਾ ਅੰਦਰ ਕਮਰੇ ਵਿਚ ਪਿਸ਼ਾਬ ਕਰ ਦਵੇ ਤਾਂ ਹੋਰ ਵੀ ਠੁਕਾਈ ਹੋਵੇਗੀ।
ਅੱਠ ਸਾਲ ਤੋਂ ਇਹੋ ਹੁੰਦਾ ਆ ਰਿਹਾ ਏ। ਸੇਲੇਸਤੇ ਤਾਂ ਹਮੇਸ਼ਾ ਇਹੀ ਕਹਿੰਦਾ ਏ, “ਸ਼ਰਮ ਨਾਲ ਚੂਲੀ ਭਰ ਪਾਣੀ 'ਚ ਡੁੱਬ ਮਰਨ ਵਾਲੀ ਗੱਲ ਏ। ਇਸਦਾ ਕੁਛ ਨਾ ਕੁਛ ਇਲਾਜ਼ ਹੋਣਾ ਜ਼ਰੂਰੀ ਏ।” ਪਰ ਇਲਾਜ਼ ਕੀ ਹੋਵੇ?
ਹਾਲ ਵਿਚ ਸਾਡੀ ਭਿੜੰਤ ਸਮੇਂ ਸਲਾਮਾਨੋ ਕੁੱਤੇ 'ਤੇ ਵਰ੍ਹ ਰਿਹਾ ਸੀ ਤੇ 'ਬੇਰੜਾ, ਲੀਚੜ, ਲੁੱਟਰ ਕੁੱਤਾ...' ਵਰਗੀਆਂ ਗਾਲ੍ਹਾਂ ਕੱਢ ਰਿਹਾ ਸੀ। ਮੈਂ ਕਿਹਾ, “ਨਮਸਕਾਰ” ਪਰ ਉੱਥੇ ਸੁਣਨ ਦੀ ਫੁਰਸਤ ਕਿਸ ਕੋਲ ਸੀ? ਉੱਥੇ ਤਾਂ ਗਾਲ੍ਹਾਂ ਦੀ ਝੜੀ ਲੱਗੀ ਹੋਈ ਸੀ। ਸੋਚਿਆ, ਲਓ, ਇਹੀ ਪੁੱਛ ਲਓ ਕਿ ਕੁੱਤੇ ਨੇ ਇਸ ਵਾਰ ਕੀ ਕਰ ਦਿੱਤਾ ਏ? ਪਰ ਫੇਰ ਵੀ ਜਵਾਬ ਨਹੀਂ ਮਿਲਿਆ। ਹਾਂ, ਉਹ ਗਾਲ੍ਹਾਂ ਦੀ ਝੜੀ ਜਾਰੀ ਰਹੀ, 'ਸਾਲਾ, ਲੁੱਟਰ...' ਵਗ਼ੈਰਾ ਵਗ਼ੈਰਾ, ਉਹੀ ਸਭ। ਸਾਫ਼-ਸਾਫ਼ ਤਾਂ ਨਹੀਂ ਦੇਖਿਆ, ਪਰ ਲੱਗਿਆ ਸਲਾਮਾਨੋ ਕੁੱਤੇ ਦੇ ਗਲ਼ੇ ਦੇ ਪਟੇ ਵਿਚ ਕੁਝ ਠੀਕ ਕਰ ਰਿਹਾ ਸੀ। ਮੈਂ ਇਸ ਵਾਰੀ ਜ਼ਰਾ ਹੋਰ ਜ਼ੋਰ ਨਾਲ ਪੁੱਛਿਆ। ਬਿਨਾਂ ਪਰਤੇ ਈ, ਉਹ ਖਿਝਦਾ-ਕ੍ਰਿਝਦਾ ਹੋਇਆ ਬੁੜਬੁੜਾਇਆ, “ਸਾਲਾ, ਕੰਬਖ਼ਤ...ਹਮੇਸ਼ਾ ਵਿਚਕਾਰ ਲੱਤ ਆੜਾਉਂਦਾ ਏ।” ਉਸ ਪਿੱਛੋਂ ਜਿਵੇਂ ਈ ਉਸਨੇ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ, ਕੁੱਤਾ ਸਾਰਾ ਜ਼ੋਰ ਲਾ ਕੇ ਪਿੱਛੇ ਖਿੱਚਣ ਲੱਗਾ, ਤੇ ਫਰਸ਼ 'ਤੇ ਪਸਰ ਗਿਆ। ਹੁਣ ਬੁੱਢੇ ਨੂੰ ਕੁੱਤੇ ਦੀ ਜ਼ੰਜੀਰ ਫੜ੍ਹ ਕੇ ਉਸਨੂੰ ਇਕ-ਇਕ ਪੌੜੀ ਉੱਤੇ ਖਿੱਚਣਾ, ਚੜ੍ਹਾਉਣਾ ਪਿਆ।
ਉਸੇ ਸਮੇਂ ਸਾਡੀ ਮੰਜ਼ਿਲ 'ਤੇ ਰਹਿਣ ਵਾਲਾ ਇਕ ਹੋਰ ਆਦਮੀ ਵੀ ਸੜਕ ਵਾਲੇ ਪਾਸਿਓਂ ਅੰਦਰ ਆਇਆ। ਉਸ ਬਾਰੇ ਇੱਥੇ ਆਮ ਧਾਰਨਾ ਏ ਕਿ ਔਰਤਾਂ ਦਾ ਦਲਾਲ ਏ ਉਹ। ਪਰ ਉਸਨੂੰ ਪੁੱਛੋ ਕਿ ਕੀ ਕੰਮ ਕਰਦੇ ਓਂ, ਤਾਂ ਦਸਦਾ ਏ ਕਿ ਉਹ ਮਾਲਗੋਦਾਮ ਵਿਚ ਨੌਕਰ ਏ। ਹਾਂ, ਇਹ ਜ਼ਰੂਰ ਏ ਕਿ ਆਪਣੀ ਸੜਕ 'ਤੇ ਇਸਨੂੰ ਬਹੁਤੇ ਲੋਕ ਨਹੀਂ ਜਾਣਦੇ। ਮੇਰੇ ਨਾਲ ਅਕਸਰ ਇਸਦੀ ਦੁਆ-ਸਲਾਮ ਹੋ ਜਾਂਦੀ ਏ। ਮੈਂ ਈ ਇਕ ਅਜਿਹਾ ਆਦਮੀ ਹਾਂ ਜਿਹੜਾ ਧਿਆਨ ਨਾਲ ਇਸ ਦੀਆਂ ਗੱਲਾਂ ਸੁਣ ਲੈਂਦਾ ਹਾਂ, ਸੋ ਕਦੀ-ਕਦੀ ਇਕ-ਅੱਧੀ ਗੱਲ ਕਰਨ ਲਈ ਮੇਰੇ ਕਮਰੇ ਵਿਚ ਵੀ ਆ ਜਾਂਦਾ ਏ, ਤੇ ਸੱਚ ਪੁੱਛੋਂ ਤਾਂ ਮੈਨੂੰ ਇਸ ਦੀਆਂ ਗੱਲਾਂ ਕਾਫ਼ੀ ਰੌਚਕ ਲੱਗਦੀਆਂ ਨੇ। ਸ਼ਾਇਦ ਇਸੇ ਲਈ ਮੈਨੂੰ ਇਸ ਤੋਂ ਕੰਨੀ ਬਚਾਉਣ ਦਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ। ਨਾਂ ਏਂ, ਸਿੰਤੇ—ਰੇਮੰਡ ਸਿੰਤੇ। ਗਠੀਲਾ ਸਰੀਰ, ਮਧਰਾ ਕੱਦ, ਮੁੱਕੇਬਾਜ਼ਾਂ ਵਰਗੀ ਨੱਕ ਤੇ ਹਮੇਸ਼ਾ ਚੁਸਤ-ਦਰੁਸਤ ਕੱਪੜਿਆਂ ਵਿਚ ਲੈਸ। ਇਕ ਵਾਰੀ ਸਲਾਮਾਨੋ ਨੂੰ ਲੈ ਕੇ ਉਸਨੇ ਵੀ ਮੈਨੂੰ ਕਿਹਾ ਸੀ, “ਬੇਸ਼ਰਮੀ ਦੀ ਹੱਦ ਏ।” ਫੇਰ ਪੁੱਛਿਆ ਸੀ, “ਜਿਸ ਢੰਗ ਨਾਲ ਇਹ ਬੁੱਢਾ ਕੁੱਤੇ ਨਾਲ ਪੇਸ਼ ਆਉਂਦਾ ਏ, ਇਸ ਤੋਂ ਤੁਹਾਨੂੰ ਨਫ਼ਰਤ ਤੇ ਚਿੜਚਿੜਾਹਟ ਨਈਂ ਹੁੰਦੀ?” ਮੈਂ ਜਵਾਬ ਦਿੱਤਾ, “ਨਈਂ ਬਈ।”
ਅਸੀਂ ਦੋਵਾਂ ਨੇ—ਸਿੰਤੇ ਨੇ ਤੇ ਮੈਂ—ਨਾਲੋ-ਨਾਲ ਪੌੜੀਆਂ ਚੜ੍ਹੀਆਂ। ਮੈਂ ਆਪਣੇ ਕਮਰੇ ਵੱਲ ਮੁੜਨ ਲੱਗਾ ਤਾਂ ਬੋਲਿਆ, “ਦੇਖੋ, ਅੱਜ ਤੁਸੀਂ ਖਾਣਾ ਮੇਰੇ ਨਾਲ ਈ ਖਾਓਂ ਤਾਂ ਕੈਸਾ ਰਹੇ? ਹਲਵਾ ਤੇ ਸ਼ਰਾਬ ਐ ਆਪਣੇ ਘਰ ਅੱਜ।”
ਸੋਚਿਆ, ਚਲੋ ਆਪਣਾ ਖਾਣਾ ਬਣਾਉਣ ਤੋਂ ਜਾਨ ਛੁੱਟੀ। ਕਿਹਾ, “ਬਹੁਤ-ਬਹੁਤ ਸ਼ੁਕਰੀਆ”
ਕਮਰਾ ਉਸਦੇ ਕੋਲ ਵੀ ਇਕ ਈ ਏ। ਬਿਨਾਂ ਜੰਗਲੇ ਵਾਲੀ ਛੋਟੀ-ਜਿਹੀ ਰਸੋਈ ਏ। ਦੇਖਿਆ, ਪਲੰਘ ਉਤਲੀ ਟਾਂਡ 'ਤੇ ਗੁਲਾਬੀ ਤੇ ਸਫੇਦ ਪਲਸਤਰ ਦੀ ਬਣੀ ਦੇਵਦੂਤ ਦੀ ਮੂਰਤੀ ਰੱਖੀ ਹੋਈ ਏ। ਸਾਹਮਣੇ ਵਾਲੀ ਕੰਧ 'ਤੇ ਨਾਮੀ ਖਿਡਾਰੀਆਂ ਤੇ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਮੇਖਾਂ ਨਾਲ ਠੋਕੀਆਂ ਹੋਈਆਂ ਨੇ। ਬਿਸਤਰਾ ਵਿਛਾਇਆ ਨਹੀਂ ਸੀ ਹੋਇਆ ਤੇ ਕਮਰੇ ਵਿਚ ਚਾਰੇ-ਪਾਸੇ ਗੰਦਗੀ ਸੀ। ਵੜਦਿਆਂ ਈ ਉਸਨੇ ਜਾ ਕੇ ਮੋਮਬੱਤੀ ਵਾਲਾ ਲੈਂਪ ਜਗਾ ਦਿੱਤਾ। ਫੇਰ ਜੇਬ ਵਿਚ ਹੱਥ ਪਾ ਕੇ ਕੱਪੜੇ ਦੀ ਚਿੱਕੜ ਹੋਈ ਪੱਟੀ ਕੱਢੀ ਤੇ ਉਸਨੂੰ ਸਿੱਧੇ ਹੱਥ 'ਤੇ ਲਪੇਟ ਲਿਆ। ਮੈਂ ਪੁੱਛਿਆ, “ਕੋਈ ਤਕਲੀਫ਼ ਏ?” ਬੋਲਿਆ, “ਇਕ ਆਦਮੀ ਨੇ ਬੜਾ ਤੰਗ ਕੀਤਾ ਹੋਇਆ ਸੀ, ਸੋ ਉਸੇ ਨਾਲ ਜ਼ਰਾ ਹੱਥੋਪਈ ਹੋ ਗਈ।”
ਦੱਸਣ ਲੱਗਿਆ, “ਮੁਸੀਬਤ ਮੁੱਲ ਲੈਂਦਾ ਫਿਰਾਂ, ਮੈਂ ਅਜਿਹਾ ਆਦਮੀ ਨਈਂ...ਹਾਂ, ਇਹ ਹੋਰ ਗੱਲ ਏ ਕਿ ਗੁੱਸਾ ਜ਼ਰਾ ਜਲਦੀ ਆ ਜਾਂਦਾ ਏ। ਉਸ ਆਦਮੀ ਨੇ ਲਲਕਰਾ ਮਾਰਿਆ 'ਮਰਦ ਬੱਚਾ ਏਂ ਤਾਂ ਟਰਾਮ 'ਚੋਂ ਜ਼ਰਾ ਹੇਠਾਂ ਉੱਤਰ।' ਮੈਂ ਕਿਹਾ, 'ਬਕ-ਬਕ ਨਾ ਕਰ। ਮੈਂ ਤੇਰਾ ਕੁਛ ਨਈਂ ਵਿਗਾੜਿਆ।' ਇਸ 'ਤੇ ਉਹ ਬੋਲਿਆ, ਪਤਾ ਈ ਕੀ—'ਸਾਲੇ 'ਚ ਹਿੰਮਤ ਈ ਨਈਂ।' ਮੈਂ ਕਿਹਾ, 'ਜ਼ਬਾਨ ਬੰਦ ਕਰਦਾ ਏਂ ਜਾਂ ਆ ਕੇ ਮੈਂ ਬੰਦ ਕਰਾਂ?' ਤਾਂ ਜਵਾਬ ਦੇਂਦਾ ਏ, 'ਜ਼ਰਾ ਕਰਕੇ ਤਾਂ ਦੇਖ...' ਮੇਰੇ 'ਚ ਏਨੀ ਤਾਬ ਕਿੱਥੇ? ਝੱਟ ਮੁੱਕਾ ਉਸਦੇ ਮੂੰਹ 'ਤੇ ਜੜ ਦਿੱਤਾ ਤਾਂ ਚਾਰੇ ਖਾਨੇ ਚਿਤ! ਮੈਂ ਕੁਝ ਚਿਰ ਰੁਕਿਆ ਕਿ ਹੁਣ ਉੱਠੇ, ਹੁਣ ਉੱਠੇ। ਫੇਰ ਉਸਨੂੰ ਸਹਾਰਾ ਦੇ ਕੇ ਖੜ੍ਹਾ ਕਰਨ ਲੱਗਾ। ਪਰ ਜਦੋਂ ਕੋਈ ਹੋਰ ਵੱਸ ਨਾ ਚੱਲਿਆ ਤਾਂ ਜਨਾਬ ਨੇ ਪਏ-ਪਏ ਈ ਲੱਤ ਚਲਾ ਦਿੱਤੀ। ਹੁਣ ਮੈਂ ਗੋਡਿਆਂ ਹੇਠ ਲੈ ਲਿਆ ਤੇ ਦੋ-ਚਾਰ ਥੱਪੜ ਜੜ ਦਿੱਤੇ ਕਿ ਸੂਰ ਵਾਂਗ ਖ਼ੂਨ ਥੁੱਕਣ ਲੱਗਾ। ਮੈਂ ਪੁੱਛਿਆ, 'ਕਿਓਂ, ਹੁਣ ਤਾਂ ਤਸੱਲੀ ਹੋ-ਗੀ ਨਾ?' ਬੋਲਿਆ, 'ਹਾਂ-ਜੀ—'”
ਗੱਲਾਂ ਕਰਦਾ-ਹੋਇਆ ਸਿੰਤੇ ਆਪਣੀ ਪੱਟੀ ਠੀਕ ਕਰਦਾ ਰਿਹਾ ਸੀ। ਮੈਂ ਬਿਸਤਰੇ 'ਤੇ ਬੈਠ ਗਿਆ ਸੀ।
ਉਹ ਬੋਲਿਆ, “ਸੋ ਭਾਈ ਸਾਹਬ, ਤੁਸੀਂ ਓਂ ਦੱਸੋ, ਇਸ 'ਚ ਮੇਰਾ ਕੀ ਕਸੂਰ? ਉਹ ਤਾਂ ਖ਼ੁਦ ਚਾਹੁੰਦਾ ਸੀ। ਮੈਂ ਠੀਕ ਕਹਿ ਰਿਹਾਂ ਨਾ?”
ਮੈਂ ਸਿਰ ਹਿਲਾਅ ਕੇ ਹਾਮੀਂ ਭਰੀ। ਉਹ ਬੋਲਦਾ ਰਿਹਾ, “ਪਰ ਗੱਲ ਇਹ ਐ ਕਿ ਮੈਂ ਇਕ ਦੂਜੇ ਮਾਮਲੇ 'ਚ ਤੁਹਾਡੀ ਸਲਾਹ ਚਾਹੁੰਦਾ ਆਂ। ਉਂਜ ਉਸਦਾ ਸੰਬੰਧ ਇਸ ਗੱਲ ਨਾਲ ਵੀ ਐ। ਤੁਸੀਂ ਮੈਥੋਂ ਜ਼ਿਆਦਾ ਦੁਨੀਆਂ ਦੇਖੀ ਐ। ਮੈਨੂੰ ਪਤਾ ਏ, ਤੁਸੀਂ ਮੇਰੀ ਮਦਦ ਕਰ ਸਕਦੇ ਓਂ। ਜੇ ਤੁਸੀਂ ਏਨਾ ਕਰ ਦਿਓਂ ਤਾਂ ਮੈਂ ਜ਼ਿੰਦਗੀ ਭਰ ਤੁਹਾਡਾ ਸਾਥ ਦਿਆਂਗਾ। ਭਾਈ ਸਾਹਬ ਮੈਂ ਕਦੀ ਕਿਸੇ ਦਾ ਅਹਿਸਾਨ ਨਈਂ ਭੁੱਲਦਾ।”
ਜਦੋਂ ਇਸ 'ਤੇ ਵੀ ਮੈਂ ਕੁਝ ਨਾ ਬੋਲਿਆ ਤਾਂ ਉਸਨੇ ਪੁੱਛਿਆ, “ਤੁਸੀਂ ਚਾਹੋਂ ਤਾਂ ਅਸੀਂ ਲੋਕ ਪੱਕੇ ਦੋਸਤ ਬਣ ਜਾਈਏ...?” ਮੈਂ ਕਿਹਾ, “ਮੈਨੂੰ ਕੀ ਇਤਰਾਜ਼ ਏ...” ਲੱਗਿਆ, ਇਸ ਨਾਲ ਉਸਦੀ ਤਸੱਲੀ ਹੋ ਗਈ। ਉਸਨੇ ਭੁੰਨਿਆਂ ਹੋਇਆ ਪੁੜਿੰਗ ਕੱਢ ਕੇ ਭਾਂਡੇ ਵਿਚ ਗਰਮ ਕੀਤਾ ਤੇ ਸ਼ਰਾਬ ਦੀਆਂ ਦੋ ਬੋਤਲਾਂ ਮੇਜ਼ 'ਤੇ ਰੱਖ ਕੇ ਖਾਣਾ ਸਜ਼ਾ ਦਿੱਤਾ। ਇਸ ਦੌਰਾਨ ਉਹ ਬਿਲਕੁਲ ਚੁੱਪ ਰਿਹਾ।
ਜਦੋਂ ਅਸੀਂ ਖਾਣ ਬੈਠੇ ਤਾਂ ਉਸਨੇ ਆਪਣੀ ਰਾਮ-ਕਹਾਣੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿਚ ਜ਼ਰਾ-ਜਿਹੀ ਝਿਜਕ ਸੀ, ਬਾਅਦ ਵਿਚ ਨਹੀਂ ਰਹੀ।
“ਇਹ ਸਾਰਾ ਝਗੜਾ ਵੀ ਉਸੇ ਇਕ ਕੁੜੀ ਦੇ ਪਿੱਛੇ ਐ। ਗੱਲ ਇਹ ਐ ਕਿ ਕਾਫ਼ੀ ਦਿਨਾਂ ਤੋਂ ਮੇਰੇ ਤੇ ਉਸ ਕੁੜੀ ਦੇ ਸਰੀਰਕ ਸੰਬੰਧ ਨੇ। ਤੇ ਤੁਹਾਥੋਂ ਕੀ ਲੁਕੌਣਾ ਬਈ ਮੈਂ ਉਸਨੂੰ ਰਖੈਲ ਵਾਂਗ ਰੱਖ ਲਿਆ ਸੀ। ਚੰਗੀ-ਖਾਸੀ ਰਕਮ ਮੈਨੂੰ ਉਸ 'ਤੇ ਖਰਚ ਕਰਨੀ ਪਈ ਸੀ। ਜਿਸ ਆਦਮੀ ਦੀ ਮੈਂ ਠੁਕਾਈ ਕੀਤੀ ਐ, ਉਹ ਉਸਦਾ ਭਰਾ ਐ।”
ਜਦੋਂ ਦੇਖਿਆ ਕਿ ਮੈਂ ਕੁਝ ਨਹੀਂ ਬੋਲ ਰਿਹਾ ਤਾਂ ਉਹ ਦੱਸਣ ਲੱਗਾ ਕਿ ਉਸਨੂੰ ਪਤਾ ਏ ਕਿ ਆਂਢ-ਗੁਆਂਢ ਦੇ ਲੋਕ ਸਾਲੇ ਉਸ ਬਾਰੇ ਕੀ-ਕੀ ਗੱਲਾਂ ਕਹਿੰਦੇ ਨੇ। ਪਰ ਇਹ ਸੋਲਾਂ ਆਨੇ ਬਕਵਾਸ ਨੇ। ਹੋਰਾਂ ਵਾਂਗ ਉਸਦੇ ਵੀ ਆਪਣੇ ਸਿਧਾਂਤ ਨੇ। ਉਹ ਵੀ ਮਾਲਗੁਦਾਮ ਵਿਚ ਕੰਮ ਕਰਦਾ ਏ।
“ਹਾਂ, ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ...” ਉਹ ਕਹਿਣ ਲੱਗਾ, “ਇਕ ਦਿਨ ਮੈਨੂੰ ਪਤਾ ਲੱਗਿਆ ਕਿ ਕੰਬਖ਼ਤ ਮੇਰੇ ਨਾਲ ਦਗਾ ਕਰ ਰਹੀ ਐ। ਜੇ ਫਿਜ਼ੁਲਖਰਚੀ ਨਾ ਕਰੇ ਤਾਂ ਐਨਾ ਪੈਸਾ ਮੈਂ ਉਸਨੂੰ ਦੇ ਦਿੰਦਾ ਸੀ ਕਿ ਆਸਾਨੀ ਨਾਲ ਆਪਣਾ ਕੰਮ ਚਲਾਉਂਦੀ ਰਹੇ। ਤਿੰਨ ਸੌ ਫਰਾਂਕ ਕਮਰੇ ਦਾ ਕਿਰਾਇਆ ਦੇਂਦਾ ਸੀ, ਛੇ ਸੌ ਫਰਾਂਕ ਉਸਦੇ ਖਾਣ-ਪੀਣ ਲਈ ਦੇਂਦਾ ਸੀ। ਫੇਰ ਕਦੀ ਜੁਰਾਬਾਂ-ਦਸਤਾਨੇ—ਕਦੀ ਕੁਛ, ਕਦੀ ਕੁਛ—ਦੁਨੀਆਂ ਭਰ ਦੇ ਤੋਹਫ਼ੇ ਤਾਂ ਸਭ ਚਲਦੇ ਈ ਰਹਿੰਦੇ ਸੀ। ਇਕ ਤਰ੍ਹਾਂ ਨਾਲ ਹਜ਼ਾਰ ਫਰਾਂਕ ਮਹੀਨੇ ਦਾ ਚੱਕਰ ਸੀ। ਪਰ ਨਵਾਬਜ਼ਾਦੀ ਦਾ ਉਸ ਨਾਲ ਪੂਰਾ ਨਈਂ ਸੀ ਪੈਂਦਾ। ਹਮੇਸ਼ਾ ਉਹੀ ਰੋਣਾ ਕਿ ਜੋ ਮੈਂ ਦਿੰਦਾ ਆਂ ਉਸ ਵਿਚ ਖਰਚਾ ਨਈਂ ਚੱਲਦਾ। ਸੋ ਭਾਈ ਸਾਹਬ ਇਕ ਦਿਨ ਮੈਂ ਤਾਂ ਕਹਿ ਦਿੱਤਾ 'ਸੁਣ, ਦਿਨ ਦੇ ਕੁਛ ਘੰਟੇ ਕੋਈ ਕੰਮ-ਕਾਜ ਕਿਉਂ ਨਈਂ ਕਰ ਲੈਂਦੀ? ਇਸ ਨਾਲ ਮੈਂ ਜ਼ਰਾ ਸੁਖਾਲਾ ਹੋ ਜਾਵਾਂਗਾ। ਦੇਖ, ਇਸ ਮਹੀਨੇ ਮੈਂ ਤੈਨੂੰ ਇਕ ਨਵਾਂ ਫਰਾਕ ਲਿਆ ਕੇ ਦਿੱਤਾ ਐ। ਤੇਰਾ ਕਿਰਾਇਆ ਦੇਂਦਾ ਆਂ, ਖਾਣ-ਪੀਣ ਦੇ ਵੀਹ ਫਰਾਂਕ ਰੋਜ਼ ਦੇ ਦੇਂਦਾ ਆਂ। ਪਰ ਤੂੰ ਤਾਂ ਕੈਫੇ, ਰੇਸਤਰਾਂ ਵਿਚ ਜਾ-ਜਾ ਕੇ ਪਤਾ ਨਈਂ ਕਿਹਨਾਂ-ਕਿਹਨਾਂ ਕੁੜੀਆਂ 'ਚ ਪੈਸਾ ਫੂਕਦੀ ਰਹਿੰਦੀ ਐਂ, ਉਹਨਾਂ ਨੂੰ ਦੁਨੀਆਂ ਭਰ ਦੀ ਚਾਹ-ਕਾਫ਼ੀ ਪਿਆਊਣੀਂ ਐਂ। ਪੈਸਾ ਤਾਂ ਸਾਰਾ ਮੇਰੀ ਓ ਜੇਬ 'ਚੋਂ ਜਾਂਦਾ ਐ ਨਾ? ਮੈਂ ਤਾਂ ਤੇਰੇ ਨਾਲ ਸ਼ਰਾਫ਼ਤ ਦਾ ਵਿਹਾਰ ਕਰਦਾਂ, ਤੇ ਤੂੰ ਐਂ ਕਿ ਇਹ ਬਦਲਾ ਦੇਨੀਂ ਏਂ।' ਪਰ ਕੰਮ ਕਰਨ ਵਾਲੀ ਗੱਲ ਉਹ ਭਲਾਂ ਕਿਉਂ ਸੁਣਨ ਲੱਗੀ? ਆਪਣੀਆਂ ਈ ਮਾਰੀ ਗਈ, 'ਤੂੰ ਜੋ ਕੁਛ ਦੇਨਾਂ ਏਂ, ਉਸ ਨਾਲ ਮੇਰਾ ਕੰਮ ਨਈਂ ਚੱਲਦਾ।' ਫੇਰ ਇਕ ਦਿਨ ਪਤਾ ਲੱਗਿਆ ਕਿ ਮੇਰੇ ਨਾਲ ਚਾਲ ਖੇਡ ਰਹੀ ਐ।”
ਅੱਗੇ ਸਿੰਤੇ ਮੈਨੂੰ ਦੱਸਦਾ ਰਿਹਾ ਕਿ ਕਿਵੇਂ ਕੁੜੀ ਦੇ ਬਟੂਏ ਵਿਚੋਂ ਉਸਨੂੰ ਲਾਟਰੀ ਦਾ ਇਕ ਟਿਕਟ ਮਿਲਿਆ। ਜਦੋਂ ਪੁੱਛਿਆ ਕਿ ਇਹ ਖ਼ਰੀਦਨ ਲਈ ਪੈਸੇ ਕਿੱਥੋਂ ਆਏ? ਤਾਂ ਦੱਸ ਈ ਨਹੀਂ ਸਕੀ। ਇਕ ਦਿਨ ਫੇਰ ਸਿੰਤੇ ਨੂੰ ਗਹਿਣੇ-ਰੱਖੇ ਦੋ ਕੰਗਣਾਂ ਦੀ ਰਸੀਦ ਮਿਲੀ। ਇਹਨਾਂ ਕੰਗਣਾਂ ਦੇ ਪਹਿਲਾਂ ਕਦੀ ਉਸਨੇ ਦਰਸ਼ਨ ਈ ਨਹੀਂ ਸਨ ਕੀਤੇ।
“ਤਾਂ ਹੁਣ ਜਾ ਕੇ ਸਮਝ 'ਚ ਅਇਆ ਕਿ ਮੇਰੇ ਨਾਲ ਚਾਲ ਖੇਡੀ ਜਾ ਰਹੀ ਐ। ਪਹਿਲਾਂ ਤਾਂ ਮੈਂ ਉਸਦੀ ਚੰਗੀ ਤਰ੍ਹਾਂ ਖੜਕਾਈ ਕੀਤੀ, ਖ਼ੂਬ ਖਰੀਆਂ-ਖੋਟੀਆਂ ਸੁਣਾਈਆਂ, ਸਾਫ਼ ਕਹਿ ਦਿੱਤਾ ਕਿ 'ਤੈਨੂੰ ਤਾਂ ਬਸ, ਇਕੋ ਚੀਜ਼ ਚਾਹੀਦਾ ਐ ਕਿ ਕਦੋਂ ਮੌਕਾ ਮਿਲੇ ਤੇ ਕਦੋਂ ਕਿਸੇ ਨਾਲ ਮੂੰਹ ਕਾਲਾ ਕਰੇਂ।' ਭਾਈ ਸਾਹਬ, ਮੈਂ ਤਾਂ ਉਸਦੇ ਮੂੰਹ 'ਤੇ ਸੁਣਾ ਦਿੱਤਾ, 'ਮੇਰੀ ਜਾਨ, ਇਕ ਦਿਨ ਆਪਣੇ ਕੀਤੇ 'ਤੇ ਪਛਤਾਵੇਂਗੀ ਤੇ ਮੇਰੇ ਕੋਲ ਵਾਪਸ ਆਉਂਣ ਲਈ ਰੋਵੇਂਗੀ। ਸੜਕਾਂ 'ਤੇ ਜੁੱਤੀਆਂ ਘਸਾਉਣ ਵਾਲੀਆਂ ਇਹ ਜਿੰਨੀਆਂ ਕੁੜੀਆਂ ਐਂ ਨਾ, ਅੱਜ ਉਹਨਾਂ ਸਾਰੀਆਂ ਨੂੰ ਤੇਰੀ ਕਿਸਮਤ 'ਤੇ ਰਸ਼ਕ ਐ ਕਿ ਮੇਰੇ ਵਰਗੇ ਆਦਮੀ ਨੇ ਤੈਨੂੰ ਰੱਖਿਆ ਹੋਇਐ...।'”
ਇਸ ਪਿੱਛੋਂ ਸਿੰਤੇ ਨੇ ਉਸਦੀ ਏਨੀ ਤਕੜੀ ਮੁਰੰਮਤ ਕੀਤੀ ਕਿ ਖ਼ੂਨ ਥੁੱਕਣ ਲੱਗ ਪਈ। “ਇਸ ਤੋਂ ਪਹਿਲਾਂ ਉਸਨੂੰ ਕਦੀ ਨਈਂ ਸੀ ਮਾਰਿਆ। ਓ ਬਈ, ਉਂਜ ਈ ਕਦੀ ਪਿਆਰ ਨਾਲ ਇਕ ਅੱਧੀ ਲਾ ਦਿੱਤੀ ਹੋਵੇ ਤਾਂ ਕੀ ਹੋਇਆ? ਤੇ ਇਸ 'ਤੇ ਜਦੋਂ ਰੋਂਦੀ-ਚੀਕਦੀ ਸੀ ਤਾਂ ਉੱਠ ਕੇ ਖਿੜਕੀ ਬੰਦ ਕਰ ਲੈਂਦਾ ਸਾਂ। ਬਾਅਦ ਵਿਚ ਸਭ ਠੀਕ-ਠਾਕ ਹੋ ਜਾਂਦਾ ਸੀ। ਪਰ ਇਸ ਵਾਰੀ ਤਾਂ ਮੈਂ ਮਾਮਲਾ ਈ ਜੜੋਂ ਉਖਾੜ ਦਿੱਤਾ। ਬਸ, ਕਸਕ ਇਹੋ ਰਹਿ ਗਈ ਕਿ ਚੰਗੀ ਤਰ੍ਹਾਂ ਦਿਮਾਗ਼ ਦਰੁਸਤ ਨਈਂ ਕਰ ਸਕਿਆ। ਮੇਰਾ ਮਤਲਬ ਸਮਝੇ ਨਾ?”
ਹੁਣ ਉਸਨੇ ਦੱਸਿਆ ਕਿ ਬਸ ਇਸੇ ਬਾਰੇ ਉਸਨੂੰ ਸਲਾਹ ਚਾਹੀਦੀ ਏ। ਲੈਂਪ ਧੂੰਆਂ ਛੱਡ ਰਿਹਾ ਸੀ। ਕਮਰੇ ਵਿਚ ਇਸ ਸਿਰੇ ਤੋਂ ਲੈ ਕੇ ਉਸ ਸਿਰੇ ਤੀਕ ਚਹਿਲ-ਕਦਮੀ ਕਰਨਾ ਛੱਡ ਕੇ ਉਸਨੇ ਬੱਤੀ ਨੀਵੀਂ ਕਰ ਦਿੱਤੀ। ਮੈਂ ਬਿਨਾਂ ਕੁਝ ਬੋਲੇ ਉਸਦੀਆਂ ਗੱਲਾਂ ਸੁਣਦਾ ਰਿਹਾ। ਪੂਰੀ ਦੀ ਪੂਰੀ ਬੋਤਲ ਮੈਂ ਇਕੱਲੇ ਨੇ ਈ ਚੜ੍ਹਾਈ ਸੀ, ਸਿਰ ਭੌਂ ਰਿਹਾ ਸੀ। ਆਪਣੀਆਂ ਸਾਰੀਆਂ ਸਿਗਰਟਾਂ ਫੂਕ ਚੁੱਕਾ ਸੀ ਤੇ ਹੁਣ ਰੇਮੰਡ ਦੀਆਂ ਸਿਗਰਟਾਂ ਉੱਤੇ ਧਾਵਾ ਬੋਲਿਆ ਹੋਇਆ ਸੀ। ਹੇਠਾਂ, ਦੇਰ ਨਾਲ ਆਉਣ ਵਾਲੀ ਇਕ ਅੱਧੀ ਟਰਾਮ ਲੰਘੀ ਤੇ ਉਸਦੇ ਨਾਲ-ਨਾਲ ਸੜਕ ਦੀ ਆਖ਼ਰੀ ਚਹਿਲ-ਪਹਿਲ ਵੀ ਖਤਮ ਹੋ ਗਈ। ਰੇਮੰਡ ਬੋਲੀ ਜਾ ਰਿਹਾ ਸੀ। ਉਸਨੂੰ ਸਭ ਤੋਂ ਵੱਧ ਖਿਝ ਇਸ ਗੱਲ ਦੀ ਸੀ ਕਿ ਦਿਲ ਵਿਚ ਉਸ ਕੰਬਖ਼ਤ ਕੁੜੀ ਨਾਲ 'ਲਗਾਅ' ਵੀ ਸੀ। ਪਰ ਇਸ ਵਾਰੀ ਠਾਣ ਲਿਆ ਸੀ ਕਿ ਸਬਕ ਸਿਖਾ ਕੇ ਈ ਰਹੇਗਾ।
ਉਸਨੇ ਕਿਹਾ, “ਪਹਿਲਾਂ ਤਾਂ ਦਿਮਾਗ਼ 'ਚ ਆਇਆ ਕਿ ਉਸਨੂੰ ਕਿਸੇ ਹੋਟਲ 'ਚ ਲੈ ਜਾਵਾਂ ਤੇ ਉੱਥੇ ਜਾ ਕੇ ਸਪੈਸ਼ਲ ਪੁਲਸ ਨੂੰ ਬੁਲਾ ਲਵਾਂ। ਫੇਰ ਜਿਵੇਂ ਵੀ ਹੋਵੇ ਪੁਲਸ ਵਾਲਿਆਂ ਨੂੰ ਕਹਿ ਸੁਣ ਕੇ ਉਸਦਾ ਨਾਂ 'ਬਾਜ਼ਾਰੂ-ਰੰਡੀਆਂ' ਵਿਚ ਦਰਜ਼ ਕਰਵਾ ਦਿਆਂ। ਬਸ, ਏਨੇ ਨਾਲ ਉਹਦੀ ਅਕਲ ਠਿਕਾਣੇ ਆ ਜਾਵੇਗੀ।” ਬਾਅਦ ਵਿਚ ਉਸਨੇ ਆਪਣੇ ਕੁਝ ਅਜਿਹੇ ਦੋਸਤਾਂ ਦੀ ਸਲਾਹ ਲਈ ਸੀ, ਜਿਹਨਾਂ ਦਾ ਪੇਸ਼ਾ ਈ ਗੁੰਡਾਗਰਦੀ ਦਾ ਸੀ। ਉਹ ਲੋਕ ਆਪਣੇ ਦੁਨੀਆਂ ਭਰ ਦੇ ਕੰਮ ਕੱਢਣ ਲਈ ਰੰਡੀਆਂ ਰੱਖਦੇ ਸਨ। ਪਰ ਉਹ ਵੀ ਕੋਈ ਕਾਰਗਾਰ ਰਸਤਾ ਨਹੀਂ ਸੀ ਕੱਢ ਸਕੇ। ਖ਼ੈਰ ਮੈਂ ਕਿਹਾ, “ਇਸ ਦੇ ਸਿਵਾਏ ਉਸਦਾ ਦਿਮਾਗ਼ ਦਰੁਸਤ ਕਰਨ ਦਾ ਕੀ ਹੋਰ ਕੋਈ ਤਰੀਕਾ ਨਈਂ? ਬਈ ਇਕ ਕੁੜੀ ਨੇ ਮੇਰੇ ਨਾਲ ਦਗਾ ਕੀਤਾ ਏ ਤੇ ਤੁਸੀਂ ਲੋਕ ਓਂ ਕਿ ਉਸਨੂੰ ਸਬਕ ਸਿਖਾਉਣ ਦਾ ਕੋਈ ਤਰੀਕਾ ਈ ਨਈਂ ਜਾਣਦੇ...ਲਾਹਨਤ ਐ...ਤੁਹਾਡੇ ਅਜਿਹੇ ਪੇਸ਼ੇ 'ਚ ਰਹਿਣ 'ਤੇ...।” ਜਦੋਂ ਸਿੰਤੇ ਨੇ ਜਾ ਕੇ ਇਹ ਗੱਲ ਉਹਨਾਂ ਨੂੰ ਕਹੀ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਤੂੰ ਉਸ ਉੱਤੇ 'ਬਾਜ਼ਾਰੂ ਰੰਡੀ' ਹੋਣ ਦਾ ਠੱਪਾ ਲਾ ਦੇ। ਆਪਣੇ-ਆਪ ਠੀਕ ਹੋ ਜਾਵੇਗੀ। ਪਰ ਸਿੰਤੇ ਨੂੰ ਇਹ ਵੀ ਮੰਜੂਰ ਨਹੀਂ ਸੀ। ਹੁਣ ਸਮੱਸਿਆ ਇਹ ਸੀ ਕਿ ਸੋਚ-ਵਿਚਾਰ ਕੇ ਕਿਹੜਾ ਰਸਤਾ ਕੱਢਿਆ ਜਾਵੇ। “ਅੱਛਾ ਪਹਿਲੀ ਗੱਲ ਤਾਂ ਇਹ ਕਿ ਮੈਂ ਤੁਹਾਥੋਂ ਇਕ ਹੋਰ ਈ ਚੀਜ਼ ਚਾਹੁਣਾ। ਚਲੋ ਖ਼ੈਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਮੇਰੀ ਇਸ ਕਹਾਣੀ 'ਤੇ ਕੁਲ ਮਿਲਾ ਕੇ ਤੁਹਾਡੀ ਕੀ ਰਾਏ ਐ?”
ਮੈਂ ਕਿਹਾ, “ਰਾਏ-ਵਾਏ ਤਾਂ ਕੁਛ ਨਈਂ। ਹਾਂ, ਕਹਾਣੀ ਮੈਨੂੰ ਦਿਲਚਸਪ ਲੱਗੀ ਏ।”
“ਕੀ ਤੁਹਾਡਾ ਵੀ ਇਹੋ ਖ਼ਿਆਲ ਏ ਕਿ ਕੁੜੀ ਨੇ ਸੱਚਮੁੱਚ ਮੇਰੇ ਨਾਲ ਚਾਲ ਖੇਡੀ ਏ?”
ਮੈਨੂੰ ਮੰਨਣਾ ਪਿਆ ਕਿ ਲੱਗਦਾ ਤਾਂ ਕੁਛ-ਕੁਛ ਇੰਜ ਈ ਏ। ਇਸ 'ਤੇ ਉਸਨੇ ਪੁੱਛਿਆ ਕਿ ਜੇ ਇੰਜ ਏ ਤਾਂ ਕੀ ਮੈਂ ਨਹੀਂ ਮੰਨਦਾ ਕਿ ਸਜ਼ਾ ਮਿਲਣੀ ਚਾਹੀਦੀ ਏ? ਜਾਂ ਮੰਨ ਲਓ, ਮੈਂ ਉਸਦੀ ਥਾਂ ਹੁੰਦਾ ਤਾਂ ਕੀ ਕਰਦਾ? ਮੈਂ ਕਿਹਾ, “ਭਰਾ, ਇਹੋ-ਜਿਹੇ ਮਾਮਲਿਆਂ 'ਚ ਕੌਣ ਕੀ ਕਰ ਬੈਠੇਗਾ, ਇਹਦਾ ਕੋਈ ਥਹੁ ਏ? ਪਰ ਉਹਨੂੰ ਮਜ਼ਾ ਚਖਾਉਣ ਦੀ ਤੇਰੀ ਇੱਛਾ ਨੂੰ ਮੈਂ ਚੰਗੀ ਤਰ੍ਹਾਂ ਸਮਝ ਰਿਹਾ ਆਂ।”
ਮੈਂ ਹੋਰ ਸ਼ਰਾਬ ਢਾਲੀ। ਰੇਮੰਡ ਨੇ ਦੂਜੀ ਸਿਗਰਟ ਲਾ ਲਈ ਤੇ ਆਪਣਾ ਅਗਲਾ ਇਰਾਦਾ ਸਮਝਾਉਂਦਾ ਰਿਹਾ। ਖ਼ੂਬ ਖਰੀਆਂ-ਖੋਟੀਆਂ ਸੁਣਾਉਂਦਾ ਹੋਇਆ ਉਹ ਉਸਨੂੰ ਇਕ ਅਜਿਹੀ ਚੁਭਵੀਂ ਚਿੱਠੀ ਲਿਖਣੀ ਚਾਹੁੰਦਾ ਸੀ ਕਿ ਕੁੜੀ ਸੜ-ਭੁੱਜ ਜਾਵੇ ਤੇ ਨਾਲ ਈ ਉਸਨੂੰ ਆਪਣੀ ਕਰਤੂਤ 'ਤੇ ਪਛਤਾਵਾ ਵੀ ਹੋਵੇ। ਫੇਰ ਜਦੋਂ ਵਾਪਸ ਰੇਮੰਡ ਕੋਲ ਆ ਜਾਵੇ ਤਾਂ ਇਹ ਉਸਨੂੰ ਸੰਭੋਗ ਲਈ ਬਿਸਤਰੇ 'ਤੇ ਲੈ ਜਾਵੇ। ਹੁਣ ਉਸਨੂੰ ਇਹ ਏਨਾ ਉਤੇਜਿਤ ਕਰੇ...ਏਨਾ ਉਤੇਜਿਤ ਕਰੇ ਕਿ ਵਾਸਨਾ ਦੇ ਆਵੇਸ਼ ਵਿਚ ਉਹ ਪਾਗਲ ਹੋ ਜਾਵੇ। ਤੇ ਤਦ ਉੱਠ ਕੇ ਉਸਦੇ ਮੂੰਹ 'ਤੇ ਥੁੱਕ ਦਵੇ ਤੇ ਧੱਕਾ ਮਾਰ ਕੇ ਕਮਰੇ 'ਚੋਂ ਬਾਹਰ ਸੁੱਟ ਦਵੇ। ਮੈਂ ਵੀ ਮੰਨ ਗਿਆ ਕਿ ਸਕੀਮ ਬੁਰੀ ਨਹੀਂ। ਇਸ ਨਾਲ ਜ਼ਰੂਰ ਉਸਦਾ ਦਿਮਾਗ਼ ਦਰੁਸਤ ਹੋ ਜਾਵੇਗਾ।
ਰੇਮੰਡ ਕਹਿਣ ਲੱਗਾ, “ਸਮੱਸਿਆ ਇਹ ਐ ਕਿ ਇਸ ਤਰ੍ਹਾਂ ਦੀ ਚਿੱਠੀ ਲਿਖਣ ਦਾ ਮੇਰਾ ਬੂਤਾ ਨਈਂ। ਇੱਥੇ ਮੈਨੂੰ ਤੁਹਾਡੀ ਮਦਦ ਚਾਹੀਦੀ ਐ।” ਜਵਾਬ ਵਿਚ ਜਦ ਮੈਂ ਕੁਝ ਨਾ ਬੋਲਿਆ ਤਾਂ ਉਸਨੇ ਪੁੱਛਿਆ, “ਹੁਣੇ ਯਕਦਮ ਲਿਖ ਸਕੋਗੇ?” ਮੈਂ ਕਿਹਾ, “ਨਈਂ...ਪਰ ਖ਼ੈਰ, ਲਿਆਓ, ਲਿਖ ਈ ਦਿਆਂ।”
ਉਸਨੇ ਫੁਰਤੀ ਨਾਲ ਗਲਾਸ ਦੀ ਸ਼ਰਾਬ ਮੂੰਹ ਵਿਚ ਉਲੱਦ ਲਈ ਤੇ ਉੱਠ ਖੜ੍ਹਾ ਹੋਇਆ। ਤਸ਼ਤਰੀਆਂ ਤੇ ਜੂਠੇ ਬਚੇ ਪੁਡਿੰਗ ਨੂੰ ਇੱਧਰ-ਉੱਧਰ ਸਰਕਾ ਕੇ ਮੇਜ਼ ਉੱਤੇ ਜਗ੍ਹਾ ਬਣਾਈ। ਮੋਮਜਾਮੇ ਨੂੰ ਚੰਗੀ ਤਰ੍ਹਾਂ ਝਾੜ-ਪੂੰਝ ਕੇ ਮੰਜੇ ਦੇ ਨਾਲ ਵਾਲੀ ਮੇਜ਼ ਦੀ ਦਰਾਜ ਵਿਚੋਂ ਇਕ ਚਾਰਖਾਨਾ ਕਾਗਜ਼ ਕੱਢਿਆ, ਫੇਰ ਇਕ ਲਿਫ਼ਾਫ਼ਾ, ਕਾਠ ਦਾ ਲਾਲ ਹੋਲਡਰ ਤੇ ਲਾਲ ਸਿਆਹੀ ਭਰੀ ਚੌਰਸ ਦਵਾਤ ਲਿਆ ਕੇ ਰੱਖੀ। ਕੁੜੀ ਦਾ ਨਾਂ ਸੁਣਦਿਆਂ ਈ ਮੈਂ ਸਮਝ ਗਿਆ ਕਿ 'ਮੂਰ' (ਹਬਸ਼ੀ) ਜਾਤ ਦੀ ਏ।
ਬਿਨਾਂ ਬਹੁਤਾ ਮੱਥਾ-ਪੱਚੀ ਕੀਤੇ ਜਲਦੀ ਜਲਦੀ ਚਿੱਠੀ ਘਸੀਟ ਦਿੱਤੀ। ਹਾਂ, ਇਹ ਜ਼ਰੂਰ ਚਾਹੁੰਦਾ ਸੀ ਕਿ ਰੇਮੰਡ ਦੀ ਤਸੱਲੀ ਹੋ ਜਾਵੇ। ਆਖ਼ਰ ਉਸਦੀ ਮੰਸ਼ਾ ਪੂਰੀ ਨਾ ਕਰਨ ਦਾ ਕੋਈ ਕਾਰਨ ਵੀ ਨਹੀਂ ਸੀ। ਲਿਖ ਚੁੱਕਾ ਤਾਂ ਪੜ੍ਹ ਕੇ ਸੁਣਾਇਆ। ਉਹ ਸਿਗਰਟ ਦੇ ਸੂਟੇ ਲਾਉਂਦਾ ਹੋਇਆ ਵਿਚ-ਵਿਚ ਸਹਿਮਤੀ ਸੂਚਕ ਸਿਰ ਹਿਲਾਉਂਦਾ ਤੇ ਸੁਣਦਾ ਰਿਹਾ। ਫੇਰ ਬੋਲਿਆ, “ਜ਼ਰਾ ਇਕ ਵਾਰੀ ਫੇਰ ਪੜ੍ਹ ਦਿਓ।” ਲੱਗਿਆ, ਉਹ ਬੜਾ ਖ਼ੁਸ਼ ਹੋ ਗਿਆ ਏ। ਬੱਤੀਸੀ ਦਿਖਾ ਕੇ ਹੱਸਿਆ, “ਹੁਣ ਬਣੀ ਨਾ ਗੱਲ! ਮੈਂ ਤਾਂ ਯਾਰ, ਪਹਿਲਾਂ ਈ ਜਾਣਦਾ ਸੀ ਕਿ ਆਦਮੀ ਸ਼ਕਲ ਤੋਂ ਈ ਅਕਲਮੰਦ ਲੱਗਦੈ, ਤੂੰ ਤਾਂ ਸਭ ਕੁਝ ਜਾਣਦੈਂ...ਪੂਰਾ ਹੰਢਿਆ ਵਿਆ ਐਂ।”
ਇਸ 'ਯਾਰ' ਸ਼ਬਦ 'ਤੇ ਤਾਂ ਮੇਰਾ ਧਿਆਨ ਈ ਨਹੀਂ ਸੀ ਗਿਆ, ਪਰ ਜਦੋਂ ਉਸਨੇ ਮੋਢੇ 'ਤੇ ਹੱਥ ਮਾਰ ਕੇ ਕਿਹਾ, “ਤਾਂ ਹੁਣ ਅਸੀਂ ਲੋਕ ਦੋਸਤ ਬਣ ਗਏ ਨਾ?” ਤਦ ਮੈਨੂੰ ਯਾਦ ਆਇਆ ਕਿ ਉਸਨੇ 'ਯਾਰ' ਕਿਹਾ ਸੀ। ਇਸ 'ਤੇ ਵੀ ਮੈਂ ਜਦੋਂ ਚੁੱਪ ਰਿਹਾ ਤਾਂ ਉਸਨੇ ਆਪਣੀ ਗੱਲ ਫੇਰ ਦੁਹਰਾਈ। ਇੰਜ ਦੋਸਤ ਹੋਣ, ਨਾ ਹੋਣ ਨਾਲ ਮੈਨੂੰ ਕੀ ਫਰਕ ਪੈਂਦਾ ਸੀ। ਪਰ ਉਸਦੀ ਉਤੇਜਨਾ ਨੂੰ ਦੇਖ ਕੇ ਸਿਰ ਹਿਲਾ ਕੇ ਮੰਨ ਲਿਆ—“ਹਾਂ ਭਰਾ, ਹਾਂ।”
ਚਿੱਠੀ ਨੂੰ ਲਿਫ਼ਾਫ਼ੇ ਵਿਚ ਬੰਦ ਕੀਤਾ ਤੇ ਦੋਵਾਂ ਨੇ ਮਿਲ ਕੇ ਬਾਕੀ ਸ਼ਰਾਬ ਖਤਮ ਕਰ ਦਿੱਤੀ। ਇਸ ਪਿੱਛੋਂ ਗੁੰਮਸੁੰਮ ਬੈਠੇ ਦੋਵੇਂ ਜਣੇ ਸਿਗਰਟਾਂ ਫੂਕਦੇ ਰਹੇ। ਸੜਕ ਉੱਤੇ ਬਿਲਕੁਲ ਸੰਨਾਟਾ ਸੀ। ਬਸ, ਕਦੀ-ਕਦੀ ਕੋਈ ਕਾਰ ਲੰਘ ਜਾਂਦੀ ਸੀ। ਆਖ਼ਰ ਮੈਂ ਈ ਕਿਹਾ ਕਿ ਹੁਣ ਕਾਫ਼ੀ ਰਾਤ ਹੋ ਗਈ ਏ। ਰੇਮੰਡ ਨੇ ਵੀ ਸਵੀਕਾਰ ਕਰਕੇ ਕਿਹਾ, “ਅੱਜ ਤਾਂ ਰਾਤ ਜਾਂਦੀ ਦਾ ਪਤਾ ਈ ਨਈਂ ਲੱਗਿਆ...” ਉਸਦੀ ਗੱਲ ਸਹੀ ਸੀ। ਦਿਲ ਕਰ ਰਿਹਾ ਸੀ ਕਿ ਸਿੱਧਾ ਬਿਸਤਰੇ 'ਤੇ ਜਾ ਪਵਾਂ, ਪਰ ਤੁਰ ਕੇ ਉੱਥੋਂ ਤੀਕ ਜਾਣਾ ਪਹਾੜ ਲੱਗ ਰਿਹਾ ਸੀ। ਜ਼ਰੂਰ ਮੇਰੇ ਚਿਹਰੇ ਤੋਂ ਬੜੀ ਪਸਤੀ ਤੇ ਥਕਾਣ ਜਾਹਰ ਹੋ ਰਹੀ ਹੋਵੇਗੀ, ਕਿਉਂਕਿ ਰੇਮੰਡ ਬੋਲਿਆ, “ਮੁਸੀਬਤ 'ਚ ਇੰਜ ਹਿੰਮਤ ਨਈਂ ਹਾਰਨੀ ਚਾਹੀਦੀ।” ਪਹਿਲਾਂ ਤਾਂ ਗੱਲ ਮੇਰੀ ਸਮਝ 'ਚ ਨਾ ਆਈ, ਪਰ ਉਹ ਖ਼ੁਦ ਈ ਬੋਲਿਆ, “ਤੇਰੀ ਮਾਂ ਦੇ ਦਿਹਾਂਤ ਦੀ ਖ਼ਬਰ ਸੁਨੀਂ ਸੀ। ਖ਼ੈਰ ਭਰਾ, ਇਹ ਤਾਂ ਇਕ ਨਾ ਇਕ ਦਿਨ ਹੋਣਾ ਈ ਐ ਸਾਰਿਆਂ ਨਾਲ।” ਉਸਦੇ ਇਸ ਕਥਨ ਨਾਲ ਮੈਨੂੰ ਹੌਸਲਾ ਮਿਲਿਆ। ਮੈਂ ਉਸਨੂੰ ਦੱਸ ਵੀ ਦਿੱਤਾ।
ਖੜ੍ਹਾ ਹੋਇਆ, ਤਾਂ ਰੇਮੰਡ ਨੇ ਬੜੀ ਅਪਣੱਤ ਨਾਲ ਹੱਥ ਮਿਲਾਇਆ। ਕਿਹਾ, ਆਦਮੀ ਹਮੇਸ਼ਾ ਇਕ ਦੂਜੇ ਦੇ ਮਨ ਨੂੰ ਸਮਝਦੇ ਨੇ। ਬਾਹਰ ਨਿਕਲ ਕੇ ਮੈਂ ਉਸਦੇ ਕਮਰੇ ਦਾ ਦਰਵਾਜ਼ਾ ਭੀੜਿਆ ਤੇ ਕੁਝ ਚਿਰ ਪੌੜੀਆਂ ਦੇ ਸਾਹਮਣੇ ਉਂਜ ਈ ਖਾਲੀ-ਖਾਲੀ ਜਿਹਾ ਖੜ੍ਹਾ ਰਿਹਾ। ਸਾਰੀ ਬਿਲਡਿੰਗ ਵਿਚ ਕਬਰ ਵਰਗਾ ਸੰਨਾਟਾ ਛਾਇਆ ਹੋਇਆ ਸੀ। ਪੌੜੀਆਂ ਵਿਚੋਂ ਬੜੀ ਸਿਲ੍ਹੀ ਤੇ ਭਾਰੀ-ਭਾਰੀ ਜਿਹੀ ਹਵਾੜ ਆ ਰਹੀ ਸੀ। ਮੈਨੂੰ ਆਪਣੀਆਂ ਨਸਾਂ ਵਿਚ ਫੜਕਦੇ ਲਹੂ ਦੇ ਸਿਵਾਏ ਕੁਝ ਵੀ ਸੁਨਾਈ ਨਹੀਂ ਦੇ ਰਿਹਾ ਸੀ। ਕੁਝ ਚਿਰ ਖੜ੍ਹਾ-ਖੜ੍ਹਾ ਉਸ ਨੂੰ ਸੁਣਦਾ ਰਿਹਾ। ਉਦੋਂ ਈ ਸਲਾਮਾਨੋ ਦੇ ਕਮਰੇ ਵਿਚ ਕੁੱਤੇ ਨੇ ਕਰਾਹੁਣਾ ਸ਼ੁਰੂ ਕਰ ਦਿੱਤਾ—ਤੇ ਉਸਦੀ ਇਹ ਦੁੱਖ-ਪਰੁੱਚੀ ਹਲਕੀ-ਜਿਹੀ ਕੁਰਲਾਹਟ ਸੁੱਤੇ ਘਰ ਦੀ ਚੁੱਪ ਨੂੰ ਝਰੀਟਣ ਲੱਗੀ—ਜਿਵੇਂ ਹਨੇਰੇ ਤੇ ਸੰਨਾਟੇ ਦਾ ਜਾਲ ਤੋੜ ਕੇ ਕੋਈ ਫੁੱਲ ਹੌਲੀ-ਹੌਲੀ ਸਿਰ ਚੁੱਕ ਰਿਹਾ ਹੋਵੇ...।
--- --- ---

No comments:

Post a Comment